ਧਨੌਲਾ, 13 ਜੂਨ (ਜਤਿੰਦਰ ਸਿੰਘ ਧਨੌਲਾ)-ਬਰਸਾਤੀ ਮੌਸਮ ਤਕਰੀਬਨ ਬਰੰੂਹਾਂ 'ਤੇ ਹੈ | ਝੋਨੇ ਦੀ ਫ਼ਸਲ ਬੀਜਣ ਲਈ ਬਰਸਾਤ ਦੀ ਸ਼ਿੱਦਤ ਨਾਲ ਉਡੀਕ ਕੀਤੀ ਜਾ ਰਹੀ ਹੈ | ਪ੍ਰੰਤੂ ਬਰਸਾਤੀ ਮੌਸਮ ਦੇ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਂਦੇ ਹਨ | ਕਿਉਂਕਿ ਬਰਸਾਤੀ ਮੌਸਮ ਕਿਸ ਵੇਲੇ ਹੜ੍ਹਾਂ ਜਿਹੀ ਭਿਆਨਕ ਸਥਿਤੀ ਅਖ਼ਤਿਆਰ ਕਰ ਲਵੇ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਧਨੌਲਾ ਨੇੜਿਓਾ ਲੰਘਦੀ ਡਰੇਨ ਦਾ ਮਾਮਲਾ ਕਈ ਵਾਰ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ | ਪ੍ਰੰਤੂ ਇਸ ਸਭ ਦੇ ਬਾਵਜੂਦ ਨਾ ਤਾਂ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਸਰਕੀ, ਨਾ ਡਿਪਟੀ ਕਮਿਸ਼ਨਰ ਨੇ ਇਸ ਦੇ ਪੁਖ਼ਤਾ ਪ੍ਰਬੰਧਾਂ ਲਈ ਕੋਈ ਵੱਡੀ ਹਾਈਡਰਾ ਜਾਂ ਜੇ.ਸੀ.ਬੀ ਮਸ਼ੀਨ ਭੇਜ ਕੇ ਸਾਫ਼ ਕਰਵਾਉਣ ਦੀ ਜ਼ਰੂਰਤ ਸਮਝੀ | ਜ਼ਿਕਰਯੋਗ ਹੈ ਕਿ ਪਿਛਲੇ ਝੋਨੇ ਦੀ ਬਿਜਾਈ ਸਮੇਂ ਦੱਬ ਕੇ ਬਰਸਾਤ ਹੋਈ | ਸਥਿਤੀ ਇਸ ਕਦਰ ਨਾਜ਼ੁਕ ਹੋ ਗਈ ਕਿ ਅਨਾਜ ਮੰਡੀ ਨੇੜੇ ਲੱਗਦੇ ਖੇਤਾਂ ਵਿਚਕਾਰ ਡਰੇਨ ਦੇ ਪੁਲ ਉੱਪਰੋਂ ਟੱਪ ਕੇ ਪਾਣੀ ਬਾਹਣਾ ਵਿਚ ਪੈਣਾ ਸ਼ੁਰੂ ਹੋ ਗਿਆ | ਨੇੜਲੇ ਕਿਸਾਨਾਂ ਦੇ ਵੀ ਹੱਥਾਂ ਪੈਰਾਂ ਦੀ ਪੈ ਗਈ ਜਦ ਲੱਗਾ ਕਿ ਹੁਣ ਬੀਜੀ ਗਈ ਝੋਨੇ ਦੀ ਫ਼ਸਲ ਕਿਸੇ ਵੇਲੇ ਵੀ ਬਰਬਾਦ ਹੋ ਸਕਦੀ ਹੈ | ਨੇੜਲੇ ਕਿਸਾਨਾਂ ਅਤੇ ਕੁੱਝ ਪੁਲਿਸ ਅਧਿਕਾਰੀਆਂ ਨੇ ਬਰਸਾਤ ਦੇ ਦਰਮਿਆਨ ਜੇ.ਸੀ.ਬੀ. ਮੰਗਵਾ ਕੇ ਸੜਕ ਹੇਠੋਂ ਲੰਘਦੇ ਪੁਲਾਂ ਵਿਚ ਫਸੀ ਉਪਰੋਕਤ ਵੇਲ ਨੂੰ ਕਢਵਾਉਣ ਲਈ ਬਹੁਤ ਜਦੋਂ ਜਹਿਦ ਕੀਤੀ ਅਤੇ ਟੁੱਟਣ ਵਾਲੇ ਕਿਨਾਰਿਆਂ ਨੂੰ ਰੇਤਾ ਪਾ ਕੇ ਡੰਗ ਟਪਾਇਆ | ਪਿਛਲੇ ਪਿੰਡਾਂ 'ਚੋਂ ਡਰੇਨ 'ਚ ਓਵਰਫ਼ਲੋ ਹੋਇਆ ਪਾਣੀ, ਵੇਲ ਬਾਹਰ ਕੱਢ ਕੇ ਅੱਗੇ ਲੰਘਾਇਆ ਗਿਆ ਤੇ ਹੜ੍ਹਾਂ ਦੀ ਅਤਿ ਨਾਜ਼ੁਕ ਸਥਿਤੀ ਤੋਂ ਧਨੌਲਾ ਮੰਡੀ ਡੁੱਬਣ ਤੋਂ ਬਚ ਗਈ | ਕਿਉਂਕਿ ਮੰਡੀ ਦਾ ਪੱਧਰ ਪਹਿਲਾਂ ਹੀ ਇੰਟਰਲੋਕਾਂ ਦੇ ਫ਼ਰਸ਼ਾਂ ਅਤੇ ਬਾਰ-ਬਾਰ ਬਣਾਏ ਗਏ ਨਾਲਿਆਂ ਦੀ ਭੇਟ ਚੜ੍ਹ ਕੇ 15 ਫੁੱਟ ਉੱਚਾ ਆ ਚੁੱਕਾ ਹੈ | ਇਸ ਸਭ ਦੇ ਬਾਵਜੂਦ ਵੀ ਹਲਕੇ ਤੋਂ ਹਲਕੇ ਬਾਰਸ਼ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਰ ਕੇ ਗੰਦੇ ਟੋਭੇ ਦਾ ਰੂਪ ਧਾਰਨ ਕਰ ਜਾਂਦੀ ਹੈ ਤੇ ਕਈ-ਕਈ ਦਿਨ ਧਨੌਲਾ ਮੰਡੀ ਵਿਚ ਖੜ੍ਹਾ ਬਦਬੂ ਮਾਰਦਾ ਰਹਿੰਦਾ ਹੈ | ਪਰ ਜਿਸ ਡਰੇਨ ਵਿਚ ਮੰਡੀ ਦਾ ਪਾਣੀ ਪਾਇਆ ਜਾਂਦਾ ਹੈ | ਜੇ ਉਹ ਡਰੇਨ ਹੀ ਓਵਰਫ਼ਲੋ ਹੋ ਕੇ ਧਨੌਲਾ ਮੰਡੀ ਵਿਚ ਪਲਟ ਗਈ ਤਾਂ ਇੱਥੇ ਮਹਾਂ ਪਰਲੋ ਜਿਹੇ ਹਾਲਾਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ | ਅਕਾਲੀ ਸਰਕਾਰ ਸਮੇਂ ਇਕ ਵੱਡੀ ਜੇ.ਸੀ.ਬੀ ਲਗਾਤਾਰ ਕਈ ਕਈ ਮਹੀਨੇ ਇਸ ਡਰੇਨ ਵਿਚੋਂ ਮਿੱਟੀ ਕੱਢ ਕੇ ਦੋਵੇਂ ਪਾਸੇ ਦੀਆਂ ਸਾਈਡਾਂ 'ਤੇ ਛੱਡਦੀ ਰਹਿੰਦੀ ਸੀ ਜਿਸ ਨਾਲ ਜਿੱਥੇ ਇਸ ਵਿਚ ਪਾਣੀ ਖੜਨ ਦੀ ਸਮਰੱਥਾ ਵੱਧ ਜਾਂਦੀ ਸੀ ਉੱਥੇ ਬਾਹਰ ਕਿਨਾਰੇ ਟੁੱਟਣ ਤੋਂ ਵੱਡਾ ਬਚਾ ਹੋ ਜਾਂਦਾ ਸੀ | ਪ੍ਰੰਤੂ ਹੁਣ ਸਿਰਫ਼ ਕਾਗ਼ਜ਼ਾਂ ਵਿਚ ਹੀ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਦੇ ਅਗਾੳਾੂ ਪ੍ਰਬੰਧ ਕੀਤੇ ਜਾਂਦੇ ਹਨ | ਕੁਦਰਤੀ ਕਰੋਪੀ ਜਦ ਆਪਣਾ ਵਿਕਰਾਲ ਰੂਪ ਇਕ ਵਾਰ ਦਿਖਾ ਚੁੱਕੀ ਹੈ ਤਾਂ ਮੰਡੀ ਦੇ ਜ਼ਿੰਮੇਵਾਰ ਵਿਅਕਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲ ਲਈ ਗੰਭੀਰ ਕਿਉਂ ਨਹੀਂ | ਇਹ ਬੜਾ ਚਿੰਤਾ ਦਾ ਵਿਸ਼ਾ ਹੈ | ਪਹਿਲਾਂ ਮੰਡੀ ਦੇ ਰਕਬੇ ਵਿਚ ਬਣੇ ਹੋਏ ਡੂੰਘੇ ਟੋਭੇ ਬਰਸਾਤੀ ਪਾਣੀ ਨੂੰ ਆਪਣੇ ਵਿਚ ਸਮੋ ਲਿਆ ਕਰਦੇ ਸਨ | ਪ੍ਰੰਤੂ ਸਮੇਂ ਦੇ ਨਾਲ ਨਾਲ ਇਹ ਟੋਭੇ ਭਰਤਾਂ ਪਾ ਕੇ ਭਰ ਦਿੱਤੇ ਗਏ ਤੇ ਹੁਣ ਪਾਣੀ ਦੇ ਨਿਕਾਸ ਲਈ ਡਰੇਨ ਤੋਂ ਸਿਵਾਏ ਕੋਈ ਹੀਲਾ ਨਹੀਂ | ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਡਰੇਨ ਦੀ ਆਪਣੀ ਸਥਿਤੀ ਅਤਿ ਨਾਜ਼ੁਕ ਹੈ | ਧਨੌਲਾ ਮੰਡੀ ਦੇ ਜ਼ਿੰਮੇਵਾਰ ਵਿਅਕਤੀਆਂ ਵਿਚੋਂ ਉੱਗੇ ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ, ਉੱਗੇ ਸਮਾਜ ਸੇਵੀ ਡਾ: ਸ਼ੰਕਰ ਬਾਂਸਲ, ਸਮਾਜ ਸੇਵੀ ਡਾ: ਦਿਲਸ਼ਾਦ ਅਖ਼ਤਰ, ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ, ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਮੰਡੀ ਦੇ ਸੀਨੀਅਰ ਆਗੂ ਰਜਨੀਸ਼ ਕੁਮਾਰ ਆਲੂ, ਭਾਈ ਘਨੱਈਆ ਸੇਵਾ ਸੋਸਾਇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ, ਗੁਰਦੁਆਰਾ ਰਾਮਸਰ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ ਪੰਧੇਰ, ਸੇਵਾ ਸਦਨ ਦੇ ਪ੍ਰਧਾਨ ਜੈਪਾਲ ਗਰਗ, ਧਾਰਮਿਕ ਆਗੂ ਜਗਦੀਪ ਦਾਸ ਅਤੇ ਕਿ੍ਸ਼ਨ ਜੀ ਦੇ ਮੰਦਰ ਦੇ ਮੁੱਖ ਸੇਵਾਦਾਰ ਜਗਸ਼ੀਰ ਦਾਸ ਨੇ ਪੰਜਾਬ ਸਰਕਾਰ ਤੇ ਜ਼ਿਲ੍ਹ ਪ੍ਰਸ਼ਾਸਨ ਪਾਸੋਂ ਮੰਗ ਕਰਦਿਆਂ ਆਖਿਆ ਕਿ ਹੜ੍ਹਾਂ ਵਰਗੀਆਂ ਸਥਿਤੀਆਂ ਨੂੰ ਨਜਿੱਠਣ ਲਈ ਇੱਥੋਂ ਦੀ ਡਰੇਨ ਨੂੰ ਹੇਠਲੇ ਪੱਧਰ ਤੱਕ ਸਾਫ ਕਰਵਾਇਆ ਜਾਵੇ | ਮੰਡੀ ਧਨੌਲਾ ਦੇ ਨਿਕਾਸੀ ਪਾਣੀ ਦੇ ਹੱਲ ਲਈ ਇੱਥੋਂ ਦੀਆਂ ਸੀਵਰ ਲਾਈਨਾਂ ਨੂੰ ਸੈਕਸ਼ਨ ਮਸ਼ੀਨਾਂ ਭੇਜ ਕੇ ਸਾਫ ਕਰਵਾਇਆ ਜਾਵੇ |