28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸ਼ੋਰ ਵਿਚ ਗੁਆਚ ਰਹੀਆਂ ਖੁਸ਼ੀਆਂ

Ad Position 21
No active advertisement
ਅਜੀਤ ਡੈਸਕ 04-01-2026

ਸਮਾਜ ਵਿਚ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ, ਜਿਸ ਬਾਰੇ ਹਰ ਸੂਝਵਾਨ ਇਨਸਾਨ ਨੂੰ ਸੁਚੇਤ ਹੋਣ ਦੀ ਲੋੜ ਹੈ। ਹਰ ਕੋਈ ਆਪਣੀ ਧੁਨ ਵਿਚ ਮਸਤ ਹੈ। ਪਰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵੀ ਖਿਆਲ ਵਿਚ ਰੱਖਣ ਦੀ ਲੋੜ ਹੈ। ਅਸੀਂ ਇਕ ਦੂਜੇ ਮਗਰ ਲੱਗ ਕੇ ਰਸਮਾਂ ਦੇ ਗਾਨੇ ਬੰਨ੍ਹੀ ਜਾ ਰਹੇ ਹਾਂ। ਮਸਲਨ, ਵਿਆਹਾਂ ਤੇ ਹੋਰ ਸਮਾਗਮਾਂ ਵਿਚ ਵੱਜਦੇ ਡੀ ਜੇ ਦੇ ਸ਼ੋਰ-ਸ਼ਰਾਬੇ ਤੋਂ ਹਰ ਕੋਈ ਪ੍ਰੇਸ਼ਾਨ ਤਾਂ ਹੈ, ਪਰ ਕੋਈ ਇਸ ਵਿਰੁੱਧ ਆਵਾਜ਼ ਉਠਾਉਣ ਲਈ ਤਿਆਰ ਨਹੀਂ ਹੁੰਦਾ। ਦੋ ਤਿੰਨ ਘੰਟਿਆਂ ਦਾ ਇਹ ਸਮਾਂ ਉੱਚੀ ਆਵਾਜ਼ ਵਿਚ ਵੱਜਦੇ ਡੀ ਜੇ ਦੇ ਗਾਣਿਆਂ ਨਾਲ ਅਜਿਹਾ ਮਾਹੌਲ ਸਿਰਜ ਦਿੰਦਾ ਹੈ ਕਿ ਇਹ ਸੰਗੀਤ ਖ਼ੁਸ਼ੀ ਦੇਣ ਦੀ ਥਾਂ, ਸ਼ੋਰ-ਪ੍ਰਦੂਸ਼ਣ ਦੀ ਸਿਖਰ ਹੋ ਨਿੱਬੜਦਾ ਹੈ। ਕੋਈ ਵਿਆਹ ਬਹੁਤ ਧੂਮਧਾਮ ਨਾਲ ਹੋਵੇ ਜਾਂ ਆਮ ਸਾਧਾਰਨ ਹੋਵੇ, ਡੀ ਜੇ ਸਭ ਵਿਆਹਾਂ ਵਿਚ ਹੀ ਵੱਜਣਾ ਜ਼ਰੂਰੀ ਹੋ ਗਿਆ ਹੈ।
ਆਮ ਤੌਰ 'ਤੇ ਵਿਆਹ-ਸ਼ਾਦੀ ਦੇ ਸਮਾਗਮ ਮੈਰਿਜ ਪੈਲੇਸਾਂ ਦੇ ਵੱਡੇ ਹਾਲਾਂ ਵਿਚ ਹੀ ਹੁੰਦੇ ਹਨ। ਕਈ ਵਾਰ ਖਾਣ-ਪੀਣ ਦਾ ਸਾਮਾਨ ਬਾਹਰ ਲਗਾਇਆ ਹੁੰਦਾ ਹੈ ਤੇ ਡੀ ਜੇ ਹਾਲ ਦੇ ਅੰਦਰ ਹੁੰਦਾ ਹੈ। ਅਕਸਰ ਹੀ ਇਸ ਹਾਲ ਦੇ ਅੰਦਰ ਬੈਠਣਾ, ਤੇਜ਼-ਤਰਾਰ ਤੇ ਉੱਚੇ ਸ਼ੋਰ-ਸ਼ਰਾਬੇ ਕਾਰਨ ਆਪਣੇ ਤਨ ਤੇ ਮਨ ਨੂੰ ਬੇਚੈਨ ਤੇ ਬੇਹਾਲ ਕਰਨਾ ਹੁੰਦਾ ਹੈ। ਬਹਤੇ ਲੋਕ ਇਸ ਸ਼ੋਰ-ਸ਼ਰਾਬੇ ਤੋਂ ਅੱਕੇ ਹੋਏ ਹਾਲ ਤੋਂ ਬਾਹਰ ਬੈਠਣ ਨੂੰ ਹੀ ਤਰਜੀਹ ਦਿੰਦੇ ਹਨ। ਪਰ ਇਸ ਦੇ ਬਾਵਜੂਦ ਦੋਵੇਂ ਪਾਸਿਆਂ ਦੇ ਕੁਝ ਪ੍ਰਾਹੁਣਿਆਂ ਨੂੰ ਹਾਲ ਦੇ ਅੰਦਰ ਬੈਠਣ ਲਈ ਮਜਬੂਰ ਹੋਣਾ ਪੈਂਦਾ ਹੈ।
ਤੇਜ਼ ਤਿੱਖੀ ਤੇ ਬਹੁਤ ਉੱਚੀ ਆਵਾਜ਼ ਕਾਰਨ ਕਿਸੇ ਨੂੰ ਨਾਲ ਬੈਠੇ ਦੀ ਕੋਈ ਗੱਲ ਸੁਣਾਈ ਨਹੀਂ ਦਿੰਦੀ। ਜੇ ਕਿਸੇ ਨੂੰ ਫੋਨ ਆ ਜਾਵੇ ਤਾਂ ਉਹ ਵੀ ਹਾਲ ਤੋਂ ਬਾਹਰ ਨੂੰ ਦੌੜਦਾ ਹੈ, ਤਾਂ ਕਿ ਗੱਲ ਕਰ ਸਕੇ। ਪਰ ਕਈ ਵਾਰ ਸ਼ੋਰ-ਸ਼ਰਾਬਾ ਏਨਾ ਹੁੰਦਾ ਹੈ ਕਿ ਬਾਹਰ ਵੀ ਕੁਝ ਨਹੀਂ ਸੁਣਦਾ। ਦਾਰੂ ਦੇ ਸ਼ੌਕੀਨ ਨਾਚ-ਗਾਣਿਆਂ ਦਾ ਖੂਬ ਮਜ਼ਾ ਲੈਂਦੇ ਹਨ। ਕਈ ਵਾਰ ਤਾਂ ਉਹ ਬਦੋਬਦੀ ਸਟੇਜ 'ਤੇ ਚੜ੍ਹ ਕੇ ਨਾਚੀਆਂ ਨਾਲ ਨੱਚਣ ਦੀ ਜ਼ਿੱਦ ਵੀ ਕਰਦੇ ਹਨ ਤੇ ਨੋਟ ਵੀ ਵਾਰੀ ਜਾਂਦੇ ਹਨ। ਇਹੋ ਜਿਹੇ ਮਹਿਮਾਨ ਹੀ ਡੀ ਜੇ ਵਾਲਿਆਂ ਨੂੰ ਚੰਗੇ ਲਗਦੇ ਹਨ, ਜਿਹੜੇ ਨੋਟ ਸੁੱਟੀ ਜਾਣ। ਕਈ ਵਾਰ ਦਾਰੂ ਦੀ ਲੋਰ ਵਿਚ ਆਏ ਮਹਿਮਾਨ, ਵੇਟਰਾਂ ਨੂੰ ਕੋਈ ਚੀਜ਼ ਲਿਆਉਣ ਲਈ ਕਹਿੰਦੇ ਹਨ, ਪਰ ਅੰਤਾਂ ਦੇ ਸ਼ੋਰ ਵਿਚ ਕਿਸੇ ਨੂੰ ਕੁਝ ਸੁਣਾਈ ਨਹੀਂ ਦਿੰਦਾ। ਜਦੋਂ ਲਾੜੀ-ਲਾੜਾ ਸ਼ਗਨਾਂ ਲਈ ਸਟੇਜ 'ਤੇ ਸਜਦੇ ਹਨ, ਉਦੋਂ ਤਾਂ ਇਹ ਸੰਗੀਤਕ ਸ਼ੋਰ-ਸ਼ਰਾਬਾ ਸਿਖਰਾਂ 'ਤੇ ਪਹੁੰਚ ਜਾਂਦਾ ਹੈ। ਨੱਚਣ-ਟੱਪਣ ਵਾਲਿਆਂ ਦਾ ਵੀ ਪਿੜ ਬੱਝ ਜਾਂਦਾ ਹੈ, ਤੇ ਕਈ ਵਾਰ ਚੋਂਦੇ-ਚੋਂਦੇ ਗਾਣਿਆਂ ਦੀ ਫਰਮਾਇਸ਼ ਵੀ ਕੀਤੀ ਜਾਂਦੀ ਹੈ। ਦਾਰੂ ਨੇ ਜਿਹੜਾ ਸ਼ੋਰ ਅੰਦਰ ਪਾਇਆ ਹੁੰਦਾ ਹੈ, ਉਸ ਕਾਰਨ ਹੀ ਸ਼ਾਇਦ ਉਨ੍ਹਾਂ ਨੂੰ ਬਾਹਰੀ ਸ਼ੋਰ ਦਾ ਪਤਾ ਨਹੀਂ ਲਗਦਾ।
ਉੱਚੀ ਧਮਕ ਤੇ ਆਵਾਜ਼ ਕਾਰਨ ਛੋਟੇ ਬੱਚਿਆਂ ਲਈ ਬਹੁਤੀ ਵਾਰ ਵਿਆਹ-ਸ਼ਾਦੀ ਮੁਸੀਬਤ ਬਣ ਜਾਂਦੇ ਹਨ। ਤਿੱਖੀ ਆਵਾਜ਼ ਤਾਂ ਚੰਗੇ-ਭਲੇ ਬੰਦੇ ਦੀ ਸੁਣਨ-ਸ਼ਕਤੀ ਤੋਂ ਬਰਦਾਸ਼ਤ ਨਹੀਂ ਹੁੰਦੀ, ਤਾਂ ਬੱਚਿਆਂ ਲਈ ਤਾਂ ਇਹ ਡਰਾਉਣੀ ਗੱਲ ਬਣ ਜਾਂਦੀ ਹੈ। ਮਾਵਾਂ ਅਕਸਰ ਹੀ ਰੋਂਦੇ ਬੱਚਿਆਂ ਨੂੰ ਹਾਲ ਤੋਂ ਬਾਹਰ ਲੈ ਕੇ ਭੱਜਦੀਆਂ ਹਨ। ਜੇ ਕਿਸੇ ਛੋਟੇ ਬੱਚੇ ਨੇ ਸੌਣਾ ਹੋਵੇ ਤਾਂ ਇਹ ਸੰਭਵ ਹੀ ਨਹੀਂ। ਬਿਮਾਰ ਤੇ ਹੋਰ ਬਜ਼ੁਰਗਾਂ ਲਈ ਵੀ ਏਨਾ ਸ਼ੋਰੀਲਾ ਤੇ ਦਿਲ ਦੀਆਂ ਧੜਕਣਾਂ ਵਧਾਉਣ ਵਾਲਾ ਸੰਗੀਤ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ। ਇਹ ਠੀਕ ਹੈ ਕਿ ਖ਼ੁਸ਼ੀ ਦੇ ਸਮਾਗਮਾਂ ਵਿਚ ਸੰਗੀਤ ਰੰਗ ਭਰਦਾ ਹੈ ਤੇ ਸਾਰਿਆਂ ਨੂੰ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਨ ਲਈ, ਨੱਚਣ-ਟੱਪਣ ਲਈ ਉਕਸਾਉਂਦਾ ਹੈ। ਪਰ ਅਕਸਰ ਹੀ ਵਿਆਹਾਂ-ਸ਼ਾਦੀਆਂ ਵਿਚ ਡੀ ਜੇ ਦਾ ਸ਼ੋਰ ਜਾਨ ਦਾ ਖੌਅ ਬਣ ਜਾਂਦਾ ਹੈ। ਅਸੀਂ ਸਾਰੇ ਹੀ ਇਸ ਨੂੰ ਬਰਦਾਸ਼ਤ ਕਰਨ ਲਈ ਮਜਬੂਰ ਹਾਂ। ਪਰ ਇਸ ਬੁਰਾਈ ਦਾ ਕੋਈ ਬਦਲ ਲੱਭਣ ਲਈ ਕੋਸ਼ਿਸ਼ਾਂ ਨਹੀਂ ਕੀਤੀਆਂ ਜਾ ਰਹੀਆਂ।
ਧੀਮੀ ਆਵਾਜ਼ ਵਿਚ ਹਲਕਾ ਜਿਹਾ ਸੰਗੀਤ ਵੀ ਮਨਾਂ ਨੂੰ ਧੂਅ ਪਾਉਂਦਾ ਹੈ। ਸੰਗੀਤ ਦਾ ਅਨੰਦ ਮਾਣਦਿਆਂ, ਇਕ ਦੂਜੇ ਨਾਲ ਗੱਲਾਂ-ਬਾਤਾਂ ਕਰਦਿਆਂ, ਹਾਸੇ-ਠੱਠੇ ਨਾਲ ਜਿਹੜੀ ਖ਼ੁਸ਼ੀ ਦਾ ਅਨੁਭਵ ਹੁੰਦਾ ਹੈ, ਉਹਦੀਆਂ ਕੀ ਬਾਤਾਂ ਹਨ। ਸ਼ੋਰੀਲੇ ਸੰਗੀਤ ਨਾਲ ਮਨਾਂ ਨੂੰ ਖੁਸ਼ੀ ਘੱਟ ਹੁੰਦੀ ਹੈ ਤੇ ਬੇਚੈਨੀ ਵੱਧ ਹੁੰਦੀ ਹੈ। ਬੰਦੇ ਦਾ ਮਨ ਕਰਦਾ ਹੈ ਕਿ ਉਹ ਬਾਹਰ ਦੌੜ ਜਾਵੇ। ਅਸਲ ਵਿਚ ਖੁਸ਼ੀ ਤਾਂ ਮਨ ਦੀ ਅਵਸਥਾ ਦਾ ਨਾਂਅ ਹੈ। ਇਹ ਕੇਵਲ ਚਲਾਵੇਂ ਜਿਹੇ ਗੀਤਾਂ 'ਤੇ ਨੱਚਣ-ਟੱਪਣ ਨਾਲ ਹੀ ਨਹੀਂ ਮਿਲਦੀ। ਕਈ ਅਗਾਂਹਵਧੂ ਵਿਅਕਤੀ ਇਹੋ ਜਿਹੇ ਸਮਾਗਮਾਂ ਵਿਚ ਇਨਕਲਾਬੀ ਸੰਗੀਤ ਮੰਡਲੀਆਂ ਨੂੰ ਬੁਲਾ ਕੇ ਵੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਇਹ ਅਰਥ-ਭਰਪੂਰ ਗੀਤ-ਸੰਗੀਤ ਮਨਾਂ ਨੂੰ ਖੁਸ਼ੀ ਵੀ ਦਿੰਦਾ ਹੈ ਤੇ ਸਮਾਜ ਨੂੰ ਜਾਗ੍ਰਿਤ ਹੋਣ ਦਾ ਸੁਨੇਹਾ ਵੀ ਦਿੰਦਾ ਹੈ। ਅਜੋਕੇ ਮਹਿੰਗੇ ਵਿਆਹਾਂ ਵਿਚ ਲੱਖਾਂ ਰੁਪਏ ਰੋੜ੍ਹੇ ਜਾ ਰਹੇ ਹਨ ਤੇ ਇਹ ਸਿਲਸਿਲਾ ਸਮਾਜ ਲਈ ਕਈ ਮੁਸੀਬਤਾਂ ਪੈਦਾ ਕਰ ਰਿਹਾ ਹੈ।
ਪੰਜਾਬੀ ਤਾਂ ਸੁਭਾਅ ਪੱਖੋਂ, ਪਹਿਲਾਂ ਹੀ ਉੱਚੀ ਆਵਾਜ਼ ਵਿਚ ਗੱਲਬਾਤ ਕਰਨ ਦੇ ਆਦੀ ਹਨ। ਮੈਰਿਜ ਪੈਲੇਸਾਂ ਵਿਚ ਵੱਜਦੇ ਤੇਜ਼ ਤੇ ਤਿੱਖੇ ਸੰਗੀਤ ਨੇ, ਇਨ੍ਹਾਂ ਦੀ ਆਦਤ ਨੂੰ ਹੋਰ ਪੱਕਾ ਕਰਨ ਦਾ ਕੰਮ ਕੀਤਾ ਹੈ। ਨੌਜਵਾਨ ਮੁੰਡੇ ਤਾਂ ਮੰਡੀ ਨੂੰ ਟਰੈਕਟਰ ਟਰਾਲੀ ਤੇ ਕੋਈ ਫਸਲ ਲੈ ਕੇ ਜਾਂਦੇ ਵੀ, ਟੇਪ-ਰਿਕਾਰਡ ਦੀ ਆਵਾਜ਼ ਨੂੰ ਆਮ ਤੌਰ 'ਤੇ ਫੁੱਲ ਹੀ ਰੱਖਦੇ ਹਨ। ਖੇਤਾਂ ਵਿਚ ਵਗਦੇ ਟਰੈਕਟਰ ਹੋਣ, ਸੜਕਾਂ ਤੇ ਸ਼ੂਕਦੀਆਂ ਵੱਡੀਆਂ-ਵੱਡੀਆਂ ਕਾਰਾਂ ਹੋਣ, ਟਰੱਕ ਤੇ ਹੋਰ ਗੱਡੀਆਂ ਹੋਣ ਸਭ ਵਿਚ ਉੱਚੀ ਆਵਾਜ਼ ਵੱਜਦੇ ਗਾਣਿਆਂ ਦਾ ਤਿੱਖਾ ਸ਼ੋਰ ਹੁੰਦਾ ਹੈ। ਗੱਲ ਸਿਰਫ ਇਹ ਹੈ ਕਿ ਆਪਣੇ ਸ਼ੌਕ ਨੂੰ ਤਾਂ ਪੂਰਾ ਕਰਨ ਦਾ ਹਰ ਕਿਸੇ ਨੂੰ ਹੱਕ ਹੈ, ਪਰ ਦੂਜਿਆਂ ਦੇ ਕੰਨਾਂ ਵਿਚ ਬਦੋਬਦੀ ਗਾਣਿਆਂ ਦਾ ਸ਼ੋਰੀਲਾ ਸੰਗੀਤ ਪਾਉਣਾ, ਵਾਜਬ ਨਹੀਂ ਕਿਹਾ ਜਾ ਸਕਦਾ।
ਵਿਆਹ-ਸ਼ਾਦੀਆਂ ਤੇ ਹੋਰ ਸਮਾਗਮਾਂ ਵਿਚ ਡੀ ਜੇ ਦੇ ਸ਼ੋਰ-ਸ਼ਰਾਬੇ ਦੀ ਥਾਂ, ਧੀਮੀ ਆਵਾਜ਼ ਵਿਚ ਮਿਆਰੀ ਗੀਤ ਵੀ, ਖੁਸ਼ੀ ਨੂੰ ਦੂਣ-ਸਵਾਇਆ ਕਰਨ ਵਿਚ ਸਹਾਈ ਹੋ ਸਕਦੇ ਹਨ। ਗੀਤ ਤਾਂ ਉਹੀ ਹੁੰਦਾ ਹੈ, ਜਿਹੜਾ ਤੁਹਾਡੇ ਮਨ ਦੀਆਂ ਤਰਬਾਂ ਨੂੰ ਛੇੜੇ ਤੇ ਸਕੂਨ ਦੇਵੇ, ਤੇ ਜਿਸ ਨੂੰ ਵਾਰ-ਵਾਰ ਸੁਣਨ ਨੂੰ ਮਨ ਕਰੇ। ਪੈਲੇਸ ਵਿਚ ਵੱਜਦੇ ਡੀ ਜੇ ਦੇ ਗੈਰ-ਮਿਆਰੀ ਗਾਣੇ ਮਨ 'ਚ ਖੁਸ਼ੀ ਦੀ ਥਾਂ, ਉਤੇਜਨਾ ਪੈਦਾ ਕਰਦੇ ਹਨ। ਨਵੇਂ ਤੇ ਮਿਆਰੀ ਗੀਤ ਗਾਉਣ ਵਾਲਿਆਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਗੀਤਾਂ-ਗਾਣਿਆਂ ਸੰਬੰਧੀ ਵੀ ਇਹ ਸ਼ਰਤ ਲਾਈ ਜਾਵੇ ਕਿ ਸੱਭਿਆਚਾਰਕ ਤੇ ਮਿਆਰੀ ਗੀਤ ਹੀ ਗਾਏ ਜਾਣ। ਸਟੇਜ ਉੱਤੇ ਪੇਸ਼ਕਾਰੀ ਕਰਦੇ ਗਾਇਕ, ਬਹੁਤੀਆਂ ਟਪੂਸੀਆਂ ਮਾਰਨ ਦੀ ਥਾਂ ਜੇ ਬੈਠ ਕੇ ਸਹਿਜਤਾ ਦਾ ਪ੍ਰਗਟਾਵਾ ਕਰਨ ਤਾਂ, ਹਰ ਕੋਈ ਇਸ ਦਾ ਅਨੰਦ ਮਾਣ ਸਕਦਾ ਹੈ। ਬਿਨਾਂ ਸ਼ੱਕ, ਗੀਤਾਂ ਵਿਚ ਸੰਗੀਤ ਦਾ ਬਹੁਤ ਮਹੱਤਵ ਹੁੰਦਾ ਹੈ, ਪਰ ਅਕਸਰ ਹੀ ਤੇਜ਼-ਤਰਾਰ ਸੰਗੀਤ ਦੇ ਸ਼ੋਰ ਵਿਚ, ਕਈ ਵਾਰ ਬੋਲ ਗੁਆਚ ਜਾਂਦੇ ਹਨ। ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ। ਤਿੱਖੇ ਸ਼ੋਰ ਕਾਰਨ ਮਨ ਅਵਾਜ਼ਾਰ ਹੋ ਜਾਂਦਾ ਹੈ, ਤੇ ਮਨ ਕਰਦਾ ਹੈ ਕਿ ਇੱਥੋਂ ਦੌੜ ਜਾਈਏ।
ਸਮੁੱਚੇ ਸਮਾਜ ਨੂੰ ਹੀ ਇਸ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਇਹ ਸ਼ੋਰ-ਸ਼ਰਾਬਾ ਹੁਣ ਸਹਿਣਯੋਗ ਨਹੀਂ ਰਿਹਾ ਤੇ ਹਰ ਕੋਈ ਇਸ ਤੋਂ ਔਖਾ ਵੀ ਹੈ। ਇਸ ਦਾ ਕੋਈ ਬਦਲ ਤਲਾਸ਼ਣ ਦੀ ਲੋੜ ਹੈ, ਤਾਂ ਕਿ ਲੋਕ ਬੇਲੋੜੀ ਉਤੇਜਨਾ ਤੇ ਬੋਲੇ ਹੋਣ ਤੋਂ ਬਚ ਸਕਣ।

-ਸੰਪਰਕ-9815356086

Ad Position 22
No active advertisement
ਪਿਛਲੀ ਖ਼ਬਰ ਵਕਤ ਸਿਖਾਉਂਦਾ ਹੈ ਅਗਲੀ ਖ਼ਬਰ ਪਰਿਵਰਤਨ
Ad Position 24