ਸਾਇਨਾ ਨੇਹਵਾਲ ਤੇ ਪੀ.ਵੀ. ਸਿੰਧੂ ਤੋਂ ਬਾਅਦ ਸਿਰਫ਼ 20 ਸਾਲਾਂ ਦੀ ਦੇਵਿਕਾ ਸਿਹਾਗ ਸਭ ਤੋਂ ਘੱਟ ਉਮਰ ਦੀ ਤੇ ਸਿਰਫ਼ ਤੀਜੀ ਭਾਰਤੀ ਮਹਿਲਾ ਸਿੰਗਲ ਖਿਡਾਰਨ ਬਣੀ ਹੈ, ਜਿਸ ਨੇ ਬੀ.ਡਬਲਿਊ.ਐੱਫ. ਵਰਲਡ ਟੂਰ ਸੁਪਰ 300 ਖ਼ਿਤਾਬ ਜਿੱਤਿਆ ਹੈ। ਇਸ ਤਰ੍ਹਾਂ ਭਾਰਤੀ ਬੈਡਮਿੰਟਨ ਜੇਤੂਆਂ ਦੀ ਉੱਚ ਸੂਚੀ 'ਚ ਇਕ ਹੋਰ ਨਾਂਅ ਜੁੜ ਗਿਆ ਹੈ। ਕੁੱਲ ਢਾਈ ਲੱਖ ਇਨਾਮੀ ਰਾਸ਼ੀ ਵਾਲਾ ਇਹ ਟੂਰਨਾਮੈਂਟ ਬੈਂਕਾਕ ਦੇ ਨਿਮੀਬੁਤਰ ਸਟੇਡੀਅਮ 'ਚ 27 ਜਨਵਰੀ ਤੋਂ 1 ਫਰਵਰੀ ਤੱਕ ਖੇਡਿਆ ਗਿਆ ਸੀ। ਦੇਵਿਕਾ ਦੱਸਦੀ ਹੈ ਕਿ ਇਸ ਟੂਰਨਾਮੈਂਟ 'ਚ ਜਾਣ ਤੋਂ ਪਹਿਲਾਂ ਉਸ ਨੇ ਆਪਣਾ ਮਨ ਬਣਾ ਲਿਆ ਸੀ ਕਿ ਉਹ ਹਰ ਮੈਚ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰੇਗੀ। ਉਸ ਨੇ ਕਿਹਾ ਕਿ ਨੰਬਰ ਇਕ ਸੀਡ ਸੁਪਾਨਿਡਾ (ਕਟੇਥੋਂਗ) ਨੂੰ ਹਰਾਉਣ ਤੋਂ ਬਾਅਦ ਮੈਨੂੰ ਵਿਸ਼ਵਾਸ ਸੀ ਕਿ ਮੇਰੇ ਕੋਲ ਸਫ਼ਲਤਾ ਦੀ ਮਜ਼ਬੂਤ ਸੰਭਾਵਨਾ ਹੈ। ਪੰਚਕੂਲਾ ਦੀ ਰਹਿਣ ਵਾਲੀ ਦੇਵਿਕਾ 172 ਸੈਂਟੀਮੀਟਰ ਲੰਬੀ ਹੈ, ਜਿਸ ਦਾ ਉਸ ਨੂੰ ਭਰਪੂਰ ਫਾਇਦਾ ਮਿਲਿਆ। ਉਹ ਜਿਸ ਗਤੀ ਦੀ ਸੰਭਾਵਨਾ ਰੱਖਦੀ ਹੈ, ਉਸ ਨੂੰ ਅਜੇ ਵੀ ਨਿਖਾਰਨ ਦੀ ਲੋੜ ਹੈ। ਉਹ ਕਹਿੰਦੀ ਹੈ ਕਿ ਸਿੰਧੂ ਦੀਦੀ ਨਾਲ ਸਿਖਲਾਈ ਲੈਣ ਮਗਰੋਂ ਮੈਂ ਸਾਡੀ ਗਤੀ ਵਿਚ ਫ਼ਰਕ ਸਪੱਸ਼ਟ ਦੇਖ ਸਕਦੀ ਹਾਂ ਤੇ ਹੁਣ ਮੈਨੂੰ ਪਤਾ ਹੈ ਕਿ ਮੈਨੂੰ ਉੱਚ ਦਰਜੇ ਦੇ ਖਿਡਾਰੀਆਂ ਨਾਲ ਮੁਕਾਬਲਾ ਕਰਨ ਲਈ ਆਪਣੀ ਖੇਡ 'ਚ ਹੋਰ ਜ਼ਿਆਦਾ ਗਤੀ ਜੋੜਨ ਦੀ ਲੋੜ ਹੈ।
ਉਸ ਦੇ ਇਸ ਮੁਕਾਮ ਤੱਕ ਦਾ ਸਫ਼ਰ ਪੰਚਕੂਲਾ ਵਿਖੇ ਉੱਚ ਪੱਧਰੀ ਅਕੈਡਮੀਆਂ ਦੇ ਨਿਯੰਤਰਿਤ ਵਾਤਾਵਰਨ ਤੋਂ ਦੂਰ ਸ਼ੁਰੂ ਹੋਇਆ, ਜਿੱਥੇ ਉਸ ਨੇ ਆਪਣੇ ਪਹਿਲੇ ਚਾਰ ਸਾਲ ਤਾਊ ਦੇਵੀ ਲਾਲ ਸਟੇਡੀਅਮ 'ਚ ਕੋਚ ਰੋਹਿਤ ਮੰਧਾਨਾ ਦੀ ਦੇਖ-ਰੇਖ ਹੇਠ ਸਿਖਲਾਈ 'ਚ ਬਿਤਾਏ, ਜਿੱਥੇ ਉਸ ਨੇ ਮੁਕਾਬਲੇ ਦੀ ਲੈਅ ਸਿੱਖੀ। ਉਸ ਦੇ ਪਿਤਾ ਅਜੀਤ ਸਿਹਾਗ ਵਕੀਲ ਤੇ ਮਾਂ ਅਧਿਆਪਕਾ ਹਨ, ਜਿਨ੍ਹਾਂ ਨੇ ਦੇਵਿਕਾ ਤੇ ਉਸ ਦੇ ਭਰਾ ਨੂੰ ਬੈਡਮਿੰਟਨ ਤੋਂ ਜਾਣੂ ਕਰਵਾਇਆ। ਦੇਵਿਕਾ ਪਹਿਲਾਂ ਇਕ ਸਕੇਟਰ ਸੀ। ਪਰ ਜਦੋਂ ਉਸ ਨੂੰ ਬੈਡਮਿੰਟਨ 'ਚ ਚੰਗੇ ਨਤੀਜੇ ਮਿਲੇ ਤਾਂ ਪਰਿਵਾਰ ਦਾ ਦ੍ਰਿਸ਼ਟੀਕੋਣ ਮਨੋਰੰਜਨ ਤੋਂ ਸੰਭਾਵਨਾ ਵੱਲ ਬਦਲ ਗਿਆ। ਇਸ ਸੰਭਾਵਨਾ ਨੇ 2017 'ਚ ਇਕ ਫ਼ੈਸਲਾਕੁੰਨ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਤੇ ਦੇਵਿਕਾ ਬੈਂਗਲੁਰੂ ਚਲੀ ਗਈ। ਪੀ.ਪੀ.ਬੀ.ਏ. 'ਚ ਉਸ ਨੂੰ ਉਮੇਂਦਰ ਰਾਣਾ ਦੀ ਨਿਗਰਾਨੀ 'ਚ ਸਿਖਲਾਈ ਦੇ ਕੇ ਅੰਤਰਰਾਸ਼ਟਰੀ ਖਿਡਾਰਨ ਵਜੋਂ ਤਿਆਰ ਕੀਤਾ ਗਿਆ ਹੈ। ਕੁਝ ਹੀ ਮਹੀਨਿਆਂ 'ਚ ਉਸ ਦੀ ਕੋਰਟ ਸਿਖਲਾਈ ਨੇ ਇਕ ਹੋਰ ਮੋੜ ਲਿਆ ਅਤੇ ਉਹ ਪੀ.ਵੀ. ਸਿੰੰਧੂ ਤੇ ਕੋਚ ਇਰਵਿਨਸਿਆਹ ਅਦੀ ਪ੍ਰਤਾਮਾ ਨਾਲ ਹੈ, ਜਿਸ ਨਾਲ ਉਸ ਦੀ ਆਧੁਨਿਕ ਖੇਡ ਦੀ ਸਮਝ ਬਹੁਤ ਪੈਨੀ ਹੋ ਗਈ ਹੈ। ਜ਼ਿਕਰਯੋਗ ਹੈ ਕਿ 18 ਅਪ੍ਰੈਲ 2005 ਨੂੰ ਜਨਮੀ ਦੇਵਿਕਾ ਚਿਤਕਾਰਾ ਯੂਨੀਵਰਸਿਟੀ ਤੋਂ ਸਪੋਰਟਸ ਮੈਨੇਜਮੈਂਟ ਵਿਚ ਬੀ.ਬੀ.ਏ. ਕਰ ਰਹੀ ਹੈ।
ਬੈਂਕਾਕ 'ਚ ਜਿੱਤ ਤੋਂ ਬਾਅਦ ਹੁਣ ਉਸ ਨੂੰ ਉਮੀਦ ਹੈ ਕਿ ਸੁਪਰ 500 ਤੇ ਸੁਪਰ 750 ਮੁਕਾਬਲਿਆਂ 'ਚ ਵੀ ਉਹ ਸ਼ਾਨਦਾਰ ਪ੍ਰਦਰਸ਼ਨ ਕਰੇਗੀ।
ਦੇਵਿਕਾ ਨੇ ਅਜੇ ਇਕ ਮੀਲ ਪੱਥਰ ਪਾਰ ਕੀਤਾ ਹੈ, ਅੱਗੇ ਦੀ ਯਾਤਰਾ ਬਹੁਤ ਲੰਬੀ ਹੈ ਤੇ ਸੁਪਨੇ ਵੀ ਵੱਡੇ ਹਨ। ਹਰ ਭਾਰਤੀ ਸ਼ਟਲਰ ਦੀ ਤਰ੍ਹਾਂ ਉਸ ਦੀਆਂ ਅੱਖਾਂ ਵੀ ਆਸਮਾਨ ਵੱਲ ਹਨ। ਦੇਵਿਕਾ ਕਹਿੰਦੀ ਹੈ ਕਿ ਅੰਤਿਮ ਨਿਸ਼ਾਨਾ ਹਮੇਸ਼ਾ ਉਲੰਪਿਕ ਤਗਮਾ ਹੀ ਹੁੰਦਾ ਹੈ ਤੇ ਉਹ ਉਮੀਦ ਕਰਦੀ ਹੈ ਕਿ ਉਹ ਰਾਸ਼ਟਰਮੰਡਲ ਖੇਡਾਂ, ਏਸ਼ਿਆਈ ਖੇਡਾਂ ਤੇ ਉਲੰਪਿਕ ਲਈ ਕੁਆਲੀਫਾਈ ਕਰੇ ਅਤੇ ਆਪਣੇ ਦੇਸ਼ ਲਈ ਤਗਮਾ ਜਿੱਤੇ। ਦੇਵਿਕਾ ਦੀ ਸਫ਼ਲਤਾ 'ਤੇ ਪੀ.ਵੀ. ਸਿੰਧੂ ਦਾ ਕਹਿਣਾ ਹੈ ਕਿ ਦੇਵਿਕਾ ਮੇਰੇ ਤੇ ਕੋਚ ਇਰਵਿਨਸਿਆਹ ਨਾਲ ਸਿਖਲਾਈ ਲੈ ਰਹੀ ਹੈ ਤੇ ਉਸ ਦੇ ਖੇਡ ਸਮਰਪਣ ਨੂੰ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ।
-ਇਮੇਜ ਰਿਫਲੈਕਸ਼ਨ ਸੈਂਟਰ