* ਗੁਰਦਿਆਲ ਰੌਸ਼ਨ *
ਅਮਰਜੀਤ ਕੌਰ ਅਮਰ ਅੰਬੀਆਂ ਦੇ ਦੇਸ ਦੁਆਬੇ ਵਿਚ ਸਥਿੱਤ ਪਿੰਡ ਭਾਮ ਤੋਂ ਹੈ ਤੇ ਏਥੋਂ ਕੁਝ ਦੂਰੀ 'ਤੇ ਹੀ ਸ਼ਿਵਾਲਿਕ ਦੀਆਂ ਪਹਾੜੀਆਂ ਸ਼ੁਰੂ ਹੁੰਦੀਆਂ ਹਨ। ਇਨ੍ਹਾਂ ਪਹਾੜੀਆਂ ਵਿਚ ਰੁਮਕਦੀ ਪਾਕਿ ਸ਼ਫ਼ਾਫ਼ ਪੌਣ ਦਾ ਅਸਰ ਉਸ ਦੀਆਂ ਗ਼ਜ਼ਲਾਂ ਵਿਚ ਵੀ ਦੇਖਿਆ ਜਾ ਸਕਦਾ ਹੈ। ਉਸ ਦੀ ਗ਼ਜ਼ਲਕਾਰੀ ਵਿਚ ਮਹਿਜ਼ ਗਿਣਤੀ ਮਿਣਤੀ ਨਹੀਂ ਹੁੰਦੀ ਸਗੋਂ ਇਸ ਵਿਚ ਕਿਸੇ ਦਿਲ ਦੀ ਸਾਂਝ ਵਾਲੇ ਮੁਹੱਬਤੀ ਦੇ ਨੈਣਾਂ ਵਰਗੀ ਗਹਿਰਾਈ ਦੇਖੀ ਜਾ ਸਕਦੀ ਹੈ। ਉਸ ਕੋਲ ਗ਼ਜ਼ਲ ਕਹਿਣ ਦਾ ਹੁਨਰ ਹੈ ਤੇ ਸ਼ਬਦਾਂ ਦੀ ਜਾਦੂਗਰੀ ਹੈ। ਅਮਰ ਦੇ ਤਿੰਨ ਗ਼ਜ਼ਲ ਸੰਗ੍ਰਹਿ ਤੇ ਇਕ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕਾ ਹੈ। ਰੁੱਖ ਫ਼ਰੇਬੀ ਨਹੀਂ ਹੁੰਦੇ, ਇਸੇ ਲਈ ਉਸ ਨੂੰ ਰੁੱਖਾਂ ਨਾਲ ਮੋਹ ਹੈ ਤੇ ਬਾਗ਼ਬਾਨੀ ਉਸ ਦਾ ਸ਼ੌਕ ਹੈ। ਅਮਰ ਨੇ ਇਕ ਪੁਸਤਕ ਰਾਹੀਂ ਪੰਜਾਬੀ ਲੋਕਗੀਤਾਂ ਨੂੰ ਵੀ ਸੰਗ੍ਰਹਿਤ ਕੀਤਾ ਹੈ। ਪੰਜਾਬੀ ਗ਼ਜ਼ਲ ਖ਼ੇਤਰ ਵਿਚ ਉਸ ਦੇ ਪ੍ਰਵੇਸ਼ ਨੇ ਲਿੰਗਕ ਸੰਤੁਲਤਾ ਨੂੰ ਵੀ ਉਤਸ਼ਾਹਿਤ ਕੀਤਾ ਹੈ। ਪੇਸ਼ ਹਨ ਅਮਰਜੀਤ ਕੌਰ ਅਮਰ ਦੀਆਂ ਦੋ ਗ਼ਜ਼ਲਾਂ- -ਮੋਬਾਈਲ : 99884-44002
ਜੇ ਮਨ ਵਿਚ ਸੀ ਨਹੀਂ ਕੋਈ ਲਬਾਂ 'ਤੇ ਕਿਉਂ ਗਿਲਾ ਆਇਆ।
ਵਜ੍ਹਾ ਫਿਰ ਕੀ ਜੋ ਤੇਰੇ ਮੇਰੇ ਵਿਚ ਇਹ ਫ਼ਾਸਲਾ ਆਇਆ।
ਜ਼ਮੀਨੋਂ ਫ਼ਲਕ ਤਕ ਉੱਡ ਕੇ ਗਿਆ ਜ਼ਖ਼ਮੀ ਪਰਾਂ ਦੇ ਨਾਲ,
ਤੇ ਉਸ ਨੂੰ ਦੇਖ ਕਿੰਨੇ ਹੀ ਦਿਲਾਂ ਵਿਚ ਹੌਸਲਾ ਆਇਆ।
ਉਨ੍ਹਾਂ ਨੇ ਬੀਜ ਨ੍ਹੇਰੇ ਦੇ ਬੜੇ ਰਾਹ ਵਿਚ ਖਿਲਾਰੇ ਸੀ,
ਸਿਤਾਰਾ ਪਰ ਮੇਰੇ ਮੱਥੇ ਦਾ ਅੰਬਰ ਝਿਲਮਿਲਾ ਆਇਆ।
ਨਹੀਂ ਨਾਮੋ-ਨਿਸ਼ਾਂ ਬਾਕੀ ਹਨੇਰਾ ਦੂਰ ਹੋਣਾ ਸੀ,
ਜਗਾ ਕੇ ਜ਼ਖ਼ਮ ਪੈਰਾਂ ਦੇ ਹੈ ਦੇਖੋ ਕਾਫ਼ਿਲਾ ਆਇਆ।
ਉਹ ਪੱਥਰ ਵਾਂਗ ਮੂਰਤ ਸੀ, ਨਾ ਹਰਕਤ ਜਿਸਮ ਵਿਚ ਕੋਈ,
ਮੇਰਾ ਇਕ ਦਰਦ ਭਰਿਆ ਗੀਤ ਉਸ ਦਾ ਦਿਲ ਹਿਲਾ ਆਇਆ।
*
ਦੋਸਤੀ ਲੱਭਦੇ ਸੀ ਖ਼ਾਬਾਂ ਵਿਚ ਦੁਆ ਬਣ ਕੇ ਮਿਲੀ।
ਸਾਹਮਣੇ ਜਦ ਵੀ ਮਿਲੀ ਹੈ ਬਸ ਦਗ਼ਾ ਬਣ ਕੇ ਮਿਲੀ।
ਜਦ ਕਦੇ ਵੀ ਨੀਝ ਲਾ ਕੇ ਵੇਖਿਆ ਹੈ ਚੰਨ ਨੂੰ,
ਚਾਨਣੀ ਉਸ ਪਲ ਹਨੇਰੇ ਦੀ ਵਜ੍ਹਾ ਬਣ ਕੇ ਮਿਲੀ।
ਰੁਤਬਿਆਂ ਦੀ ਦੌੜ ਤਾਂ ਹੈ ਕਰ ਗਈ ਜੀਣਾ ਮੁਹਾਲ,
ਦੌੜ ਇਹ ਐਪਰ ਸਦਾ ਮਨ ਦਾ ਖ਼ਲਾਅ ਬਣ ਕੇ ਮਿਲੀ।
ਦੱਸ ਕਿਵੇਂ ਨਿਭਦੀ ਭਲਾ ਸਾਰੀ ਉਮਰ ਲਈ ਸਾਂਝ ਇਹ,
ਸੋਚ ਅਪਣੀ ਜਦ ਮਿਲੀ ਬਸ ਫ਼ਾਸਲਾ ਬਣ ਕੇ ਮਿਲੀ।
ਰਾਬਤਾ ਰਖਣਾ ਹੈ ਕੀ ਉਸ ਬੇਵਫ਼ਾ ਦੇ ਨਾਲ ਹੁਣ,
ਨੇੜਤਾ ਉਸ ਦੀ ਹਮੇਸ਼ਾਂ ਹੀ ਸਜ਼ਾ ਬਣ ਕੇ ਮਿਲੀ।
ਤਰਸਦੇ ਹੀ ਰਹਿ ਗਏ ਹਾਂ ਜ਼ਿੰਦਗੀ ਨੂੰ ਜੀਣ ਲਈ,
ਜ਼ਿੰਦਗੀ ਜਦ ਵੀ ਮਿਲੀ ਤਾਂ ਹਾਦਿਸਾ ਬਣ ਕੇ ਮਿਲੀ।