ਟੱਲੇਵਾਲ, 29 ਜੂਨ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਬੀਤੀ ਰਾਤ ਚੋਰ ਗਰੋਹ ਵਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ 7 ਕਿਸਾਨਾਂ ਦੀਆਂ ਖੇਤੀਬਾੜੀ ਵਾਲੀਆਂ ਮੋਟਰਾਂ ਦੀਆਂ ਬਿਜਲੀ ਕੇਬਲਾਂ ਵੱਢ ਕੇ ਚੋਰੀ ਕਰ ਲਈਆਂ ਗਈਆਂ। ਇੱਕੋ ਰਾਤ ਵਿਚ ਇੰਨੀ ਵੱਡੀ ਚੋਰੀ ਦੀ ਘਟਨਾ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਸਹਿਮ ਅਤੇ ਰੋਸ ਦਾ ਮਾਹੌਲ ਬਣ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਗਹਿਲ ਨੇੜੇ ਲੰਘਦੀ ਬਠਿੰਡਾ ਬ੍ਰਾਂਚ ਨਹਿਰ ਦੀ ਪਟੜੀ ਨਾਲ ਲੱਗਦੇ ਖੇਤਾਂ ਅਤੇ ਪਿੰਡ ਗਹਿਲ ਵਾਲੇ ਪਾਸੇ ਵਿਚ ਸਥਿਤ ਮੋਟਰਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰ ਗਰੋਹ ਨੇ ਕਿਸਾਨ ਕੁਲਦੀਪ ਸਿੰਘ, ਜਗਸੀਰ ਸਿੰਘ, ਸੁਖਵਿੰਦਰ ਸਿੰਘ, ਜੁਗਰਾਜ ਸਿੰਘ, ਗੁਰਜੰਟ ਸਿੰਘ, ਹਰਜਿੰਦਰ ਸਿੰਘ ਅਤੇ ਜਗਰੂਪ ਸਿੰਘ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਕੇਬਲਾਂ ਵੱਢ ਕੇ ਚੋਰੀ ਕਰ ਲਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦੀ ਇਸ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਉਹ ਸਵੇਰੇ ਆਪਣੀਆਂ ਫ਼ਸਲਾਂ ਦਾ ਜਾਇਜ਼ਾ ਲੈਣ ਅਤੇ ਪਸ਼ੂਆਂ ਲਈ ਹਰਾ ਚਾਰਾ ਲੈਣ ਖੇਤਾਂ ਵਿਚ ਪਹੁੰਚੇ। ਉੱਥੇ ਜਾ ਕੇ ਦੇਖਿਆ ਕਿ ਮੋਟਰਾਂ ਦੀਆਂ ਕੇਬਲਾਂ ਵੱਢੀਆਂ ਹੋਈਆਂ ਸਨ ਅਤੇ ਚੋਰ ਉਨ੍ਹਾਂ ਨੂੰ ਚੋਰੀ ਕਰ ਕੇ ਲੈ ਗਏ ਸਨ। ਇਸ ਕਾਰਨ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ ਅਤੇ ਖੇਤਾਂ ਦੀ ਸਿੰਚਾਈ ਵੀ ਪ੍ਰਭਾਵਿਤ ਹੋ ਗਈ ਹੈ। ਕਿਸਾਨਾਂ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਕਿਸਾਨ ਹਰ ਵੇਲੇ ਚਿੰਤਾ ਅਤੇ ਡਰ ਦੇ ਸਾਏ ਹੇਠ ਜੀਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਲੱਗੀਆਂ ਮੋਟਰਾਂ ਅਤੇ ਹੋਰ ਸਾਮਾਨ ਹੁਣ ਸੁਰੱਖਿਅਤ ਨਹੀਂ ਰਹੇ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀ ਇਸ ਘਟਨਾ ਦੀ ਤੁਰੰਤ ਜਾਂਚ ਕਰ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਨਾਲ ਹੀ ਖੇਤੀਬਾੜੀ ਵਾਲੇ ਇਲਾਕਿਆਂ ਵਿਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਕਿਸਾਨਾਂ ਵਿਚ ਸੁਰੱਖਿਆ ਦੀ ਭਾਵਨਾ ਮੁੜ ਬਹਾਲ ਹੋ ਸਕੇ। ਉੱਧਰ ਦੂਜੇ ਪਾਸੇ ਥਾਣਾ ਟੱਲੇਵਾਲ ਦੇ ਮੁਖੀ ਸਰਬਜੀਤ ਸਿੰਘ ਰੰਗੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਿਸ ਨੂੰ ਕੋਈ ਇਤਲਾਹ ਨਹੀਂ ਮਿਲੀ।