ਆਈ. ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ 12 ਜੂਨ 2026 ਤੋਂ ਇੰਗਲੈਂਡ ਵਿਖੇ ਹੋ ਰਿਹਾ ਹੈ। ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਇਸ ਵਾਰ ਭਾਰਤ ਦੀਆਂ ਧੀਆਂ ਇਸ ਫਾਰਮੈਟ 'ਚ ਆਪਣਾ ਪਹਿਲਾ ਖ਼ਿਤਾਬ ਜਿੱਤ ਲੈਣਗੀਆਂ। ਇਹ ਵਿਸ਼ਵਾਸ ਬਿਨਾਂ ਵਜ੍ਹਾ ਨਹੀਂ ਹੈ ਕਿਉਂਕਿ ਪਿਛਲੇ ਨਵੰਬਰ 'ਚ ਇਕ ਦਿਨਾ ਵਿਸ਼ਵ ਕੱਪ ਜਿੱਤਣ ਮਗਰੋਂ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਪੂਰੇ ਜੋਸ਼ ਤੇ ਉਤਸ਼ਾਹ ਵਿਚ ਹੈ। ਇਸ ਸਮੇਂ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਹੈ, ਬੱਲੇਬਾਜ਼ ਅਤੇ ਗੇਂਦਬਾਜ਼ ਆਪਣੀ ਲੈਅ 'ਚ ਹਨ ਜਿਸ ਦੀ ਮਿਸਾਲ ਆਸਟ੍ਰੇਲੀਆ ਨੂੰ ਉਨ੍ਹਾਂ ਦੇ ਘਰ 'ਚ ਹੀ 2-1 ਦੇ ਫ਼ਰਕ ਨਾਲ ਟੀ-20 ਲੜੀ ਦੀ ਜਿੱਤ ਤੋਂ ਮਿਲਦੀ ਹੈ। ਇਹ ਧਿਆਨ ਦੇਣਯੋਗ ਹੈ ਕਿ ਭਾਰਤ ਨੇ ਪਿਛਲੇ ਸਾਲ ਇੰਗਲੈਂਡ ਵਿਚ ਪਹਿਲੀ ਵਾਰ ਇਸ ਫਾਰਮੈਟ 'ਚ ਇੰਗਲੈਂਡ ਨੂੰ 3-2 ਨਾਲ ਹਰਾਇਆ ਸੀ। ਕਿਉਂਕਿ ਵਿਸ਼ਵ ਕੱਪ ਇੰਗਲੈਂਡ 'ਚ ਖੇਡਿਆ ਜਾਵੇਗਾ, ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤੀ ਮਹਿਲ ਟੀਮ ਉੱਥੋਂ ਦੇ ਹਾਲਾਤ ਤੋਂ ਜਾਣੂ ਹੈ ਤੇ ਜਾਣਦੀ ਹੈ ਕਿ ਕਿਸ ਮੈਦਾਨ 'ਤੇ ਕਿਸ ਤਰ੍ਹਾਂ ਖੇਡਣਾ ਹੈ। ਭਾਰਤ ਆਪਣਾ ਪਹਿਲਾ ਮੈਚ 14 ਜੂਨ 2026 ਨੂੰ ਪਾਕਿਸਤਾਨ ਵਿਰੁੱਧ ਖੇਡੇਗਾ। ਭਾਰਤ ਨੂੰ ਗਰੁੱਪ-1 'ਚ ਪਾਕਿਸਤਾਨ, ਆਸਟ੍ਰੇਲੀਆ, ਦੱਖਣੀ ਅਫਰੀਕਾ, ਬੰਗਲਾਦੇਸ਼ ਤੇ ਨੀਦਰਲੈਂਡ ਨਾਲ ਰੱਖਿਆ ਗਿਆ ਹੈ, ਜਿਸ ਨਾਲ ਇਹ ਗਰੁੱਪ ਕਾਫ਼ੀ ਮੁਕਾਬਲੇ ਵਾਲਾ ਬਣ ਗਿਆ ਹੈ, ਖ਼ਾਸ ਕਰਕੇ ਇਸ ਲਈ ਕਿਉਂਕਿ ਹਰ ਗਰੁੱਪ 'ਚੋਂ ਸਿਰਫ਼ ਦੋ ਚੋਟੀ ਦੀਆਂ ਟੀਮਾਂ ਸਿੱਧਾ ਸੈਮੀਫਾਈਨਲ 'ਚ ਪਹੁੰਚਣਗੀਆਂ। ਦੂਜੇ ਗਰੁੱਪ 'ਚ ਵੀ 6 ਟੀਮਾਂ ਹਨ। ਗਰੁੱਪ-1 'ਚ ਸੈਮੀਫਾਈਨਲ ਦੀ ਦੌੜ ਮੁੱਖ ਤੌਰ 'ਤੇ ਭਾਰਤ, ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਵਿਚਾਲੇ ਹੋਵੇਗੀ, ਜਦਕਿ ਗਰੁੱਪ-2 'ਚ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਤੋਂ ਇਲਾਵਾ ਇੰਗਲੈਂਡ ਤੇ ਵੈਸਟਇੰਡੀਜ਼ ਹੋਣਗੇ।
ਨਵੰਬਰ 2025 'ਚ ਇਕ ਦਿਨਾ ਵਿਸ਼ਵ ਕੱਪ ਜਿੱਤਣ ਪਿੱਛੋਂ ਟੀਮ ਨੇ ਦਸੰਬਰ 2025 'ਚ ਘਰੇਲੂ ਮੈਦਾਨ 'ਤੇ ਸ੍ਰੀਲੰਕਾ ਵਿਰੁੱਧ ਟੀ-20 ਲੜੀ ਖੇਡੀ, ਜਿਸ ਨੂੰ 5-0 ਨਾਲ ਜਿੱਤਿਆ। ਇੱਥੋਂ ਹੀ ਟੀ-20 ਵਿਸ਼ਵ ਕੱਪ ਯਾਤਰਾ ਦੀ ਸ਼ੁਰੂਆਤ ਹੋਈ। ਭਾਰਤ ਨੇ ਫਿਰ ਦੋ ਹੋਰ ਟੀ-20 ਲੜੀਆਂ ਖੇਡੀਆਂ। ਆਸਟ੍ਰੇਲੀਆ 'ਚ ਆਸਟ੍ਰੇਲੀਆਈ ਟੀਮ ਨੂੰ 2-1 ਨਾਲ ਹਰਾਇਆ, ਪਰ ਬਦਕਿਸਮਤੀ ਨਾਲ ਦੱਖਣੀ ਅਫਰੀਕਾ ਵਿਰੁੱਧ ਇਹ ਸਕੋਰ ਲਾਈਨ 1-4 ਨਾਲ ਪਲਟ ਗਈ ਸੀ, ਜਿਸ ਬਾਰੇ ਜੇਮੀਮਾ ਰੌਡਰਿਗਜ਼ ਨੇ ਕਿਹਾ ਸੀ, 'ਕਈ ਵਾਰ ਅਸਫ਼ਲਤਾ ਤੁਹਾਨੂੰ ਲਗਾਤਾਰ ਜਿੱਤਾਂ ਤੋਂ ਵੱਧ ਸਿਖਾਉਂਦੀ ਹੈ ਤੇ ਇਸ ਨੇ ਸਾਨੂੰ ਅਸਲੀਅਤ ਦਿਖਾਈ। ਟੀਮ ਇਸ ਨੂੰ ਸਹੀ ਭਾਵਨਾ 'ਚ ਲੈ ਰਹੀ ਹੈ ਅਤੇ ਸਹੀ ਢੰਗ ਨਾਲ ਤਿਆਰੀ ਕਰ ਕੇ ਸਖ਼ਤ ਮਿਹਨਤ ਕਰ ਰਹੀ ਹੈ। ਅਸੀਂ ਮਜ਼ਬੂਤੀ ਨਾਲ ਵਾਪਸੀ ਕਰਾਂਗੇ।' ਇੰਗਲੈਂਡ ਵਿਚ ਹੀ ਪਹਿਲੀ ਵਾਰ ਤੇਜ਼ ਗੇਂਦਬਾਜ਼ ਕ੍ਰਾਂਤੀ ਗੌੜ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਸੀ।
ਭਾਰਤ ਦੀ ਬੱਲੇਬਾਜ਼ੀ ਸਮ੍ਰਿਤੀ, ਸ਼ੈਫਾਲੀ ਵਰਮਾ ਤੇ ਜੇਮਿਮਾ ਰੌਡਰਿਗਜ਼ 'ਤੇ ਬਹੁਤ ਨਿਰਭਰ ਕਰਦੀ ਹੈ। ਗੇਂਦਬਾਜ਼ੀ ਸਪਿਨ-ਆਧਾਰਿਤ ਹੈ, ਜੋ ਦੀਪਤੀ ਸ਼ਰਮਾ ਤੇ ਰਾਧਾ ਯਾਦਵ ਦੇ ਭਰੋਸੇ ਹੈ। ਜ਼ਿਕਰਯੋਗ ਹੈ ਕਿ ਸਾਡੀ ਟੀਮ ਬਦਕਿਸਮਤੀ ਨਾਲ ਪਿਛਲੇ ਟੀ-20 ਵਿਸ਼ਵ ਕੱਪ ਵਿਚ ਆਪਣੇ ਮਿਆਰ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਕੀ ਇਸ ਵਾਰ ਇਸ ਦੀ ਭਰਪਾਈ ਹੋਵੇਗੀ? ਹਰਮਨਪ੍ਰੀਤ ਕੌਰ ਅਨੁਸਾਰ, 'ਇਸ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਉਦੋਂ ਤੋਂ ਹੀ ਸਖ਼ਤ ਮਿਹਨਤ ਨਾਲ ਤਿਆਰੀ ਕਰ ਰਹੇ ਹਾਂ। ਹਾਂ, ਸਾਡੇ 'ਤੇ ਦਬਾਅ ਹੋਵੇਗਾ, ਪਰ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਮਾਨਸਿਕ ਤੌਰ 'ਤੇ ਆਪਣੇ-ਆਪ ਨੂੰ ਇਕ ਵੱਡੇ ਮੁਕਾਬਲੇ ਲਈ ਕਿਵੇਂ ਤਿਆਰ ਕਰਦੇ ਹਾਂ। ਜੋ ਹੋ ਗਿਆ, ਉਹ ਇਤਿਹਾਸ ਹੈ। ਹੁਣ ਸਾਨੂੰ ਸਹੀ ਕੰਮ ਕਰਨੇ ਪੈਣਗੇ ਤੇ ਵਾਰ-ਵਾਰ ਕਰਦੇ ਰਹਿਣਾ ਪਵੇਗਾ।' ਹੁਣ ਟੀਮ ਲਈ ਇਕਜੁੱਟ ਹੋ ਕੇ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ ਤਾਂ ਕਿ ਇਕ ਹੋਰ ਖ਼ਿਤਾਬ ਆਪਣੇ ਨਾਂਅ ਕਰ ਸਕੇ।
(ਇਮੇਜ ਰਿਫਲੈਕਸ਼ਨ ਸੈਂਟਰ)
ਟੀ-20 ਮਹਿਲਾ ਵਿਸ਼ਵ ਕੱਪ ਇਕ ਹੋਰ ਖ਼ਿਤਾਬ ਜਿੱਤਣਗੀਆਂ ਦੇਸ਼ ਦੀਆਂ ਧੀਆਂ!
ਅਜੀਤ ਡੈਸਕ
02-06-2026