ਜੇ ਅਸੀਂ ਝੱਲੇ ਹਾਂ, ਝੱਲੇ ਰਹਿਣ ਦੇ।
ਕੁਝ ਨਾ ਕੁਝ ਤਾਂ ਸਾਡੇ ਪੱਲੇ ਰਹਿਣ ਦੇ।
ਟਾਲ ਕੇ ਗੱਲਾਂ 'ਚ ਆਖਿਰ ਕਹਿ ਗਿਆ,
ਮੁੰਦੀਆਂ ਬੇਕਾਰ, ਛੱਲੇ ਰਹਿਣ ਦੇਣ।
ਹੋ ਗਈ ਹੈ ਲੀਰਾਂ ਲੀਰਾਂ ਗੇਂਦ ਹੁਣ,
ਤੋੜ ਨਾ ਇਹ ਹੋਰ, ਟੱਲੇ ਰਹਿਣ ਦੇ।
ਕਾਫਿਲਾ ਖਿੰਡਿਐ, ਮਗਰ ਵਿਸ਼ਵਾਸ ਹੈ,
ਮੰਜ਼ਿਲਾਂ ਪਾਵਾਂਗੇ, ਕੱਲੇ ਰਹਿਣ ਦੇ।
ਬੇ-ਸਰੂਰੇ ਤਰਸਦੇ ਨੇ ਸਾਕੀਆ!
ਜਾਮ ਨਾ ਦੇ, ਲੱਗੇ ਥੱਲੇ ਰਹਿਣ ਦੇ।
ਹੌਸਲਾ ਅਪਣਾ ਹੀ ਮੰਜ਼ਿਲ ਪਾਏਗਾ,
ਜਿਸ ਤਰਫ਼ ਰਹਿਬਰ ਨੇ ਚੱਲੇ, ਰਹਿਣ ਦੇ।
ਕਿਉਂ 'ਪੰਜਾਬੀ ਬੋਲਦੈਂ' ਮਹਿਫਿਲ 'ਚ ਇੰਝ,
ਕੁਝ ਨਹੀਂ ਹੈ ਤੇਰੇ ਪੱਲੇ ਰਹਿਣ ਦੇ।
-ਰੁੜਕੀ ਕਲਾਂ (ਮਲੇਰਕੋਟਲਾ)।
ਮੋਬਾਈਲ : 81980-95028
ਕਿੱਧਰੇ ਕੁਝ ਤਾਂ ਹੋਇਆ ਲੱਗਦੈ।
ਉੱਡਦਾ ਪੰਛੀ ਰੋਇਆ ਲੱਗਦੈ।
ਸ਼ਿਕਾਰੀ ਆਲ੍ਹਣਾ ਘੇਰ ਕੇ ਬਹਿ ਗਏ,
ਆਂਢ-ਗੁਆਂਢ ਤਾਂ ਸੋਇਆ ਲੱਗਦੈ।
ਲੰਮੀਆਂ ਤਾਣ ਕੇ ਹਾਕਮ ਸੌਂ ਗਏ,
ਕਹਿੰਦੇ ਕੁਝ ਨਹੀਂ ਹੋਇਆ ਲੱਗਦੈ।
ਤੁਰ ਗਏ ਸੱਜਣ ਨਹੀਂ ਮੁੜਦੇ ਹੁੰਦੇ,
ਯਾਦਾਂ ਦੇ ਵਿਚ ਖੋਇਆ ਲੱਗਦੈ।
ਵੇਹੜੇ ਖੜ੍ਹ ਜਹਾਜ਼ਾਂ ਨੂੰ ਤੱਕੇ,
ਮੁਲਕ ਬੇਗਾਨੇ ਖੋਲਿਆ ਲੱਗਦੈ।
ਸਾਹਿਬਜ਼ਾਦਾ, ਜੁਝਾਰ ਸਿੰਘ ਨਗਰ, ਗਲੀ ਨੰ: 1/4, ਬਠਿੰਡਾ। ਮੋਬਾਈਲ : 98720-32172
ਕਲਪਨਾ ਦਾ ਸੁਪਨਿਆਂ ਤੇ ਰੰਗ ਹੈ।
ਰਾਤ ਮੰਜ਼ਰ ਵੇਖ ਕੇ ਕਿਉਂ ਦੰਗ ਹੈ।
ਚੁੱਪ ਰਹਿ ਕੇ ਖ਼ੁਦ ਖ਼ੁਦੀ ਸੰਗ ਉਲਝਣਾ,
ਸੁਲਝਨੇ ਦਾ ਅਸਲ ਏਹੋ ਢੰਗ ਹੈ।
ਜ਼ਹਿਰ ਜਿਸ ਦੀ ਉਮਰ ਭਰ ਨਾ ਲੱਥਣੀ,
ਸੱਪ ਦਾ ਨਹੀਂ, ਇਸ਼ਕ ਦਾ ਇਹ ਡੰਗ ਹੈ।
ਉਹ ਕਰੇਗਾ ਗੱਲ ਕੀ ਤਹਿਜ਼ੀਬ ਦੀ,
ਜੋ ਸਲੀਕੇ ਪੱਖ ਤੋਂ ਹੀ ਨੰਗ ਹੈ।
ਹੱਥ ਪਾਉਂਦੀ ਬਾਬਲੇ ਦੀ ਪੱਗ ਨੂੰ,
ਆਖਦੇ ਜਿਸ ਨੂੰ ਸਮੇਂ ਦੀ ਮੰਗ ਹੈ।
-ਪਿੰਡ ਪੱਖੋ ਕਲਾਂ (ਬਰਨਾਲਾ)।
ਮੋਬਾਈਲ : 94651-96946