ਦਰਸ਼ਕਾਂ ਨਾਲ ਭਰੇ ਖਚਾਖਚ ਸਟੇਡੀਅਮ, ਹਵਾ 'ਚ ਲਹਿਰਾਉਂਦੇ ਰੰਗ-ਬਿਰੰਗੇ ਝੰਡੇ, ਤੇਜ਼ ਤੂਫ਼ਾਨ ਵਾਂਗ ਹੁੰਦੀ ਗੇਂਦਬਾਜ਼ੀ, ਪਹਾੜ ਵਾਂਗ ਗੇਂਦ ਦਾ ਸਾਹਮਣਾ ਕਰਨ ਲਈ ਖੜ੍ਹਾ ਬੱਲੇਬਾਜ਼, ਜਦੋਂ ਗੇਂਦ ਉੱਡਦੀ ਹੈ, ਸਮਾਂ ਇਕ ਪਲ ਲਈ ਰੁਕ ਜਾਂਦਾ ਹੈ, ਦਰਸ਼ਕ ਅੱਖ ਝਪਕਾਉਣਾ ਭੁੱਲ ਜਾਂਦੇ ਹਨ, ਬੇਚੈਨ ਧੜਕਣ, ਰੋਕਿਆ ਹੋਇਆ ਸਾਹ, ਹਜ਼ਾਰਾਂ ਦੁਆਵਾਂ, ਖਾਲੀ ਨਿਕਲੀ ਗੇਂਦ ਸੋਕੇ ਵਾਂਗ ਤੇ ਬਾਊਂਡਰੀ 'ਤੇ ਗਈ ਅਚਾਨਕ ਪਏ ਛਰਾਟੇਦਾਰ ਮੀਂਹ ਵਰਗੀ ਜਾਪਦੀ ਹੈ। ਜਦੋਂ ਵਿਕਟ ਡਿਗਦੀ ਹੈ ਤਾਂ ਖ਼ਾਮੋਸ਼ੀ ਸ਼ੋਰ ਨਾਲੋਂ ਵੀ ਭਾਰੀ ਪੈਂਦੀ ਹੈ। ਫਿਰ ਨਵੀਂ ਸਾਂਝੇਦਾਰੀ ਨਾਲ ਹੌਲੀ-ਹੌਲੀ ਜਿੱਤ ਦਾ ਨਾਅਰਾ ਉੱਠਦਾ ਹੈ ਤੇ ਜਦੋਂ ਜਿੱਤ ਆਉਂਦੀ ਹੈ, ਅੱਖਾਂ ਭਿੱਜ ਜਾਂਦੀਆਂ ਹਨ, ਸੁਪਨਾ ਸਾਕਾਰ ਹੋ ਜਾਂਦਾ ਹੈ ਤੇ ਸਕੋਰ ਬੋਰਡ ਵੀ ਯਾਦਗਾਰ ਬਣ ਜਾਂਦਾ ਹੈ। ਭਾਰਤ ਵਿਚ ਦਰਸ਼ਕਾਂ ਵਲੋਂ ਕ੍ਰਿਕਟ ਮੈਚ ਵੇਖਿਆ ਨਹੀਂ, ਸਗੋਂ ਜੀਵਿਆ ਜਾਂਦਾ ਹੈ। ਖਿਡਾਰੀਆਂ ਅਤੇ ਦਰਸ਼ਕਾਂ ਦਾ ਜਜ਼ਬਾ ਤੇ ਜੋਸ਼ ਵੱਖਰੇ ਪੱਧਰ 'ਤੇ ਜਾ ਪਹੁੰਚਦਾ ਹੈ। ਅਜਿਹਾ ਹੀ ਕੁਝ ਇਸ ਵਾਰ ਫਿਰ ਘਟਨ ਨੂੰ ਤਿਆਰ ਹੈ, ਕ੍ਰਿਕਟ ਦੇ ਸਭ ਤੋਂ ਛੋਟੇ ਪਰ ਵੱਡੇ ਜਸ਼ਨ ਦੇ ਗਵਾਹ ਟੀ-20 ਵਿਸ਼ਵ ਕੱਪ ਦੇ ਰੂਪ 'ਚ। ਭਾਰਤ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੂੰ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 ਲਈ ਟੂਰਨਾਮੈਂਟ ਦਾ ਅੰਬੈਸਡਰ ਬਣਾਇਆ ਗਿਆ ਹੈ। ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਦੇ ਇਸ ਦਸਵੇਂ ਸੰਸਕਰਨ ਦੀ ਮੇਜ਼ਬਾਨੀ ਸਾਂਝੇ ਤੌਰ 'ਤੇ ਭਾਰਤ ਤੇ ਸ੍ਰੀਲੰਕਾ ਕਰਨਗੇ। ਕੁੱਲ 55 ਮੈਚਾਂ ਦਾ ਇਹ ਟੂਰਨਾਮੈਂਟ 7 ਫਰਵਰੀ ਤੋਂ 8 ਮਾਰਚ ਤੱਕ ਹੋਵੇਗਾ। ਇਸ ਟੀ-20 ਵਿਸ਼ਵ ਕੱਪ 'ਚ ਵੀ ਕੁੱਲ 20 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ 'ਚ ਮੇਜ਼ਬਾਨ ਭਾਰਤ ਤੇ ਸ੍ਰੀਲੰਕਾ ਤੋਂ ਇਲਾਵਾ ਦੱਖਣੀ ਅਫਰੀਕਾ, ਆਸਟ੍ਰੇਲੀਆ, ਅਫਗਾਨਿਸਤਾਨ, ਇੰਗਲੈਂਡ, ਵੈਸਟ ਇੰਡੀਜ਼, ਸੰਯੁਕਤ ਰਾਜ ਅਮਰੀਕਾ, ਨਿਊਜ਼ੀਲੈਂਡ, ਆਇਰਲੈਂਡ, ਪਾਕਿਸਤਾਨ, ਕੈਨੇਡਾ, ਇਟਲੀ, ਨੀਦਰਲੈਂਡ, ਨਿਪਾਲ, ਓਮਾਨ, ਯੂ.ਏ.ਈ., ਨਾਮੀਬੀਆ, ਜ਼ਿੰਬਾਬਵੇ ਤੇ ਸਕਾਟਲੈਂਡ ਸ਼ਾਮਿਲ ਹਨ।
ਭਾਰਤ ਮੌਜੂਦਾ ਚੈਂਪੀਅਨ ਹੈ। ਇਟਲੀ ਨੇ ਪਹਿਲੀ ਵਾਰ ਕੁਆਲੀਫਾਈ ਕੀਤਾ ਹੈ। ਦੱਸਣਾ ਬਣਦਾ ਹੈ ਕਿ ਇਸ ਵਿਸ਼ਵ ਕੱਪ 'ਚ ਪਾਕਿਸਤਾਨ ਨਾਲ ਸੰਬੰਧਿਤ ਕੋਈ ਵੀ ਮੈਚ ਸਿਰਫ਼ ਸ੍ਰੀਲੰਕਾ 'ਚ ਹੀ ਖੇਡੇ ਜਾਣਗੇ। ਟੂਰਨਾਮੈਂਟ ਦਾ ਫਾਰਮੈਟ ਪਿਛਲੇ ਐਡੀਸ਼ਨ ਵਾਂਗ ਹੀ ਰਹੇਗਾ। 20 ਕੁਆਲੀਫਾਈ ਕਰਨ ਵਾਲੀਆਂ ਟੀਮਾਂ ਨੂੰ 5-5 ਦੇ ਚਾਰ ਗਰੁੱਪਾਂ ਵਿਚ ਵੰਡਿਆ ਗਿਆ ਹੈ। ਉਦਘਾਟਨੀ ਮੈਚ 7 ਫਰਵਰੀ ਨੂੰ ਐਸ.ਐਸ.ਸੀ. ਕ੍ਰਿਕਟ ਗਰਾਊਂਡ ਕੋਲੰਬੋ 'ਚ ਨੀਦਰਲੈਂਡ ਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਵੇਗਾ, ਜਦਕਿ ਭਾਰਤ ਆਪਣੇ ਮੁਹਿੰਮ ਦੀ ਸ਼ੁਰੂਆਤ ਵੀ ਇਸੇ ਦਿਨ ਸ਼ਾਮ ਨੂੰ ਅਮਰੀਕਾ ਖ਼ਿਲਾਫ਼ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਕਰੇਗਾ। ਨਾਕਆਊਟ ਪੜਾਅ ਵਿਚ 4 ਤੇ 5 ਮਾਰਚ ਨੂੰ ਦੋ ਸੈਮੀਫਾਈਨਲ ਅਤੇ 8 ਮਾਰਚ ਨੂੰ ਫਾਈਨਲ ਮੈਚ ਖੇਡਿਆ ਜਾਵੇਗਾ। ਜੇ ਟੂਰਨਾਮੈਂਟ ਦੇ ਜੇਤੂ ਇਤਿਹਾਸ ਦੀ ਗੱਲ ਕਰੀਏ ਤਾਂ ਸਭ ਤੋਂ ਸਫ਼ਲ ਇੰਗਲੈਂਡ, ਵੈਸਟ ਇੰਡੀਜ਼ ਤੇ ਭਾਰਤ ਦੀਆਂ ਟੀਮਾਂ ਰਹੀਆਂ ਹਨ, ਜਿਨ੍ਹਾਂ ਨੇ ਇਹ ਖ਼ਿਤਾਬ ਦੋ-ਦੋ ਵਾਰ ਆਪਣੇ ਨਾਂਅ ਕੀਤਾ ਹੈ। ਜੇਕਰ ਇਕ ਹੋਰ ਅੰਕੜੇ ਦੀ ਗੱਲ ਕਰੀਏ ਤਾਂ ਹੁਣ ਤੱਕ ਕੋਈ ਵੀ ਟੀਮ ਲਗਾਤਾਰ ਦੋ ਵਾਰ ਇਹ ਕੱਪ ਨਹੀਂ ਜਿੱਤ ਸਕੀ। ਜੇ ਭਾਰਤੀ ਟੀਮ ਇਹ ਕਾਰਨਾਮਾ ਕਰਦੀ ਹੈ ਤਾਂ ਉਹ ਅਜਿਹਾ ਕਰਨ ਵਾਲੀ ਪਹਿਲੀ ਟੀਮ ਤਾਂ ਹੋਵੇਗੀ ਹੀ, ਨਾਲ ਹੀ ਤਿੰਨ ਵਾਰ ਵਿਸ਼ਵ ਕੱਪ ਜਿੱਤ ਕੇ ਇਸ ਫਾਰਮੈਟ ਦੀ ਸਭ ਤੋਂ ਸਫ਼ਲ ਟੀਮ ਵੀ ਬਣ ਜਾਵੇਗੀ। ਭਾਰਤੀ ਟੀਮ ਦੀ ਫਾਰਮ ਦੇਖ ਕੇ ਲਗਦਾ ਹੈ ਕਿ ਟਰਾਫੀ ਨੂੰ ਘਰ 'ਚ ਰੱਖਣ ਲਈ ਇਹ ਟੀਮ ਪ੍ਰਬਲ ਦਾਅਵੇਦਾਰ ਹੈ।
ਇਸ ਵਿਸ਼ਵ ਕੱਪ 'ਚ ਪੰਜਾਬੀ ਜੋਸ਼ ਵੀ ਖੂਬ ਵੇਖਣ ਨੂੰ ਮਿਲੇਗਾ, ਜਿੱਥੇ ਅਭਿਸ਼ੇਕ ਸ਼ਰਮਾ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਭਾਰਤ ਦੀ ਟੀਮ ਵਲੋਂ ਆਪਣਾ ਜਲਵਾ ਵਿਖਾਉਣਗੇ, ਉੱਥੇ ਹੀ ਬਟਾਲੇ ਦਾ ਜੰਮਪਲ ਦਿਲਪ੍ਰੀਤ ਬਾਜਵਾ ਤੇ ਜਤਿੰਦਰ ਸਿੰਘ ਕ੍ਰਮਵਾਰ ਕੈਨੇਡਾ ਤੇ ਓਮਾਨ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਕੈਨੇਡਾ ਟੀਮ 'ਚ ਕੁੱਲ ਛੇ ਪੰਜਾਬੀ ਖਿਡਾਰੀ ਹਨ। ਫਗਵਾੜੀਆ ਜਸਪ੍ਰੀਤ ਸਿੰਘ ਪਹਿਲੀ ਵਾਰ ਖੇਡ ਰਹੀ ਇਟਲੀ ਤੇ ਤਜਬਰੇਕਾਰ ਸਪਿਨਰ ਇੰਸ਼ ਸੋਢੀ ਨਿਊਜ਼ੀਲੈਂਡ ਵਲੋਂ ਆਪਣੀ ਖੇਡ ਕਲਾ ਦਾ ਨਮੂਨਾ ਵਿਖਾਉਣਗੇ। ਇਸ ਤਰ੍ਹਾਂ ਅਮਰੀਕਨ ਟੀਮ ਵਲੋਂ ਜੇ.ਸੀ. ਸਿੰਘ (ਉਪ ਕਪਤਾਨ) ਤੇ ਹਰਮੀਤ ਸਿੰਘ ਖੇਡਦੇ ਵਿਖਾਈ ਦੇਣਗੇ ਅਤੇ ਯੂ.ਏ.ਈ. ਟੀਮ 'ਚ ਸਿਮਰਨਜੀਤ ਸਿੰਘ ਹੈ। ਇਸ ਤੋਂ ਇਲਾਵਾ ਵੀ ਪੰਜਾਬੀ ਤੇ ਭਾਰਤੀ ਖਿਡਾਰੀ ਕਈ ਟੀਮਾਂ ਦਾ ਹਿੱਸਾ ਬਣੇ ਦੇਖੇ ਜਾਣਗੇ।
-ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ, ਨੇੜੇ ਮਾਹਿਲਪੁਰ।
ਮੋਬਾਈਲ : 94655-76022