28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਵਕਤ ਸਿਖਾਉਂਦਾ ਹੈ

Ad Position 21
No active advertisement
ਅਜੀਤ ਡੈਸਕ 04-01-2026

ਵਕਤ ਮਤਲਬ ਸਮਾਂ। ਜੋ ਇਨਸਾਨ ਨੂੰ ਬਹੁਤ ਕੁਝ ਸਿਖਾਉਂਦਾ ਹੈ। ਵਕਤ ਸਭ ਤੋ ਵੱਡਾ ਟੀਚਰ ਹੈ। ਜੋ ਗੱਲ ਵਕਤ ਸਿਖਾਉਂਦਾ ਹੈ। ਉਹ ਹੋਰ ਕੋਈ ਨਹੀਂ ਸਿਖਾਅ ਸਕਦਾ। ਕੌਣ ਤੁਹਾਡਾ ਹੈ? ਕੌਣ ਪਰਾਇਆ ਹੈ? ਵਕਤ ਸਭ ਦੱਸ ਦਿੰਦਾ ਹੈ। ਵਕਤ ਚੰਗਾ ਹੋਵੇ ਜਾਂ ਮਾੜਾ, ਲੰਘ ਜਾਣਾ ਹੁੰਦਾ ਹੈ। ਬੇਸ਼ੱਕ ਹਰ ਕਿਸੇ ਨੂੰ ਇੰਝ ਲਗਦਾ ਹੁੰਦਾ ਹੈ ਕਿ ਮਾੜਾ ਵਕਤ ਲੰਘਣਾ ਨਹੀਂ। ਪਰ ਅਜਿਹਾ ਨਹੀਂ। ਨਾ ਚੰਗਾ ਵਕਤ ਟਿਕਦਾ ਹੈ ਤੇ ਨਾ ਕਦੇ ਮਾੜਾ ਵਕਤ ਟਿਕਦਾ ਹੈ। ਕੁਦਰਤ ਦਾ ਨਿਯਮ ਹੈ ਕਿ ਜੋ ਸੂਰਜ ਚੜ੍ਹਿਆ ਹੈ, ਉਸ ਨੇ ਡੁੱਬਣਾ ਹੀ ਹੁੰਦਾ ਹੈ। ਦਿਨ ਮਗਰੋਂ ਰਾਤ ਅਤੇ ਰਾਤ ਮਗਰੋਂ ਦਿਨ ਚੜ੍ਹਨਾ ਹੀ ਹੁੰਦਾ ਹੈ। ਜੇ ਇਨਸਾਨ ਦੀ ਜ਼ਿੰਦਗੀ 'ਚ ਮਾੜਾ ਵਕਤ ਆਉਂਦਾ ਹੈ ਤਾਂ ਚੰਗਾ ਵੀ ਆਉਣਾ ਹੀ ਹੈ। ਇਸ ਲਈ ਮਾੜਾ ਸਮਾ ਆਉਣ 'ਤੇ ਕਦੇ ਘਬਰਾਓ ਨਾ। ਹੌਂਸਲਾ ਰੱਖੋ। ਉਸ ਨੂੰ ਹੱਸ ਕੇ ਕੱਟੋ ਜੇ ਤੁਸੀਂ ਹੱਸ ਕੇ ਕੱਟੋਗੇ ਤਾ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਮਾੜਾ ਵਕਤ ਕਦੋਂ ਗੁਜ਼ਰ ਗਿਆ ਹੈ। ਇਨਸਾਨ ਨੂੰ ਮਾੜੇ ਸਮੇਂ 'ਚ ਬਿਲਕੁਲ ਵੀ ਡੋਲਣਾ ਨਹੀਂ ਚਾਹੀਦਾ। ਅਗਰ ਮਾੜੇ ਵਕਤ 'ਚ ਤੁਸੀਂ ਡੋਲ ਜਾਂਦੇ ਹੋ ਤਾਂ ਤੁਸੀਂ ਕਾਮਯਾਬੀ ਤੋਂ ਦੂਰ ਚਲੇ ਜਾਵੋਗੇ। ਤੁਹਾਨੂੰ ਤੁਹਾਡੀ ਮੰਜ਼ਿਲ ਹੋਰ ਦੂਰ ਲੱਗਣ ਲੱਗ ਜਾਵੇਗੀ। ਤੁਸੀਂ ਹੋਰ ਮੁਸੀਬਤਾਂ 'ਚ ਘਿਰ ਸਕਦੇ ਹੋ। ਬਾਕੀ ਚੰਗਾ ਮਾੜਾ ਵਕਤ ਹਰ ਇਨਸਾਨ ਦੀ ਜ਼ਿੰਦਗੀ 'ਚ ਆਉਂਦਾ ਜਾਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ 'ਲਾਈਫ਼ ਇਜ਼ ਏ ਸਟ੍ਰਗਲ।' ਦਲੇਰ ਇਨਸਾਨ ਮਾੜੇ ਵਕਤ ਨੂੰ ਦਲੇਰੀ ਨਾਲ ਟਪਾ ਦਿੰਦੇ ਹਨ ਜਦ ਕਿ ਕਮਜ਼ੋਰ ਇਨਸਾਨ ਰੋ ਰੋ ਕੇ ਟਪਾਉਂਦੇ ਹਨ। ਦੁੱਖ-ਸੁੱਖ ਕੁਦਰਤ ਦਾ ਨਿਯਮ ਹੈ। ਕਦੇ ਘਬਰਾਉਣਾ ਨਹੀਂ ਚਾਹੀਦਾ। ਇਹ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹਨ। ਕਹਿੰਦੇ ਇਕ ਵਾਰ ਦੀ ਗੱਲ ਹੈ। ਮੁਗ਼ਲ ਬਾਦਸ਼ਾਹ ਅਕਬਰ ਨੇ ਆਪਣੇ ਵਜ਼ੀਰ ਬੀਰਬਲ ਨੂੰ ਕਿਹਾ ਕੇ, ਬੀਰਬਲ। ਕੰਧ ਉੱਤੇ ਕੋਈ ਇਕ ਅਜਿਹੀ ਲਾਈਨ ਲਿਖ ਜਿਸ ਨੂੰ ਖੁਸ਼ੀ 'ਚ ਪੜ੍ਹੀਏ ਤਾਂ ਗ਼ਮ ਹੋਵੇ ਤੇ ਜੇ ਗ਼ਮ 'ਚ ਪੜ੍ਹੀਏ ਤਾਂ ਖ਼ੁਸ਼ੀ ਹੋਵੇ। ਕਹਿੰਦੇ ਬੀਰ ਨੇ ਲਿਖਿਆ, 'ਯਹ ਵਕਤ ਭੀ ਗੁਜ਼ਰ ਜਾਏਗਾ।' ਮਤਲਬ ਵਕਤ ਚੰਗਾ ਹੋਵੇ ਜਾਂ ਮਾੜਾ, ਉਸ ਨੇ ਗੁਜ਼ਰ ਹੀ ਜਾਣਾ ਹੈ। ਜੇ ਚੰਗਾ ਵਕਤ ਇਨਸਾਨ ਨੂੰ ਖ਼ੁਸ਼ੀ ਦਿੰਦਾ ਹੈ ਤਾਂ ਮਾੜਾ ਵਕਤ ਇਨਸਾਨ ਨੂੰ ਜ਼ਿੰਦਗੀ ਦਾ ਤਜਰਬਾ ਦਿੰਦਾ। ਉਸ ਨੂੰ ਦੱਸਦਾ ਹੈ ਕਿ ਕਿਹੜਾ ਤੇਰਾ ਆਪਣਾ ਹੈ ਤੇ ਕਿਹੜਾ ਬੇਗਾਨਾ। ਚੰਗਾ ਵਕਤ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿਹੋ ਜੇਹੇ ਹੋ ਤੇ ਮਾੜਾ ਵਕਤ ਤੁਹਾਨੂੰ ਦੱਸਦਾ ਹੈ ਕਿ ਦੁਨੀਆ ਕਿਹੋ ਜੇਹੀ ਹੈ। ਮਾੜੇ ਟਾਈਮ ਕਹਿੰਦੇ ਕਹਾਉਂਦੇ ਸੱਜਣ ਮਿੱਤਰ ਤੇ ਰਿਸ਼ਤੇਦਾਰ ਸਾਥ ਛੱਡ ਕੇ ਲਾਂਭੇ ਹੋ ਜਾਂਦੇ ਹਨ। ਬੁਰੇ ਵਕਤ 'ਚ ਤੁਹਾਨੂੰ ਪਤਾ ਲਗਦਾ ਹੈ ਕੇ ਜਿਹਦਾ ਤੁਸੀਂ ਬਹੁਤ ਕੁਝ ਕੀਤਾ, ਟਾਈਮ ਆਉਣ ਤੇ ਉਹ ਪਾਸਾ ਵੱਟ ਗਿਆ। ਮਾੜੇ ਵਕਤ ਸਾਥ ਛੱਡਣਾ ਦੁਨੀਆ ਦਾ ਦਸਤੂਰ ਹੈ। ਤਾਂ ਹੀ ਕਿਹਾ ਜਾਂਦਾ ਹੈ ਕਿ 'ਟਾਈਮ ਇਜ਼ ਏ ਗ੍ਰੇਟ ਹੈਲਰ।' ਸਮਾਂ ਏਨਾ ਮਹਾਨ ਹੈ ਕਿ ਇਹ ਇਨਸਾਨ ਨੂੰ ਇਕ ਟੀਚਰ ਵਾਂਗ ਸਿਖਾਉਂਦਾ ਹੈ। ਤੇ ਇਕ ਸਫਲ ਇਨਸਾਨ ਬਣਨ 'ਚ ਸਮੇਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਮੈਂ ਤਾਂ ਇਹ ਕਹਾਂਗਾ ਕਿ ਵਕਤ ਇਨਸਾਨ ਨੂੰ ਉਹ ਕੁਝ ਸਿਖਾਅ ਜਾਂਦਾ ਹੈ। ਜੋ ਸ਼ਾਇਦ ਇਕ ਟੀਚਰ ਵੀ ਨਾ ਸਿਖਾ ਸਕਦਾ ਹੋਵੇ। ਹਾਂ! ਇਨਸਾਨ ਨੂੰ ਵਕਤ ਨੂੰ ਚੰਗੇ ਢੰਗ ਨਾਲ ਯੂਟੀਲਾਈਜ਼ (ਇਸਤੇਮਾਲ )ਕਰਨਾ ਆਉਣਾ ਚਾਹੀਦਾ ਹੈ। ਇਨਸਾਨ ਨੂੰ ਵਕਤ ਦੀ ਕਦਰ ਕਰਨੀ ਚਾਹੀਦੀ ਹੈ। ਸਮੇ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਤੇ ਹਰ ਕੰਮ ਵਕਤ ਉੱਤੇ ਕਰਨਾ ਚਾਹੀਦਾ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ 'ਵੇਲੇ ਦੀ ਨਮਾਜ਼, ਕੁਵੇਲੇ ਦੀ ਟੱਕਰਾਂ।' ਇਸ ਵਾਸਤੇ ਹਰ ਕੰਮ ਵਕਤ 'ਤੇ ਕਰੋ। ਬੇਵਕਤਾ ਕੰਮ ਕਰੋਗੇ ਤਾਂ ਨੁਕਸਾਨ ਵੱਧ ਤੇ ਫਾਇਦਾ ਘੱਟ ਹੋਵੇਗਾ। ਜੋ ਲੋਕ ਵਕਤ ਸਿਰ ਕੰਮ ਨਹੀਂ ਕਰਦੇ ਉਹ ਪਛੜ ਜਾਂਦੇ ਹਨ। ਇਹ ਵੀ ਆਖਿਆ ਜਾਂਦਾ ਹੈ ਕਿ 'ਘੜੀ ਦਾ ਖੁੰਝਿਆ ਕੋਹਾਂ ਦੂਰ ਜਾ ਪੈਂਦਾ ਹੈ।' ਸਿਆਣੇ ਕਹਿੰਦੇ ਹਨ, ਜੋ ਇਨਸਾਨ ਵਕਤ ਦੀ ਕਦਰ ਨਹੀਂ ਕਰਦੇ, ਵਕਤ ਉਨ੍ਹਾਂ ਦੀ ਕਦਰ ਨਹੀਂ ਕਰਦਾ। ਸੋ ਜੇ ਜ਼ਿੰਦਗੀ 'ਚ ਸਫਲ ਇਨਸਾਨ ਬਣਨਾ ਹੈ ਤਾਂ ਵਕਤ ਦੀ ਕਦਰ ਕਰਨਾ ਸਿੱਖੋ। ਵਕਤ ਨੂੰ ਸੰਭਲੋ। ਜੇ ਤੁਸੀਂ ਵਕਤ ਨੂੰ ਸੰਭਾਲੋਗੇ ਤਾ ਵਕਤ ਤੁਹਾਨੂੰ ਸੰਭਾਲੇਗਾ। ਬਸ! ਇਹੀ ਜ਼ਿੰਦਗੀ ਦਾ ਨਿਯਮ ਹੈ।

-ਮੋਬਾਈਲ : 76967-54669

Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਪੇਮੈਂਟ ਅਗਲੀ ਖ਼ਬਰ ਸ਼ੋਰ ਵਿਚ ਗੁਆਚ ਰਹੀਆਂ ਖੁਸ਼ੀਆਂ
Ad Position 24