ਆਰਸੇਨਲ ਦੀ ਟੀਮ ਦਾ 22 ਸਾਲਾਂ ਦਾ ਸੋਕਾ ਖਤਮ ਹੋ ਗਿਆ ਹੈ ਤੇ ਉਹ ਪ੍ਰੀਮੀਅਰ ਲੀਗ ਸੀਜ਼ਨ 2025-26 ਲਈ ਚੈਂਪੀਅਨ ਬਣ ਗਈ ਹੈ। 2004 ਤੋਂ ਬਾਅਦ ਪਹਿਲੀ ਵਾਰ ਇਸ ਟੀਮ ਨੇ ਇੰਗਲੈਂਡ ਦੀ ਫੁੱਟਬਾਲ ਪ੍ਰੀਮੀਅਰ ਲੀਗ ਦਾ ਟਾਈਟਲ ਜਿੱਤ ਲਿਆ ਹੈ। ਇਹ ਲੀਗ ਦੁਨੀਆ ਭਰ ਵਿਚ ਸਭ ਤੋਂ ਵੱਧ ਵੇਖੀ ਜਾਣ ਵਾਲੀ ਕਲੱਬ ਮੁਕਾਬਲਿਆਂ ਦੀ ਚੋਟੀ ਦੀ ਲੀਗ ਹੈ। ਇਸ ਤੋਂ ਪਹਿਲਾਂ ਇਹ ਟੀਮ 1997 98, 2001 02 ਤੇ 2003 04 ਸੀਜ਼ਨਾਂ 'ਚ ਚੈਂਪੀਅਨ ਰਹੀ ਹੈ। ਇਸ ਟੀਮ ਨੂੰ ਪਿਛਲੇ ਤਿੰਨ ਸੀਜ਼ਨਾਂ ਵਿਚ ਲਗਾਤਾਰ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ। ਮੌਜੂਦਾ ਖ਼ਿਤਾਬ ਜਿੱਤਣ ਵਿਚ ਸਭ ਤੋਂ ਅਹਿਮ ਭੂਮਿਕਾ ਗੋਲਕੀਪਰ ਡੇਵਿਡ ਰਾਇਆ ਦੀ ਰਹੀ, ਜਿਸ ਨੇ ਸਮੁੱਚੇ ਟੁਰਨਾਮੈਂਟ 'ਚ 19 ਵਾਰ ਕਲੀਨ ਸ਼ੀਟ ਭਾਵ ਵਿਰੋਧੀ ਟੀਮ ਨੂੰ 19 ਵਾਰ ਗੋਲ ਰਹਿਤ ਕਰਕੇ ਟੀਮ ਨੂੰ ਜਿਤਾਇਆ। ਉਸ ਨੂੰ ਸ਼ਾਨਦਾਰ ਯੋਗਦਾਨ ਪਾਉਣ ਸਦਕਾ 'ਗੋਲਡਨ ਗਲੱਵ' ਭਾਵ ਸੁਨਹਿਰੀ ਦਸਤਾਨਾ ਦੇ ਕੇ ਸਤਕਾਰਿਆ ਗਿਆ। ਇਸ ਤੋਂ ਪਹਿਲਾਂ ਵੀ ਪਿਛਲੇ ਦੋ ਸੀਜ਼ਨਾਂ 'ਚ ਸਪੇਨ ਦੇ ਇਸ ਖਿਡਾਰੀ ਨੂੰ ਅਜਿਹੇ ਸਨਮਾਨਾਂ ਨਾਲ ਸਤਿਕਾਰਿਆ ਜਾ ਚੁੱਕਾ ਹੈ। ਪ੍ਰੀਮੀਅਰ ਲੀਗ ਦੇ ਇਤਿਹਾਸ ਵਿਚ ਤਿੰਨ ਹੀ ਟੀਮਾਂ ਆਰਸੇਨਲ ਤੋਂ ਵੱਧ ਟਾਈਟਲ ਜਿੱਤੀਆਂ ਹਨ। ਇਹ ਟੀਮਾਂ ਹਨ ਮਾਨਚੈਸਟਰ ਯੂਨਾਈਟਡ (13 ਵਾਰ), ਮਾਨਚੈਸਟਰ ਸਿਟੀ (8 ਵਾਰ) ਤੇ ਚੈਲਸੀ (5 ਵਾਰ)। ਲਿਵਰਪੂਲ ਕਲੱਬ ਟੀਮ ਇਸ ਟੂਰਨਾਮੈਂਟ ਦੀ ਪਿਛਲੇ ਸੀਜ਼ਨ ਦੀ ਚੈਂਪੀਅਨ ਟੀਮ ਸੀ। ਮਾਨਚੈਸਟਰ ਸਿਟੀ ਟੀਮ ਦਾ ਚੋਟੀ ਦਾ ਖਿਡਾਰੀ ਅਰਲਿੰਗ ਹਾਲੈਂਡ 27 ਗੋਲ ਕਰਕੇ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਰਿਹਾ ਹੈ। ਸਤੰਬਰ 2025 'ਚ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਨ ਕਰਕੇ ਉਸ ਨੂੰ 'ਪਲੇਅਰ ਆਫ਼ ਦ ਮੰਥ' ਵੀ ਦਿੱਤਾ ਗਿਆ ਸੀ। ਗੱਲ ਕਰੀਏ ਜੇ ਨਾਮੀ ਟੀਮਾਂ ਦੇ ਪ੍ਰਦਰਸ਼ਨ ਦੀ ਤਾਂ ਲਿਵਰਪੂਲ ਤੇ ਮਾਨਚੈਸਟਰ ਯੂਨਾਈਟਡ ਟੀਮਾਂ ਔਸਤ ਦਰਜੇ ਦਾ ਪ੍ਰਦਰਸ਼ਨ ਹੀ ਕਰ ਸਕੀਆਂ। ਦੱਸਣਾ ਬਣਦਾ ਹੈ ਕਿ ਪ੍ਰੀਮੀਅਰ ਲੀਗ ਦੀਆਂ ਚੋਟੀ ਦੀਆਂ ਪੰਜ ਟੀਮਾਂ ਯੂਏਫ਼ਾ ਵਲੋਂ ਖਿਡਾਈ ਜਾਂਦੀ ਚੈਂਪੀਅਨ ਲੀਗ ਦੇ ਲੀਗ ਫੇਜ਼ ਲਈ ਸਿੱਧੇ ਤੌਰ 'ਤੇ ਚੁਣ ਲਈਆਂ ਗਈਆਂ ਹਨ। ਪਿਛਲੇ ਸਾਲ ਦੀ ਚੈਂਪੀਅਨ ਟੀਮ ਲਿਵਰਪੂਲ ਇਸ ਸੀਜ਼ਨ 'ਚ ਪੰਜਵੇਂ ਸਥਾਨ 'ਤੇ ਰਹੀ। ਵੈਸੇ ਲਿਵਰਪੂਲ ਨੇ ਟੂਰਨਾਮੈਂਟ ਦੀ ਸ਼ੁਰੂਆਤ ਬੜੇ ਹੀ ਧੂਮ-ਧੜੱਕੇ ਨਾਲ ਕੀਤੀ ਸੀ, ਜਦੋਂ ਆਪਣੇ ਪਹਿਲੇ ਪੰਜੇ ਹੀ ਮੈਚ ਜਿੱਤ ਕੇ ਇਹ ਟੀਮ ਅਗਸਤ ਤੇ ਸਤੰਬਰ ਮਹੀਨਿਆਂ 'ਚ ਲਗਾਤਾਰ ਚੋਟੀ 'ਤੇ ਰਹੀ ਸੀ। ਜ਼ਿਕਰਯੋਗ ਹੈ ਕਿ ਸੀਜ਼ਨ 2003 04 'ਚ ਆਰਸੇਨਲ ਟੀਮ ਪੂਰੇ ਸੀਜ਼ਨ ਵਿਚ ਅਜੇਤੂ ਰਹੀ ਸੀ ਤੇ ਇਸ ਨੂੰ 'ਅਜੈ' ਟੀਮ ਦਾ ਉਪ ਨਾਂਅ ਦਿੱਤਾ ਗਿਆ ਸੀ, ਜੋ ਪ੍ਰੀਮੀਅਰ ਲੀਗ ਦੇ ਇਤਿਹਾਸ ਦੀ ਇਕੱਲੀ ਟੀਮ ਨੂੰ ਦਿੱਤਾ ਜਾਣ ਵਾਲਾ ਸਨਮਾਨ ਹੈ। ਮੌਜੂਦਾ ਸੀਜ਼ਨ ਵਿਚ ਸੱਤ ਖਿਡਾਰੀਆਂ ਨੇ ਹੈਟ੍ਰਿਕ ਭਾਵ ਗੋਲਾਂ ਦੀ ਤਿਕੜੀ ਵੀ ਲਗਾਈ। ਮੌਜੂਦਾ ਸੀਜ਼ਨ 'ਚ 22 ਗੋਲ ਕਰਕੇ ਦੂਜੇ ਸਥਾਨ 'ਤੇ ਟਾਪ ਸਕੋਰਰ ਰਹਿਣ ਵਾਲੇ ਬਰੈਂਟਫੋਰਡ ਟੀਮ ਦੇ ਈਗੋਰ ਥਿਆਗੋ ਨੂੰ ਨਵੰਬਰ 2025 ਤੇ ਜਨਵਰੀ 2026 ਵਿਚ 'ਪਲੇਅਰ ਆਫ਼ ਦਿ ਮੰਥ' ਵੀ ਦਿੱਤਾ ਗਿਆ ਸੀ। ਆਰਸੇਨਲ ਟੀਮ ਨੇ ਮੌਜੂਦਾ ਸੀਜ਼ਨ ਵਿਚ ਸਭ ਤੋਂ ਵੱਧ ਫ਼ਰਕ ਨਾਲ ਜਿੱਤ ਪ੍ਰਾਪਤ ਕਰਨ ਦਾ ਸਨਮਾਨ ਵੀ ਪ੍ਰਾਪਤ ਕੀਤਾ ਹੈ, ਜਦੋਂ ਇਸ ਨੇ 23 ਅਗਸਤ 2025 ਨੂੰ ਲੀਡਸ ਯੂਨਾਈਟਡ ਨੂੰ 5 0 ਦੇ ਫ਼ਰਕ ਨਾਲ ਹਰਾਇਆ ਸੀ। ਐਸਟਨ ਵਿੱਲਾ ਦੀ ਟੀਮ ਨੇ ਲਗਾਤਾਰ ਅੱਠ ਮੈਚ ਜਿੱਤ ਕੇ ਫੁੱਟਬਾਲ ਪ੍ਰਸੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਰਸੇਨਲ ਟੀਮ ਦੇ ਮੈਨੇਜਰ ਮਾਈਕਲ ਆਰਟੇਟਾ ਨੇ ਟੀਮ ਦੀ ਕਮਾਨ 2019 ਵਿਚ ਸੰਭਾਲੀ ਸੀ। ਟੀਮ ਦੀ ਪ੍ਰੀਮੀਅਰ ਲੀਗ ਤੇ ਚੈਂਪੀਅਨ ਲੀਗ ਵਿਚ ਕੀਤੀ ਕਾਰਗੁਜ਼ਾਰੀ ਨੂੰ ਵੇਖਦਿਆਂ ਆਰਟੇਟਾ ਦੀ ਚਾਰੇ ਪਾਸੇ ਪ੍ਰਸੰਸਾ ਹੋ ਰਹੀ ਹੈ।
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 62842-20595