ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਛਾਵਾਂ ਦੇ ਰਾਖੇ

Ad Position 21
No active advertisement
ਅਜੀਤ ਡੈਸਕ 27-06-2026

ਜਗਜੀਤ ਅਤੇ ਅਮਰੀਕ, ਦੋਵੇਂ ਗੂੜ੍ਹੇ ਮਿੱਤਰ ਸਨ। ਪਿੰਡ ਦੇ ਸਕੂਲ ਤੋਂ ਪੰਜਵੀਂ ਕਰਨ ਉਪਰੰਤ ਉਹ ਹੁਣ ਲਾਗੇ ਦੇ ਵੱਡੇ ਸਕੂਲ ਵਿਚ ਪੜ੍ਹਦੇ ਸਨ। ਉਨ੍ਹਾਂ ਦਾ ਇਹ ਸਕੂਲ ਉਨ੍ਹਾਂ ਦੇ ਪਿੰਡ ਤੋਂ ਢਾਈ-ਤਿੰਨ ਕਿੱਲੋਮੀਟਰ ਦੀ ਵਾਟ 'ਤੇ ਪੈਂਦਾ ਸੀ। ਬੀਤ ਦਾ ਨੀਮ ਪਹਾੜੀ ਇਲਾਕਾ ਹੋਣ ਕਾਰਨ ਉਨਾਂ ਦੇ ਸਕੂਲ ਨੂੰ ਜਾਂਦਾ ਰਸਤਾ ਵਲ-ਵਲੇਂਵੇਦਾਰ ਅਤੇ ਉਤਰਾਈ ਚੜ੍ਹਾਈ ਵਾਲਾ ਸੀ। ਗੱਲੀਂ ਬਾਤੀਂ ਦੋਵੇਂ, ਆਲਾ-ਦੁਆਲਾ ਝਾਕਦੇ, ਆਪਣੀ ਇਹ ਵਾਟ ਝੱਟ ਮੁਕਾ ਲੈਂਦੇ।
ਅਪ੍ਰੈਲ ਮਹੀਨਾ ਤਾਂ ਠੀਕ ਰਿਹਾ ਪਰ ਮਈ ਚੜ੍ਹਦਿਆਂ ਹੀ ਗਰਮੀ ਨੇ ਪੂਰਾ ਜ਼ੋਰ ਫੜ ਲਿਆ। ਦੁਪਹਿਰ ਵੇਲੇ ਜਦੋਂ ਸਕੂਲੋਂ ਛੁੱਟੀ ਹੁੰਦੀ ਤਾਂ ਚੁਫੇਰਾ ਤਪਿਆ ਹੁੰਦਾ। ਛੁੱਟੀ ਹੁੰਦਿਆ ਸਾਰ ਹੋਰਾਂ ਵਿਦਿਆਰਥੀਆਂ ਵਾਂਗ ਜਗਜੀਤ ਅਤੇ ਅਮਰੀਕ ਵੀ ਘਰ ਜਾਣ ਲਈ ਸ਼ੂਟ ਵੱਟ ਲੈਂਦੇ। ਵਾਪਸੀ ਵੇਲੇ ਉਤਰਾਈ ਹੋਣ ਕਰਕੇ ਉਂਝ ਵੀ ਉਨ੍ਹਾਂ ਦੇ ਪੈਰ ਮੱਲੋ ਮੱਲੀ ਤੇਜ਼ ਹੋ ਜਾਂਦੇ ਸਨ। ਤੇਜ਼ ਤੁਰਦਿਆਂ ਜਦੋਂ ਸੜਕ ਕਿਨਾਰੇ ਖੜ੍ਹੇ ਕਿਸੇ ਵਿਰਲੇ ਟਾਵੇਂ ਰੁੱਖ ਦੀ ਛਾਂ ਆਉਂਦੀ ਤਾਂ ਉਹ ਮਨੋਮਨੀ ਸੋਚਦੇ, 'ਕਾਸ਼! ਪੂਰੀ ਸੜਕ ਦੁਆਲੇ ਰੁੱਖ ਹੁੰਦੇ। '
ਜਗਜੀਤ ਹੋਰਾਂ ਦਾ ਸਕੂਲ ਕਾਫੀ ਖੁੱਲ੍ਹਾ ਅਤੇ ਹਵਾਦਾਰ ਸੀ।
ਸਕੂਲ ਅੰਦਰ ਤਿੰਨ ਚਾਰ ਬੋਹੜ ਦੇ ਰੁੱਖ ਬੜੇ ਹੀ ਪੁਰਾਣੇ ਸਨ। ਅੱਧੀ ਛੁੱਟੀ ਵੇਲੇ ਬਹੁਤੇ ਵਿਦਿਆਰਥੀ ਇਨ੍ਹਾਂ ਦੀ ਛਾਵੇਂ ਹੀ ਖੇਡਦੇ। ਇਕ ਦਿਨ ਜਗਜੀਤ ਉੱਥੇ ਬੈਠਾ ਛਾਂ ਦਾ ਆਨੰਦ ਮਾਣ ਰਿਹਾ ਸੀ ਕਿ ਅਮਰੀਕ ਇਕ ਲਿਫ਼ਾਫ਼ਾ ਲਈ ਉਸ ਕੋਲ ਭੱਜਾ ਆਇਆ,
'ਆਹ ਵੇਖ! ਮੈਂ ਤੇਰੇ ਲਈ ਕੀ ਲਿਆਇਆ। ' ਜਦੋਂ ਜਗਜੀਤ ਨੇ ਲਿਫ਼ਾਫ਼ੇ ਅੰਦਰ ਝਾਕਿਆ ਤਾਂ ਖ਼ੁਸ਼ ਹੁੰਦਿਆਂ ਉਹ ਝਟਪਟ ਬੋਲਿਆ, 'ਵਾਹ! ਕਿੰਨੇ ਸੋਹਣੇ ਆੜੂ। '
ਦੋਵਾਂ ਦੋਸਤਾਂ ਬੜੇ ਹੀ ਚਾਅ ਨਾਲ ਉਹ ਆੜੂ ਖਾਧੇ ਤੇ ਗਿਟਕਾਂ ਉੁਸੇ ਲਿਫ਼ਾਫ਼ੇ ਵਿਚ ਪਾ ਡਸਟਬਿਨ ਵਿਚ ਪਾਉਣ ਲਈ ਰੱਖ ਲਈਆਂ। ਅਚਾਨਕ ਅਮਰੀਕ ਦੇ ਮਨ 'ਚ ਇਕ ਫੁਰਨਾ ਫੁਰਿਆ,
'ਯਾਰ ਜਗਜੀਤ! ਕਿਉਂ ਨਾ ਆਪਾਂ ਇਹ ਗਿਟਕਾਂ ਘਰ ਜਾਂਦਿਆਂ ਸੜਕ ਦੇ ਨਾਲ-ਨਾਲ ਸੁੱਟ ਦੇਈਏ?'
'ਹਾਂ ਬਈ ਹਾਂ! ਇਹ ਤਾਂ ਬੜੀ ਚੰਗੀ ਗੱਲ ਆ, ਥੋੜ੍ਹੇ ਸਾਲਾਂ ਪਿੱਛੋਂ ਜਦੋਂ ਆੜੂ ਦੇ ਬੂਟਿਆਂ ਵੱਡੇ ਹੋ ਜਾਣਾ ਤਾਂ ਆਪਾਂ ਸਕੂਲੋਂ ਜਾਂਦਿਆਂ, ਤੂਤੀਆਂ ਦੇ ਨਾਲ-ਨਾਲ ਆੜੂ ਵੀ ਖਾ ਲਿਆ ਕਰਾਂਗੇ। ' ਜਗਜੀਤ ਨੇ ਖ਼ੁਸ਼ ਹੁੰਦਿਆਂ ਅਮਰੀਕ ਦੀ ਗੱਲ ਨਾਲ ਸਹਿਮਤੀ ਜਤਾਈ ਤੇ ਉਸ ਲਿਫ਼ਾਫ਼ੇ ਨੂੰ ਨਾਲ ਲੈ ਆਪਣੀ ਜਮਾਤ ਵਿਚ ਆ ਗਏ।
ਜਦੋਂ ਪੂਰੀ ਛੁੱਟੀ ਹੋਈ ਤਾਂ ਦੋਵਾਂ ਦੇ ਚਿਹਰਿਆਂ ਉੱਤੇ ਵੱਖਰੀ ਹੀ ਖ਼ੁਸ਼ੀ ਸੀ। ਰਸਤੇ 'ਚ ਆਉਂਦਿਆਂ ਉਨ੍ਹਾਂ, ਉਹ ਸਾਰੀਆਂ ਗਿਟਕਾਂ ਸੜਕ ਦੇ ਨਾਲ-ਨਾਲ ਖਿਲਾਰ ਦਿੱਤੀਆਂ। ਅੱਗੇ ਇਕ ਬੰਦਾ ਆਪਣੇ ਪਸ਼ੂਆਂ ਨੂੰ ਚਾਰ ਕੇ ਵਾਪਸ ਜਾ ਰਿਹਾ ਸੀ। ਉਨਾਂ ਪਸ਼ੂਆਂ ਨੂੰ ਸੜਕ ਕਿਨਾਰੇ ਇੱਧਰ ਉੱਧਰ ਮੂੰਹ ਮਾਰਦਿਆਂ ਵੇਖ ਅਮਰੀਕ ਉਦਾਸ ਹੋ ਆਪਣੇ ਮਿੱਤਰ ਨੂੰ ਕਹਿਣ ਲੱਗਾ,
'ਭਰਾਵਾ! ਅਸੀਂ ਗਿਟਕਾਂ ਖਿਲਾਰ ਤਾਂ ਦਿੱਤੀਆਂ ਪਰ ਮੈਨੂੰ ਲੱਗਦਾ ਇਨ੍ਹਾਂ ਪਸ਼ੂਆਂ ਨੇ ਇੱਥੇ ਬੂਟੇ ਹੋਣ ਨਹੀਂ ਦੇਣੇ। ' ਅਮਰੀਕ ਤੋਂ ਇਹ ਸੁਣ ਜਗਜੀਤ ਵੀ ਉਦਾਸ ਹੋ ਗਿਆ। ਮਾਨੋ ਉਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਕੋਈ ਜੰਮਣ ਤੋਂ ਪਹਿਲਾਂ ਹੀ ਖਾ ਗਿਆ ਹੋਵੇ। ਮਨ 'ਚ ਉੱਥਲ-ਪੁੱਥਲ ਕਰਦਿਆਂ ਉਹ ਅੱਗੇ ਰਸਤੇ 'ਚ ਪੈਂਦੀ ਇਕ ਖੂਹੀ ਕਿਨਾਰੇ ਪੁੱਜ ਗਏ। ਸਾਰੇ ਇਸ ਖੂਹੀ ਨੂੰ ਰਿਖੀ ਦੀ ਖੂਹੀ ਆਖਦੇ ਸਨ ਜੋ ਕਿਸੇ ਭਲੇ ਵੇਲੇ, ਰਿਖੀ ਨਾਂਅ ਦੇ ਵਿਅਕਤੀ ਨੇ ਆਉਂਦੇ ਜਾਂਦੇ ਰਾਹੀਆਂ ਦੇ ਲਈ ਲਗਵਾਈ ਸੀ। ਉੱਥੇ ਕਿੱਕਰ ਦਾ ਇਕ ਬੜਾ ਵੱਡਾ ਰੁੱਖ ਵੀ ਸੀ। ਦੋਵੇਂ ਦੋਸਤ ਕੁਝ ਚਿਰ, ਦਮ ਲੈਣ ਲਈ, ਉਸ ਰੁੱਖ ਹੇਠ ਜਾ ਖੜ੍ਹੇ। ਉਸ ਸਮੇਂ ਕਿੰਨੇ ਹੀ ਪੰਛੀ ਉਸ ਕਿੱਕਰ 'ਤੇ ਬੈਠੇ ਆਰਾਮ ਕਰ ਰਹੇ ਸਨ। ਇਹ ਵੇਖ ਉਨ੍ਹਾਂ ਨੂੰ ਕਿੱਕਰ ਵੀ ਆਪਣੇ ਸਕੂਲ ਦੀਆਂ ਬੋਹੜਾਂ ਵਰਗੀ ਹੀ ਜਾਪੀ। ਉਸ ਕਿੱਕਰ ਦੇ ਰੁੱਖ ਦੀ ਠੰਢੀ ਛਾਂ ਅਤੇ ਤਿੱਖੀਆਂ ਸੂਲ਼ਾਂ ਵੱਲ ਵੇਖ ਅਮਰੀਕ ਇਕਦਮ ਖ਼ੁਸ਼ ਹੁੰਦਿਆਂ ਬੋਲਿਆ, 'ਜਗਜੀਤ! ਬਈ ਛਾਂ ਲਈ ਤਾਂ ਕਿੱਕਰ ਦੇ ਰੁੱਖ ਵੀ ਬੜੇ ਚੰਗੇ। ਨਾਲੇ ਇਸ ਦੇ ਨਿੱਕੇ ਬੂਟੇ ਵੀ ਨਹੀਂ ਖਾ ਹੋਣੇ, ਪਸ਼ੂਆਂ ਤੋਂ। ਕਿਉਂ ਨਾ ਲੱਗਦੇ ਹੱਥ ਇਹਦੇ ਤੁੱਕੇ ਵੀ ਸੜਕ ਕਿਨਾਰੇ ਸੁੱਟ ਜਾਈਏ? '
ਜਗਜੀਤ ਆਪਣੇ ਦੋਸਤ ਦੀ ਇਸ ਸਿਆਣਪ 'ਤੇ ਬਹੁਤ ਖ਼ੁਸ਼ ਹੋਇਆ। ਉਨ੍ਹਾਂ ਕਿੱਕਰ ਹੇਠੋਂ ਬੀਜਾਂ ਨਾਲ ਭਰੇ ਤੁੱਕੇ ਚੁਗ ਉਹੀ ਲਿਫ਼ਾਫ਼ਾ ਫਿਰ ਤੋਂ ਭਰ ਲਿਆ ਤੇ ਘਰ ਵੱਲ ਚੱਲ ਪਏ।
ਜਾਂਦੇ-ਜਾਂਦੇ ਉਹ ਬੜੇ ਚਾਅ ਉਨ੍ਹਾਂ ਤੁੱਕਿਆਂ ਨੂੰ ਇਕ ਇਕ ਕਰਕੇ ਸੜਕ ਦੇ ਨਾਲ-ਨਾਲ ਖਿਲਾਰਨ ਲੱਗੇ। ਅੱਗੇ ਸੜਕ ਤੋਂ ਹਟਵੇਂ ਇਕ ਦੇਸੀ ਅੰਬ ਦੀਆਂ ਅੰਬੀਆਂ ਵੱਲ ਝਾਕਦਾ ਜਗਜੀਤ
ਅਮਰੀਕ ਨੂੰ ਕਹਿਣ ਲੱਗਾ, 'ਬਰਸਾਤ ਨੂੰ ਜਦੋਂ ਅੰਬ ਪੱਕਣੇ ਤਾਂ ਅਸੀਂ ਅੰਬ ਚੂਪ ਉਨ੍ਹਾਂ ਦੀਆਂ ਗੁਟੀਆਂ ਵੀ ਇਵੇਂ ਹੀ ਬੀਜ ਦਿਆ ਕਰਾਂਗੇ। '
ਹਾਂ! ਹਾਂ! ਜਾਮਣਾਂ ਦੀਆਂ ਗਿਟਕਾਂ ਵੀ। ਹੱਸਦਿਆਂ ਅਮਰੀਕ ਨੇ ਹੁੰਗਾਰਾ ਭਰਿਆ।
ਆਪਣੇ ਇਸ ਨਵੇਂ ਉਪਰਾਲੇ ਤੋਂ ਉਹ ਦੋਵੇਂ ਬਹੁਤ ਹੀ ਉਤਸ਼ਾਹਿਤ ਸਨ। ਤੁੱਕਿਆਂ ਦਾ ਕੰਮ ਮੁਕਾ, ਉਹ ਕਦਮ ਤਾਲ ਮਿਲਾਉਂਦੇ ਇੰਜ ਚੱਲ ਰਹੇ ਸਨ ਜਿਵੇਂ ਕੋਈ ਛਾਵਾਂ ਦਾ ਰਾਖਾ ਜਾ ਰਿਹਾ ਹੋਵੇ।

-ਬਗੀਚੀ ਮੁਹੱਲਾ, ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ।

Ad Position 22
No active advertisement
ਪਿਛਲੀ ਖ਼ਬਰ ਕਿਹੜੀ ਟੀਮ ਨੇ ਸਾਰੇ ਫੁੱਟਬਾਲ ਵਿਸ਼ਵ ਕੱਪਾਂ ਵਿਚ ਹਿੱਸਾ ਲਿਆ ਹੈ? ਅਗਲੀ ਖ਼ਬਰ ਸਿੱਖਾਂ ਦੇ ਹਾਜ਼ਰ ਨਾਜ਼ਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Ad Position 24
No active advertisement