ਪੰਜਾਬ ਦੀ ਖੇਤੀਬਾੜੀ ਇਕ ਨਿਰਣਾਇਕ ਮੋੜ 'ਤੇ ਆ ਖੜ੍ਹੀ ਹੈ। ਝੋਨਾ-ਕਣਕ ਦੇ ਫ਼ਸਲੀ ਚੱਕਰ ਨੇ ਦੇਸ਼ ਦੀ ਭੋਜਨ ਸੁਰੱਖਿਆ ਨੂੰ ਮਜ਼ਬੂਤ ਤਾਂ ਕੀਤਾ ਪਰ ਇਸ ਨੇ ਧਰਤੀ ਹੇਠਲੇ ਜਲ, ਮਿੱਟੀ ਦੀ ਸਿਹਤ ਅਤੇ ਕਿਸਾਨਾਂ ਦੀ ਆਮਦਨ 'ਤੇ ਗੰਭੀਰ ਦਬਾਅ ਪਾਇਆ ਹੈ। ਵਧ ਰਹੇ ਖ਼ਰਚੇ ਤੇ ਘੱਟ ਫ਼ਾਇਦੇ ਕਾਰਨ ਫ਼ਸਲੀ ਵੰਨ-ਸੁਵੰਨਤਾ ਅੱਜ ਸਮੇਂ ਦੀ ਲੋੜ ਹੈ। ਇਸ ਸੰਦਰਭ ਵਿਚ ਤੇਲਬੀਜ ਫ਼ਸਲਾਂ ਖ਼ਾਸ ਕਰਕੇ ਰਾਇਆ, ਸਰ੍ਹੋਂ ਤੇ ਗੋਭੀ ਸਰ੍ਹੋਂ ਵਿਗਿਆਨਕ ਤੌਰ 'ਤੇ ਮਜ਼ਬੂਤ, ਆਰਥਿਕ ਤੌਰ 'ਤੇ ਲਾਭਕਾਰੀ ਅਤੇ ਚੌਗਿਰਦੇ ਦੇ ਅਨੁਕੂਲ ਬਦਲ ਹਨ, ਖ਼ਾਸ ਤੌਰ 'ਤੇ ਦੱਖਣ-ਪੱਛਮੀ ਪੰਜਾਬ ਲਈ। ਸਾਲ 2023-24 ਦੌਰਾਨ ਪੰਜਾਬ ਵਿਚ ਤੇਲਬੀਜ ਫ਼ਸਲਾਂ 43.1 ਹਜ਼ਾਰ ਹੈਕਟੇਅਰ ਖੇਤਰ ਵਿਚ ਬੀਜੀਆਂ ਗਈਆਂ, ਜਿਨ੍ਹਾਂ ਦੀ ਕੁੱਲ ਪੈਦਾਵਾਰ 69.4 ਹਜ਼ਾਰ ਟਨ ਅਤੇ ਔਸਤ ਉਪਜ 16.1 ਕੁਇੰਟਲ ਪ੍ਰਤੀ ਹੈਕਟੇਅਰ ਰਹੀ।
ਭਾਰਤ ਅਜੇ ਵੀ ਖਾਣ ਵਾਲੇ ਤੇਲ ਦੀ ਵੱਡੀ ਪੂਰਤੀ ਕਰਨ ਲਈ ਆਯਾਤ 'ਤੇ ਨਿਰਭਰ ਹੈ। ਇਸ ਲਈ ਦੇਸ਼ ਵਿਚ ਤੇਲਬੀਜ ਉਤਪਾਦਨ ਵਧਾਉਣਾ ਰਣਨੀਤਕ ਲੋੜ ਹੈ। ਰਾਇਆ ਅਤੇ ਸਰ੍ਹੋਂ ਹਾੜ੍ਹੀ ਦੀਆਂ ਫ਼ਸਲਾਂ ਵਜੋਂ ਆਮ ਤੌਰ 'ਤੇ ਢੁਕਵੀਆਂ ਹਨ। ਇਨ੍ਹਾਂ ਨੂੰ ਝੋਨੇ ਨਾਲੋਂ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ ਤੇ ਇਹ ਕਈ ਤਰ੍ਹਾਂ ਦੇ ਆਰਥਿਕ ਲਾਭ ਪ੍ਰਦਾਨ ਕਰਦੀਆਂ ਹਨ। ਇਹ ਫ਼ਸਲਾਂ ਤੇਲ ਦੇ ਨਾਲ-ਨਾਲ ਖਲ਼ ਵੀ ਪ੍ਰਦਾਨ ਕਰਦੀਆਂ ਹਨ, ਜੋ ਡੇਅਰੀ ਖੇਤਰ ਲਈ ਪ੍ਰੋਟੀਨ ਦਾ ਭਰਪੂਰ ਸ੍ਰੋਤ ਸਾਬਿਤ ਹੁੰਦਾ ਹੈ। ਚੰਗੇ ਪ੍ਰਬੰਧਨ ਨਾਲ ਕਿਸਾਨ ਇਨ੍ਹਾਂ ਫ਼ਸਲਾਂ ਦੀ 7-10 ਕੁਇੰਟਲ ਤੱਕ ਪ੍ਰਤੀ ਏਕੜ ਉਪਜ ਲੈ ਸਕਦੇ ਹਨ ਅਤੇ ਪ੍ਰਗਤੀਸ਼ੀਲ ਕਿਸਾਨ ਇਸ ਤੋਂ ਵੀ ਵੱਧ ਉਤਪਾਦਨ ਕਰ ਰਹੇ ਹਨ।
ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹੇ ਜਿੱਥੇ ਸਰਦੀਆਂ ਦਾ ਤਾਪਮਾਨ ਉਚਿਤ ਤੇ ਮਿੱਟੀ ਢੁਕਵੀਂ ਹੈ, ਰਾਇਆ ਅਤੇ ਸਰ੍ਹੋਂ ਦੀ ਕਾਸ਼ਤ ਲਈ ਬਹੁਤ ਹੀ ਢੁਕਵੇਂ ਇਲਾਕੇ ਹਨ। ਪੰਜਾਬ ਵਿਚ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿਚ ਰਾਇਆ (ਪੀ. ਐੱਚ.ਆਰ-127, ਆਰ.ਸੀ. ਐੱਚ-1, ਪੀ. ਐੱਚ. ਆਰ-126, ਗਿਰੀਰਾਜ, ਆਰ. ਐੱਲ. ਸੀ.-3, ਪੀ.ਬੀ. ਆਰ.-357, ਪੀ. ਬੀ. ਆਰ.-97, ਪੀ. ਬੀ. ਆਰ.-91), ਗੋਭੀ ਸਰ੍ਹੋਂ (ਪੀ. ਜੀ. ਐੱਸ. ਐੱਚ.-2155, ਪੀ. ਜੀ. ਐੱਸ. ਐੱਚ.-1707, ਜੀ. ਐੱਸ. ਸੀ-7, ਜੀ. ਐੱਸ. ਸੀ.-6), ਅਫਰੀਕੀ ਸਰ੍ਹੋਂ (ਪੀ.ਸੀ.-6) ਅਤੇ ਤਾਰਾਮੀਰਾ (ਟੀ. ਐਮ. ਐੱਲ. ਸੀ.-2) ਸ਼ਾਮਿਲ ਹਨ। ਵਧੀਆ ਤੇਲ ਤੇ ਉਪਜ ਸਮਰੱਥਾ ਕਾਰਨ ਗੋਭੀ ਸਰ੍ਹੋਂ ਤੇਜ਼ੀ ਨਾਲ ਸੂਬੇ ਵਿਚ ਪ੍ਰਸਿੱਧ ਹੋ ਰਹੀ ਹੈ।
ਮੌਜੂਦਾ ਸੀਜ਼ਨ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਆਪਣੇ ਖੋਜ ਤੇ ਸਿਖਲਾਈ ਖੇਤਾਂ ਵਿਚ ਗੋਭੀ ਸਰ੍ਹੋਂ ਦੀ ਜੀ.ਐੱਸ.ਐੱਲ-7 ਕਿਸਮ ਦੀ ਕਾਸ਼ਤ ਦਾ ਸਫ਼ਲ ਪ੍ਰਦਰਸ਼ਨ ਕੀਤਾ ਹੈ। ਫ਼ਸਲ ਮੱਧ ਅਕਤੂਬਰ ਵਿਚ ਪ੍ਰਤੀ ਏਕੜ 1.5 ਕਿਲੋਗ੍ਰਾਮ ਬੀਜ ਨਾਲ ਬੀਜੀ ਗਈ। ਕਤਾਰਾਂ ਵਿਚ 45 ਸੈਂਟੀਮੀਟਰ ਅਤੇ ਬੂਟਿਆਂ ਵਿਚ 10-15 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਗਿਆ ਤੇ ਬੀਜ 5 ਸੈਂਟੀਮੀਟਰ ਡੂੰਘੇ ਬੀਜੇ ਗਏ। ਵਧੀਆ ਵਾਧੇ ਲਈ ਪ੍ਰਤੀ ਏਕੜ ਲਗਭਗ 90 ਕਿਲੋਗ੍ਰਾਮ ਯੂਰੀਆ ਤੇ 75 ਕਿਲੋਗ੍ਰਾਮ ਫਾਸਫੋਰਸ (ਸਿੰਗਲ ਸੁਪਰ ਫਾਸਫੇਟ ਰਾਹੀਂ) ਦਿੱਤਾ ਗਿਆ। ਫਾਸਫੋਰਸ ਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦਾ ਅੱਧਾ ਹਿੱਸਾ ਬਿਜਾਈ ਸਮੇਂ ਦਿੱਤਾ ਗਿਆ, ਜਦਕਿ ਬਾਕੀ ਨਾਈਟ੍ਰੋਜਨ ਪਹਿਲੀ ਸਿੰਚਾਈ ਤੋਂ ਪਹਿਲਾਂ ਦਿੱਤੀ ਗਈ। ਫੁੱਲ ਆਉਣ, ਫਲੀ ਬਣਨ ਤੇ ਦਾਣਾ ਭਰਨ ਦੇ ਸਮੇਂ ਸਿੰਚਾਈ ਯਕੀਨੀ ਬਣਾਈ ਗਈ। ਇਕ ਮਹੀਨੇ ਬਾਅਦ ਤੇ ਤਿੰਨ ਹਫ਼ਤੇ ਬਾਅਦ ਹੱਥੀਂ ਗੁਡਾਈ ਨਾਲ ਨਦੀਨਾਂ 'ਤੇ ਕਾਬੂ ਪਾਇਆ ਗਿਆ। ਜ਼ਰੂਰਤ ਪੈਣ 'ਤੇ 350 ਮਿਲੀਲੀਟਰ ਪੈਂਡੀਮੇਥਾਲਿਨ 38.7 ਐੱਸ.ਸੀ. ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਰਤਿਆ ਜਾ ਸਕਦਾ ਹੈ। ਹਾਲਾਂਕਿ ਯੂਨੀਵਰਸਿਟੀ ਖੇਤਾਂ ਵਿਚ ਇਸ ਦੀ ਜ਼ਰੂਰਤ ਨਹੀਂ ਪਈ। ਯੂਨੀਵਰਸਿਟੀ ਦੇ ਖੇਤਾਂ ਵਿਚ ਖੜ੍ਹੀ ਭਰਪੂਰ ਫ਼ਸਲ ਵਿਗਿਆਨਕ ਪ੍ਰਬੰਧਨ ਹੇਠ ਗੋਭੀ ਸਰ੍ਹੋਂ ਦੀ ਵੱਡੀ ਸੰਭਾਵਨਾ ਨੂੰ ਸਪੱਸ਼ਟ ਕਰਦੀ ਹੈ। ਅਸੀਂ ਖਾਦਾਂ ਦੀ ਵਰਤੋਂ ਮਿੱਟੀ ਦੀ ਜਾਂਚ ਦੇ ਆਧਾਰ 'ਤੇ ਕਰਨ ਦੀ ਸਿਫ਼ਾਰਸ਼ ਕਰਦੇ ਹਾਂ। ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਗੁਰੂ ਕਾਸ਼ੀ ਯੂਨੀਵਰਸਿਟੀ ਬਠਿੰਡਾ ਦੀਆਂ ਪ੍ਰਯੋਗਸ਼ਾਲਾਵਾਂ ਵਿਚ ਮਿੱਟੀ ਦੀ ਜਾਂਚ ਕਰਵਾ ਸਕਦੇ ਹਨ। ਸੰਤੁਲਿਤ ਪੋਸ਼ਕ ਪ੍ਰਬੰਧਨ ਨਾਲ ਖ਼ਰਚੇ ਘਟਦੇ ਹਨ ਤੇ ਲੰਮੇ ਸਮੇਂ ਲਈ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ।
ਸਰ੍ਹੋਂ ਦੇ ਬੀਜਾਂ ਵਿਚ ਲਗਭਗ 38-42 ਫ਼ੀਸਦੀ ਤੇਲ ਹੁੰਦਾ ਹੈ, ਜੋ ਇਸ ਨੂੰ ਆਰਥਿਕ ਤੌਰ 'ਤੇ ਲਾਭਕਾਰੀ ਬਣਾਉਂਦਾ ਹੈ। ਤੇਲ ਨਿਕਾਸੀ ਰਵਾਇਤੀ ਘਾਣੀਆਂ ਜਾਂ ਆਧੁਨਿਕ ਸਾਲਵੈਂਟ ਐਕਸਟ੍ਰੈਕਸ਼ਨ ਪਲਾਂਟਾਂ ਰਾਹੀਂ ਕੀਤੀ ਜਾ ਸਕਦੀ ਹੈ। ਪਿੰਡ ਪੱਧਰ 'ਤੇ ਛੋਟੇ ਤੇਲ ਯੂਨਿਟ ਲਾ ਕੇ ਰੁਜ਼ਗਾਰ ਪੈਦਾ ਕੀਤੇ ਜਾ ਸਕਦੇ ਹਨ ਅਤੇ ਮੁੱਲ ਵਧਾਉਣ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਬਚੀ ਹੋਈ ਖਲ਼ ਪਸ਼ੂਆਂ ਲਈ ਉੱਚ ਗੁਣਵੱਤਾ ਵਾਲੀ ਖ਼ੁਰਾਕ ਹੈ। ਮਨੁੱਖੀ ਸਿਹਤ ਪੱਖੋਂ ਵੀ ਸਰ੍ਹੋਂ ਅਤੇ ਗੋਭੀ ਸਰੋਂ ਦਾ ਤੇਲ ਲਾਭਦਾਇਕ ਹੁੰਦਾ ਹੈ। ਇਹ ਮੋਨੋਅਨਸੈਚੁਰੇਟਡ ਅਤੇ ਪੋਲੀਅਨਸੈਚੁਰੇਟਡ ਫੈਟੀ ਐਸਿਡ, ਓਮੇਗਾ-3 ਤੇ ਓਮੇਗਾ-6 ਨਾਲ ਭਰਪੂਰ ਹੁੰਦਾ ਹੈ। ਕੁਦਰਤੀ ਐਂਟੀਆਕਸੀਡੈਂਟ ਤੇ ਸੋਜ-ਰੋਧੀ ਗੁਣ ਇਸ ਨੂੰ ਦਿਲ ਦੀ ਸਿਹਤ ਲਈ ਉਚਿਤ ਬਣਾਉਂਦੇ ਹਨ। ਘੱਟ ਇਰੂਸਿਕ ਐਸਿਡ ਵਾਲੀਆਂ ਸੁਧਰੀਆਂ ਕਿਸਮਾਂ ਕੈਨੋਲਾ ਤੇਲ ਵਾਲੀ ਗੁਣਵੱਤਾ ਰੱਖਦੀਆਂ ਹਨ।
ਤੇਲਬੀਜ ਕਾਸ਼ਤ ਦਾ ਇਕ ਮਹੱਤਵਪੂਰਨ ਪੱਖ ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਕਿੱਤੇ ਨਾਲ ਜੁੜਿਆ ਹੈ। ਸਰ੍ਹੋਂ ਤੇ ਰਾਇਆ ਦੇ ਪੀਲੇ ਫੁੱਲ ਇਨ੍ਹਾਂ ਮੱਖੀਆਂ ਲਈ ਰਸ ਤੇ ਪਰਾਗ ਦਾ ਵਧੀਆ ਸਰੋਤ ਹਨ। ਸਰਗਰਮ ਪਰਾਗਣ ਨਾਲ 10-20 ਫ਼ੀਸਦੀ ਤੱਕ ਉਪਜ ਵਿਚ ਵਾਧਾ ਹੋ ਸਕਦਾ ਹੈ। ਕਿਸਾਨ ਇਸ ਦੇ ਨਾਲ ਸ਼ਹਿਦ, ਮੋਮ ਤੇ ਹੋਰ ਮੱਖੀ ਉਤਪਾਦਾਂ ਰਾਹੀਂ ਵਾਧੂ ਆਮਦਨ ਵੀ ਕਮਾ ਸਕਦੇ ਹਨ। ਇਸ ਸੰਭਾਵਨਾ ਨੂੰ ਧਿਆਨ ਵਿਚ ਰੱਖਦਿਆਂ ਰਾਸ਼ਟਰੀ ਮਧੂਮੱਖੀ ਬੋਰਡ ਵਲੋਂ 101 ਲੱਖ ਰੁਪਏ ਦਾ ਵੱਡਾ ਖੋਜ ਪ੍ਰੋਜੈਕਟ ਗੁਰੂ ਕਾਸ਼ੀ ਯੂਨੀਵਰਸਿਟੀ ਲਈ ਮਨਜ਼ੂਰ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਸ਼ਹਿਦ ਪ੍ਰੋਸੈਸਿੰਗ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਹ ਯੋਜਨਾ ਤੇਲਬੀਜ ਫ਼ਸਲਾਂ ਦੇ ਵਿਸਥਾਰ ਨਾਲ ਜੁੜੀ ਹੈ ਕਿਉਂਕਿ ਸਰ੍ਹੋਂ ਦੇ ਖੇਤ ਵੱਡੇ ਪੱਧਰ 'ਤੇ ਮਧੂਮੱਖੀ ਪਾਲਣ ਲਈ ਯੋਗ ਹੁੰਦੇ ਹਨ। ਇਸ ਤਰ੍ਹਾਂ ਫ਼ਸਲ ਦੇ ਉਤਪਾਦਨ ਤੋਂ ਲੈ ਕੇ ਪਰਾਗਣ, ਸ਼ਹਿਦ ਨਿਕਾਸੀ, ਪ੍ਰਸੰਸਕਰਣ ਤੇ ਬ੍ਰਾਂਡਿੰਗ ਤੱਕ ਪੂਰੀ ਲੜੀ ਤਿਆਰ ਹੁੰਦੀ ਹੈ।
ਗੁਰੂ ਕਾਸ਼ੀ ਯੂਨੀਵਰਸਿਟੀ ਆਪਣੇ ਖੇਤੀਬਾੜੀ ਵਿਗਿਆਨੀਆਂ ਰਾਹੀਂ ਸਿੱਖਿਆ, ਖੋਜ ਅਤੇ ਪ੍ਰਸਾਰ ਸੇਵਾਵਾਂ ਦੇ ਜ਼ਰੀਏ ਕਿਸਾਨਾਂ ਦੀ ਸੇਵਾ ਕਰ ਰਹੀ ਹੈ। ਯੂਨੀਵਰਸਿਟੀ ਨੇ ਆਪਣੇ ਕੈਂਪਸ ਨਾਲ ਲਗਦੇ 20 ਪਿੰਡ ਗੋਦ ਲਏ ਹਨ ਤੇ ਸ਼ਹਿਦ ਦੀਆਂ ਮੱਖੀਆਂ ਪਾਲਣ, ਖੁੰਬ ਕਾਸ਼ਤ, ਬੀਜ ਉਤਪਾਦਨ, ਗੁੜ ਤਿਆਰੀ ਤੇ ਵਰਮੀਕੰਪੋਸਟਿੰਗ ਵਰਗੀਆਂ ਸਹਾਇਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਅਜਿਹੇ ਆਮਦਨ ਵਧਾਊ ਕਿੱਤਿਆਂ ਨਾਲ ਜੋੜਨ ਲਈ ਉਪਰਾਲੇ ਕਰ ਰਹੀ ਹੈ। ਯੂਨੀਵਰਸਿਟੀ ਦੇ ਖੇਤਾਂ ਵਿਚ ਖੜ੍ਹੀ ਗੋਭੀ ਸਰ੍ਹੋਂ ਦੀ ਭਰਪੂਰ ਫ਼ਸਲ ਇਸ ਗੱਲ ਦੀ ਉਦਾਹਰਨ ਹੈ ਕਿ ਤੇਲਬੀਜ ਫ਼ਸਲਾਂ ਦੇ ਉਤਪਾਦਨ ਤੇ ਵੰਨ-ਸੁਵੰਨਤਾ ਨਾਲ ਕਿਸਾਨੀ ਆਮਦਨ ਵਧ ਸਕਦੀ ਹੈ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਵੀ ਹੋ ਸਕਦੀ ਹੈ। ਤੇਲਬੀਜ ਸਿਰਫ਼ ਇਕ ਬਦਲ ਨਹੀਂ, ਸਗੋਂ ਪੰਜਾਬ ਦੇ ਕਿਸਾਨਾਂ ਲਈ ਆਲੇ-ਦੁਆਲੇ ਦਾ ਸੰਤੁਲਨ, ਪੋਸ਼ਣ ਸੁਰੱਖਿਆ ਅਤੇ ਆਰਥਿਕ ਮਜ਼ਬੂਤੀ ਦਾ ਰਾਹ ਹਨ।
-ਚਾਂਸਲਰ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ।