ਖੇਡੋ ਅਤੇ ਦੂਜਿਆਂ ਨੂੰ ਖਿਡਾਓ ਬੱਚਿਓ
ਨਾਨੀ ਅਤੇ ਮਾਸੀ ਕੋਲ ਜਾਓ ਬੱਚਿਓ
ਭੂਆ ਪਿੰਡ ਜਾ ਕੇ ਗਿੱਧਾ ਪਾਓ ਬੱਚਿਓ
ਛੁੱਟੀਆਂ ਦਾ ਕੰਮ ਜਿਹੜਾ ਮਿਲਿਆ ਸਕੂਲੋਂ
ਆਪ ਕਰੋ ਦੂਜਿਆਂ ਨੂੰ ਕਰਾਓ ਬੱਚਿਓ
ਇਕ ਗੱਲ ਸੁਣੋ ਧੁੱਪੇ ਬਹੁਤਾ ਨਹੀਂ ਖੇਡਣਾ
ਨੱਚੋ ਟੱਪੋ ਹੱਸੋ ਤੇ ਹਸਾਓ ਬੱਚਿਓ
ਬੂਟੇ ਵੀ ਲਗਾਉਣੇ ਜਦੋਂ ਮੀਂਹ ਪੈਣ ਲੱਗਣਾ
ਪੌਦਿਆਂ ਨੂੰ ਰੋਜ਼ ਪਾਣੀ ਪਾਓ ਬੱਚਿਓ
ਹੋਣੀ ਹਰਿਆਲੀ ਫਿਰ ਪਸ਼ੂ ਪੰਛੀ ਨੱਚਣੇ
ਕੁਦਰਤ ਨਾਲ ਜੱਫੀ ਪਾਓ ਬੱਚਿਓ
ਨਾਨੀ ਦੀ ਗੋਦੀ ਵਿੱਚ ਬੈਠ ਕੇ ਕਹਾਣੀ ਸੁਣੋ
ਨਾਲ ਪਰੀਆਂ ਦੇ ਯਾਰੀ ਤੁਸੀਂ ਲਾਓ ਬੱਚਿਓ
ਵੱਡਿਆਂ ਦੀ ਗੱਲ ਮੰਨ ਸੋਹਣੇ ਬੀਬੇ ਬਣ ਜਾਓ
ਭੁਲ ਕੇ ਵੀ ਮਾਂ ਨਾ ਸਤਾਓ ਬੱਚਿਓ
ਪਾਣੀ ਦੇ ਭਾਂਡੇ ਭਰ ਬੂਹੇ ਉੱਤੇ ਰੱਖਿਓ
ਸਾਰੇ ਪੰਛੀਆਂ ਦੀ ਪਿਆਸ ਬੁਝਾਓ ਬੱਚਿਓ
ਭੁੱਲ ਕੇ ਵੀ ਪਾਣੀ ਨੂੰ ਖ਼ਰਾਬ ਨਹੀਂ ਕਰਨਾ
ਕੀਮਤੀ ਇਹ ਚੀਜ਼ ਬੜੀ ਬਚਾਓ ਬੱਚਿਓ
ਦੌੜ ਦੌੜ ਕੰਮ ਤੁਸੀਂ ਮੰਮੀ ਨਾਲ ਕਰਾਉਣੇ ਆਂ
ਕਦੇ ਕੰਮ ਤੋਂ ਨਾ ਜੀਅ ਨੂੰ ਚੁਰਾਓ ਬੱਚਿਓ
ਸਾਫ਼ ਸਫ਼ਾਈ ਸਾਰੇ ਪਾਸੇ ਰੱਖਣੀ
ਗੰਦ ਪਾਉਣ ਤੋਂ ਸਾਰਿਆਂ ਨੂੰ ਹਟਾਓ ਬੱਚਿਓ
'ਪੰਛੀ' ਸਰ ਦੀਆਂ ਗੱਲਾਂ ਤੁਸੀਂ ਯਾਦ ਰੱਖਣਾ
ਹੋ ਕੇ ਤਰੋ ਤਾਜ਼ਾ ਸਕੂਲ ਆਓ ਬੱਚਿਓ
-ਭੁਪਿੰਦਰ ਸਿੰਘ ਪੰਛੀ