ਸਾਹਨੇਵਾਲ/ਕੁਹਾੜਾ, 6 ਮਈ (ਅਮਰਜੀਤ ਸਿੰਘ ਮੰਗਲੀ/ਸੰਦੀਪ ਸਿੰਘ ਕੁਹਾੜਾ)-ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਸਤਲੁਜ ਦਰਿਆ ਦੇ ਨੇੜੇ ਲਗਾਤਾਰ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਅੱਜ 25 ਪਿੰਡਾਂ ਦੇ ਸਰਪੰਚਾਂ ਸਮੇਤ 50 ਪਿੰਡਾਂ ਦੇ ਲੋਕਾਂ ਨੇ ਝੰਡਾ ਚੁੱਕ ਲਿਆ ਹੈ | ਭਾਜਪਾ ਪੰਜਾਬ ਦੇ ਬੁਲਾਰੇ ਪਿ੍ਤਪਾਲ ਸਿੰਘ ਬਲੀਏਵਾਲ ਦੀ ਅਗਵਾਈ ਹੇਠ ਅੱਜ 50 ਪਿੰਡਾਂ ਦੇ ਲੋਕਾਂ ਦਾ ਇੱਕ ਵਫ਼ਦ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਮਿਲਿਆ ਅਤੇ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਮੰਗ ਪੱਤਰ ਸੌਂਪਿਆ | ਇਸ ਬਾਰੇ ਭਾਜਪਾ ਆਗੂ ਪਿ੍ਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਮਾਈਨਿੰਗ ਮਾਫ਼ੀਆ ਵਲੋਂ ਸਤਲੁਜ ਦਰਿਆ 'ਤੇ ਪੋਕ ਲਾਈਨਾਂ ਦੀ ਮਦਦ ਨਾਲ 100-100 ਫੁੱਟ ਡੂੰਘੇ ਖੱਡੇ ਪੁੱਟੇ ਜਾ ਚੁੱਕੇ ਹਨ | ਸਰਕਾਰ ਵਲੋਂ ਪੋਕ ਲਾਈਨਾਂ 'ਤੇ ਲਗਾਏ ਗਏ ਬੈਨ ਦੇ ਬਾਵਜੂਦ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਬਲੀਏਵਾਲ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਨੇੜੇ ਪਿੰਡ ਸਸਰਾਲੀ ਕਾਲੋਨੀ ਜਿੱਥੇ ਪਿਛਲੇ ਸਾਲ ਦਾ ਹੜ੍ਹਾਂ ਕਾਰਨ ਬੰਨ੍ਹ ਟੁੱਟਿਆ ਹੋਇਆ ਹੈ ਤੋਂ 500 ਮੀਟਰ ਦੇ ਘੇਰੇ ਅੰਦਰ ਮਾਈਨਿੰਗ ਕੀਤੀ ਜਾ ਰਹੀ, ਪਿਛਲੇ ਸਾਲ ਸਤਲੁਜ ਵਿਚ ਆਏ ਭਿਆਨਕ ਹੜ੍ਹਾਂ ਕਰ ਕੇ ਬਹੁਤ ਪਿੰਡ ਬਰਬਾਦ ਹੋਏ, ਪਰ ਇਸ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਦਾ ਧੰਦਾ ਲਗਾਤਾਰ ਜਾਰੀ ਹੈ | ਪਿੰਡ ਵਾਸੀਆਂ ਵਲੋਂ ਲਗਾਤਾਰ ਰੋਕਣ ਦੇ ਬਾਵਜੂਦ ਇਹ ਕੰਮ ਧੜੱਲੇ ਨਾਲ ਚੱਲ ਰਿਹਾ ਹੈ, ਜਿਸ ਸੰਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਹੈ | ਬਲੀਏਵਾਲ ਨੇ ਕਿਹਾ ਕਿ ਡੀ. ਸੀ. ਵਲੋਂ ਉਨ੍ਹਾਂ 7 ਦਿਨਾਂ ਵਿਚ ਇਸ ਮਾਈਨਿੰਗ 'ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ | ਪਰ ਜੇਕਰ ਅਜਿਹਾ ਨਾ ਹੁੰਦਾ ਤਾਂ ਇਸ ਖ਼ਿਲਾਫ਼ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਸਰਕਲ ਪ੍ਰਧਾਨ ਸੂਰਜ ਪੋਰਚਾ, ਸੰਦੀਪ ਠਾਕੁਰ, ਹੀਰਾ ਸਿੰਘ ਸਰਪੰਚ ਚੂਹੜਵਾਲ, ਜਸਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਜਮਾਲਪੁਰ ਲੇਲੀ, ਹਰਜਿੰਦਰ ਸਿੰਘ ਸਰਪੰਚ, ਸਾਧੂ ਸਿੰਘ ਨਗਰ, ਅਵਤਾਰ ਸਿੰਘ ਸਰਪੰਚ ਕਨੀਜਾ, ਕੁਲਦੀਪ ਸਿੰਘ ਸਰਪੰਚ ਸੀੜਾ, ਤਰਲੋਚਨ ਸਿੰਘ ਸਰਪੰਚ ਬਜੜਾਂ, ਜਸਪ੍ਰੀਤ ਸਿੰਘ ਸਰਪੰਚ ਢੇਰੀ, ਸੁਖਵੀਰ ਸਿੰਘ ਸਰਪੰਚ, ਸੁਜਾਤਵਾਲਾ ਅਲਕਾ ਸਰਪੰਚ, ਹਰਕਿ੍ਸ਼ਨ ਵਿਹਾਰ, ਜਸਵੀਰ ਕੌਰ ਸਰਪੰਚ ਮਾਛੀਆਂ ਕਲਾਂ, ਪਰਮਜੀਤ ਕੌਰ ਸਰਪੰਚ ਸਤੋਵਾਲ, ਕਰਮ ਸਿੰਘ ਸਰਪੰਚ ਸਸਰਾਲੀ ਕਾਲੋਨੀ, ਹਰਪਾਲ ਸਿੰਘ ਸਰਪੰਚ ਜਗੀਰਪੁਰ, ਕਮਲ ਚੰਦ ਸਰਪੰਚ ਮਾਂਗਟ, ਰਾਜ ਕੁਮਾਰ ਸਰਪੰਚ ਦਸਮੇਸ਼ ਕਾਲੋਨੀ, ਸੋਨੀ ਸਰਪੰਚ ਰਾਵਤ, ਕੁਲਜੀਤ ਕੌਰ ਸਰਪੰਚ ਨੂਰਵਾਲਾ, ਰਾਣੀ ਕੌਰ ਸਰਪੰਚ ਗੌਤਮ ਕਾਲੋਨੀ, ਬਿੰਦੂ ਸਰਪੰਚ ਸੁਰਜੀਤ ਕਾਲੋਨੀ, ਗੁਰਪ੍ਰੀਤ ਸਿੰਘ ਸਰਪੰਚ ਖਵਾਜਕੇ, ਹਰਦੀਪ ਕੌਰ ਸਰਪੰਚ ਨਾਮਦੇਵ ਕਾਲੋਨੀ, ਰਾਜਨਦੀਪ ਕੌਰ ਸਰਪੰਚ ਜਮਾਲਪੁਰ ਲੇਲੀ ਅਤੇ ਬਾਕੀ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਹਾਜ਼ਰ ਸਨ |