02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਰਦੀਆਂ 'ਚ ਗਾਵਾਂ ਦੀ ਸੁਚੱਜੀ ਦੇਖਭਾਲ ਤੇ ਪ੍ਰਭਾਵਸ਼ਾਲੀ ਪ੍ਰਬੰਧਨ

Ad Position 21
No active advertisement
ਅਜੀਤ ਡੈਸਕ 03-02-2026

ਪੰਜਾਬ ਵਿਚ ਸਰਦੀਆਂ ਦੇ ਮੌਸਮ ਦੌਰਾਨ ਪਸ਼ੂਆਂ ਖ਼ਾਸ ਕਰਕੇ ਗਾਵਾਂ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਜਦੋਂ ਤਾਪਮਾਨ ਬਹੁਤ ਘਟ ਜਾਂਦਾ ਹੈ ਅਤੇ ਸੰਘਣੀ ਧੁੰਦ ਪੈਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਗਾਵਾਂ ਦੀ ਸਿਹਤ ਅਤੇ ਦੁੱਧ ਦੇ ਉਤਪਾਦਨ 'ਤੇ ਪੈਂਦਾ ਹੈ। ਸਰਦੀਆਂ ਵਿਚ ਗਾਵਾਂ ਦੇ ਪ੍ਰਬੰਧਨ ਲਈ ਹੇਠਾਂ ਦਿੱਤੇ ਨੁਕਤੇ ਬਹੁਤ ਸਹਾਇਕ ਹੋ ਸਕਦੇ ਹਨ:-
ਰਿਹਾਇਸ਼ ਤੇ ਸ਼ੈੱਡ ਦਾ ਪ੍ਰਬੰਧ
ਗਾਵਾਂ ਨੂੰ ਸਿੱਧੀ ਤੇ ਠੰਢੀ ਹਵਾ (ਸੀਤ ਲਹਿਰ) ਤੋਂ ਬਚਾਉਣਾ ਸਭ ਤੋਂ ਮਹੱਤਵਪੂਰਨ ਹੈ, ਜਿਸ ਲਈ ਇਹ ਨੁਕਤੇ ਬਹੁਤ ਉਪਯੋਗੀ ਹਨ।
ਪਰਦੇ ਲਗਾਉਣਾ- ਸ਼ੈੱਡ ਦੀਆਂ ਖੁੱਲ੍ਹੀਆਂ ਦਿਸ਼ਾਵਾਂ ਵੱਲ ਜੂਟ ਦੀਆਂ ਬੋਰੀਆਂ ਜਾਂ ਤਰਪਾਲ ਦੇ ਪਰਦੇ ਲਗਾਏ ਜਾ ਸਕਦੇ ਹਨ ਪਰ ਦਿਨ ਵੇਲੇ ਜਦੋਂ ਧੁੱਪ ਨਿਕਲੇ ਤਾਂ ਇਨ੍ਹਾਂ ਨੂੰ ਉੱਪਰ ਕਰ ਦੇਣਾ ਚਾਹੀਦਾ ਹੈ ਤਾਂ ਜੋ ਗਾਵਾਂ ਨੂੰ ਤਾਜ਼ੀ ਹਵਾ ਮਿਲ ਸਕੇ।
ਬਿਸਤਰਾ- ਫ਼ਰਸ਼ ਦੀ ਠੰਢ ਤੋਂ ਬਚਾਉਣ ਲਈ ਪਸ਼ੂਆਂ ਦੇ ਹੇਠਾਂ 6 ਇੰਚ ਮੋਟੀ ਪਰਾਲੀ (ਝੋਨੇ ਦੀ ਰਹਿੰਦ-ਖੂੰਹਦ) ਜਾਂ ਸੁੱਕਾ ਘਾਹ ਵਿਛਾਉਣ ਚਾਹੀਦਾ ਹੈ। ਇਹ ਬਿਸਤਰਾ ਗਿੱਲਾ ਹੋਣ 'ਤੇ ਰੋਜ਼ਾਨਾ ਬਦਲਣਾ ਚਾਹੀਦਾ ਹੈ।
ਧੁੱਪ ਦਾ ਸੇਕ- ਸਾਫ਼ ਦਿਨਾਂ ਵਿਚ ਗਾਵਾਂ ਨੂੰ ਬਾਹਰ ਧੁੱਪ ਵਿਚ ਬੰਨ੍ਹਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਨੂੰ ਵਿਟਾਮਨ-ਡੀ ਮਿਲਦਾ ਹੈ ਅਤੇ ਸਰੀਰ ਨੂੰ ਗਰਮਾਹਟ ਮਿਲਦੀ ਹੈ।
ਖ਼ੁਰਾਕ ਤੇ ਪੋਸ਼ਣ
ਠੰਢ ਨਾਲ ਲੜਨ ਲਈ ਪਸ਼ੂਆਂ ਨੂੰ ਵਾਧੂ ਊਰਜਾ ਦੀ ਲੋੜ ਹੁੰਦੀ ਹੈ, ਜਿਸ ਲਈ ਉਨ੍ਹਾਂ ਦੀ ਖ਼ੁਰਾਕ ਤੇ ਪੋਸ਼ਣ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੁੰਦੀ ਹੈ।
ਹਰਾ ਚਾਰਾ- ਸਰਦੀਆਂ ਵਿਚ ਬਰਸੀਮ ਮੁੱਖ ਚਾਰਾ ਹੈ। ਇਸ ਦੇ ਨਾਲ ਸੁੱਕੀ ਤੂੜੀ ਜ਼ਰੂਰ ਮਿਲਾਉਣੀ ਚਾਹੀਦੀ ਹੈ ਤਾਂ ਜੋ ਗਾਵਾਂ ਦੇ ਢਿੱਡ ਵਿਚ ਜ਼ਿਆਦਾ ਨਮੀ ਕਾਰਨ ਅਫਾਰਾ ਨਾ ਹੋ ਜਾਵੇ।
ਊਰਜਾ ਲਈ ਗੁੜ- ਗਾਵਾਂ ਨੂੰ ਰੋਜ਼ਾਨਾ 100-200 ਗ੍ਰਾਮ ਗੁੜ ਦੇਣਾ ਬਹੁਤ ਫ਼ਾਇਦੇਮੰਦ ਹੈ। ਇਹ ਉਨ੍ਹਾਂ ਦੇ ਸਰੀਰ ਨੂੰ ਅੰਦਰੂਨੀ ਗਰਮਾਹਟ ਦਿੰਦਾ ਹੈ।
ਦਾਣਾ (ਵੰਡ)- ਦੁੱਧ ਦੇਣ ਵਾਲੀਆਂ ਗਾਵਾਂ ਦੀ ਦਾਣਾ ਖ਼ੁਰਾਕ ਵਿਚ ਥੋੜ੍ਹਾ ਵਾਧਾ ਕਰ ਦੇਣਾ ਚਾਹੀਦਾ ਹੈ ਅਤੇ ਇਸ ਵਿਚ ਬਿਨੌਲੇ (3ottonseed) ਜਾਂ ਸਰ੍ਹੋਂ ਦੀ ਖਲ਼ ਸ਼ਾਮਿਲ ਕਰ ਦੇਣੀ ਚਾਹੀਦੀ ਹੈ।
ਧਾਤਾਂ ਦਾ ਮਿਸ਼ਰਣ- ਰੋਜ਼ਾਨਾ 50 ਗ੍ਰਾਮ ਧਾਤਾਂ ਦਾ ਮਿਸ਼ਰਣ (ਮਿਨਰਲ ਮਿਕਸਚਰ) ਗਾਵਾਂ ਦੀ ਖ਼ੁਰਾਕ ਵਿਚ ਜ਼ਰੂਰ ਪਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਣੀ ਰਹੇ।
ਪਾਣੀ ਦਾ ਪ੍ਰਬੰਧ- ਅਕਸਰ ਪਸ਼ੂ ਬਹੁਤ ਜ਼ਿਆਦਾ ਠੰਢਾ ਪਾਣੀ ਪੀਣ ਤੋਂ ਕਤਰਾਉਂਦੇ ਹਨ, ਜਿਸ ਨਾਲ ਉਨ੍ਹਾਂ ਦੇ ਦੁੱਧ ਦੀ ਮਾਤਰਾ ਘਟ ਜਾਂਦੀ ਹੈ। ਪਸ਼ੂਆਂ ਨੂੰ ਦਿਨ ਵਿਚ ਘੱਟੋ-ਘੱਟ 3-4 ਵਾਰ ਤਾਜ਼ਾ ਜਾਂ ਕੋਸਾ ਪਾਣੀ ਪਿਲਾਉਣਾ ਚਾਹੀਦਾ ਹੈ। ਟੈਂਕੀ ਵਿਚ ਖੜ੍ਹਾ ਬਹੁਤ ਜ਼ਿਆਦਾ ਠੰਢਾ ਪਾਣੀ ਪਿਲਾਉਣ ਤੋਂ ਗੁਰੇਜ਼ ਕਰਨਾ ਹੀ ਬਿਹਤਰ ਹੋਵੇਗਾ।
ਵੱਛੇ-ਵੱਛੀਆਂ ਦੀ ਸੰਭਾਲ- ਛੋਟੇ ਵੱਛੇ ਠੰਢ ਨਾਲ ਜਲਦੀ ਬਿਮਾਰ ਹੁੰਦੇ ਹਨ। ਉਨ੍ਹਾਂ ਨੂੰ ਜੂਟ ਦੀਆਂ ਬੋਰੀਆਂ ਨਾਲ ਬਣੀ ਝੁੱਲ ਪਾਉਣੀ ਚਾਹੀਦੀ ਹੈ ਅਤੇ ਰਾਤ ਨੂੰ ਉਨ੍ਹਾਂ ਦੇ ਕਮਰੇ ਵਿਚ 200 ਵਾਟ ਦਾ ਬੱਲਬ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਗਰਮਾਹਟ ਮਿਲ ਸਕੇ।
ਥਣਾਂ ਦੀ ਸਾਂਭ-ਸੰਭਾਲ- ਸਰਦੀਆਂ ਵਿਚ ਥਣ ਫਟਣ ਦਾ ਡਰ ਬਣਿਆ ਰਹਿੰਦਾ ਹੈ। ਚੁਆਈ ਤੋਂ ਬਾਅਦ ਗਾਵਾਂ ਦੇ ਥਣਾਂ 'ਤੇ ਗਲਿਸਰੀਨ ਜਾਂ ਤੇਲ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਮੈਸਟਾਈਟਿਸ (ਸਾੜੂ) ਵਰਗੀਆਂ ਬਿਮਾਰੀਆਂ ਤੋਂ ਉਨ੍ਹਾਂ ਨੂੰ ਬਚਾਇਆ ਜਾ ਸਕੇ।
ਟੀਕਾਕਰਨ- ਮੂੰਹ-ਖੁਰ ਤੇ ਗਲ਼ ਘੋਟੂ ਵਰਗੀਆਂ ਬਿਮਾਰੀਆਂ ਦੇ ਟੀਕੇ ਸਮੇਂ ਸਿਰ ਲਵਾ ਦੇਣੇ ਚਾਹੀਦੇ ਹਨ।
ਪੰਜਾਬ ਦੀਆਂ ਸਖ਼ਤ ਸਰਦੀਆਂ ਵਿਚ ਜੇਕਰ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਪਸ਼ੂ ਪਾਲਕ ਆਪਣੇ ਮੁਨਾਫ਼ੇ ਨੂੰ ਬਰਕਰਾਰ ਰੱਖ ਸਕਦੇ ਹਨ।

-(ਬੀ.ਵੀ.ਐਸ.ਸੀ. ਐਂਡ ਏ.ਐੱਚ.)
ਮੋਬਾਈਲ : 94173-25632

Ad Position 22
No active advertisement
ਪਿਛਲੀ ਖ਼ਬਰ ਬਹਾਰ ਰੁੱਤੇ ਮੂੰਗਫ਼ਲੀ ਦੀ ਸਫ਼ਲ ਕਾਸ਼ਤ ਅਗਲੀ ਖ਼ਬਰ ਸਰੀਰਕ ਖੇਡਾਂ ਦਾ ਘਟ ਰਿਹਾ ਰੁਝਾਨ ਚਿੰਤਾਜਨਕ
Ad Position 24