ਤਪਾ ਮੰਡੀ, 3 ਜੁਲਾਈ (ਪ੍ਰਵੀਨ ਗਰਗ)-ਨਗਰ ਕੌਂਸਲ ਤਪਾ ਦੀ ਮਾੜੀ ਕਾਰਗੁਜ਼ਾਰੀ ਦੇ ਚੱਲਦਿਆਂ ਬਾਜ਼ੀਗਰ ਬਸਤੀ ਦੇ ਬਾਸ਼ਿੰਦਿਆਂ ਵਲੋਂ ਗਲੀ ’ਚ ਖੜੇ ਗੰਦੇ ਪਾਣੀ ਨੂੰ ਲੈ ਕੇ ਨਗਰ ਕੌਂਸਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਬਸਤੀ ਦੇ ਬਾਸ਼ਿੰਦਿਆਂ ਪਵਨਦੀਪ ਸਿੰਘ, ਬਲਵੀਰ ਕੌਰ, ਰੇਸ਼ਮਾ ਦੇਵੀ, ਕਵਿਤਾ ਦੇਵੀ, ਗੀਤਾ ਰਾਣੀ, ਸਰਬਜੀਤ ਕੌਰ ਆਦਿ ਨੇ ਦੱਸਿਆ ਕਿ ਗਲੀ ਵਿਚ ਹਰ ਸਮੇਂ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਰ ਕੇ ਗਲੀ ਹਰ ਸਮੇਂ ਝੀਲ ਦੇ ਰੂਪ ’ਚ ਨਜ਼ਰ ਆਉਂਦੀ ਹੈ। ਜਿਸ ਕਾਰਨ ਪੂਰੇ ਮੁਹੱਲੇ ਵਿਚ ਭਿਆਨਕ ਬਦਬੂ ਫੈਲੀ ਰਹਿੰਦੀ ਹੈ। ਗੰਦੇ ਪਾਣੀ ਵਿਚ ਮੱਛਰ ਅਤੇ ਹੋਰ ਕੀੜੇ-ਮਕੌੜੇ ਪੈਦਾ ਹੋ ਰਹੇ ਹਨ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗਲੀ ਵਿਚ ਚਿੱਕੜ ਅਤੇ ਦਲਦਲ ਵਰਗੇ ਹਾਲਾਤ ਬਣੇ ਹੋਏ ਹਨ, ਜਦਕਿ ਗਲੀ ਨਾਲ ਲੱਗਦੀ ਮੁੱਖ ਸੜਕ ਇਸ ਗਲੀ ਨਾਲੋਂ ਦੋ ਫੁੱਟ ਉੱਚੀ ਹੈ। ਇਸ ਕਾਰਨ ਮੀਂਹ ਦਾ ਸਾਰਾ ਪਾਣੀ ਗਲੀ ਵਿਚ ਆ ਕੇ ਖੜ੍ਹ ਜਾਂਦਾ ਹੈ ਅਤੇ ਕਈ ਵਾਰ ਘਰਾਂ ਦੇ ਦਰਵਾਜ਼ਿਆਂ ਤੱਕ ਪਹੁੰਚ ਜਾਂਦਾ ਹੈ। ਪਾਣੀ ਦੀ ਨਿਕਾਸੀ ਦਾ ਕੋਈ ਪੱਕਾ ਪ੍ਰਬੰਧ ਨਾ ਹੋਣ ਕਰ ਕੇ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਗਲੀ ’ਚ ਖੜੇ ਗੰਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ, ਸੜਕ ਦਾ ਪੱਧਰ ਠੀਕ ਕੀਤਾ ਜਾਵੇ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਜਦ ਨਗਰ ਕੌਂਸਲ ਦੇ ਕਰਮਚਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਫ਼ਾਈ ਕਰਮਚਾਰੀ ਸੀਵਰੇਜ ਬੰਦ ਨੂੰ ਖੋਲ੍ਹਣ ’ਚ ਜੁਟੇ ਹੋਏ ਹਨ, ਜਲਦੀ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ।