28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਆਨਲਾਈਨ ਪੇਮੈਂਟ

Ad Position 21
No active advertisement
ਅਜੀਤ ਡੈਸਕ 04-01-2026

(ਲੜੀ ਜੋੜਨ ਲਈ 21 ਦਸੰਬਰ, 2025 ਦਾ ਅੰਕ ਦੇਖੋ)
ਇਕ ਦਿਨ ਮੈਂ ਦਫ਼ਤਰੋਂ ਛੁੱਟੀ ਤੋਂ ਬਾਅਦ ਸੋਹਾਣਾ ਸਾਹਿਬ ਤੋਂ ਖਰੜ ਜਾਣ ਲਈ ਸੀ.ਟੀ.ਯੂ. ਦੀ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ। ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਵੀ ਬੱਸ ਨਾ ਆਈ ਤਾਂ ਇਕ ਆਟੋ ਮੇਰੇ ਕੋਲ ਆ ਕੇ ਰੁਕਿਆ, 'ਕਿੱਥੇ ਜਾਣਾ ਵੀਰ ਜੀ।' ਜ਼ਨਾਨਾ ਆਵਾਜ਼ ਸੁਣ ਕੇ ਮੈਂ ਇਕਦਮ ਪਿੱਛੇ ਮੁੜ ਕੇ ਦੇਖਿਆ ਤਾਂ ਮਸਾਂ 24-25 ਸਾਲ ਦੀ ਲੜਕੀ ਦੇਖੀ ਜੋ ਆਟੋ ਚਲਾ ਰਹੀ ਸੀ। ਮੈਂ ਨਾਲ ਦੀ ਨਾਲ ਕਿਹਾ, 'ਜੀ ਖਰੜ ਜਾਣਾ।'
'ਖਰੜ ਤਾਂ ਨਹੀਂ ਜਾਣਾ ਵੀਰ ਜੀ, ਲਾਂਡਰਾਂ ਜਾਣਾ ਤਾਂ ਬੈਠ ਜਾਓ, ਲਾਂਡਰਾਂ ਤੋਂ ਖਰੜ ਵਾਲੇ ਰਾਹ 'ਤੇ ਜਾਮ ਬਹੁਤ ਲੱਗਦਾ, ਮੇਰੇ ਆਟੋ ਦਾ ਇਕ ਟਾਇਰ ਵੀ ਜ਼ਰਾ ਕਮਜ਼ੋਰ ਹੈ, ਜੇਕਰ ਪੈਂਚਰ ਵਗੈਰਾ ਹੋ ਗਿਆ ਤਾਂ ਮੈਨੂੰ ਕੱਲੀ ਨੂੰ ਮੁਸ਼ਕਿਲ ਹੋ ਜਾਣੀ ਹੈ, ਉਤੋਂ ਹਨੇਰਾ ਵੀ ਹੋ ਰਿਹਾ।' ਮੈਂ ਸੋਚਿਆ ਕਿ ਹਨੇਰਾ ਤਾਂ ਹੋ ਰਿਹਾ, ਜੇਕਰ ਬੱਸ ਥੋੜ੍ਹੀ ਦੇਰ ਹੋਰ ਨਾ ਆਈ ਤਾਂ ਮੈਨੂੰ ਵੀ ਮੁਸ਼ਕਿਲ ਹੋ ਜਾਣੀ ਆ। ਸੋ ਮੈਂ ਆਟੋ ਵਿਚ ਬੈਠ ਗਿਆ। ਇਕ ਸਵਾਰੀ ਲਖਨੌਰ ਆ ਕੇ ਉੱਤਰ ਗਈ ਤੇ ਆਟੋ ਵਾਲੀ ਲੜਕੀ ਨੂੰ ਆਨਲਾਈਨ ਪੈਂਮੇਂਟ ਕਰਨ ਲਈ ਸਕੈਨਰ ਦੇਣ ਲਈ ਕਿਹਾ।
ਲੜਕੀ ਨੇ ਡਰਾਈਵਰ ਸੀਟ ਨਾਲ ਬਣਾਈ ਜੁਗਾੜੂ ਸੀਟ ਤੋਂ ਗੱਦੀ ਚੱਕੀ ਤੇ ਉਸ ਦਾ ਪੁੱਠਾ ਪਾਸਾ ਸਵਾਰੀ ਵੱਲ ਕਰ ਕੇ ਕਿਹਾ ਕਿ ਇਸ 'ਤੇ ਕਰ ਦਿਓ ਪੈਸੇ। ਮੈਂ ਇਹ ਸਭ ਦੇਖ ਕੇ ਬਹੁਤ ਹੈਰਾਨ ਹੋਇਆ ਕਿਉਂਕਿ ਆਮ ਆਟੋ ਵਾਲੇ ਸਕੈਨਰ ਸਾਹਮਣੇ ਲਗਾ ਕੇ ਰੱਖਦੇ ਹਨ, ਇਸ ਲੜਕੀ ਨੇ ਸਕੈਨਰ ਹੀ ਲੁਕੋ ਕੇ ਰੱਖਿਆ ਹੋਇਆ ਹੈ, ਮੈਥੋਂ ਪੁੱਛੇ ਬਿਨਾਂ ਨਹੀਂ ਰਿਹਾ ਗਿਆ।
'ਵੀਰ ਜੀ, ਪਹਿਲਾਂ ਮੈਂ ਵੀ ਸਕੈਨਰ ਸਾਹਮਣੇ ਲਗਾ ਕੇ ਰੱਖਦੀ ਸੀ, ਪਰ ਕਿਸੇ ਨੇ ਸਾਹਮਣੇ ਸ਼ੀਸ਼ੇ ਤੇ ਲੱਗਿਆ ਮੇਰਾ ਸਕੈਨਰ ਹੀ ਬਦਲ ਦਿੱਤਾ, ਜਦੋਂ ਤਿੰਨ-ਚਾਰ ਵਾਰ ਸਵਾਰੀਆਂ ਵੱਲੋਂ ਆਨਲਾਈਨ ਪੇਮੈਂਟ ਕਰਨ 'ਤੇ ਵੀ ਪੈਸੇ ਮੇਰੇ ਅਕਾਊਂਟ ਵਿਚ ਨਹੀਂ ਆਏ ਤਾਂ ਮੈਨੂੰ ਸ਼ੱਕ ਹੋਇਆ। ਸੋ, ਹੁਣ ਮੈਂ ਸਕੈਨਰ ਇੰਝ ਹੀ ਰੱਖਿਆ ਹੋਇਆ ਹੈ, ਬਹੁਤ ਮਾੜਾ ਟਾਈਮ ਆ ਵੀਰ ਜੀ, ਲੋਕ ਕੰਮ ਕਰਨ ਵਾਲਿਆਂ ਨੂੰ ਵੀ ਨਹੀਂ ਜਰ ਸਕਦੇ।'
ਮੈਂ ਉਸ ਦੀ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਕਿ ਏਦਾਂ ਦੇ ਵੀ ਲੋਕ ਹਨ, ਇਸ ਦੁਨੀਆ 'ਤੇ।
ਅੱਜ ਮੈਂ ਬਾਜ਼ਾਰ ਜਾਣਾ ਸੀ ਘਰ ਦਾ ਕੋਈ ਸਾਮਾਨ ਲੈਣ। ਸੋ, ਮੈਂ ਦਫ਼ਤਰੋਂ ਜਲਦੀ ਆ ਗਿਆ। ਅਕਤੂਬਰ ਵਾਲੇ ਮਹੀਨੇ ਦੇ ਪਹਿਲੇ ਹਫਤੇ ਦੇ ਦਿਨ ਸਨ, ਤਿਉਹਾਰਾਂ ਵਾਲੇ ਦਿਨਾਂ ਕਰਕੇ ਲੋਕਾਂ ਵਿਚ ਖਾਸ ਉਤਸ਼ਾਹ ਨਜ਼ਰ ਆ ਰਿਹਾ ਸੀ। ਦੁਕਾਨਾਂ ਬਾਜ਼ਾਰਾਂ ਵਿਚ ਮੇਲਿਆਂ ਵਰਗੀ ਰੌਣਕ ਸੀ। ਮੈਂ ਆਪਣਾ ਸਾਮਾਨ ਲੈਣ ਲਈ ਇਕ ਦੁਕਾਨ 'ਤੇ ਚਲਾ ਗਿਆ। ਅਸੀਂ ਕਰੀਬ ਚਾਰ-ਪੰਜ ਸਾਲਾਂ ਤੋਂ ਘਰ ਦਾ ਰਾਸ਼ਨ ਵਗੈਰਾ ਇਥੋਂ ਹੀ ਲੈਂਦੇ ਆਂ, ਕਈ ਵਾਰ ਪੈਸਾ ਧੇਲਾ ਕੋਲ ਨਾ ਹੋਵੇ ਤਾਂ ਵੀ ਉਧਾਰ ਨਾਲ ਕੰਮ ਚੱਲ ਜਾਂਦਾ ਹੈ। ਮੈਂ ਆਪਣਾ ਸਾਮਾਨ ਦੇਖ ਰਿਹਾ ਸੀ ਕਿ ਏਨੇ ਨੂੰ ਪੰਜ ਸੱਤ ਬੰਦੇ ਦੁਕਾਨ ਦੇ ਅੰਦਰ ਦਾਖਲ ਹੋਏ। ਉਨ੍ਹਾਂ 'ਚੋਂ ਇਕ ਕਰੀਬ 45-50 ਸਾਲਾਂ ਦੇ ਸਾਊ ਜਿਹੇ ਦਿਸਣ ਵਾਲੇ ਬੰਦੇ ਨੇ ਦੁਕਾਨ ਦੇ ਮਾਲਕ ਨੂੰ ਕਿਹਾ 'ਰਾਮ-ਰਾਮ ਲਾਲਾ ਜੀ'
'ਰਾਮ-ਰਾਮ ਸ਼ਰਮਾ ਜੀ' ਗਾਹਕ ਨੂੰ ਸਮਾਨ ਦੇ ਕੇ ਪੈਸੇ ਲੈਂਦੇ ਹੋਏ ਦੁਕਾਨ ਦੇ ਮਾਲਕ ਨੇ ਆਦਰ ਪੂਰਨ ਜਵਾਬ ਦਿੱਤਾ ਤੇ ਕਿਹਾ 'ਅੱਜ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਪ੍ਰਭੂ ਜੀ, ਕਿੱਥੇ ਰਹਿੰਦੇ ਹੋ ਮਹਾਰਾਜ।'
ਸ਼ਰਮਾ ਜੀ ਨੇ ਥੋੜ੍ਹਾ ਮੁਸਕੁਰਾ ਕੇ ਕਿਹਾ 'ਕਿਤੇ ਨਹੀਂ ਸਰ ਜੀ, ਤੁਹਾਡੀ ਨਗਰੀ 'ਚ ਹੀ ਰਹਿੰਦੇ ਆਂ, ਬਸ ਕਈ ਵਾਰ ਟਾਈਮ ਹੀ ਨਹੀਂ ਲੱਗਦਾ ਆਉਣ ਦਾ।'
ਦੁਕਾਨਦਾਰ ਨੇ ਥੋੜ੍ਹਾ ਲਹਿਜ਼ਾ ਬਦਲਦਿਆਂ ਫਿਰ ਕਿਹਾ 'ਹੁਣ ਤਾਂ ਘਰ ਦਾ ਰਾਸ਼ਨ ਤੇ ਹੋਰ ਘਰੇਲੂ ਸਮਾਨ ਵੀ ਨਹੀਂ ਲੈਣ ਆਉਂਦੇ, ਨਾ ਕਦੇ ਦੁੱਧ-ਦਹੀਂ ਲੈਣ ਆਏ?'
'ਨਹੀਂ ਨਹੀਂ ਸੇਠ ਜੀ, ਐਸੀ ਕੋਈ ਗੱਲ ਨਹੀਂ, ਬੱਚੇ-ਅੱਜਕਲ੍ਹ ਆਨਲਾਈਨ ਈ ਸਮਾਨ ਮੰਗਵਾ ਲੈਂਦੇ ਆ, ਨਾਲੇ ਘਰ ਦੇ ਵੀ ਜਾਂਦੇ ਆ।'
ਦੁਕਾਨਦਾਰ ਆਪਣੇ ਕਾਊਂਟਰ 'ਤੇ ਚੀਜ਼ਾਂ ਇਧਰ ਉਧਰ ਰੱਖਦਾ ਹੋਇਆ ਫਿਰ ਬੋਲਿਆ, 'ਵਾਹ ਕਿਆ ਬਾਤ ਆ ਜੀ, ਆਹ ਪੈਂਟ-ਸ਼ਰਟ ਬੜੀ ਸੋਹਣੀ ਆ, ਕਿੱਥੋਂ ਖਰੀਦੀ ਆ ਜਨਾਬ ਨੇ।
'ਜੀ ਇਹ ਵੀ ਆਨਲਾਈਨ ਮੰਗਵਾਈ ਆ ਜੀ, ਫੈਸਟੀਵਲ ਆਫਰ 'ਤੇ ਸਸਤੀਆਂ ਮਿਲ ਰਹੀਆਂ ਸੀ, ਦੋ ਮੈਂ ਲੈ ਲਈਆਂ ਦੋ ਮੁੰਡੇ ਨੇ, ਆਹ ਬੂਟ ਵੀ ਆਨਲਾਈਨ ਮੰਗਵਾਏ ਆ, 40 ਫ਼ੀਸਦੀ ਡਿਸਕਾਊਂਟ 'ਤੇ', ਸ਼ਰਮਾ ਜੀ ਬੜੀ ਚਤੁਰਾਈ ਨਾਲ ਆਪਣੀ ਸਿਆਣਪ ਦਾ ਹਵਾਲਾ ਦੇ ਕੇ ਸਮਝਦਾਰੀ ਦਿਖਾ ਰਹੇ ਸੀ।
'ਬਹੁਤ ਵਧੀਆ ਕੀਤਾ, ਮੌਕੇ ਦਾ ਫਾਇਦਾ ਲੈਣਾ ਚਾਹੀਦਾ ਹੈ, ਹੋਰ ਦੱਸੋ ਅੱਜ ਕਿਵੇਂ ਦਰਸ਼ਨ ਦਿੱਤੇ।' ਦੁਕਾਨਦਾਰ ਨੇ ਗੱਲ ਖਤਮ ਕਰਨੀ ਚਾਹੀ।
'ਸੇਠ ਜੀ ਥੋਨੂੰ ਤਾਂ ਪਤਾ ਬਈ ਆਪਾਂ ਹਰ ਸਾਲ ਦੁਸਹਿਰਾ ਮਨਾਉਂਦੇ ਆਂ, ਬਸ ਦੁਸਹਿਰੇ ਦੇ ਚੰਦੇ ਲਈ ਆਏ ਸੀ। ਬਸ ਅੱਜ ਥੋਡੇ ਤੋਂ ਸ਼ੁਰੂ ਕਰਨ ਲੱਗੇ ਆਂ, ਦੱਸੋ ਫੇਰ, ਕਿੰਨੇ ਦੀ ਕੱਟਾਂ ਪਰਚੀ? ਇਸ ਵਾਰ' ਸ਼ਰਮਾ ਜੀ ਚੰਦੇ ਦੀ ਕਾਪੀ ਖੋਲ੍ਹ ਕੇ ਪਰਚੀ ਉੱਤੇ ਨਾਂਅ ਲਿਖਣ ਲੱਗੇ ਗਰਮਜੋਸ਼ੀ ਨਾਲ ਬੋਲੇ।
ਦੁਕਾਨਦਾਰ ਨੇ ਸ਼ਰਮਾ ਜੀ ਦੇ ਚੰਦੇ ਵਾਲੀ ਗੱਲ 'ਤੇ ਚੁਟਕੀ ਲੈਂਦਿਆਂ ਕਿਹਾ, 'ਸ਼ਰਮਾ ਜੀ, ਰਾਸ਼ਨ ਤੁਸੀਂ ਆਨਲਾਈਨ ਲੈਨੇ ਓਂ, ਘਰ ਦਾ ਸਾਮਾਨ ਵੀ ਆਨਲਾਈਨ ਲੈ ਨੇ ਓਂ, ਕੱਪੜੇ ਵੀ ਆਨਲਾਈਨ ਖਰੀਦਦੇ ਓਂ, ਫੇਰ ਇਹ ਚੰਦਾ ਵੀ ਆਨਲਾਈਨ ਈ ਲੈ ਲੋ'
ਦੁਕਾਨਦਾਰ ਦੀ ਇਹ ਗੱਲ ਸੁਣ ਕੇ ਸ਼ਰਮਾ ਜੀ ਇਕਦਮ ਮਿੱਟੀ ਦਾ ਬੁੱਤ ਬਣ ਗਏ। ਸ਼ਰਮਾ ਜੀ ਬੋਲੇ ਕੇ ਕੰਧ ਬੋਲੇ। ਸ਼ਰਮਾ ਜੀ ਨਾਲ ਆਏ ਬੰਦੇ ਵੀ ਸ਼ਰਮਿੰਦਗੀ ਨਾਲ ਇਕ ਦੂਜੇ ਦਾ ਮੂੰਹ ਤੱਕਦੇ ਰਹੇ। ਸ਼ਰਮਿੰਦਾ ਹੋਏ ਸ਼ਰਮਾ ਜੀ ਕੁਝ ਨਾ ਬੋਲ ਸਕੇ। ਜਿਵੇਂ ਉਨ੍ਹਾਂ ਦੇ ਬੁੱਲ੍ਹਾਂ 'ਤੇ ਸਿੱਕਰੀ ਜੰਮ ਗਈ ਹੋਵੇ। ਬਸ ਸ਼ਰਮਿੰਦਗੀ ਭਰੀਆਂ ਨਜ਼ਰਾਂ ਨਾਲ ਨੀਵੀਂ ਪਾ ਕੇ ਆਪਣੇ ਸਾਥੀਆਂ ਨਾਲ ਬਾਹਰ ਚਲੇ ਗਏ।
ਮੈਨੂੰ ਵੀ ਦੁਕਾਨਦਾਰ ਦੀ ਗੱਲ ਅਜੀਬ ਲੱਗੀ, ਪਰ ਜਦੋਂ ਥੋੜ੍ਹਾ ਸੋਚਿਆ ਤਾਂ ਲੱਗਿਆ ਕਿ ਦੁਕਾਨਦਾਰ ਬਿਲਕੁਲ ਸਹੀ ਕਹਿ ਰਿਹਾ ਸੀ। ਮੈਂ ਆਪਣਾ ਰਾਸ਼ਨ ਲੈ ਕੇ ਦੁਕਾਨ ਤੋਂ ਬਾਹਰ ਆ ਗਿਆ ਤੇ ਘਰ ਨੂੰ ਜਾਂਦਾ ਇਹੀ ਸੋਚ ਰਿਹਾ ਸੀ ਕਿ ਆਨਲਾਈਨ ਪੇਮੈਂਟ ਜਾਂ ਖਰੀਦਦਾਰੀ ਕਰਨੀ ਕਿੰਨਾ ਕੁ ਸਹੀ ਹੈ। (ਸਮਾਪਤ)

-ਖਰੜ।
ਮੋਬਾਈਲ : 94630-42416

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-55 ਅਗਲੀ ਖ਼ਬਰ ਵਕਤ ਸਿਖਾਉਂਦਾ ਹੈ
Ad Position 24