ਖੰਨਾ, 10 ਜੁਲਾਈ (ਹਰਜਿੰਦਰ ਸਿੰਘ ਲਾਲ)-ਸੀ. ਸੀ. ਟੀ. ਵੀ. ਵੀਡੀਓ ਵਿਚ ਖੰਨਾ ਦੇ ਕ੍ਰਿਸ਼ਨਾ ਨਗਰ ਇਲਾਕੇ ਦੀ ਗਲੀ ਨੰਬਰ 15 ਨੇੜੇ ਹਰਬੰਸ ਸਿੰਘ ਨਾਮ ਦੇ ਰਿਟਾਇਰ ਬੈਂਕ ਮੁਲਾਜ਼ਮ ਜੋ ਪਿਛਲੇ ਕਈ ਸਾਲਾਂ ਤੋਂ ਅਧਰੰਗ ਨਾਲ ਪੀੜਤ ਹੈ, ਨੂੰ ਘਰ ਦੇ ਨੇੜੇ ਹੀ ਸੈਰ ਕਰਦੇ ਸਮੇਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਟੱਕਰ ਮਾਰ ਕੇ ਡੇਗ ਦਿੱਤਾ। ਹਰਬੰਸ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਅਤੇ ਪਤਨੀ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਘਰ ਦੇ ਨੇੜੇ ਸੈਰ ਕਰਨ ਲਈ ਨਿਕਲੇ ਸਨ ਪਿੱਛੋਂ ਦੀ ਹੁੱਲੜਬਾਜ਼ਾਂ ਨੇ ਉਨ੍ਹਾਂ ਦੇ ਵਿਚ ਜਾਣ ਬੁੱਝ ਕੇ ਮੋਟਰਸਾਈਕਲ ਮਾਰ ਕੇ ਭੱਜ ਗਏ ਅਤੇ ਉਨ੍ਹਾਂ ਦੇ ਪਿਤਾ ਉੱਥੇ ਹੀ ਗਲੀ ਵਿਚ ਹੀ ਡਿਗ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਸੱਟਾਂ ਕਾਰਨ ਇਲਾਜ ਲਈ ਚੰਡੀਗੜ੍ਹ ਲੈ ਜਾਇਆ ਗਿਆ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਉਕਤ ਲੜਕਿਆਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇ। ਉੱਥੇ ਹੀ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਤਲਵਿੰਦਰ ਕੁਮਾਰ ਨੇ ਕਿਹਾ ਪਹਿਲਾਂ ਹਰਬੰਸ ਸਿੰਘ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਸਨ। ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ, ਹੁਣ ਉਨ੍ਹਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।