'ਦੀਦੀ, ਅੱਜਕਲ੍ਹ ਫੀਫਾ ਫੁੱਟਬਾਲ ਕੱਪ ਖੇਡਿਆ ਜਾ ਰਿਹਾ ਹੈ?
'ਹਾਂ, ਮੈਕਸੀਕੋ, ਅਮਰੀਕਾ ਅਤੇ ਕੈਨੇਡਾ ਵਿਚ।'
'ਹੁਣ ਤੱਕ ਫੁੱਟਬਾਲ ਵਿਸ਼ਵ ਕੱਪ ਦੇ ਕਿੰਨੇ ਮੁਕਾਬਲੇ ਹੋਏ ਹੋਣਗੇ?'
'1930 ਤੋਂ ਆਰੰਭ ਹੋਏ ਵਿਸ਼ਵ ਕੱਪ ਦਾ ਇਹ 23ਵਾਂ ਆਯੋਜਨ ਹੈ। ਵਿਸ਼ਵ ਕੱਪ ਹਰ ਚਾਰ ਸਾਲ ਬਾਅਦ ਕਰਵਾਇਆ ਜਾਂਦਾ ਹੈ ਅਤੇ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਇਹ ਸੰਨ 1942 ਅਤੇ 1948 ਵਿਚ ਦੋ ਵਾਰ ਨਹੀਂ ਸੀ ਖੇਡਿਆ ਜਾ ਸਕਿਆ।
'ਵਿਸ਼ਵ ਕੱਪ ਖੇਡਣ ਲਈ ਤਾਂ ਕੁਆਲੀਫਾਈ ਕਰਨਾ ਪੈਂਦਾ ਹੈ। ਕੀ ਕੋਈ ਅਜਿਹੀ ਟੀਮ ਵੀ ਹੈ ਜਿਸ ਨੇ ਸਾਰੇ ਵਿਸ਼ਵ ਕੱਪਾਂ ਵਿਚ ਹਿੱਸਾ ਲਿਆ ਹੋਵੇ?'
'ਹਾਂ, ਬ੍ਰਾਜ਼ੀਲ ਨੇ ਸਾਰੇ ਦੇ ਸਾਰੇ 23 ਮੁਕਾਬਲਿਆਂ ਵਿਚ ਹਿੱਸਾ ਲਿਆ ਹੈ। ਇਸ ਤੋਂ ਬਾਅਦ ਜਰਮਨੀ ਨੇ 21, ਅਰਜਨਟਾਈਨਾ ਨੇ 19 ਅਤੇ ਇਟਲੀ ਅਤੇ ਮੈਕਸੀਕੋ ਨੇ 18 ਵਾਰ ਹਿੱਸਾ ਲਿਆ ਹੈ। ਉਂਜ ਵਿਸ਼ਵ ਕੱਪ 'ਚ ਹੁਣ ਤੱਕ 48 ਰਾਸ਼ਟਰੀ ਟੀਮਾਂ ਖੇਡੀਆਂ ਹਨ।'
'ਇਨ੍ਹਾਂ ਵਿਚੋਂ ਕਿੰਨੀਆਂ ਟੀਮਾਂ ਨੇ ਵਿਸ਼ਵ ਕੱਪ ਜਿੱਤਿਆ ਹੈ?'
'ਸਿਰਫ਼ ਅੱਠ ਟੀਮਾਂ ਨੇ। ਪਹਿਲਾ ਵਿਸ਼ਵ ਕੱਪ 1930 ਵਿਚ ਉਰੁਗੁਏ ਨੇ ਜਿੱਤਿਆ ਸੀ ਅਤੇ ਮੌਜੂਦਾ ਚੈਂਪੀਅਨ ਅਰਜਨਟਾਈਨਾ ਹੈ।'
'ਜੇਤੂ ਰਹੀਆਂ ਅੱਠ ਟੀਮਾਂ ਕਿਹੜੀਆਂ ਹਨ?'
'ਉਰੂਗੁਏ, ਇਟਲੀ, ਪੱਛਮੀ ਜਰਮਨੀ, ਬ੍ਰਾਜ਼ੀਲ, ਇੰਗਲੈਂਡ, ਅਰਜਨਟਾਈਨਾ, ਫਰਾਂਸ ਅਤੇ ਸਪੇਨ।'
'ਜੇਤੂਆਂ ਵਿਚੋਂ ਸਭ ਤੋਂ ਜ਼ਿਆਦਾ ਸਫ਼ਲ ਕੌਣ ਰਿਹਾ ਹੈ?'
'ਬ੍ਰਾਜ਼ੀਲ, ਜਿਸ ਨੇ ਇਹ ਕੱਪ ਪੰਜ ਵਾਰੀ ਜਿੱਤਿਆ ਹੈ?'
'ਕੀ ਕੋਈ ਅਜਿਹੀ ਟੀਮ ਵੀ ਹੈ ਜੋ ਫਾਈਨਲ ਵਿਚ ਤਾਂ ਪਹੁੰਚੀ ਹੋਵੇ, ਪਰ ਉਸ ਨੇ ਟਰਾਫੀ ਕਦੀ ਨਾ ਚੁੱਕੀ ਹੋਵੇ?'
'ਅਜਿਹੀਆਂ ਪੰਜ ਟੀਮਾਂ ਹਨ, ਜਦੋਂ ਕਿ 12 ਟੀਮਾਂ ਸੈਮੀਫਾਈਨਲ ਵਿਚ ਪਹੁੰਚੀਆਂ ਪਰ ਕਦੀ ਵੀ ਉਹ ਉਸ ਤੋਂ ਅੱਗੇ ਨਹੀਂ ਜਾ ਸਕੀਆਂ।'
'ਇਹ ਪੰਜ ਟੀਮਾਂ ਕਿਹੜੀਆਂ ਸਨ?'
'ਨੀਦਰਲੈਂਡਜ਼ ਤਿੰਨ ਵਾਰ ਰਨਰ-ਅਪ ਰਹੀ, ਚੈੱਕ ਰਿਪਬਿਲਕ ਦੋ ਵਾਰ, ਹੰਗਰੀ ਦੋ ਵਾਰ, ਕ੍ਰੋਏਸ਼ੀਆ ਅਤੇ ਸਵੀਡਨ ਇਕ-ਇਕ ਵਾਰ।'
'ਕੀ ਕਿਸੇ ਟੀਮ ਨੇ ਲਗਾਤਾਰ ਦੋ ਵਾਰ ਵਿਸ਼ਵ ਕੱਪ ਜਿੱਤਿਆ ਹੈ?'
'ਹਾਂ, ਇਟਲੀ ਨੇ 1934 ਅਤੇ 1938 ਵਿਚ ਅਤੇ ਬ੍ਰਾਜ਼ੀਲ ਨੇ 1958 ਅਤੇ 1962 ਵਿਚ। ਦਿਲਚਸਪ ਗੱਲ ਇਹ ਹੈ ਕਿ ਇਟਲੀ ਨੂੰ 1938 ਵਿਚ ਖ਼ਿਤਾਬ ਜਿੱਤਣ ਤੋਂ ਬਾਅਦ ਅਗਲੀ ਟਰਾਫੀ ਜਿੱਤਣ ਲਈ 44 ਸਾਲ ਦਾ ਇੰਤਜ਼ਾਰ ਕਰਨਾ ਪਿਆ, ਭਾਵ ਉਹ ਫਿਰ 1982 ਵਿਚ ਚੈਂਪੀਅਨ ਬਣੀ।
ਕਿਹੜੀ ਟੀਮ ਨੇ ਸਾਰੇ ਫੁੱਟਬਾਲ ਵਿਸ਼ਵ ਕੱਪਾਂ ਵਿਚ ਹਿੱਸਾ ਲਿਆ ਹੈ?
ਅਜੀਤ ਡੈਸਕ
27-06-2026