ਫੀਫਾ ਦੀਆਂ 6 ਕਨਫੈਡਰੇਸ਼ਨਾਂ ਦੀਆਂ ਚੈਂਪੀਅਨ ਕਲੱਬ ਟੀਮਾਂ ਵਿਚਾਲੇ ਖੇਡੇ ਗਏ ਇੰਟਰਕਾਂਟੀਨੈਂਟਲ ਕੱਪ ਦਾ ਫਾਈਨਲ ਮੁਕਾਬਲਾ ਪਿਛਲੇ ਸਾਲ ਕਤਰ ਵਿਖੇ ਖੇਡਿਆ ਗਿਆ, ਜਿਸ 'ਚ ਪੈਰਿਸ ਸੇਂਟ ਜਰਮੇਨ (ਪੀ.ਐੱਸ.ਜੀ.) ਦੀ ਟੀਮ ਨੇ ਬ੍ਰਾਜ਼ੀਲ ਦੀ ਫਲੇਮੈਂਗੋ ਟੀਮ ਨੂੰ 2 1 ਪੈਨਲਟੀਆਂ ਨਾਲ ਹਰਾ ਕੇ ਕੱਪ ਜਿੱਤ ਲਿਆ ਸੀ। ਫੀਫਾ ਵਲੋਂ 6 ਕਨਫੈਡਰੇਸ਼ਨਾਂ ਦੀਆਂ ਕਲੱਬ ਟੀਮਾਂ ਵਿਚਾਲੇ ਖਿਡਾਇਆ ਜਾਣ ਵਾਲਾ ਇਹ ਦੂਜਾ ਅੰਤਰ ਮਹਾਂਦੀਪੀ ਕੱਪ ਸੀ। ਅਸਲ 'ਚ 6 ਕਨਫੈਡਰੇਸ਼ਨਾਂ ਦੀਆਂ ਚੈਂਪੀਅਨ ਟੀਮਾਂ ਵਿਚਾਲੇ ਇਹ ਕੱਪ ਹਰ ਸਾਲ ਖਿਡਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਸਪੇਨ ਦੀ ਕਲੱਬ ਰੀਅਲ ਮੈਡਰਿਡ ਪਿਛਲੇ ਸਾਲ ਦੀ ਇਸ ਕੱਪ ਦੀ ਚੈਂਪੀਅਨ ਟੀਮ ਸੀ। ਇਸ ਸਾਲ ਇਸ ਟੀਮ ਨੂੰ ਚੈਂਪੀਅਨ ਲੀਗ ਦੇ ਕੁਆਰਟਰ ਫਾਈਨਲ ਵਿਚ ਆਰਸੇਨਲ ਦੀ ਟੀਮ ਨੇ ਹਰਾ ਕੇ ਮੁਕਾਬਲੇ 'ਚੋਂ ਬਾਹਰ ਕਰ ਦਿੱਤਾ ਸੀ। 14 ਸਤੰਬਰ 2025 ਨੂੰ ਖੇਡੇ ਗਏ ਪਹਿਲੇ ਮੈਚ ਵਿਚ ਮਿਸਰ ਦੀ ਕਲੱਬ ਪਿਰਾਮਿਡ ਟੀਮ ਨੇ ਆਕਲੈਂਡ ਸਿਟੀ ਟੀਮ ਨੂੰ 3 0 ਦੇ ਫ਼ਰਕ ਨਾਲ ਹਰਾਇਆ। ਦੂਜੇ ਮੈਚ ਵਿਚ ਪਿਰਾਮਿਡ ਟੀਮ ਨੇ ਅਲ ਅਹਲੀ ਟੀਮ ਨੂੰ 3 1 ਗੋਲਾਂ ਦੇ ਫ਼ਰਕ ਨਾਲ ਹਰਾਇਆ। ਇਸ ਮੈਚ ਵਿਚ ਪਿਰਾਮਿਡ ਦੇ ਫਿਸਟਨ ਮਾਯੇਲੇ ਨੇ 3 ਗੋਲ ਕਰਕੇ ਫੁੱਟਬਾਲ ਸਨੇਹੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਤੀਜੇ ਮੈਚ ਵਿਚ ਬ੍ਰਾਜ਼ੀਲ ਦੀ ਕਲੱਬ ਫਲੇਮੈਂਗੋ ਨੇ ਮੈਕਸੀਕੋ ਦੀ ਕਲੱਬ ਕਰੂਜ਼ ਅਜ਼ੂਲ ਨੂੰ 2 1 ਨਾਲ ਹਰਾਇਆ। ਫਲੇਮੈਂਗੋ ਤੇ ਪਿਰਾਮਿਡ ਦੀਆਂ ਟੀਮਾਂ ਵਿਚਾਲੇ ਪਲੇਅ ਆਫ਼ ਦੇ ਮੈਚ ਵਿਚ ਫਲੇਮੈਂਗੋ ਟੀਮ ਨੇ ਪਿਰਾਮਿਡ ਨੂੰ 2 0 ਨਾਲ ਹਰਾ ਦਿੱਤਾ। 17 ਦਸੰਬਰ ਨੂੰ ਪੀ.ਐੱਸ.ਜੀ. ਤੇ ਫਲੇਮੈਂਗੋ ਵਿਚਾਲੇ ਕਤਰ ਦੇ ਅਲ ਰਈਅਨ ਸਟੇਡੀਅਮ ਵਿਚ ਖੇਡੇ ਗਏ ਫਾਈਨਲ 'ਚ ਆਖਰੀ ਸਮੇਂ ਤੱਕ ਮੁਕਾਬਲਾ 1 1 ਨਾਲ ਬਰਾਬਰ ਸੀ। ਪੈਨਲਟੀਆਂ ਦੀ ਮਦਦ ਨਾਲ ਕੀਤੇ ਫ਼ੈਸਲੇ ਵਿਚ ਪੀ.ਐੱਸ.ਜੀ. 2 1 ਨਾਲ ਜੇਤੂ ਬਣੀ। ਇਸ ਟੂਰਨਾਮੈਂਟ ਵਿਚ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਪੁਰਤਗਾਲ ਦੇ ਮਿਡ-ਫੀਲਡਰ ਖਿਡਾਰੀ ਤੇ ਪੀ.ਐੱਸ.ਜੀ. ਵਲੋਂ ਖੇਡਦੇ ਚੋਟੀ ਦੇ ਖਿਡਾਰੀ ਵਿਟੀਨਹਾ ਨੂੰ 'ਮੋਸਟ ਵੈਲਿਊਏਬਲ ਪਲੇਅਰ' ਤੇ 'ਪਲੇਅਰ ਆਫ਼ ਦਿ ਟੂਰਨਾਮੈਂਟ' ਐਲਾਨਿਆ ਗਿਆ। ਉਸ ਨੂੰ ਸੁਨਹਿਰੀ ਗੇਂਦ (ਗੋਲਡਨ ਬਾਲ) ਨਾਲ ਸਤਕਾਰਿਆ ਗਿਆ। 2024 ਤੋਂ ਪਹਿਲਾਂ ਇੰਟਰਕਾਂਟੀਨੈਂਟਲ ਕੱਪ ਦੋ ਹੀ ਕੰਫਡਰੇਸ਼ਨਾਂ ਦੀਆਂ ਟੀਮਾਂ ਵਿਚਾਲੇ ਹੋਇਆ ਕਰਦਾ ਸੀ। ਉਸ ਫਾਰਮੈਟ ਵਿਚ ਰੀਅਲ ਮੈਡਰਿਡ ਟੀਮ 1960, 1998 ਤੇ 2002 ਵਿਚ ਚੈਂਪੀਅਨ ਰਹੀ ਅਤੇ ਨਵੇਂ ਫਾਰਮੈਟ ਵਿਚ ਸਾਲ 2024 ਦੀ ਚੈਂਪੀਅਨ ਬਣੀ ਸੀ। ਇਸ ਤਰ੍ਹਾਂ ਰੀਅਲ ਮੈਡਰਿਡ ਨੇ ਚਾਰ ਇੰਟਰਕਾਂਟੀਨੈਂਟਲ ਕੱਪ ਤੇ ਪੰਜ ਕਲੱਬ ਵਿਸ਼ਵ ਕੱਪ ਜਿੱਤੇ ਹਨ ਭਾਵ ਇਹ ਟੀਮ ਹੁਣ ਤੱਕ 9 ਕੌਮਾਂਤਰੀ ਕਲੱਬ ਟੂਰਨਾਮੈਂਟ ਜਿੱਤਣ ਵਿਚ ਕਾਮਯਾਬ ਰਹੀ ਹੈ। ਮੌਜੂਦਾ ਟੂਰਨਾਮੈਂਟ ਦੇ ਫਾਈਨਲ ਤੋਂ ਬਾਅਦ ਚਾਰ ਟਰਾਫੀਆਂ ਵੰਡੀਆਂ ਗਈਆਂ ਸਨ। ਇੰਟਰਕਾਂਟੀਨੈਂਟਲ ਕੱਪ ਪੀ.ਐੱਸ.ਜੀ. ਨੂੰ, ਚੈਲੰਜਰ ਕੱਪ ਤੇ ਡਰਬੀ ਆਫ ਅਮਰੀਕਾ ਕੱਪ ਫਲਾਮੈਂਗੋ ਟੀਮ ਨੂੰ ਅਤੇ ਅਫਰੀਕਨ ਏਸ਼ੀਅਨ ਪੈਸਫਿਕ ਕੱਪ ਪਿਰਾਮਿਡ ਟੀਮ ਨੂੰ ਦਿੱਤੇ ਗਏ ਸਨ। ਪਿਰਾਮਿਡ ਟੀਮ ਦਾ ਫਾਰਵਰਡ ਖਿਡਾਰੀ ਫਿਸਟਨ ਮਾਯੇਲੇ 3 ਗੋਲ ਕਰਕੇ ਟੂਰਨਾਮੈਂਟ ਦਾ ਟਾਪ ਸਕੋਰਰ ਰਿਹਾ। ਉਸ ਨੂੰ ਸਾਲ 2025 ਦਾ 'ਅਫਰੀਕਨ ਇੰਟਰ ਕਲੱਬ ਪਲੇਅਰ ਆਫ਼ ਦਿ ਯੀਅਰ' ਐਲਾਨਿਆ ਗਿਆ ਸੀ।
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 62842-20595