28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪਰਿਵਰਤਨ

Ad Position 21
No active advertisement
ਅਜੀਤ ਡੈਸਕ 04-01-2026

ਇਕ ਰਾਜਾ ਆਪਣੀ ਪਰਜਾ ਦਾ ਬਹੁਤ ਧਿਆਨ ਰੱਖਦਾ ਸੀ। ਰਾਜ ਵਿਚ ਅਚਾਨਕ ਚੋਰੀ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ। ਕੋਸ਼ਿਸ਼ਾਂ ਕਰਨ ਤੋਂ ਵੀ ਚੋਰ ਫੜਿਆ ਨਾ ਗਿਆ। ਹਾਰ ਕੇ ਰਾਜੇ ਨੇ ਮੁਨਾਦੀ ਕਰਵਾਈ ਕਿ ਜੋ ਚੋਰੀ ਕਰਦਾ ਫੜਿਆ ਜਾਵੇਗਾ, ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਸਾਰੀਆਂ ਥਾਵਾਂ 'ਤੇ ਸਿਪਾਹੀ ਤਾਇਨਾਤ ਕਰ ਦਿੱਤੇ ਗਏ। ਘੋਸ਼ਣਾ ਪਿਛੋਂ ਤਿੰਨ-ਚਾਰ ਦਿਨਾਂ ਤੱਕ ਚੋਰੀ ਦੀ ਕੋਈ ਸ਼ਿਕਾਇਤ ਨਾ ਆਈ।
ਉਸ ਰਾਜ ਵਿਚ ਇਕ ਚੋਰ ਸੀ, ਜਿਸ ਨੂੰ ਚੋਰੀ ਤੋਂ ਬਿਨਾਂ ਕੰਮ ਆਉਂਦਾ ਹੀ ਨਹੀਂ ਸੀ। ਉਹਨੇ ਸੋਚਿਆ, 'ਮੇਰਾ ਤਾਂ ਕੰਮ ਹੀ ਚੋਰੀ ਕਰਨਾ ਹੈ। ਜੇ ਮੈਂ ਇਉਂ ਹੀ ਡਰਦਾ ਰਿਹਾ ਤਾਂ ਭੁੱਖਾ ਮਰ ਜਾਵਾਂਗਾ। ਚੋਰੀ ਕਰਦਾ ਫੜਿਆ ਗਿਆ ਤਾਂ ਵੀ ਮਰਾਂਗਾ। ਭੁੱਖੇ ਮਰਨ ਨਾਲੋਂ ਤਾਂ ਚੰਗਾ ਹੈ ਕਿ ਚੋਰੀ ਕੀਤੀ ਜਾਵੇ।'
ਉਹ ਉਸ ਰਾਤ ਨੂੰ ਇਕ ਘਰ ਚੋਰੀ ਕਰਨ ਗਿਆ। ਘਰ ਦੇ ਲੋਕ ਜਾਗ ਪਏ। ਲੋਕ ਰੌਲਾ ਪਾਉਣ ਲੱਗੇ ਤਾਂ ਚੋਰ ਦੌੜਿਆ। ਪਹਿਰੇ 'ਤੇ ਤਾਇਨਾਤ ਸਿਪਾਹੀਆਂ ਨੇ ਉਹਦਾ ਪਿੱਛਾ ਕੀਤਾ। ਚੋਰ ਜਾਨ ਬਚਾਉਣ ਲਈ ਸ਼ਹਿਰ ਤੋਂ ਬਾਹਰ ਨੂੰ ਭੱਜਿਆ। ਉਹਨੇ ਮੁੜ ਕੇ ਵੇਖਿਆ ਤਾਂ ਬਹੁਤ ਸਾਰੇ ਸਿਪਾਹੀ ਉਹਦਾ ਪਿੱਛਾ ਕਰ ਰਹੇ ਸਨ। ਉਹਨੇ ਸੋਚਿਆ, 'ਇਨ੍ਹਾਂ ਸਾਰਿਆਂ ਨੂੰ ਧੋਖਾ ਦੇ ਕੇ ਭੱਜਣਾ ਸੰਭਵ ਨਹੀਂ ਹੈ। ਭੱਜਣ ਨਾਲ ਤਾਂ ਜਾਨ ਨਹੀਂ ਬਚੇਗੀ, ਕੋਈ ਤਰਕੀਬ ਸੋਚਣੀ ਪਵੇਗੀ।' ਉਹ ਸ਼ਹਿਰੋਂ ਬਾਹਰ ਇਕ ਨਦੀ ਦੇ ਕਿਨਾਰੇ ਪੁੱਜਾ। ਸਾਰੇ ਕੱਪੜੇ ਲਾਹ ਕੇ ਨਦੀ ਵਿਚ ਸੁੱਟ ਦਿੱਤੇ ਅਤੇ ਹਨੇਰੇ ਦਾ ਫਾਇਦਾ ਉਠਾ ਕੇ ਇਕ ਬੋਹੜ ਦੇ ਰੁੱਖ ਹੇਠਾਂ ਜਾ ਬੈਠਾ। ਬੋਹੜ ਉਤੇ ਬਗਲਿਆਂ ਦਾ ਰੈਣ-ਬਸੇਰਾ ਸੀ। ਬੋਹੜ ਦੀਆਂ ਜੜ੍ਹਾਂ ਕੋਲ ਹੀ ਬਗਲਿਆਂ ਦੀਆਂ ਬਿੱਠਾਂ ਪਈਆਂ ਸਨ। ਉਹਨੇ ਬਿੱਠ ਚੁੱਕ ਕੇ ਉਹਦਾ ਤਿਲਕ ਲਾ ਲਿਆ ਅਤੇ ਅੱਖਾਂ ਮੀਚ ਕੇ ਇਉਂ ਸਾਂਗ ਕਰਨ ਲੱਗਿਆ ਜਿਵੇਂ ਭਗਤੀ ਵਿਚ ਮਸਤ ਹੋਵੇ।
ਲੱਭਦੇ-ਲੱਭਦੇ ਕੁਝ ਚਿਰ ਪਿੱਛੋਂ ਸਿਪਾਹੀ ਵੀ ਉਥੇ ਆ ਗਏ। ਚੋਰ ਕਿਤੇ ਨਾ ਦਿਸਿਆ। ਦਿਨ ਦੇ ਚਾਨਣ ਵਿਚ ਉਨ੍ਹਾਂ ਦੀ ਨਜ਼ਰ ਬਾਬਾ ਬਣੇ ਚੋਰ 'ਤੇ ਪਈ। ਸਿਪਾਹੀਆਂ ਨੇ ਪੁਛਿਆ, 'ਬਾਬਾ, ਏਧਰ ਕਿਸੇ ਨੂੰ ਆਉਂਦੇ ਦੇਖਿਆ ਹੈ?' ਪਰ ਢੋਂਗੀ ਬਾਬਾ ਤਾਂ ਸਮਾਧੀ ਲਾਈ ਬੈਠਾ ਸੀ। ਉਹ ਜਾਣਦਾ ਸੀ ਕਿ ਜੇ ਬੋਲਾਂਗਾ ਤਾਂ ਫੜਿਆ ਜਾਵਾਂਗਾ। ਸੋ, ਮੋਨੀ ਬਾਬਾ ਬਣ ਗਿਆ ਅਤੇ ਸਮਾਧੀ ਦਾ ਸਾਂਗ ਕਰਦਾ ਰਿਹਾ। ਸਿਪਾਹੀਆਂ ਨੂੰ ਸ਼ੱਕ ਤਾਂ ਹੋਇਆ ਪਰ ਕੀ ਕਰਦੇ। ਕਿਤੇ ਸੱਚੀਂ ਹੀ ਸੰਤ ਨਿਕਲਿਆ ਤਾਂ...। ਆਖਰ ਉਨ੍ਹਾਂ ਨੇ ਛੁਪ ਕੇ ਉਸ 'ਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਇਹ ਗੱਲ ਚੋਰ ਵੀ ਭਾਂਪ ਗਿਆ। ਜਾਨ ਬਚਾਉਣ ਲਈ ਉਹ ਵੀ ਚੁੱਪ-ਚਾਪ ਬੈਠਾ ਰਿਹਾ। ਇਕ ਦਿਨ, ਦੋ ਦਿਨ, ਤਿੰਨ ਦਿਨ ਬੀਤ ਗਏ। ਬਾਬਾ ਬੈਠਾ ਰਿਹਾ। ਸ਼ਹਿਰ ਵਿਚ ਚਰਚਾ ਸ਼ੁਰੂ ਹੋ ਗਈ ਕਿ ਕੋਈ ਸਿੱਧ ਬਾਬਾ ਪਤਾ ਨਹੀਂ ਕਿੰਨੇ ਦਿਨਾਂ ਤੋਂ ਬਿਨਾਂ ਖਾਧੇ-ਪੀਤੇ ਸਮਾਧੀ ਲਾਈ ਬੈਠੇ ਹਨ। ਸਿਪਾਹੀਆਂ ਨੂੰ ਤਾਂ ਉਨ੍ਹਾਂ ਦੇ ਅਚਾਨਕ ਦਰਸ਼ਨ ਹੋਏ ਹਨ। ਸ਼ਹਿਰ ਤੋਂ ਲੋਕ ਉਸ ਬਾਬੇ ਦੇ ਦਰਸ਼ਨਾਂ ਨੂੰ ਆਉਣ ਲੱਗੇ। ਭਗਤਾਂ ਦੀ ਕਾਫੀ ਭੀੜ ਲੱਗਣ ਲੱਗੀ। ਰਾਜੇ ਕੋਲ ਵੀ ਇਹ ਗੱਲ ਪਹੁੰਚ ਗਈ। ਰਾਜਾ ਆਪ ਦਰਸ਼ਨਾਂ ਲਈ ਆਇਆ। ਰਾਜੇ ਨੇ ਬੇਨਤੀ ਕੀਤੀ ਕਿ ਤੁਸੀਂ ਸ਼ਹਿਰ ਵਿਚ ਪਧਾਰੋ ਅਤੇ ਸਾਨੂੰ ਸੇਵਾ ਦਾ ਮੌਕਾ ਦਿਓ।
ਚੋਰ ਨੇ ਸੋਚਿਆ ਕਿ ਬਚਣ ਦਾ ਇਹੋ ਤਰੀਕਾ ਹੈ। ਉਹ ਸਰਕਾਰੀ ਮਹਿਮਾਨ ਬਣਨ ਲਈ ਤਿਆਰ ਹੋ ਗਿਆ। ਸਾਰੇ ਲੋਕ ਜੈ-ਜੈ ਕਾਰ ਕਰਦੇ ਹੋਏ ਸ਼ਹਿਰ ਵਿਚ ਲਿਜਾ ਕੇ ਉਹਦੇ ਸੇਵਾ-ਸਤਿਕਾਰ ਵਿਚ ਜੁਟ ਗਏ। ਲੋਕਾਂ ਦਾ ਪਿਆਰ ਅਤੇ ਸ਼ਰਧਾ ਵੇਖ ਕੇ ਢੋਂਗੀ ਦਾ ਮਨ ਬਦਲ ਗਿਆ। ਉਹਨੂੰ ਮਹਿਸੂਸ ਹੋਇਆ ਕਿ ਜੇ ਨਕਲੀ ਸੰਤ ਬਣ ਕੇ ਏਨਾ ਮਾਣ-ਸਨਮਾਨ ਮਿਲ ਰਿਹਾ ਹੈ ਤਾਂ ਅਸਲੀ ਸੰਤ ਬਣ ਕੇ ਕਿੰਨਾ ਸਨਮਾਨ ਮਿਲੇਗਾ। ਹੁਣ ਉਹਦਾ ਮਨ ਪੂਰੀ ਤਰ੍ਹਾਂ ਬਦਲ ਗਿਆ ਅਤੇ ਚੋਰੀ ਦਾ ਧੰਦਾ ਛੱਡ ਕੇ ਸੰਨਿਆਸੀ ਬਣ ਗਿਆ।

-ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ)
ਮੋਬਾਈਲ : 94176-92015

Ad Position 22
No active advertisement
ਪਿਛਲੀ ਖ਼ਬਰ ਸ਼ੋਰ ਵਿਚ ਗੁਆਚ ਰਹੀਆਂ ਖੁਸ਼ੀਆਂ ਅਗਲੀ ਖ਼ਬਰ ਕਿਵੇਂ ਸੌ ਸੌ ਸਾਲ ਜਿਊਂਦੇ ਰਹਿੰਦੇ ਨੇ ਜਾਪਾਨੀ ਲੋਕ?
Ad Position 24