ਘਰ ਸਾਹਮਣੇ ਰੁੱਖ 'ਤੇ ਅਸੀਂ ਇਕ ਬਰਡ ਫੀਡਰ ਲਟਕਾ ਦਿੱਤਾ ਸੀ। ਰੋਜ਼ ਚੋਗਾ ਪਾਉਂਦੇ। , ਪੰਛੀ ਘੱਟ ਹੀ ਆਉਂਦੇ ਸਨ। ਫਿਰ ਜਨੌਰਾਂ ਦੀ ਗਿਣਤੀ ਵਧਣ ਲੱਗੀ। ਚਿੜੀਆਂ, ਗੁਟਾਰਾਂ, ਘੁੱਗੀਆਂ, ਕਾਲੇ, ਪੀਲੇ, ਚਿਤਕਬਰੇ ਜਨੌਰ ਮਨ ਨੂੰ ਮੋਹ ਲੈਂਦੇ। ਇਕ ਭੂਰੀ ਗੁਲਹਿਰੀ ਅਤੇ ਲੰਗੜੀ ਕਾਲੀ ਕਾਟੋ ਵੀ ਉੱਥੇ ਆਉਣ ਲੱਗੀਆਂ ਸਨ। ਫੀਡਰ ਦੇ ਥੜ੍ਹੇ 'ਤੇ ਬੈਠ ਪੰਛੀ , ਦਾਣੇ ਚੁੰਝ 'ਚ ਧਰਦੇ ਤੇ ਉੱਡ ਜਾਂਦੇ। ਕਾਟੋ ਤੇ ਗਲਹਿਰੀ ਨੂੰ ਫੀਡਰ 'ਤੇ ਦਾਣੇ ਖਾਣੇ ਔਖੇ ਲੱਗਦੇ। ਹੋਰਾਂ ਪੰਛੀਆਂ ਨੂੰ ਦਾਣੇ ਚੁੱਗਦੇ ਦੇਖ ਕੇ ਉਨ੍ਹਾਂ ਨੂੰ ਗੁੱਸਾ ਚੜ੍ਹ ਜਾਂਦਾ। ਉਹ ਘਾਹ 'ਤੇ ਡਿੱਗੇ ਦਾਣੇ ਖਾਂਦੇ ਜਨੌਰਾਂ ਪਿੱਛੇ ਦੌੜਦੀਆਂ। ਆਖਦੀਆਂ, ਤੁਸੀਂ ਫੀਡਰ 'ਤੇ ਜਾ ਕੇ ਖਾਓ, ਰੱਬ ਸਾਡੇ ਖ਼ਾਤਰ ਥੱਲੇ ਚੋਗਾ ਸੁੱਟਦਾ।
ਤੁਸੀਂ ਉੁੱਤੇ ਚੜ੍ਹ ਕੇ ਖਾ ਲਓ। ਚਿੜੀਆਂ ਕਹਿੰਦੀਆਂ।
ਖੰਭਾਂ ਵਾਲੀਓ! ਨਿੱਕਾ ਜਿਹਾ ਫੀਡਰ ਤੇ ਅਸੀਂ ਲੰਬੀਆਂ ਲੰਝੀਆਂ, ਕਾਟੋ ਤੇ ਗੁਲਹਿਰੀ ਨੇ ਆਪਣੀ ਤਕਲੀਫ਼ ਦੱਸੀ।
ਜਨੌਰਾਂ ਲਾਗੇ ਅੱਜ ਇਕ ਖਰਗੋਸ਼ ਵੀ ਆ ਬੈਠਾ ਸੀ। ਪੰਛੀਆਂ ਦੀ ਗਲਹਿਰੀ ਅਤੇ ਕਾਟੋ ਨਾਲ ਹੋ ਰਹੀ ਗੱਲਬਾਤ ਵਿਚਾਲੇ ਖਰਗੋਸ਼ ਬੋਲ ਪਿਆ, ਗਲਹਿਰੀਏ ਊਂ ਤੂੰ ਰੁੱਖ 'ਤੇ ਬੜੀਆਂ ਟਪੂਸੀਆਂ ਮਾਰਦੀ ਰਹਿਨੀ ਏਂ, ਇਹ ਫੀਡਰ ਨਹੀਂ ਤੇਰੇ ਵਸ ਵਿਚ ਆਉਂਦਾ?
ਖਰਗੋਸ਼ ਵੀਰੇ ਤੂੰ ਹੀ ਦੱਸ ਕੋਈ ਤਰਕੀਬ? ਗਲਹਿਰੀ ਬੋਲੀ।
ਫੀਡਰ ਦੀ ਰੱਸੀ 'ਤੇ ਉੱਤਰ ਕੇ, ਫੀਡਰ ਦਾ ਥੱਲਾ ਫੜ ਕੇ ਲਟਕ ਜਾ। ਝਟਕਾ ਮਾਰ, ਸਾਰੇ ਦਾਣੇ ਜ਼ਮੀਨ 'ਤੇ ਖਿਲਰ ਜਾਣਗੇ।
ਫੇਰ ?
ਫੇਰ ਤੂੰ ਥੱਲੇ ਉੱਤਰ ਆਈਂ ਤੇ ਦਾਣੇ ਮੌਜ ਨਾਲ ਖਾਈਂ।
ਜਨੌਰ ਵੀ ਖਾਣਗੇ?
ਖਾਣਗੇ ਹੀ।
ਚੋਗੇ ਦੇ ਦਾਣੇ ਤਾਂ ਸਭ ਦੇ ਸਾਂਝੇ ਹੁੰਦੇ ਹਨ, ਇਨ੍ਹਾਂ 'ਤੇ ਕਿਸੇ ਦਾ ਨਾਂਅ ਥੋੜ੍ਹਾ ਲਿਖਿਆ ਹੁੰਦਾ ਹੈ।
ਤੇਰੀ ਗੱਲ ਤਾਂ ਠੀਕ ਆ।
ਮਿਲਜੁਲ ਕੇ ਖਾਣ ਵਿਚ ਜੋ ਮਜ਼ਾ ਆਉਂਦਾ ਹੈ, ਉਹ ਤੂੰ ਕਦੀ ਮਾਣਿਆ ਨਹੀਂ ਹੋਣਾ। ਖਰਗੋਸ਼ ਨੇ ਗੁਲਹਿਰੀ ਅਤੇ ਕਾਟੋ ਨੂੰ ਕਿਹਾ। ਖਰਗੋਸ਼ ਦੀ ਦੱਸੀ ਤਰਕੀਬ ਉਨ੍ਹਾਂ ਨੂੰ ਫਿੱਟ ਬੈਠ ਗਈ। ਉਹ ਟਾਹਣੇ ਤੋਂ ਥੱਲੇ ਉਤਰਦੀ। ਉਲਟੀ ਲਟਕ ਕੇ ਫੀਡਰ ਨੂੰ ਜ਼ੋਰ ਨਾਲ ਹਿਲਾਉਂਦੀ। ਸਾਰੇ ਦਾਣੇ ਜ਼ਮੀਨ 'ਤੇ ਡੁੱਲ ਜਾਂਦੇ। ਗੁਲਹਿਰੀ ਅਤੇ ਕਾਟੋ ਦੇ ਨਾਲ ਹੋਰ ਜਾਨਵਰ ਵੀ ਜ਼ਮੀਨ 'ਤੇ ਡਿੱਗੇ ਦਾਣੇ ਚੁੱਗਦੇ। ਸਾਰੇ ਜਾਨਵਰ ਇਕੱਠੇ ਦਾਣੇ ਚੁਗਦੇ। ਥੋੜ੍ਹੇ ਦਿਨਾਂ ਵਿਚ ਜਾਨਵਰ ਇਕ-ਦੂਜੇ ਦੇ ਮਿੱਤਰ ਬਣ ਗਏ ਸਨ। ਖਰਗੋਸ਼ ਵੀ ਕਦੀ-ਕਦਾਈਂ ਉੱਥੇ ਆ ਜਾਂਦਾ ਸੀ। ਫੀਡਰ 'ਤੇ ਜੁੜੇ ਜਾਨਵਰ ਆਪੋ-ਵਿਚੀ ਇਕ-ਦੂਜੇ ਨਾਲ ਦੁੱਖ-ਸੁੱਖ ਕਰ ਲੈਂਦੇ। ਹਰ ਰੋਜ਼ ਇਕ-ਦੂਜੇ ਨੂੰ ਉਡੀਕਦੇ ਰਹਿੰਦੇ। ਕਈ ਦਿਨਾਂ ਤੋਂ ਉੱਥੇ ਇਕ ਲਾਲ ਚਿੜੀ ਵੀ ਚੋਗਾ ਚੁਗਣ ਆਉਣ ਲੱਗੀ ਸੀ। ਉਸ ਦੇ ਸੋਹਣੇ ਰੰਗ ਰੂਪ ਨੇ ਜਾਨਵਰਾਂ 'ਤੇ ਜਿਵੇਂ ਕੋਈ ਜਾਦੂ ਧੂੜ ਦਿੱਤਾ ਸੀ। ਹਰ ਕੋਈ ਉਸ ਕੋਲ ਦਾਣੇ ਚੁਗਣਾ ਚਾਹੁੰਦਾ। ਉਸ ਨਾਲ ਗੱਲਾਂ ਕਰਨੀਆਂ ਚਾਹੁੰਦਾ। ਮੈਂ ਰੋਜ਼ ਸ਼ੀਸ਼ੇ ਵਿਚੋਂ ਲਾਲ ਚਿੜੀ ਨੂੰ ਨਿਹਾਰਦਾ। ਲਾਲ ਚਿੜੀ ਲਾਗੇ ਦੇ ਪਾਰਕ ਵਲੋਂ ਇੱਥੇ ਚੋਗਾ ਚੁਗਣ ਆਉਂਦੀ ਸੀ। ਪਾਰਕ ਵਿਚ ਬੱਚੇ ਅਕਸਰ ਪਤੰਗ ਉਡਾਉਂਦੇ ਸਨ। ਸੋਟੀਆਂ ਗੱਡ ਕੇ ਡੋਰ ਨੂੰ ਸ਼ੀਸ਼ੇ (ਕੱਚ) ਮਿਲੇ ਗੂੰਦ ਦੀ ਪਰਤ ਚੜ੍ਹਾ ਰਹੇ ਹੁੰਦੇ। ਪਤੰਗ ਲੁੱਟਣ ਲਈ ਗਾਟੀਆਂ ਪਾਉਂਦੇ। ਸਿਰ ਤੋੜ ਭੱਜਦੇ। ਪੇਚੇ ਲਾਉਂਦੇ । ਡੋਰ ਲੁੱਟਦੇ । ਚਰਖੜੀ 'ਤੇ ਲਪੇਟਦੇ। ਮੂੰਹ ਸਿਰ ਵੀ ਭੰਨਾ ਲੈਂਦੇ। ਪਤੰਗਾਂ ਦੀਆਂ ਪੱਕੀਆਂ ਡੋਰਾਂ ਦੇ ਬੇਤਰਤੀਬੇ ਤਾਣੇ-ਬਾਣੇ ਵਿਚੋਂ ਲੰਘ ਕੇ ਲਾਲ ਚਿੜੀ ਇੱਥੇ ਦਾਣੇ ਚੁਗਣ ਆਉਂਦੀ ਸੀ।
ਮੈਂ ਦੇਖਿਆ ਅੱਜ ਸੁਬ੍ਹਾ ਫੀਡਰ ਵਿਚ ਦਾਣੇ ਪਾਉਣ ਤੋਂ ਪਹਿਲਾਂ ਹੀ ਜਾਨਵਰ ਸਾਡੇ ਬੂਹੇ ਅੱਗੇ ਪਹੁੰਚੇ ਹੋਏ ਸਨ। ਮੈਂ ਕੁਰਸੀ 'ਤੇ ਚੜ੍ਹ ਕੇ ਫੀਡਰ ਵਿਚ ਦਾਣੇ ਪਾਏ। ਜਾਨਵਰ ਦਾਣੇ ਖਾਣ ਵਿਚ ਰੁਝ ਗਏ ਸਨ। ਸਾਰੇ ਇਕ-ਦੂਜੇ ਤੋਂ ਪੁੱਛ ਰਹੇ ਸਨ ਲਾਲ ਚਿੜੀ ਨਹੀਂ ਆਈ ?
ਉਹ ਤਾਂ ਕੱਲ੍ਹ ਵੀ ਨਹੀਂ ਸੀ ਆਈ, ਘੁੱਗੀ ਬੋਲੀ।
ਜਨੌਰਾਂ ਲਈ ਥਾਂ ਥਾਂ ਫਾਹੀਆਂ ਗੱਡੀਆਂ ਦੀਂਹਦੀਆਂ, ਗਲਹਿਰੀ ਬੋਲੀ।
ਉਸ ਦਾ ਕੋਈ ਅਤਾ-ਪਤਾ? ਖਰਗੋਸ਼ ਨੇ ਕਿਹਾ।
ਮੈਨੂੰ ਪਤਾ ਉਹ ਕਿੱਥੇ ਰਹਿੰਦੀ ਆ? ਇਕ ਚੂਹੇ ਨੇ ਝੱਟ ਕਿਹਾ।
ਦੱਸ ਕਿੱਥੇ?
ਪਾਰਕ ਲੰਘ ਕੇ ਸੰਘਣੇ ਰੁੱਖ 'ਤੇ।
ਆਪਾਂ ਲੱਭਣ ਚੱਲੀਏ, ਤੂੰ ਮੂਹਰੇ ਮੂਹਰੇ ਹੋ ਲੈ ।
ਚੰਗਾ, ਚੂਹਾ ਬੋਲਿਆ। ਫਿਰ ਜਾਨਵਰ ਚੂਹੇ ਦੇ ਪਿੱਛੇ-ਪਿੱਛੇ ਤੁਰ ਪਏ। ਪਾਰਕ ਲੰਘ ਕੇ ਨਿਵਾਣ ਵਿਚ ਖਲੋਤੇ ਇਕ ਸੰਘਣੇ ਰੁੱਖ ਕੋਲ ਪਹੁੰਚ ਗਏ। ਰੁੱਖ ਲਾਗੇ ਇਕ ਪਾਣੀ ਦਾ ਚੋਅ ਸੀ। ਚੂਹੇ ਨੇ ਆਸੇ-ਪਾਸੇ ਗੇੜਾ ਲਗਾਇਆ। ਪਤੰਗ ਦੀ ਡੋਰ ਉਸ ਰੁੱਖ ਵਿਚੋਂ ਦੀ ਲੰਘਦੀ ਦੂਰ ਤੱਕ ਲਟਕ ਰਹੀ ਸੀ। ਜਾਨਵਰ ਰੁੱਖ ਦੇ ਟਾਹਣਿਆਂ 'ਤੇ ਜਾ ਚੜ੍ਹੇ। ਇੱਧਰ-ਉੱਧਰ ਆਲ੍ਹਣੇ ਫਰੋਲਣ ਲੱਗੇ। ਗਲਹਿਰੀ ਨੇ ਦੇਖਿਆ ਇਕ ਆਲ੍ਹਣੇ ਵਿਚ ਲਾਲ ਚਿੜੀ ਖੂਨ ਨਾਲ ਲਥਪੱਥ ਪਈ ਸੀ। ਲੱਗਦਾ ਪਤੰਗ ਦੀ ਡੋਰ ਵਿਚ ਉਲਝ ਕੇ ਉਸ ਦੀ ਗਰਦਨ 'ਤੇ ਇਕ ਡੂੰਘਾ ਚੀਰਾ ਆ ਗਿਆ ਸੀ। ਉਸ ਨੇ ਹਿਲਾ ਕੇ ਦੇਖਿਆ। ਉਹ ਤਾਂ ਪੱਕੀ ਉਡਾਰੀ ਮਾਰ ਗਈ ਸੀ। ਜਾਨਵਰਾਂ ਦੇ ਚਿਹਰੇ ਤੋਂ ਨਿਰਾਸ਼ਾ ਹੀ ਝਲਕ ਰਹੀ ਸੀ। ਜਾਨਵਰ ਉੱਡਦੇ ਪਤੰਗਾਂ ਵੱਲ ਦੇਖ ਰਹੇ ਸਨ। ਉਨ੍ਹਾਂ ਨੂੰ ਆਪਣਾ ਅੰਤ ਲਾਲ ਚਿੜੀ ਵਾਂਗ ਹੀ ਆਉਂਦਾ ਦਿਸ ਰਿਹਾ ਸੀ। ਫਿਰ ਉਹ ਸਾਰੇ ਮੌਨ ਹੋ ਗਏ। ਜਿਵੇਂ ਲਾਲ ਚਿੜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹੋਣ। ਖਰਗੋਸ਼ ਬੋਲਿਆ, 'ਬੰਦੇ ਪੂਰੀ ਧਰਤੀ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਆਪਣੇ ਬੱਚਿਆਂ ਨੂੰ ਖੂਨੀ ਡੋਰ ਦੇ ਕੇ ਪਤੰਗ ਉਡਾਉਣ ਲਈ ਖੁੱਲ੍ਹਾ ਛੱਡ ਦਿੰਦੇ ਹਨ। ਦੱਸੋ ਅਸੀਂ ਜਾਨਵਰ ਕਿੱਥੇ ਉੱਡੀਏ?
ਗਲਹਿਰੀ ਪੂਰੇ ਗੁੱਸੇ ਵਿਚ ਬੋਲੀ, ਵੀਰੇ! ਪਤੰਗਾਂ ਦੀ ਇਹ ਖੂਨੀ ਡੋਰ ਇਕ ਦਿਨ ਮਨੁੱਖਾਂ ਦੀਆਂ ਗਰਦਨਾਂ ਨੂੰ ਵੀ ਚੀਰਿਆ ਕਰੇਗੀ। ਗਲਹਿਰੀ ਲਾਲ ਚਿੜੀ ਨੂੰ ਦੇਖ ਕੇ ਰੋਣ ਲੱਗੀ। ਚਿੜੀਆਂ, ਘੁੱਗੀ, ਚੂਹਾ, ਖਰਗੋਸ਼ ਅਤੇ ਕਾਲੀ ਕਾਟੋ ਦੇ ਚਿਹਰੇ ਲੁੜਕ ਗਏ।
'ਤੂੰ ਠੀਕ ਆਖਿਆ ਭੈਣ, ਮੈਨੂੰ ਇਨ੍ਹਾਂ ਦੇ ਚਾਲੇ ਸਹੀ ਨਹੀਂ ਲੱਗਦੇ', ਖਰਗੋਸ਼ ਨੇ ਕਿਹਾ। ਫਿਰ ਉਹ ਸੂਰਜ ਦੀ ਟਿੱਕੀ ਨੀਵੀਂ ਹੁੰਦੀ ਦੇਖ ਆਪੋ ਆਪਣੇ ਠਿਕਾਣਿਆਂ ਵੱਲ ਤੁਰ ਪਏ।
ਲਾਲ ਚਿੜੀ ਨਹੀਂ ਆਈ
ਅਜੀਤ ਡੈਸਕ
20-06-2026