ਜਗਰਾਉਂ, 26 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪੰਜਾਬ ਭਰ 'ਚ ਲੱਗ ਰਹੇ ਲੰਬੇ ਲੰਬੇ ਬਿਜਲੀ ਦੇ ਕੱਟਾਂ ਸੰਬੰਧੀ ਅੱਜ 27 ਅਪ੍ਰੈਲ ਨੂੰ ਪਾਵਰਕਾਮ ਐਕਸੀਅਨ ਜਗਰਾਉਂ ਦਾ ਘਿਰਾਓ ਕੀਤਾ ਜਾਵੇਗਾ | ਇਸ ਸਬੰਧੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਵਿੱਤ ਸਕੱਤਰ ਤਰਸੇਮ ਸਿੰਘ ਬੱਸੂਵਾਲ, ਬਲਾਕ ਪ੍ਰਧਾਨ ਸਿੱਧਵਾਂ ਬੇਟ ਜਗਜੀਤ ਸਿੰਘ ਕਲੇਰ, ਸਕੱਤਰ ਜਸਵਿੰਦਰ ਸਿੰਘ ਭਮਾਲ ਨੇ ਦੱਸਿਆ ਕਿ ਕਣਕ ਸਾਂਭਦੇ, ਤੂੜੀ ਬਣਾਉਂਦੇ, ਮਿਹਨਤ ਕਰਦੇ ਕਿਸਾਨਾਂ-ਮਜ਼ਦੂਰਾਂ ਨੂੰ ਜੇਕਰ ਪੂਰੇ ਸਮੇਂ ਲਈ ਬਿਜਲੀ ਨਹੀਂ ਮਿਲੇਗੀ ਤਾਂ ਉਹ ਪੂਰਾ ਆਰਾਮ ਨਹੀਂ ਕਰ ਸਕਣਗੇ | ਇਹੀ ਮਾੜਾ ਹਾਲ ਸਭ ਤੋਂ ਵੱਧ ਗਰੀਬ ਮਜ਼ਦੂਰਾਂ ਦਾ ਹੈ, ਬਿਜਲੀ ਕੱਟ ਲੱਗਣ ਨਾਲ ਅੱਤ ਦੀ ਗਰਮੀ 'ਚ ਮੱਛਰਾਂ ਦੇ ਡੰਗ ਪੂਰੇ ਪਰਿਵਾਰ ਨੂੰ ਸੌਣ ਨਹੀਂ ਦਿੰਦੇ, ਉਤੋਂ ਬੀਮਾਰੀ ਚਿੰਬੜਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ 'ਚ ਝੋਨੇ ਦੀ ਲੁਆਈ ਲਈ ਬਿਜਲੀ ਦੀ ਬੇਹੱਦ ਲੋੜ ਵੱਧ ਜਾਣੀ ਹੈ | ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ-ਮਜ਼ਦੂਰਾਂ ਨੂੰ ਫਿਰ ਮਜ਼ਬੂਰਨ ਧਰਨਿਆਂ ਦੇ ਰਾਹ ਤੁਰਨਾ ਪਵੇਗਾ | ਇਸ ਸਮੇਂ ਬਲਾਕ ਸਕੱਤਰਾਂ ਕੁਲਵੰਤ ਸਿੰਘ ਕਾਂਤਾ ਅਤੇ ਰਛਪਾਲ ਸਿੰਘ ਨਵਾਂ ਡੱਲਾ ਨੇ ਕਿਹਾ ਕਿ ਇਨਾਂ ਲੰਬੇ ਬਿਜਲੀ ਕੱਟਾਂ ਲਈ ਬਿਜਲੀ ਕਾਮੇ ਜ਼ਿੰਮੇਵਾਰ ਨਹੀਂ ਹਨ | ਇਸ ਲਈ ਪੰਜਾਬ ਦੀ ਨਾਲਾਇਕ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ | ਉਕਤ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਮੰਤਰੀ ਵਿਦੇਸ਼ੀ ਦੌਰਿਆਂ 'ਚ ਮਸਰੂਫ਼ ਹੈ | ਉਨ੍ਹਾਂ ਭਗਵੰਤ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਦੱਸਿਆ ਕਿ ਸਿੱਧਵਾਂ ਬੇਟ ਰੋਡ 'ਤੇ ਸਥਿੱਤ ਐਕਸੀਅਨ ਦਫ਼ਤਰ ਜਗਰਾਉਂ ਦੇ ਦਫ਼ਤਰ ਅੱਗੇ 27 ਅਪ੍ਰੈਲ ਨੂੰ ਸਵੇਰੇ 11 ਵਜੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਇਸ ਧਰਨੇ ਵਿਚ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਸ਼ਿਰਕਤ ਕਰਨ ਦੀ ਅਪੀਲ ਕੀਤੀ | ਇਸ ਧਰਨੇ ਦੀ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਅਤੇ ਇਲਾਕਾ ਪ੍ਰਧਾਨ ਧਰਮ ਸਿੰਘ ਸੂਜਾਪੁਰ ਨੇ ਵੀ ਹਿਮਾਇਤ ਕੀਤੀ ਹੈ |