ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਪਿਛਲੇ ਦਿਨੀਂ ਇਕ ਦਿਨਾ ਅੰਤਰਰਾਸ਼ਟਰੀ ਵਿਸ਼ਵ ਕੱਪ ਜਿੱਤ ਕੇ ਜਿੱਥੇ ਇਤਿਹਾਸ ਸਿਰਜਿਆ, ਉੱਥੇ ਇਸ ਟੀਮ ਨੂੰ ਕਰੋੜਾਂ ਰੁਪਏ ਦੇ ਇਨਾਮਾਂ ਨਾਲ ਸਨਮਾਨ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਭਾਰਤ ਦੀ ਪੁਰਸ਼ ਕ੍ਰਿਕਟ ਟੀਮ 'ਤੇ ਵੀ ਅਹਿਮ ਮੁਕਾਬਲੇ ਜਿੱਤਣ ਕਾਰਨ ਪੈਸਿਆਂ ਦੀ ਬਰਸਾਤ ਹੁੰਦੀ ਰਹੀ ਹੈ। ਭਾਰਤ ਦੇ ਕ੍ਰਿਕਟ ਬੋਰਡ ਨੂੰ ਵੀ ਕਾਫ਼ੀ ਅਮੀਰ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਾਰਤ ਵਿਚ ਕ੍ਰਿਕਟ ਤੋਂ ਮੋਟੀ ਕਮਾਈ ਹੁੰਦੀ ਹੈ ਪਰ ਇਹ ਸਾਰੀ ਕਮਾਈ ਕ੍ਰਿਕਟ ਲਈ ਹੀ ਵਰਤ ਲਈ ਜਾਂਦੀ ਹੈ।
ਵਿਸ਼ਵ ਵਿਚ ਕਈ ਦੇਸ਼ ਅਜਿਹੇ ਹਨ, ਜਿੱਥੇ ਫੁੱਟਬਾਲ ਬਹੁਤ ਪ੍ਰਚਲਿਤ ਹੈ ਤੇ ਉੱਥੇ ਫੁੱਟਬਾਲ ਤੋਂ ਮੋਟੀ ਕਮਾਈ ਹੁੰਦੀ ਹੈ। ਉੱਥੋਂ ਦੀਆਂ ਸਰਕਾਰਾਂ ਫੁੱਟਬਾਲ ਤੋਂ ਹੁੰਦੀ ਮੋਟੀ ਕਮਾਈ ਦਾ ਕੁਝ ਹਿੱਸਾ ਹੋਰ ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਖ਼ਰਚ ਕਰਦੀਆਂ ਹਨ, ਤਾਂ ਕਿ ਫੁੱਟਬਾਲ ਤੋਂ ਬਿਨਾਂ ਹੋਰ ਖੇਡਾਂ ਵੀ ਤਰੱਕੀ ਤੇ ਵਿਕਾਸ ਕਰ ਸਕਣ। ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਫੁੱਟਬਾਲ ਤੋਂ ਇਲਾਵਾ ਹੋਰਨਾਂ ਖੇਡਾਂ ਦੇ ਖਿਡਾਰੀਆਂ ਨੂੰ ਵੀ ਬਿਹਤਰ ਸਹੂਲਤਾਂ ਅਤੇ ਜਿੱਤਣ ਤੋਂ ਬਾਅਦ ਮਾਣ-ਸਨਮਾਨ ਮੁਹੱਈਆ ਕਰਵਾਉਂਦੀਆਂ ਹਨ। ਇਹੋ ਕਾਰਨ ਹੈ ਕਿ ਇਨ੍ਹਾਂ ਦੇਸ਼ਾਂ 'ਚ ਫੁੱਟਬਾਲ ਤੋਂ ਬਿਨਾਂ ਹੋਰ ਖੇਡਾਂ 'ਚ ਵੀ ਖਿਡਾਰੀ ਅੱਵਲ ਆਉਂਦੇ ਹਨ ਤੇ ਤਗਮੇ ਜਿੱਤਦੇ ਹਨ।
ਭਾਰਤ ਵਿਚ ਵੀ ਅਜਿਹਾ ਢਾਂਚਾ ਬਣਾਇਆ ਜਾ ਸਕਦਾ ਹੈ ਅਤੇ ਹੋਰਨਾਂ ਦੇਸ਼ਾਂ ਵਰਗੀ ਪ੍ਰਣਾਲੀ ਲਾਗੂ ਕਰਕੇ ਕ੍ਰਿਕਟ ਤੋਂ ਹੁੰਦੀ ਕਮਾਈ ਦਾ ਕੁਝ ਹਿੱਸਾ ਬਾਕੀ ਖੇਡਾਂ ਦੀ ਭਲਾਈ ਤੇ ਵਿਕਾਸ ਲਈ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਕ੍ਰਿਕਟ ਦੀ ਕਮਾਈ ਸਹੀ ਅਰਥਾਂ ਵਿਚ ਖ਼ਰਚ ਹੋਵੇਗੀ। ਕ੍ਰਿਕਟ ਜਗਤ ਨੂੰ ਇਸ ਨਾਲ ਕੋਈ ਖ਼ਾਸ ਫ਼ਰਕ ਵੀ ਨਹੀਂ ਪਵੇਗਾ ਪਰ ਹੋਰਨਾਂ ਖੇਡਾਂ ਦੀ ਭਲਾਈ ਤੇ ਵਿਕਾਸ ਜ਼ਰੂਰ ਹੋ ਸਕਦੇ ਹਨ। ਭਾਰਤ ਵਿਚ ਸਭ ਤੋਂ ਜ਼ਿਆਦਾ ਕ੍ਰਿਕਟ ਦੀ ਖੇਡ ਪ੍ਰਚਲਿਤ ਹੋਣ ਦੇ ਬਾਵਜੂਦ ਭਾਰਤ ਵਿਚ ਹਾਕੀ, ਫੁੱਟਬਾਲ, ਬੈਡਮਿੰਟਨ ਤੇ ਹੋਰ ਖੇਡਾਂ ਖੇਡੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਖਿਡਾਰੀ ਵਿਸ਼ਵ ਕੱਪ ਤੇ ਉਲੰਪਿਕ ਖੇਡਾਂ 'ਚ ਵੀ ਜਾਂਦੇ ਹਨ ਤੇ ਕਈ ਵਾਰ ਤਗਮੇ ਵੀ ਜਿੱਤਦੇ ਹਨ ਪਰ ਅਜਿਹੇ ਖਿਡਾਰੀਆਂ ਦਾ ਅਕਸਰ ਸ਼ਿਕਵਾ ਹੁੰਦਾ ਹੈ ਕਿ ਉਨ੍ਹਾਂ ਨੂੰ ਕ੍ਰਿਕਟ ਦੇ ਖਿਡਾਰੀਆਂ ਵਾਂਗ ਮਾਣ-ਸਤਿਕਾਰ ਨਹੀਂ ਮਿਲਦਾ। ਭਾਰਤ ਵਿਚ ਕਈ ਖੇਡਾਂ ਅਜਿਹੀਆਂ ਹਨ, ਜੋ ਪੈਸੇ ਦੀ ਘਾਟ ਕਾਰਨ ਬਹੁਤ ਪਿੱਛੇ ਰਹਿ ਗਈਆਂ। ਅਜਿਹੀਆਂ ਖੇਡਾਂ ਨੂੰ ਹੁਲਾਰਾ ਦੇਣ ਲਈ ਕ੍ਰਿਕਟ ਤੋਂ ਹੁੰਦੀ ਕਮਾਈ ਦਾ ਕੁਝ ਹਿੱਸਾ ਇਨ੍ਹਾਂ 'ਤੇ ਖਰਚਿਆ ਜਾ ਸਕਦਾ ਹੈ।
ਭਾਵੇਂ ਭਾਰਤ ਸਰਕਾਰ ਕ੍ਰਿਕਟ ਦੇ ਨਾਲ ਹੋਰ ਖੇਡਾਂ ਦੇ ਵਿਕਾਸ ਲਈ ਵਿਸ਼ੇਸ਼ ਧਿਆਨ ਦੇ ਰਹੀ ਹੈ ਪਰ ਇਸ ਦੇ ਬਾਵਜੂਦ ਇਹ ਅਸਲੀਅਤ ਹੈ ਕਿ ਇਨ੍ਹਾਂ ਖੇਡਾਂ ਦੇ ਖਿਡਾਰੀਆਂ ਨੂੰ ਬਹੁਤਾ ਮਾਣ-ਸਨਮਾਨ ਨਹੀਂ ਮਿਲਦਾ। ਇਸੇ ਕਾਰਨ ਭਾਰਤ ਵਿਚ ਜ਼ਿਆਦਾਤਰ ਖਿਡਾਰੀ ਕ੍ਰਿਕਟ ਨੂੰ ਤਰਜੀਹ ਦਿੰਦੇ ਹਨ। ਭਾਰਤ ਵਿਚ ਚੰਗੇ ਖਿਡਾਰੀਆਂ ਖ਼ਾਸ ਕਰਕੇ ਉੱਭਰਦੇ ਖਿਡਾਰੀਆਂ ਦੀ ਕਮੀਂ ਨਹੀਂ ਹੈ। ਹਰ ਉੱਭਰਦੇ ਖਿਡਾਰੀ ਦੀ ਇੱਛਾ ਹੁੰਦੀ ਹੈ ਕਿ ਉਸ ਨੂੰ ਖੇਡਣ ਲਈ ਢੁਕਵੇਂ ਮੌਕੇ ਤੇ ਚੰਗੀਆਂ ਖੇਡ ਸਹੂਲਤਾਂ ਮਿਲਣ। ਸ਼ਹਿਰਾਂ ਵਿਚ ਤਾਂ ਬਾਲ ਖਿਡਾਰੀਆਂ ਤੇ ਉੱਭਰਦੇ ਖਿਡਾਰੀਆਂ ਨੂੰ ਚੰਗੀਆਂ ਖੇਡ ਸਹੂਲਤਾਂ ਮਿਲ ਜਾਂਦੀਆਂ ਹਨ ਪਰ ਪਿੰਡਾਂ ਤੇ ਕਸਬਿਆਂ ਵਿਚ ਕਈ ਵਾਰ ਖੇਡ ਸਹੂਲਤਾਂ ਦੀ ਘਾਟ ਹੁੰਦੀ ਹੈ। ਇਸ ਪਾਸੇ ਵੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਅਤੇ ਕ੍ਰਿਕਟ ਤੋਂ ਹੁੰਦੀ ਕਮਾਈ ਦਾ ਕੁਝ ਹਿੱਸਾ ਪਿੰਡਾਂ ਵਿਚ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਜੇ ਕ੍ਰਿਕਟ ਤੋਂ ਹੁੰਦੀ ਕਮਾਈ ਦਾ ਕੁਝ ਹਿੱਸਾ ਬਾਕੀ ਖੇਡਾਂ ਦੀ ਭਲਾਈ ਲਈ ਵਰਤਿਆ ਜਾਵੇ ਤਾਂ ਭਾਰਤ ਵਿਚ ਉਹ ਖੇਡਾਂ ਵੀ ਵਿਕਸਿਤ ਹੋਣਗੀਆਂ ਤੇ ਕ੍ਰਿਕਟ ਵਾਂਗ ਇਨ੍ਹਾਂ ਖੇਡਾਂ ਦੇ ਖਿਡਾਰੀ ਵੀ 'ਵਿਸ਼ਵ ਜੇਤੂ' ਹੋਣ ਦਾ ਸੁਪਨਾ ਪੂਰਾ ਕਰ ਸਕਣਗੇ।
-61ਏ, ਵਿੱਦਿਆ ਨਗਰ, ਪਟਿਆਲਾ।
ਮੋਬਾਈਲ : 94638-19174