02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਅਲੋਪ ਹੋ ਰਹੀ ਹੈ ਤੂਤ ਦੇ ਟੋਕਰੇ ਬਣਾਉਣ ਦੀ ਕਲਾ

Ad Position 21
No active advertisement
ਅਜੀਤ ਡੈਸਕ 03-02-2026

ਆਪਾਂ ਸਾਰਿਆਂ ਨੇ ਟੋਕਰੇ ਵੇਖੇ ਹੋਣੇ ਹਨ। ਅੱਜ ਤੋਂ 20 ਕੁ ਸਾਲ ਪਹਿਲਾਂ ਟੋਕਰੇ ਬਣਾਉਣ ਦਾ ਬਹੁਤ ਰਿਵਾਜ ਸੀ, ਜੋ ਕਿ ਤੂਤ ਦੀਆਂ ਛਟੀਆਂ (ਟਾਹਣੀਆਂ) ਤੋਂ ਬਣਦੇ ਹਨ। ਪਹਿਲਾਂ ਹਰ ਇਕ ਘਰ ਵਿਚ ਟੋਕਰੇ ਜ਼ਰੂਰ ਹੁੰਦੇ ਸਨ, ਜੋ ਕਿ ਵਿਆਹਾਂ ਮੌਕੇ ਮਠਿਆਈਆਂ ਰੱਖਣ ਲਈ, ਆਲੂ, ਗੰਢੇ ਤੇ ਹੋਰ ਸਬਜ਼ੀਆਂ ਰੱਖਣ ਲਈ ਵਰਤੇ ਜਾਂਦੇ ਸਨ। ਪਸ਼ੂਆਂ ਨੂੰ ਪੱਠੇ ਪਾਉਣ ਅਤੇ ਪਸ਼ੂਆਂ ਦਾ ਗੋਹਾ-ਕੂੜਾ ਰੂੜੀ ਤੱਕ ਲਿਜਾਣ ਲਈ ਵੀ ਟੋਕਰੇ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਅੱਜ-ਕੱਲ੍ਹ ਤੂਤ ਲੋਕਾਂ ਨੇ ਪੁੱਟ ਦਿੱਤੇ ਹਨ ਅਤੇ ਤੂਤਾਂ ਦੇ ਟੋਕਰੇ ਬਣਾਉਣ ਵਾਲੇ ਵੀ ਅਲੋਪ ਹੋ ਰਹੇ ਹਨ। ਤੂਤਾਂ ਦੇ ਟੋਕਰੇ ਬੌਰੀਆ ਸਿੱਖ ਬਰਾਦਰੀ ਬਣਾਉਂਦੀ ਹੈ। ਮਾਘ-ਫੱਗਣ ਮਹੀਨੇ ਜਦੋਂ ਤੂਤਾਂ ਦੇ ਦਰੱਖ਼ਤ ਦੇ ਪੱਤੇ ਝੜ ਜਾਂਦੇ ਹਨ ਤਾਂ ਕਿਸਾਨ ਤੂਤ ਦੀਆਂ ਟਹਿਣੀਆਂ ਨੂੰ ਆਰੀ ਨਾਲ ਵੱਡ ਦਿੰਦਾ ਹੈ। ਇਕ-ਦੋ ਦਿਨਾਂ ਬਾਅਦ ਘਰੇ ਲਿਜਾ ਕੇ ਉਹ ਟੋਕਰੇ ਬਣਾਉਣ ਵਾਲੇ ਨੂੰ ਲੈ ਕੇ ਆਉਂਦਾ ਹੈ। ਸਭ ਤੋਂ ਪਹਿਲਾਂ ਟੋਕਰੇ ਬਣਾਉਣ ਵਾਲਾ ਆਦਮੀ ਤੂਤ ਦੀਆਂ ਨਰੋਈਆਂ ਛਟੀਆਂ ਤਿੱਖੇ ਦਾਤ ਨਾਲ ਛਾਂਗ ਲੈਂਦਾ ਹੈ ਤੇ ਇਨ੍ਹਾਂ ਨੂੰ ਦੋਫਾੜ ਕਰ ਲੈਂਦਾ ਹੈ। ਟੋਕਰੇ ਬਣਾਉਣ ਵਾਲਾ ਆਦਮੀ ਆਪਣੇ ਬੈਠਣ ਲਈ ਥੋੜ੍ਹਾ ਨੀਵਾਂ ਜਿਹਾ ਥਾਂ ਬਣਾ ਲੈਂਦਾ ਹੈ, ਜਿਸ ਨੂੰ ਕਿ ਟੋਕਰੇ ਦਾ ਬੇਸ ਬਣਾਉਣਾ ਕਹਿੰਦੇ ਹਨ। ਹੁਣ ਚਾਰ-ਚਾਰ ਛਟੀਆਂ ਨੂੰ ਇਕ-ਦੂਜੀ ਉੱਤੇ ਬਰਾਬਰ ਲੰਬਾਈ 'ਤੇ ਰੱਖ ਲੈਂਦਾ ਹੈ। ਤੂਤ ਦੀਆਂ ਛਟੀਆਂ ਨਰਮ ਹੋਣ ਕਰਕੇ ਮੁੜ ਜਾਂਦੀਆਂ ਹਨ ਪਰ ਟੁੱਟਦੀਆਂ ਨਹੀਂ।
ਹੁਣ ਟੋਕਰੇ ਬਣਾਉਣ ਵਾਲਾ ਇਨ੍ਹਾਂ ਛਟੀਆਂ ਨੂੰ ਮਰੋੜ ਕੇ ਇਕ-ਦੂਜੀ ਨਾਲ ਮੜ੍ਹ ਕੇ ਦਾਤ ਨਾਲ ਠੋਕ-ਠੋਕ ਕੇ ਮਜ਼ਬੂਤ ਬਣਾਈ ਜਾਂਦਾ ਹੈ। ਇਸ ਨੂੰ ਟੋਕਰੇ ਦਾ ਥੱਲੜਾ ਭਾਗ ਜਾਂ ਟੋਕਰੇ ਦਾ ਬੇਸ ਬਣਾਉਣਾ ਆਖਿਆ ਜਾਂਦਾ ਹੈ। ਟੋਕਰੇ ਬਣਾਉਣ ਵਾਲਾ ਆਦਮੀ ਇਸ ਦੇ ਵਿਚ ਬੈਠ ਜਾਂਦਾ ਹੈ। ਹੌਲੀ-ਹੌਲੀ ਆਦਮੀ ਇਸ ਟੋਕਰੇ 'ਚੋਂ ਉਤਾਂਹ ਨੂੰ ਟੋਕਰੇ ਨੂੰ ਨਰਮ ਛਾਂਗੀਆ ਹੋਈਆਂ ਛਟੀਆਂ ਨਾਲ ਟੋਕਰਾ ਬਣਾਈ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਟੋਕਰਾ ਬਣ ਜਾਂਦਾ ਤਾਂ ਇਸ ਦੀ ਸਫ਼ਾਈ ਕੀਤੀ ਜਾਂਦੀ ਹੈ, ਭਾਵ ਵਾਧੂ ਟਾਹਣੀਆਂ ਕੱਟ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਟੋਕਰਾ ਬਣ ਕੇ ਤਿਆਰ ਹੋ ਜਾਂਦਾ ਹੈ। ਕਈ ਲੋਕ ਨਰਮ ਤੇ ਪਤਲੀਆਂ ਛਿਟੀਆਂ ਦੇ ਛਾਬੇ ਅਤੇ ਟੋਕਰੀਆਂ ਵੀ ਬਣਵਾ ਲੈਂਦੇ ਹਨ। ਇੱਕ ਦਿਨ ਵਿੱਚ ਛੇ ਸੱਤ ਦੇ ਲਗਭਗ ਟੋਕਰੇ ਬਣਾ ਲੈਂਦਾ ਹੈ, ਅਤੇ ਇੱਕ ਟੋਕਰੇ ਦੀ ਦਿਹਾੜੀ 70-80 ਰੁਪਏ ਹੁੰਦੀ ਹੈ। ਪਰ ਅੱਜ ਕੱਲ ਨਵੀਂ ਪੀੜ੍ਹੀ ਟੋਕਰੇ ਬਣਾਉਣਾ ਨਹੀਂ ਸਿੱਖਦੀ। ਕਾਰਨ ਟੋਕਰੇ ਬਣਾਉਣ ਵਾਲੇ ਹੁਣ ਪਿੰਡਾਂ ਵਿਚ ਟਾਵੇਂ ਟਾਵੇਂ ਹੀ ਰਹਿ ਗਏ ਹਨ। ਅੱਜ ਕੱਲ੍ਹ ਟੋਕਰੇ ਵੀ ਸੱਭਿਆਚਾਰਕ ਮੇਲਿਆਂ ਦਾ ਤੇ ਗਿੱਧਿਆਂ ਦਾ ਅਤੇ ਯੂਥ ਫੈਸਟੀਵਲ ਦਾ ਸ਼ੰਗਾਰ ਬਣਦੇ ਹਨ ਅਤੇ ਆਉਣ ਵਾਲੀ ਪੀੜੀ ਤੇ ਇਹਨਾਂ ਨੂੰ ਅਜਾਇਬ ਘਰਾਂ ਵਿੱਚ ਵੇਖਿਆ ਕਰੇਗੀ।

-ਪਿੰਡ ਤੇ ਡਾਕਖਾਨਾ : ਝਬੇਲਵਾਲੀ,
ਜ਼ਿਲ੍ਹਾ : ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 62841-45349

Ad Position 22
No active advertisement
ਪਿਛਲੀ ਖ਼ਬਰ ਸਾਡਾ ਮਨੋਰਥ ਨੌਜਵਾਨਾਂ 'ਚ ਜ਼ਿੰਦਗੀ ਲਈ ਵਿਸ਼ਵਾਸ ਅਤੇ ਲੋਕਾਂ ਲਈ ਮੁਹੱਬਤ ਪੈਦਾ ਕਰਨਾ ਹੈ। -ਮੈਕਸਿਮ ਗੋਰਕੀ ਅਗਲੀ ਖ਼ਬਰ ਬਹਾਰ ਰੁੱਤੇ ਮੂੰਗਫ਼ਲੀ ਦੀ ਸਫ਼ਲ ਕਾਸ਼ਤ
Ad Position 24