ਮੂੰਗਫ਼ਲੀ ਨੂੰ ਗਰੀਬਾਂ ਦਾ ਬਦਾਮ ਵੀ ਕਿਹਾ ਜਾਂਦਾ ਹੈ। ਇਸ ਵਿਚ ਤੇਲ ਦੀ ਮਾਤਰਾ 48-55 ਫ਼ੀਸਦੀ ਤੇ ਪ੍ਰੋਟੀਨ ਦੀ ਮਾਤਰਾ 25-28 ਫ਼ੀਸਦੀ ਹੁੰਦੀ ਹੈ। ਇਸ ਦੀ ਕਾਸ਼ਤ ਮੈਰਾ ਰੇਤਲੀ, ਮੈਰਾ ਜਾਂ ਰੇਤਲੀ ਭੱਲ ਵਾਲੀਆਂ ਜ਼ਮੀਨਾਂ ਅਤੇ ਘੱਟ ਪਾਣੀ ਵਾਲੇ ਇਲਾਕਿਆਂ ਵਿਚ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ। ਆਲੂ ਦੀ ਫ਼ਸਲ ਤੋਂ ਬਾਅਦ ਬਹਾਰ ਰੁੱਤ ਦੀ ਮੂੰਗਫ਼ਲੀ ਬਹੁ-ਫ਼ਸਲੀ ਪ੍ਰਣਾਲੀ ਲਈ ਢੁਕਵੀਂ ਫ਼ਸਲ ਹੈ। ਇਸ ਨੂੰ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਕਾਸ਼ਤ ਲਈ ਸਿਫ਼ਾਰਸ਼ ਕੀਤੇ ਉੱਨਤ ਢੰਗ ਅਪਣਾ ਕੇ ਕਿਸਾਨ ਵੀਰ ਵੱਧ ਝਾੜ ਲੈ ਸਕਦੇ ਹਨ।
ਉੱਨਤ ਕਿਸਮਾਂ- ਬਹਾਰ ਰੁੱਤ ਵਿਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਵੇ ਤਾਂ ਜੋ ਇਸ ਦੀ ਪੁਟਾਈ ਬਾਰਿਸ਼ਾਂ ਤੋਂ ਪਹਿਲਾਂ ਕੀਤੀ ਜਾ ਸਕੇ। ਕਿਸਾਨ ਵੀਰ ਹੇਠ ਲਿਖੀਆਂ ਕਿਸਮਾਂ 'ਚੋਂ ਕਿਸੇ ਇਕ ਨੂੰ ਬੀਜ ਸਕਦੇ ਹਨ।
ਖੇਤ ਦੀ ਤਿਆਰੀ- ਸੇਂਜੂ ਹਾਲਤ ਵਿਚ ਮੂੰਗਫ਼ਲੀ ਦੀ ਕਾਸ਼ਤ ਲਈ ਤਵੀਆਂ ਜਾਂ ਹਲ਼ਾਂ ਨਾਲ 2 ਤੋਂ 3 ਵਾਹੀਆਂ ਕਾਫ਼ੀ ਹਨ।
ਬੀਜ ਦੀ ਮਾਤਰਾ ਤੇ ਬਿਜਾਈ ਦਾ ਢੰਗ- ਮੂੰਗਫ਼ਲੀ ਦੀ ਪੱਧਰੀ ਜਾਂ ਬੈੱਡਾਂ 'ਤੇ ਬਿਜਾਈ ਕਰੋ ਅਤੇ ਬੀਜ ਨੂੰ 5 ਸੈਂਟੀਮੀਟਰ ਡੂੰਘਾ ਬੀਜੋ।
ਬੀਜ ਨੂੰ ਤਿਆਰ ਕਰਨਾ ਤੇ ਸੋਧ- ਬੀਜ ਲਈ ਮੋਟੀਆਂ ਗੱਠੀਆਂ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ 'ਚੋਂ ਸਿਹਤਮੰਦ ਅਤੇ ਨਰੋਈਆਂ ਗਿਰੀਆਂ ਕੱਢੋ। ਬਹੁਤ ਛੋਟੀਆਂ, ਸੁਕੜੀਆਂ ਤੇ ਬਿਮਾਰੀ ਵਾਲੀਆਂ ਗਿਰੀਆਂ ਨੂੰ ਬੀਜ ਲਈ ਨਹੀਂ ਵਰਤਣਾ ਚਾਹੀਦਾ। ਬਿਮਾਰੀਆਂ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਪ੍ਰਤੀ ਕਿੱਲੋ ਗਿਰੀਆਂ ਨੂੰ 2 ਮਿਲੀਲਿਟਰ ਨਿਓਨਿਕਸ 20 ਐਫਐਸ (ਇਮਿਡਾਕਲੋਪਰਿਡ 18.5% + ਹੈਕਸਾਕੋਨਾਜੋਲ 1.5%) ਜਾਂ 1.5 ਗ੍ਰਾਮ ਸੀਡੈਕਸ 2 ਡੀਐਸ (ਟੈਬੂਕੋਨਾਜ਼ੋਲ) ਜਾਂ 5.0 ਗ੍ਰਾਮ ਥੀਰਮ (ਟੈਟਰਾ ਮਿਥਾਇਲ ਥਾਈਯੁਰਮ) ਜਾਂ 3.0 ਗ੍ਰਾਮ ਇੰਡੋਫਿਲ ਐਮ-45 ਮੈਂਕੋਜ਼ੈਬ) ਨਾਲ ਜ਼ਰੂਰ ਸੋਧ ਲੈਣਾ ਚਾਹੀਦਾ ਹੈ।
ਬਿਜਾਈ ਦਾ ਸਮਾਂ- ਬਹਾਰ ਰੁੱਤ ਦੀ ਮੂੰਗਫ਼ਲੀ ਦੀ ਬਿਜਾਈ ਦਾ ਢੁਕਵਾਂ ਸਮਾਂ ਫਰਵਰੀ ਦਾ ਦੂਸਰਾ ਪੰਦ੍ਹਰਵਾੜਾ ਹੈ। ਲੇਟ ਬੀਜੀ ਫ਼ਸਲ ਬਾਰਿਸ਼ਾਂ ਵਿਚ ਆ ਜਾਂਦੀ ਹੈ, ਜਿਸ ਨਾਲ ਮੂੰਗਫ਼ਲੀ ਖੇਤ ਵਿਚ ਹੀ ਪੁੰਗਰ ਜਾਂਦੀ ਅਤੇ ਇਸ ਨਾਲ ਝਾੜ ਅਤੇ ਗੁਣਵੱਤਾ ਬਹੁਤ ਘਟ ਜਾਂਦੀ ਹੈ।
ਖਾਦਾਂ- 12 ਕਿੱਲੋ ਯੂਰੀਆ, 26 ਕਿੱਲੋ ਡੀ.ਏ.ਪੀ ਅਤੇ 17 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਬਹਾਰ ਰੁੱਤ ਦੀ ਮੂੰਗਫ਼ਲੀ ਵਿਚ ਗੰਧਕ ਦੀ ਲੋੜ ਨੂੰ ਪੂਰਾ ਕਰਨ ਲਈ 90 ਕਿਲੋਗ੍ਰਾਮ ਜਿਪਸਮ ਪ੍ਰਤੀ ਏਕੜ ਨੂੰ ਦੋ ਬਰਾਬਰ ਕਿਸ਼ਤਾਂ ਵਿਚ ਬਿਜਾਈ ਅਤੇ ਫੁੱਲ ਪੈਣ ਸਮੇਂ ਪਾਓ।
ਨਦੀਨਾਂ ਦੀ ਰੋਕਥਾਮ- ਦੋ ਗੋਡੀਆਂ ਬਿਜਾਈ ਤੋਂ 3 ਹਫ਼ਤੇ ਤੇ 6 ਹਫ਼ਤੇ ਬਾਅਦ ਕਰੋ।
ਸਿੰਚਾਈ- ਇਸ ਮੌਸਮ ਵਿਚ 6-8 ਪਾਣੀਆਂ ਦੀ ਲੋੜ ਪੈਂਦੀ ਹੈ, ਜੋ ਤਾਪਮਾਨ 'ਤੇ ਨਿਰਭਰ ਕਰਦਾ ਹੈ। ਫੁੱਲ ਪੈਣ ਸਮੇਂ (ਬਿਜਾਈ ਤੋਂ 25-30 ਦਿਨਾਂ ਬਾਅਦ) ਗੱਠੀਆਂ ਬਣਨ ਸਮੇਂ ਅਤੇ ਗੱਠੀਆਂ ਵਿਚ ਗਿਰੀਆਂ ਬਣਨ ਸਮੇਂ ਪਾਣੀ ਜ਼ਰੂਰ ਦੇਣਾ ਚਾਹੀਦਾ ਹੈ।
ਪੁਟਾਈ ਤੇ ਝੜਾਈ- ਬਹਾਰ ਰੁੱਤ ਦੀ ਫ਼ਸਲ ਜੁੂਨ ਦੇ ਅਖੀਰ ਜਾਂ ਜੁਲਾਈ ਦੇ ਸ਼ੁਰੂ ਵਿਚ ਪੱਕ ਜਾਂਦੀ ਹੈ। ਫ਼ਸਲ ਦਾ ਪਤਰਾਲ ਪੱਕਣ ਸਮੇਂ ਹਰਾ ਹੀ ਰਹਿੰਦਾ ਹੈ। ਫ਼ਸਲ ਪੱਕਣ ਦੀ ਨਿਸ਼ਾਨੀ ਇਹ ਹੈ ਜੇਕਰ ਬੂਟੇ ਨੂੰ ਪੁੱਟਣ ਉਪਰੰਤ ਜੇ ਦੋ ਤਿਹਾਈ ਗਿਰੀਆਂ ਦਾ ਰੰਗ ਗੁਲਾਬੀ ਤੇ ਗੱਠੀਆਂ ਦਾ ਛਿਲਕਾ ਅੰਦਰੋਂ ਭੁਰੇ ਜਾਂ ਕਾਲੇ ਰੰਗ ਦਾ ਹੋ ਜਾਵੇ। ਪੁੱਟੀ ਹੋਈ ਫ਼ਸਲ ਦੇ ਛੋਟੇ-ਛੋਟੇ ਢੇਰਾਂ ਨੂੰ ਦੋ ਦਿਨਾਂ ਲਈ ਖੇਤ ਵਿਚ ਧੁੱਪ ਲੱਗਣ ਪਿੱਛੋਂ ਫ਼ਸਲ ਨੂੰ ਇਕ ਥਾਂ ਇਕੱਠੀ ਕਰਕੇ ਰੋਜ਼ਾਨਾ ਦੋ-ਤਿੰਨ ਵਾਰ 2-3 ਦਿਨਾਂ ਲਈ ਤਰੰਗਲੀ ਨਾਲ ਝਾੜੋ ਤੇ ਟਾਂਗਰ ਨਾਲੋਂ ਗੱਠੀਆਂ ਅਤੇ ਪੱਤੇ ਵੱਖ ਕਰ ਲਓ। ਫਿਰ ਉਡਾਈ ਕਰਕੇ ਗੱਠੀਆਂ ਪੱਤਿਆਂ ਨਾਲੋਂ ਵੱਖ ਕਰ ਦਿਓ। ਕਿਸਾਨ ਵੀਰ ਟਰੈਕਟਰ ਨਾਲ ਚੱਲਣ ਵਾਲਾ ਮੂੰਗਫ਼ਲੀ ਥ੍ਰੈਸ਼ਰ ਵੀ ਵਰਤ ਸਕਦੇ ਹਨ।
ਕੀੜੇ ਤੇ ਬਿਮਾਰੀਆਂ- ਬਹਾਰ ਰੁੱਤ ਦੀ ਫ਼ਸਲ ਨੂੰ ਬਹੁਤ ਘੱਟ ਕੀੜੇ ਅਤੇ ਬਿਮਾਰੀਆਂ ਲਗਦੀਆਂ ਹਨ। ਬੀਜ ਦਾ ਗਲਣਾ ਅਤੇ ਗਿੱਚੀ ਦਾ ਗਲਣਾ ਬਿਮਾਰੀ ਦੀ ਰੋਕਥਾਮ ਬੀਜ ਸੋਧ ਕੇ ਹੋ ਜਾਂਦੀ ਹੈ ਅਤੇ ਚਿੱਟੇ ਸੁੰਡ ਦਾ ਵੀ ਬੀਜ ਸੋਧਣ ਨਾਲ ਹੀ ਹੱਲ ਹੋ ਜਾਂਦਾ ਹੈ।
-ਤੇਲਬੀਜ ਸੈਕਸ਼ਨ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ।
ਮੋਬਾਈਲ : 9872391798