ਇਕ ਜੱਟ ਤੇ ਲਾਲੇ ਦਾ ਬਹੁਤ ਗੂੜ੍ਹਾ ਪਿਆਰ ਤੇ ਦੋਸਤੀ ਸੀ। ਉਹ ਇਕ ਦੂਸਰੇ ਤੋਂ ਆਪਾ ਕੁਰਬਾਨ ਕਰਦੇ ਸਨ, ਲੋਕ ਮਹਿਫਲਾਂ 'ਚ ਬੈਠੇ ਉਨ੍ਹਾਂ ਦੀਆਂ ਸਿਫਤਾਂ ਕਰਦੇ ਤੇ ਸੋਹਲੇ ਗਾਉਂਦੇ ਨਹੀਂ ਸਨ ਥੱਕਦੇ। ਇਕ ਵਾਰ ਜੱਟ ਬਹੁਤ ਬਿਮਾਰ ਹੋ ਗਿਆ, ਘਰਦਿਆਂ ਬੜਾ ਓਹੜ-ਪੋਹੜ ਕੀਤਾ, ਪ੍ਰੰਤੂ ਕੋਈ ਫਰਕ ਨਾ ਪਿਆ ਤਾਂ ਉਸ ਨੂੰ ਸ਼ਹਿਰ ਦੇ ਮਸ਼ਹੂਰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਡਾਕਟਰਾਂ ਨੇ ਚੈੱਕਅਪ ਕੀਤਾ ਤੇ ਕੁਝ ਟੈਸਟ ਆਦਿ ਵੀ ਕਰਵਾਏ, ਪ੍ਰੰਤੂ ਖ਼ੂਨ ਬਹੁਤ ਘੱਟ ਸੀ। ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਖੂਨ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਤੇ ਇਲਾਜ ਸ਼ੁਰੂ ਕਰ ਦਿੱਤਾ। ਪ੍ਰੰਤੂ ਉਸ ਸਮੇਂ ਸੇਮ ਗਰੁੱਪ ਦੇ ਖੂਨ ਦਾ ਪ੍ਰਬੰਧ ਨਾ ਹੋਣ ਕਾਰਨ ਕੋਈ ਫਰਕ ਨਾ ਪਿਆ ਤਾਂ ਸਭ ਪ੍ਰੇਸ਼ਾਨ ਸਨ।
ਜਦ ਇਸ ਦੀ ਖ਼ਬਰ ਉੱਡਦੀ-ਉੱਡਦੀ ਲਾਲਾ ਜੀ ਦੇ ਕੰਨਾਂ 'ਚ ਪਈ ਤਾਂ ਉਹ ਆਪਣੇ ਯਾਰ ਦਾ ਪਤਾ ਲੈਣ ਲਈ ਗਏ। ਉਸ ਕੋਲੋਂ ਉਸ ਦੀ ਤਰਸਯੋਗ ਹਾਲਤ ਦੇਖੀ ਨਾ ਗਈ। ਜਦ ਉਸ ਨੂੰ ਖੂਨ ਬਾਰੇ ਪਤਾ ਲੱਗਾ ਤਾਂ ਲਾਲਾ ਜੀ ਕਹਿਣ ਲੱਗੇ, 'ਮੇਰਾ ਖ਼ੂਨ ਟੈਸਟ ਕਰਵਾ ਲੈਂਦੇ ਹਾਂ ਕੀ ਪਤਾ ਸ਼ਾਇਦ...।'
ਜਦ ਲਾਲਾ ਜੀ ਦਾ ਖੂਨ ਟੈਸਟ ਕੀਤਾ ਗਿਆ ਤਾਂ ਉਹ ਸੇਮ ਗਰੁੱਪ ਹੀ ਸੀ। ਬਸ ਫਿਰ ਕੀ ਲਾਲਾ ਜੀ ਨੇ ਆਪਣੇ ਯਾਰ ਦੀ ਯਾਰੀ ਲਈ ਖੂਨ ਦਾਨ ਕਰ ਦਿੱਤਾ। ਜਦ ਜੱਟ ਨੂੰ ਖੂਨ ਲਾਇਆ ਗਿਆ ਤਾਂ ਹੌਲੀ-ਹੌਲੀ ਉਸ ਦਾ ਅਸਰ ਹੋਣ ਲੱਗਾ ਤੇ ਚੰਦ ਦਿਨਾਂ ਬਾਅਦ ਉਸ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ। ਸਾਰਾ ਪਰਿਵਾਰ ਬਹੁਤ ਖ਼ੁਸ਼ ਤੇ ਬਾਗੋ-ਬਾਗ ਸੀ।
ਜੱਟ ਆਪਣੇ ਯਾਰ ਨੂੰ ਕੋਈ ਅਨਮੋਲ ਤੋਹਫ਼ਾ ਦੇਣਾ ਚਾਹੁੰਦਾ ਸੀ, ਜਿਸ ਨੇ ਆਪਣਾ ਖੂਨ ਦੇ ਕੇ ਉਸ ਦੀ ਜਾਨ ਬਚਾਈ ਸੀ। ਜਦ ਉਸ ਨੇ ਇਸ ਬਾਰੇ ਪਰਿਵਾਰ ਨਾਲ ਗੱਲ ਕੀਤੀ ਤਾਂ ਸਭ ਦੀ ਸਹਿਮਤੀ ਨਾਲ ਲਾਲਾ ਜੀ ਨੂੰ ਤੋਹਫ਼ੇ ਵਜੋਂ ਇਕ ਬਲੈਰੋ ਕਾਰ ਭੇਟ ਕੀਤੀ ਗਈ। ਲਾਲਾ ਜੀ ਬੜੇ ਪ੍ਰਸੰਨ ਹੋਏ। ਸਮਾਂ ਆਪਣੀ ਚਾਲੇ ਚਲਦਾ ਗਿਆ ਤੇ ਕਾਫੀ ਅਰਸੇ ਬਾਅਦ ਜੱਟ ਫਿਰ ਬਿਮਾਰ ਹੋ ਗਿਆ ਤਾਂ ਉਸ ਨੂੰ ਫਿਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਚੈੱਕਅੱਪ ਕਰਨ ਤੋਂ ਬਾਅਦ ਖ਼ੂਨ ਦੀ ਘਾਟ ਦੱਸੀ ਤਾਂ ਪਰਿਵਾਰ ਨੇ ਲਾਲਾ ਜੀ ਨੂੰ ਫਿਰ ਖੂਨ ਦੇਣ ਲਈ ਬੇਨਤੀ ਕੀਤੀ ਤਾਂ ਉਸ ਨੇ ਆ ਕੇ ਖੂਨ ਦੇ ਦਿੱਤਾ। ਚੰਦ ਦਿਨਾਂ ਬਾਅਦ ਜੱਟ ਫਿਰ ਠੀਕ ਹੋ ਗਿਆ ਤੇ ਘਰ ਵਾਪਸ ਆਉਣ 'ਤੇ ਜੱਟ ਨੇ ਲਾਲਾ ਜੀ ਨੂੰ ਤੋਹਫ਼ੇ ਵਜੋਂ ਇਕ ਐਕਟਿਵਾ ਭੇਟ ਕੀਤੀ ਤਾਂ ਲਾਲਾ ਜੀ ਹੈਰਾਨ ਹੋ ਕੇ ਕਹਿਣ ਲੱਗੇ, 'ਸਰਦਾਰ ਜੀ, ਪਹਿਲਾਂ ਤਾਂ ਤੁਸਾਂ ਬਲੈਰੋ ਕਾਰ ਦਿੱਤੀ, ਹੁਣ ਐਕਟਿਵਾ। ਮੈਂ ਤਾਂ ਸੋਚਿਆ ਸੀ ਕਿ ਐਤਕਾਂ ਤੁਸੀਂ ਪਹਿਲਾਂ ਤੋਂ ਵੀ ਕੋਈ ਵੱਡਾ ਤੋਹਫਾ ਦਿਓਗੇ, ਪਰ ਤੁਸਾਂ ਤਾਂ...।' ਇਹ ਸੁਣ ਜੱਟ ਮਿੰਨਾ-ਮਿੰਨਾ ਮੁਸਕਰਾਉਂਦਾ ਹੋਇਆ ਕਹਿਣ ਲੱਗਾ, 'ਲਾਲਾ ਜੀ ਸੋਚਿਆ ਤਾਂ ਮੈੈਂ ਵੀ ਇਹੋ ਸੀ, ਪਰ ਕੀ ਕਰਦਾ, ਹੁਣ ਮੇਰੇ ਖ਼ੂਨ 'ਚ ਤੁਹਾਡਾ ਖ਼ੂਨ ਪ੍ਰਵੇਸ਼ ਕਰ ਚੁੱਕਾ ਹੈ ਤੇ ਇਸ ਕਰਕੇ...।'
-ਸਟਰੀਟ ਆਰ.ਕੇ. ਸ਼ਟਰਿੰਗ ਵਾਲੀ, ਇੱਛੇ ਵਾਲਾ ਰੋਡ, ਫਿਰੋਜ਼ਪੁਰ ਸ਼ਹਿਰ।
ਮੋਬਾਈਲ : 90418-26725