16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਲੜੀਵਾਰ ਬਾਲ ਨਾਵਲ-16 ਪਾਣੀ-ਪਿਤਾ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)

ਆਿਖ਼ਰ ਸਕੂਲ ਵੀ ਖੁੱਲ੍ਹ ਗਏ | ਸਕੂਲ ਵਿਚ ਪਹਿਲਾਂ ਵਰਗੀ ਰੌਣਕ ਪਰਤਣ ਲੱਗੀ |
ਸਮਾਂ ਆਪਣੀ ਚਾਲ ਤੁਰਦਾ ਜਾ ਰਿਹਾ ਸੀ |
ਸਿਮਰਨ ਇਕ ਇਕ ਕਰਕੇ ਜਮਾਤਾਂ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਸੀ | ਉਹ ਹੁਣ ਸੱਤਵੀਂ ਜਮਾਤ ਵਿਚ ਸੀ |
ਗਰਮੀ ਦੀ ਰੁੱਤ ਆ ਰਹੀ ਸੀ |
ਇਕ ਦਿਨ ਸਾਇੰਸ ਵਾਲੇ ਗੁਰਸ਼ਾਨ ਮੈਡਮ ਨੇ ਉਨ੍ਹਾਂ ਨੂੰ ਪਾਠ ਪੜ੍ਹਾਉਂਦੇ ਹੋਏ ਦੱਸਿਆ ਕਿ ਪਾਣੀ ਦਾ ਵਿਗਿਆਨਕ ਨਾਂ ਐਚ ਟੂ ਓ ਹੈ | ਸਿਮਰਨ ਨੇ ਇਹ ਨਵਾਂ ਨਾਂ ਆਪਣੇ ਦਿਮਾਗ਼ ਵਿਚ ਚੰਗੀ ਤਰ੍ਹਾਂ ਬਿਠਾ ਲਿਆ |
ਸ਼ਾਮ ਨੂੰ ਸਿਮਰਨ ਨੇ ਨਾਨੀ ਜੀ ਨਾਲ ਮੋਬਾਈਲ ਫੋਨ 'ਤੇ ਗੱਲ ਕੀਤੀ, 'ਨਾਨੀ ਜੀ, ਅੱਜਕੱਲ੍ਹ ਦਿੱਲੀ ਵਿਚ ਐਚ ਟੂ ਓ ਦੀ ਕੀ ਹਾਲਤ ਏ?'
ਨਾਨੀ ਜੀ ਨੇ ਉਹਦੀ ਗੱਲ ਸੁਣੀ ਤਾਂ ਬੋਲੇ, 'ਅੱਛਿਆ, ਲਪੇਟ ਕੇ ਗੱਲ ਕਰਨੀ ਆ ਰਹੀ ਏ ਤੈਨੂੰ ਹੁਣ? ਲਗਦੈ ਅੱਜਕੱਲ੍ਹ ਸਾਇੰਸ ਪਾਠ ਪੜ੍ਹ ਰਿਹੈਂ? ਇਹਦਾ ਮਤਲਬ ਤੈਨੂੰ ਪਤਾ ਲੱਗ ਗਿਐ ਕਿ ਪਾਣੀ ਨੂੰ ਵਿਗਿਆਨ ਦੀ ਭਾਸ਼ਾ ਵਿਚ ਐਚ ਟੂ ਓ ਕਹਿੰਦੇ ਨੇ.. |'
ਸਿਮਰਨ ਨੇ ਸਾਇੰਸ ਵਾਲੇ ਮੈਡਮ ਕੋਲੋਂ ਪੜ੍ਹੇ ਪਾਠ ਵਾਲੀ ਗੱਲ ਦੱਸ ਦਿੱਤੀ |
ਗੱਲਾਂ-ਬਾਤਾਂ ਕਰਦਿਆਂ ਸਿਮਰਨ ਨੇ ਨਾਨੀ ਜੀ ਨੂੰ ਕਿਹਾ, 'ਨਾਨੀ ਜੀ, ਪੰਜਾਬ ਵਿਚ ਪਾਣੀ ਖ਼ਤਮ ਹੁੰਦਾ ਜਾ ਰਿਹਾ ਏ | ਪਾਪਾ ਕਹਿ ਰਹੇ ਸਨ ਕਿ ਆਪਾਂ ਨੂੰ ਵੀ ਸਬਮਰਸੀਬਲ ਪੰਪ ਹੋਰ ਡੂੰਘਾ ਕਰਨਾ ਪੈਣਾ ਏ | ਪੰਪ ਵਿਚੋਂ ਬਹੁਤ ਥੋੜ੍ਹਾ ਪਾਣੀ ਆ ਰਿਹਾ ਏ |'
ਨਾਨੀ ਜੀ ਬੋਲੇ, 'ਇਹੀ ਹਾਲ ਰਿਹਾ ਤਾਂ ਇਸ ਤੋਂ ਬਿਨਾਂ ਹੋਰ ਕੀ ਚਾਰਾ ਰਹੇਗਾ?'
ਸਿਮਰਨ ਪਾਣੀ ਦੇ ਭਵਿੱਖ ਨੂੰ ਲੈ ਕੇ ਸੋਚਾਂ ਵਿਚ ਡੁੱਬ ਗਿਆ | ਵਾਰ ਵਾਰ ਇਹੀ ਸਵਾਲ ਉਸ ਦੇ ਦਿਮਾਗ਼ ਵਿਚ ਪੈਦਾ ਹੋ ਰਿਹਾ ਸੀ ਕਿ ਧਰਤੀ ਹੇਠਲੇ ਪਾਣੀ ਦੀ ਰਫ਼ਤਾਰ ਕਿਵੇਂ ਘਟ ਸਕਦੀ ਹੈ?'
ਸਿਮਰਨ ਨੂੰ ਰਾਤੀਂ ਚੰਗੀ ਤਰ੍ਹਾਂ ਨੀਂਦ ਨਾ ਆਈ |
ਸੋਮਵਾਰ ਨੂੰ ਸਾਇੰਸ ਵਾਲੇ ਰਮਣੀਕ ਸਰ ਸਾਇੰਸ ਲੈਬ ਵਿਚ ਵਿਦਿਆਰਥੀਆਂ ਨੂੰ ਐਕਸਪੈਰੀਮੈਂਟ ਕਰਵਾ ਰਹੇ ਸਨ | ਗੱਲਾਂ-ਗੱਲਾਂ ਵਿਚ ਪਾਣੀ ਦਾ ਜ਼ਿਕਰ ਚੱਲ ਪਿਆ | ਰਮਣੀਕ ਸਰ ਦੱਸ ਰਹੇ ਸਨ ਕਿ ਧਰਤੀ ਦੇ 30 ਫੀਸਦੀ ਪਾਣੀ ਦੇ ਨਮੂਨਿਆਂ ਵਿਚ ਯੂਰੇਨੀਅਮ ਪਾਇਆ ਗਿਆ ਹੈ |
ਸਿਮਰਨ ਨੇ ਕਿਹਾ, 'ਸਰ, ਮੇਰੇ ਭੂਆ ਜੀ ਬਠਿੰਡੇ ਰਹਿੰਦੇ ਨੇ | ਉਹ ਇਕ ਦਿਨ ਸਾਨੂੰ ਦੱਸ ਰਹੇ ਸਨ ਕਿ ਉਥੋਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਕਿਉਂਕਿ ਉਸ ਵਿਚ ਯੂਰੇਨੀਅਮ ਏ |'
ਰਮਣੀਕ ਸਰ ਬੋਲੇ, 'ਸਿਮਰਨ, ਤੂੰ ਬਿਲਕੁਲ ਠੀਕ ਕਹਿ ਰਿਹਾ ਏਾ | ਮੈਂ ਪਰਸੋਂ ਹੀ ਟੀ.ਵੀ. ਤੇ ਖ਼ਬਰਾਂ ਸੁਣ ਰਿਹਾ ਸਾਂ | ਨਿਊਜ਼ ਰੀਡਰ ਦੱਸ ਰਹੀ ਸੀ ਕਿ ਪਾਣੀ ਬਾਰੇ ਬਣੇ ਕੇਂਦਰੀ ਬੋਰਡ ਨੇ ਇਸ ਗੱਲ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ ਏ ਕਿ ਬਠਿੰਡਾ ਜ਼ਿਲ੍ਹੇ ਦੇ ਪਾਣੀ ਵਿਚ ਆਰਸੈਨਿਕ ਦੀ ਮਾਤਰਾ ਵਧ ਰਹੀ ਏ |'
ਸਿਮਰਨ ਜਿਗਿਆਸੂ ਤਾਂ ਹੈ ਈ ਸੀ | ਉਸ ਨੇ ਝੱਟ ਪੁੱਛ ਲਿਆ, 'ਸਰ, ਆਰਸੈਨਿਕ ਬਾਰੇ ਥੋੜ੍ਹਾ ਖੁੱਲ੍ਹ ਕੇ ਸਮਝਾ ਦੇਵੋ | ਇਹ ਕੀ ਹੁੰਦੈ? '
ਰਮਣੀਕ ਸਰ ਬੋਲੇ, 'ਸਿਮਰਨ, ਤੂੰ ਚੰਗਾ ਸੁਆਲ ਪੁੱਛਿਆ ਏ | ਆਰਸੈਨਿਕ ਇਕ ਰਸਾਇਣਕ ਤੱਤ ਦਾ ਨਾਂ ਏ ਜੋ ਕਈ ਖਣਿਜਾਂ ਵਿਚ ਪਾਇਆ ਜਾਂਦਾ ਏ | ਇਹ ਜ਼ਹਿਰੀਲਾ ਹੁੰਦਾ ਏ | ਜਦੋਂ ਇਹ ਪਾਣੀ ਵਿਚ ਮਿਲ ਕੇ ਸਾਡੇ ਸਰੀਰ ਵਿਚ ਜਾਂਦਾ ਏ ਤਾਂ ਇਹ ਕਾਫੀ ਹਾਨੀਕਾਰਕ ਅਸਰ ਦਿਖਾਉਣ ਲਗਦਾ ਏ | ਇਹ ਆਮ ਤੌਰ ਤੇ ਸਲਫ਼ਾਈਡ ਦੀ ਸ਼ਕਲ ਵਿਚ ਹੁੰਦਾ ਏ | ਜੇ ਪਾਣੀ ਵਿਚ ਆਰਸੈਨਿਕ ਤੱਤ ਇਸੇ ਤਰ੍ਹਾਂ ਵਧਦੇ ਰਹੇ ਤਾਂ ਮਨੁੱਖ ਨੂੰ ਹੋਰ ਵੀ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ.. |'
ਸਿਮਰਨ ਦੇ ਮਨ ਵਿਚੋਂ ਇਕ ਡੂੰਘਾ ਹਉਕਾ ਨਿਕਲਿਆ, 'ਵਿਚਾਰਾ ਪਾਣੀ.. |'
ਇਕ ਦਿਨ ਸਿਮਰਨ ਸਕੂਲ ਦੀ ਲਾਇਬ੍ਰੇਰੀ ਵਿਚ ਬੈਠਾ ਪ੍ਰਸਿੱਧ ਲੇਖਕ ਸੁਖਬੀਰ ਦੀ ਬਾਲ ਕਹਾਣੀਆਂ ਦੀ ਪੁਸਤਕ 'ਕਦੇ ਨਾ ਬੁਝਣ ਵਾਲਾ ਦੀਵਾ' ਪੜ੍ਹ ਰਿਹਾ ਸੀ | ਅਗਲਾ ਪੀਰੀਅਡ ਸ਼ੁਰੂ ਹੋਣ ਵਿਚ ਕੇਵਲ ਦਸ ਕੁ ਮਿੰਟ ਹੀ ਰਹਿੰਦੇ ਸਨ | ਜਦੋਂ ਉਹ ਕੁਰਸੀ ਤੋਂ ਉਠਿਆ ਤਾਂ ਚਾਣਚੱਕ ਉਸ ਦੀ ਨਜ਼ਰ ਅਖ਼ਬਾਰ ਦੀ ਸੁਰਖ਼ੀ 'ਤੇ ਪਈ | ਸੁਰਖ਼ੀ ਸੀ, 'ਤੇਜ਼ੀ ਨਾਲ ਰੇਗਿਸਤਾਨ ਵੱਲ ਵਧ ਰਿਹਾ ਪੰਜਾਬ |'
ਸਿਮਰਨ ਖ਼ਬਰ ਪੜ੍ਹਨ ਲੱਗਾ | ਲਿਖਿਆ ਸੀ ਕਿ ਪਾਣੀ ਘਟਣ ਦੀ ਤੇਜ਼ੀ ਇਹ ਦਰਸਾ ਰਹੀ ਹੈ ਕਿ ਜੇਕਰ ਪੰਜਾਬ ਵਿਚ ਇਹੀ ਸਥਿਤੀ ਰਹੀ ਤਾਂ ਇਹ ਇਲਾਕਾ ਆਉਣ ਵਾਲੇ ਲਗਭਗ ਦੋ ਦਹਾਕਿਆਂ ਦੇ ਅੰਦਰ ਅੰਦਰ ਰੇਗਿਸਤਾਨ ਬਣ ਜਾਏਗਾ |
ਇਹ ਖ਼ਬਰ ਪੜ੍ਹ ਕੇ ਸਿਮਰਨ ਬੇਚੈਨ ਹੋ ਗਿਆ |
ਇੰਨੇ ਨੂੰ ਸੇਵਾਦਾਰ ਨੇ ਪੀਰੀਅਡ ਖ਼ਤਮ ਹੋਣ ਦੀ ਘੰਟੀ ਵਜਾਈ |
ਸਿਮਰਨ ਕਾਹਲੇ-ਕਾਹਲੇ ਕਦਮ ਪੁੱਟਦਾ ਹੋਇਆ ਜਮਾਤ ਦੇ ਕਮਰੇ ਵਿਚ ਆ ਵੜਿਆ | ਇਹ ਪੀਰੀਅਡ ਡਰਾਇੰਗ ਦਾ ਸੀ | ਅੱਜ ਡਰਾਇੰਗ ਵਾਲੇ ਸਰ ਰਾਮ ਅਵਤਾਰ ਛੁੱਟੀ 'ਤੇ ਸਨ | ਉਨ੍ਹਾਂ ਦਾ ਪੀਰੀਅਡ ਲੈਣ ਲਈ ਪੰਜਾਬੀ ਵਾਲੇ ਮੈਡਮ ਗੁਰਪ੍ਰੀਤ ਕੌਰ ਆ ਗਏ | ਉਹ ਵਿਦਿਆਰਥੀਆਂ ਨੂੰ ਕਹਿਣ ਲੱਗੇ, 'ਇਸ ਪੀਰੀਅਡ ਵਿਚ ਤੁਹਾਨੂੰ ਜੋ ਵੀ ਵਿਸ਼ਾ ਚੰਗਾ ਲਗਦਾ ਹੈ, ਉਸ ਬਾਰੇ ਚਿੱਤਰ ਬਣਾ ਕੇ ਦਿਖਾਉ |'
ਵਿਦਿਆਰਥੀ ਆਪੋ-ਆਪਣੀ ਪਸੰਦ ਦਾ ਚਿੱਤਰ ਬਣਾਉਣ ਲੱਗ ਪਏ | ਬਹੁਤ ਸਾਰੇ ਵਿਦਿਆਰਥੀਆਂ ਨੇ ਸੁੰਦਰ ਅਤੇ ਰੰਗਦਾਰ ਚਿੱਤਰ ਬਣਾਏ | ਪਹਿਲੇ ਨੰਬਰ 'ਤੇ ਜਿਹੜਾ ਚਿੱਤਰ ਆਇਆ, ਉਸ ਦਾ ਵਿਸ਼ਾ ਸੀ, 'ਪਾਣੀ ਬਚਾਓ |' ਚਿੱਤਰ ਵਿਚ ਇਕ ਘੜਾ ਦਿਖਾਇਆ ਗਿਆ ਸਹੀ | ਉਸ ਘੜੇ ਦੇ ਲਾਗੇ ਹੀ ਇਕ ਕਾਂ ਮਰਿਆ ਪਿਆ ਸੀ ਕਿਉਂਕਿ ਘੜੇ ਵਿਚ ਪਾਣੀ ਦੀ ਇਕ ਬੂੰਦ ਤੱਕ ਨਹੀਂ ਸੀ |

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

ਮੋਬਾਈਲ : 98144-23703

Ad Position 22
No active advertisement
ਪਿਛਲੀ ਖ਼ਬਰ ਪੰਛੀ ਅਗਲੀ ਖ਼ਬਰ ਬਿੱਲੀ, ਚੂਹੇ ਤੇ ਟੱਲੀ
Ad Position 24