ਮਹਿਲ ਕਲਾਂ, 2 ਮਈ (ਅਵਤਾਰ ਸਿੰਘ ਅਣਖੀ)-ਅਮਰ ਆਡੀਓ ਦੇ ਮਾਲਕ ਅਤੇ ਨਾਮਵਰ ਫ਼ਿਲਮ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੀ ਨਵੀਂ ਫ਼ਿਲਮ 'ਜ਼ਖ਼ਮਾਂ ਤੋਂ ਚੜ੍ਹਦੀਕਲਾ ਤੱਕ' ਦੀ ਟੀਮ 3 ਮਈ ਨੂੰ ਸ਼ਾਮ 9 ਵਜੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਪਾਰਕ, ਪਿੰਡ ਮਹਿਲ ਕਲਾਂ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀ ਹੈ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਯੂਥ ਆਗੂ ਅਰੁਣ ਕੁਮਾਰ ਬਾਂਸਲ, ਗੁਰਪ੍ਰੀਤ ਸਿੰਘ ਅਣਖੀ, ਜਗਮੋਹਣ ਸ਼ਾਹ ਰਾਏਸਰ ਨੇ ਦੱਸਿਆ ਕਿ ਫ਼ਿਲਮ ਦੀ ਪਰਮੋਸ਼ਨ ਲਈ ਮੁੱਖ ਅਦਾਕਾਰ ਐਮੀ ਵਿਰਕ, ਅਦਾਕਾਰਾ ਰੂਪੀ ਗਿੱਲ ਅਤੇ ਮਸ਼ਹੂਰ ਗਾਇਕ ਹਿੰਮਤ ਸੰਧੂ ਲੋਕਾਂ ਦੇ ਰੂ-ਬਰੂ ਹੋਣਗੇ | ਪ੍ਰੋਡਿਊਸਰ ਪਿੰਕੀ ਧਾਲੀਵਾਲ, ਜਿਨ੍ਹਾਂ ਨੇ ਪਹਿਲਾਂ 'ਬੀਬੀ ਰਜਨੀ' ਵਰਗੀ ਸਫਲ ਫ਼ਿਲਮ ਰਾਹੀਂ ਪੰਜਾਬੀ ਸਿਨੇਮਾ ਵਿਚ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ, ਨੇ ਦੱਸਿਆ ਕਿ ਇਹ ਫ਼ਿਲਮ 29 ਮਈ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਣ ਜਾ ਰਹੀ ਹੈ | ਇਸ ਪਰਮੋਸ਼ਨ ਦੀ ਖ਼ਾਸ ਗੱਲ ਇਹ ਹੈ ਕਿ ਫ਼ਿਲਮ ਦੀ ਸਟਾਰ ਕਾਸਟ ਵੱਡੇ ਮਲਟੀਪਲੈਕਸਾਂ ਦੀ ਬਜਾਏ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਸਿੱਧਾ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ | ਇਸ ਮੌਕੇ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜੱਦੀ ਪਿੰਡ ਮਹਿਲ ਕਲਾਂ ਵਿਚ ਅਜਿਹਾ ਵੱਡਾ ਪ੍ਰੋਗਰਾਮ ਹੋਣਾ ਬਹੁਤ ਮਾਣ ਵਾਲੀ ਗੱਲ ਹੈ | ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਭਲਕੇ 3 ਮਈ ਨੂੰ ਵੱਡੀ ਗਿਣਤੀ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿਖੇ ਪਹੁੰਚ ਕੇ ਆਪਣੇ ਮਨਪਸੰਦ ਕਲਾਕਾਰਾਂ ਦਾ ਸਵਾਗਤ ਕਰਨ ਅਤੇ ਇਸ ਵਿਲੱਖਣ ਪਹਿਲਕਦਮੀ ਦਾ ਹਿੱਸਾ ਬਣਨ |