ਬੱਚਿਆਂ ਵਿਚ ਸਰੀਰਕ ਖੇਡਾਂ ਦਾ ਸ਼ੌਕ ਘਟਣਾ ਸਮਾਜ ਲਈ ਚਿੰਤਾਜਨਕ ਗੱਲ ਹੈ। ਬੱਚਿਆਂ ਨੂੰ ਖੇਡਾਂ ਪ੍ਰਤੀ ਵਿਰਾਸਤ ਵਿਚ ਮਿਲੀ ਸਿੱਖਿਆ ਕੋਹਾਂ ਦੂਰ ਹੋ ਗਈ ਜਾਪਦੀ ਹੈ। ਮਾਪਿਆਂ ਦੀ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਬੱਚੇ ਸਰੀਰਕ ਖੇਡਾਂ 'ਚ ਨਾਮਾਤਰ ਦਿਲਚਸਪੀ ਲੈਂਦੇ ਨਜ਼ਰੀਂ ਆ ਰਹੇ ਹਨ, ਜਿਸ ਦੀ ਮੁੱਖ ਵਜ੍ਹਾ ਮੋਬਾਈਲ 'ਤੇ ਪਰੋਸੀਆਂ ਜਾ ਰਹੀਆਂ ਖੇਡਾਂ ਜਾਪਦੀਆਂ ਹਨ। ਅੱਜ ਬੱਚੇ ਸਰੀਰਕ ਖੇਡਾਂ ਖੇਡਣ ਦੀ ਬਜਾਏ ਮੋਬਾਈਲਾਂ 'ਤੇ ਖੇਡਾਂ ਖੇਡਣ ਨੂੰ ਤਰਜੀਹ ਦਿੰਦੇ ਹਨ। ਬੱਚਿਆਂ ਨਾਲ ਵੱਡੀ ਪੱਧਰ 'ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਹੈਰਾਨੀਜਨਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਸੰਬੰਧੀ ਬੱਚਿਆਂ ਨੇ ਅਲੱਗ-ਅਲੱਗ ਵਿਚਾਰ ਪ੍ਰਗਟ ਕੀਤੇ ਹਨ, ਕੋਈ ਆਖਦਾ ਕਿ ਮੈਂ ਸਕੂਲ ਤੋਂ ਘਰ ਆ ਕੇ ਸਭ ਤੋਂ ਪਹਿਲਾਂ ਮੈਸਿਜ ਦੇਖਦਾ ਹਾਂ, ਕੋਈ ਆਖਦਾ ਪਹਿਲਾਂ ਮੋਬਾਈਲ ਚਾਰਜ ਲਾਉਂਦਾ ਹਾਂ। ਬੱਚਿਆਂ ਦੁਆਰਾ ਭੁੱਖਣ ਭਾਣੇ ਮੋਬਾਈਲਾਂ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾ ਰਹੀ ਹੈ। ਮੋਬਾਈਲ ਹਰ ਬੱਚੇ ਨੂੰ ਤਕਰੀਬਨ ਸ਼ਾਮ ਦੇ 5 ਵਜੇ ਤੱਕ ਆਪਣੀ ਰੰਗਲੀ ਦੁਨੀਆ ਦੀ ਬੁੱਕਲ 'ਚ ਲਪੇਟ ਲੈਂਦਾ ਹੈ। ਅੱਜ ਸਵਾਲ ਇਹ ਉੱਠਦਾ ਹੈ ਕਿ ਬੱਚਿਆਂ ਵਿਚ ਸਰੀਰਕ ਖੇਡਾਂ ਦਾ ਸ਼ੌਕ ਪੈਦਾ ਕਿਉਂ ਨਹੀਂ ਹੋ ਰਿਹਾ। ਮਾਪੇ ਪ੍ਰਾਈਵੇਟ ਅਕੈਡਮੀਆਂ 'ਚ ਹਜ਼ਾਰਾਂ ਰੁਪਏ ਦੇ ਕੇ ਬੱੱਚਿਆਂ ਨੂੰ ਸਰੀਰਕ ਖੇਡਾਂ ਖਿਡਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਉਲਟ ਦੇਸ਼ ਅੰਦਰ ਬਹੁਤ ਸਾਰੇ ਖੇਡ ਮੈਦਾਨ ਬਿਨਾਂ ਖਿਡਾਰੀਆਂ ਤੋਂ ਖਾਲੀ ਨਜ਼ਰ ਆ ਰਹੇ ਹਨ। ਇਸ ਦੀ ਮੁੱਖ ਵਜ੍ਹਾ ਖੇਡ ਅਧਿਆਪਕਾਂ ਦੀ ਘਾਟ ਤੇ ਖੇਡ-ਗੁਰੂਆਂ ਦੀ ਨਿਯੁਕਤੀ ਨਾ ਹੋਣਾ ਵੀ ਹੋ ਸਕਦਾ ਹੈ। ਦੇਸ਼ ਦੀਆਂ ਸਰਕਾਰਾਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਬਹੁਤ ਉਪਰਾਲੇ ਕਰ ਰਹੀਆਂ ਹਨ ਪਰ ਉਹ ਖੇਡਾਂ ਸਿਰਫ਼ ਦੋ ਜਾਂ ਤਿੰਨ ਮਹੀਨੇ ਤੱਕ ਸਿਮਟ ਕੇ ਰਹਿ ਗਈਆਂ ਹਨ। ਇਸ ਤਰ੍ਹਾਂ ਦੀਆਂ ਕਰਵਾਈਆਂ ਗਈਆਂ ਖੇਡਾਂ ਸਿਰਫ਼ ਮੁਕਾਬਲਿਆਂ ਨੂੰ ਹੀ ਤਰਜੀਹ ਦਿੰਦੀਆਂ ਹਨ। ਇਸ ਤੋਂ ਬਆਦ ਬੱਚਿਆਂ ਦੀ ਖਿਡਾਉਣ ਦੀ ਸਿੱਖਿਆ ਨੂੰ 9 ਤੋਂ 10 ਮਹੀਨੇ ਰੱਬ ਆਸਰੇ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਖੇਡ ਨੀਤੀਆਂ ਕਿਵੇਂ ਤੇ ਕਦੋਂ ਬੱਚਿਆਂ ਅੰਦਰ ਖੇਡ ਭਾਵਨਾ ਤੇ ਸ਼ੌਕ ਪੈਦਾ ਕਰ ਸਕਦੀਆਂ ਹਨ। ਬੱਚਿਆਂ ਅੰਦਰ ਖੇਡਾਂ ਪ੍ਰਤੀ ਸ਼ੌਕ ਪੈਦਾ ਕਰਨ ਲਈ ਤੇ ਅੰਤਰਰਾਸ਼ਟਰੀ ਖਿਡਾਰੀ ਬਣਾਉਣ ਲਈ ਸਾਰਾ ਸਾਲ ਕਸਰਤ ਜ਼ਰੂਰੀ ਹੈ। ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਮਾਨਸਿਕ ਤੌਰ 'ਤੇ ਤਿਆਰ ਕਰਨਾ ਜ਼ਰੂਰੀ ਹੈ। ਇਹ ਸਿੱਖਿਆ ਦੇਣ ਦਾ ਨਿਸ਼ਾਨਾ ਸਰੀਰਕ ਸਿੱਖਿਆ ਅਧਿਆਪਕ ਭਾਵ ਖੇਡ ਅਧਿਆਪਕ ਦੁਆਰਾ ਹੀ ਪੂਰਾ ਕੀਤਾ ਜਾ ਸਕਦਾ ਹੈ। ਪ੍ਰਾਇਮਰੀ ਵਿੰਗ ਦੇ ਬੱਚਿਆਂ ਨੂੰ ਆਖਰੀ ਇਕ ਘੰਟਾ ਅੰਤਰਰਾਸ਼ਟਰੀ ਖਿਡਾਰੀਆਂ ਦੀਆਂ ਖੇਡ ਫ਼ਿਲਮਾਂ ਦਿਖਾਈਆਂ ਜਾਣ ਤੇ ਖੈਡ ਮੈਦਾਨ 'ਚ ਖੇਡਾਂ ਖੇਡਣ ਦਾ ਮੌਕਾ ਦੇਣਾ ਚਾਹੀਦਾ ਹੈ। ਬੱਚਿਆਂ ਲਈ ਇਨ੍ਹਾਂ ਉਪਰਾਲਿਆਂ ਸਦਕਾ ਨਤੀਜੇ ਸਾਰਥਕ ਹੋ ਸਕਦੇ ਹਨ। ਇਸ ਤਰ੍ਹਾਂ ਬੱਚਿਆਂ ਵਿਚ ਖੇਡਾਂ ਦਾ ਸ਼ੌਕ ਪੈਦਾ ਕਰਕੇ ਨਵੇਂ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
-ਮੋਬਾਈਲ : 98761-53007