ਪੰਜਾਬ ਵਿਚ ਮੂੰਗੀ ਨੂੰ ਗਰਮੀ ਤੇ ਸਾਉਣੀ ਦੀ ਰੁੱਤ ਦੌਰਾਨ ਲਗਾਇਆ ਜਾਂਦਾ ਹੈ। ਘੱਟ ਸਮੇਂ ਦੀ ਫ਼ਸਲ ਹੋਣ ਕਰਕੇ ਝੋਨਾ-ਕਣਕ ਫ਼ਸਲੀ ਚੱਕਰ ਵਿਚ ਇਸ ਦੀ ਕਾਸ਼ਤ ਆਸਾਨੀ ਨਾਲ ਕੀਤੀ ਜਾ ਸਕਦੀ ਹੈ ਪਰ ਆਲੂ ਤੇ ਸਰ੍ਹੋਂ ਦੀ ਫ਼ਸਲ ਤੋਂ ਬਾਅਦ ਇਸ ਦੀ ਕਾਸ਼ਤ ਜ਼ਿਆਦਾ ਢੁਕਵੀਂ ਹੈ। ਮੂੰਗੀ ਦੇ ਦਾਣਿਆਂ ਵਿਚ ਪ੍ਰੋਟੀਨ ਤੇ ਲੋਹਾ ਕਾਫ਼ੀ ਮਾਤਰਾ ਵਿਚ ਹੁੰਦਾ ਹੈ। ਮੂੰਗੀ ਦੀ ਫ਼ਸਲ ਦੀ ਕਾਸ਼ਤ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾਉਂਦੀ ਹੈ। ਮੂੰਗੀ ਦੀ ਫ਼ਸਲ ਦੀ ਕਾਸ਼ਤ ਲਈ ਘੱਟ ਸਮੇਂ, ਪਾਣੀ ਤੇ ਊਰਜਾ ਦੀ ਲੋੜ ਹੈ। ਇਸ ਫ਼ਸਲ ਦਾ ਵੱਧ ਝਾੜ ਲੈਣ ਲਈ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਹੇਠ ਲਿਖੀਆਂ ਸਿਫ਼ਾਰਸ਼ ਤਕਨੀਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਮੌਸਮ ਤੇ ਜ਼ਮੀਨ ਦੀ ਚੋਣ-ਮੂੰਗੀ ਦੀ ਫ਼ਸਲ ਦੇ ਵਾਧੇ ਲਈ ਗਰਮ ਮੌਸਮ ਦੀ ਜ਼ਰੂਰਤ ਹੁੰਦੀ ਹੈ। ਮੂੰਗੀ ਦੀ ਫ਼ਸਲ ਹੋਰਨਾਂ ਦਾਲਾਂ ਨਾਲੋਂ ਜ਼ਿਆਦਾ ਗਰਮੀ ਸਹਾਰ ਸਕਦੀ ਹੈ। ਮੂੰਗੀ ਦੀ ਕਾਸ਼ਤ ਲਈ ਕਲਰਾਠੀਆਂ ਤੇ ਸੇਮ ਵਾਲੀਆਂ ਜ਼ਮੀਨਾਂ ਢੁਕਵੀਆਂ ਨਹੀਂ ਹਨ। ਚੰਗੇ ਜਲ ਨਿਕਾਸ ਵਾਲੀ ਭਲ ਤੋਂ ਰੇਤਲੀ ਰੇਤਲੀ ਭਲ ਵਾਲੀ ਜ਼ਮੀਨ ਮੂੰਗੀ ਦੀ ਕਾਸ਼ਤ ਲਈ ਢੁਕਵੀਂ ਹੈ।
ਉੱਨਤ ਕਿਸਮਾਂ-ਐਸ.ਐਮ.ਐਲ.-832, ਐਸ.ਐਮ.ਐਲ.-668 ਤੇ ਐਸ.ਐਮ.ਐਲ.-1827 ਗਰਮ ਰੁੱਤ ਦੀ ਮੂੰਗੀ ਦੀਆਂ ਉੱਨਤ ਕਿਸਮਾਂ ਹਨ। ਐਸ.ਐਮ.ਐਲ.-1827 ਕਿਸਮ 62 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 5.0 ਕੁਇੰਟਲ ਪ੍ਰਤੀ ਏਕੜ ਹੈ। ਐਸ.ਐਮ.ਐਲ.-832 ਕਿਸਮ 61 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ। ਐਸ.ਐਮ.ਐਲ.-668 ਕਿਸਮ ਕਰੀਬ 60 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ।
ਜ਼ਮੀਨ ਦੀ ਤਿਆਰੀ-ਜ਼ਮੀਨ ਨੂੰ ਤਿਆਰ ਕਰਨ ਲਈ ਖੇਤ ਨੂੰ 2-3 ਵਾਰ ਵਾਹੋ। ਹਰ ਵਾਹੀ ਮਗਰੋਂ ਸੁਹਾਗਾ ਮਾਰ ਕੇ ਖੇਤ ਤਿਆਰ ਕਰੋ। ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਕਣਕ ਵੱਢਣ ਉਪਰੰਤ ਬਿਨਾਂ ਵਾਹੇ ਵੀ ਕੀਤੀ ਜਾ ਸਕਦੀ ਹੈ। ਖੇਤ ਵਿਚ ਕਣਕ ਦੇ ਨਾੜ ਦੇ ਹਿਸਾਬ ਨਾਲ ਮੂੰਗੀ ਦੀ ਬਿਜਾਈ ਜ਼ੀਰੋ-ਟਿੱਲ ਡਰਿੱਲ ਜਾਂ ਪੀ. ਏ. ਯੂ. ਹੈਪੀ ਸੀਡਰ ਨਾਲ ਕੀਤੀ ਜਾ ਸਕਦੀ ਹੈ। ਜੇਕਰ ਖੇਤ ਵਿਚ ਨਾੜ ਨਹੀਂ ਹੈ ਤਾਂ ਜ਼ੀਰੋ-ਟਿੱਲ ਡਰਿੱਲ ਨਾਲ ਮੂੰਗੀ ਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਜੇਕਰ ਕੰਬਾਈਨ ਨਾਲ ਕਣਕ ਦੀ ਕਟਾਈ ਮਗਰੋਂ ਨਾੜ ਖੇਤ ਵਿਚ ਹੋਵੇ ਤਾਂ ਪੀ. ਏ. ਯੂ. ਹੈਪੀ ਸੀਡਰ ਨਾਲ ਮੂੰਗੀ ਬੀਜੋ।
ਬਿਜਾਈ ਦਾ ਸਮਾਂ- ਮੂੰਗੀ ਦੀ ਫ਼ਸਲ ਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤੱਕ ਕਰ ਲੈਣੀ ਚਾਹੀਦੀ ਹੈ। ਇਸ ਦੀ ਬਿਜਾਈ ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਵੀ ਕੀਤੀ ਜਾ ਸਕਦੀ ਹੈ ਪਰ ਫ਼ਸਲ ਪੱਕਣ ਸਮੇਂ ਅਗੇਤੀ ਮੌਨਸੂਨ ਬਾਰਿਸ਼ ਨਾਲ ਨੁਕਸਾਨ ਹੋ ਸਕਦਾ ਹੈ।
ਬੀਜ ਦੀ ਮਾਤਰਾ-ਇਕ ਏਕੜ ਲਈ ਐਸ.ਐਮ.ਐਲ.-668 ਕਿਸਮ ਦਾ 15 ਕਿਲੋ, ਐਸ.ਐਮ.ਐਲ.-832 ਅਤੇ ਐਸ.ਐਮ.ਐਲ.-1827 ਕਿਸਮਾਂ ਲਈ 12 ਕਿਲੋ ਬੀਜ ਕਾਫ਼ੀ ਹੈ।
ਬੀਜ ਨੂੰ ਟੀਕਾ ਲਾਉਣਾ-ਬੀਜ ਨੂੰ ਮਿਸ਼ਰਤ ਜੀਵਾਣੂ ਖਾਦ ਦਾ ਟੀਕਾ ਲਾਉਣ ਨਾਲ ਝਾੜ ਵਧ ਜਾਂਦਾ ਹੈ। ਇਕ ਏਕੜ ਦੇ ਬੀਜ ਨੂੰ ਤਕਰੀਬਨ 300 ਮਿਲੀਲਿਟਰ ਪਾਣੀ ਨਾਲ ਗਿੱਲਾ ਕਰ ਕੇ ਮਿਸ਼ਰਤ ਜੀਵਾਣੂ ਖਾਦ ਦੇ ਇਕ ਪੈਕੇਟ (ਰਾਈਜ਼ੋਬੀਅਮ ਐਲ.ਐਮ.ਐਲ.ਆਰ. 1 ਅਤੇ ਰਾਈਜ਼ੋਬੈਕਟੀਰੀਅਮ ਆਰ.ਬੀ. 3) ਦੇ ਨਾਲ ਚੰਗੀ ਤਰ੍ਹਾਂ ਮਿਲਾਓ ਤੇ ਛਾਂ ਵਿਚ ਸੁਕਾਓ। ਬੀਜ ਨੂੰ ਟੀਕਾ ਲਾਉਣ ਤੋਂ ਬਾਅਦ ਇਕ ਘੰਟੇ ਅੰਦਰ ਬੀਜ ਦੇਣਾ ਚਾਹੀਦਾ ਹੈ।
ਬਿਜਾਈ ਦਾ ਢੰਗ-ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਬੀਜ ਡਰਿੱਲ, ਜ਼ੀਰੋ-ਟਿੱਲ ਡਰਿੱਲ ਜਾਂ ਹੈਪੀ ਸੀਡਰ ਨਾਲ 4 ਤੋਂ 6 ਸੈਂਟੀਮੀਟਰ ਡੂੰਘਾਈ 'ਤੇ ਕੀਤੀ ਜਾ ਸਕਦੀ ਹੈ। ਸਿਆੜਾਂ ਵਿਚਕਾਰ ਫ਼ਾਸਲਾ 22.5 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 7 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਕਣਕ ਲਈ ਵਰਤੇ ਜਾਂਦੇ ਬੈੱਡ ਪਲਾਂਟਰ ਨਾਲ 37.5 ਸੈਂਟੀਮੀਟਰ ਚੌੜੇ ਬੈੱਡ 'ਤੇ 20 ਸੈਂਟੀਮੀਟਰ ਵਿੱਥ 'ਤੇ ਦੋ ਕਤਾਰਾਂ ਵਿਚ ਕਰੋ। ਦੋ ਬੈੱਡਾਂ ਵਿਚਕਾਰ 30 ਸੈਂਟੀਮੀਟਰ ਚੌੜੀ ਖਾਲੀ ਬਣਾਓ। ਗਰਮ ਰੁੱਤ ਦੀ ਮੂੰਗੀ ਦੀ ਬੈੱਡਾਂ 'ਤੇ ਬੀਜਾਈ ਨਾਲ ਫ਼ਸਲ ਨੂੰ ਉੱਗਣ ਸਮੇਂ ਮੀਂਹ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਇਸ ਨਾਲ ਪੱਧਰੀ ਬਿਜਾਈ ਦੇ ਮੁਕਾਬਲੇ ਲਗਭਗ 10 ਫ਼ੀਸਦੀ ਵੱਧ ਝਾੜ ਮਿਲਦਾ ਹੈ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ।
ਖਾਦਾਂ-ਕਣਕ ਵੱਢਣ ਪਿੱਛੋਂ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਬਿਜਾਈ ਸਮੇਂ ਡਰਿੱਲ ਕਰ ਦਿਓ। ਜੇਕਰ ਬਿਜਾਈ ਆਲੂ ਦੀ ਫ਼ਸਲ ਤੋਂ ਪਿੱਛੋਂ ਕਰਨੀ ਹੋਵੇ ਤਾਂ ਖਾਦ ਪਾਉਣ ਦੀ ਲੋੜ ਨਹੀਂ।
ਨਦੀਨਾਂ ਦੀ ਰੋਕਥਾਮ-ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਇਕ ਮਹੀਨਾ ਬਾਅਦ ਪਹਿਲੀ ਗੋਡੀ ਕਰੋ ਤੇ ਜੇ ਲੋੜ ਪਵੇ ਤਾਂ ਉਸ ਤੋਂ 15 ਦਿਨਾਂ ਬਾਅਦ ਦੂਜੀ ਗੋਡੀ ਕਰਨੀ ਚਾਹੀਦੀ ਹੈ।
ਸਿੰਚਾਈ-ਗਰਮ ਰੁੱਤ ਦੀ ਮੂੰਗੀ ਨੂੰ 3 ਤੋਂ 5 ਪਾਣੀਆਂ ਦੀ ਜ਼ਰੂਰਤ ਹੁੰਦੀ ਹੈ। ਪਹਿਲਾ ਪਾਣੀ ਬਿਜਾਈ ਤੋਂ 25 ਦਿਨਾਂ ਬਾਅਦ ਅਤੇ ਆਖਰੀ ਪਾਣੀ ਬਿਜਾਈ ਤੋਂ ਤਕਰੀਬਨ 55 ਦਿਨ ਬਾਅਦ ਲਾਓ। ਇਸ ਤਰ੍ਹਾਂ ਪਾਣੀ ਲਾਉਣ ਨਾਲ ਝਾੜ ਵਧਦਾ ਹੈ ਅਤੇ ਫਲੀਆਂ ਇਕਸਾਰ ਪੱਕਦੀਆਂ ਹਨ।
ਵਾਢੀ-ਫ਼ਸਲ ਦੀ ਵਾਢੀ ਦਾ ਸਹੀ ਸਮਾਂ ਤਕਰੀਬਨ 80 ਫ਼ੀਸਦੀ ਫਲੀਆਂ ਦੇ ਪੱਕ ਜਾਣ 'ਤੇ ਹੈ।
-ਫਾਰਮ ਸਲਾਹਕਾਰ ਸੇਵਾ ਕੇਂਦਰ, ਫ਼ਿਰੋਜ਼ਪੁਰ ਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਜਲੰਧਰ।