ਖੋਹ
ਜਦੋਂ ਉਹ ਸਕੂਟਰ ਗੇਟ ਅੱਗੇ ਰੋਕ ਕੇ ਥਾਣੇ ਦੇ ਅੰਦਰ ਗਿਆ ਤਾਂ ਉਸਦਾ ਚਿਹਰਾ ਡਰ ਨਾਲ ਪੀਲਾ ਹੋਇਆ ਪਿਆ ਸੀ ਅਤੇ ਉਸ ਤੋਂ ਚੰਗੀ ਤਰ੍ਹਾਂ ਗੱਲ ਨਹੀਂ ਸੀ ਹੋ ਰਹੀ।
'ਹਾਂ, ਕੀ ਹੋ ਗਿਆ ਤੈਨੂੰ ? ਕਿਮੇਂ ਸਾਹ ਚੜ੍ਹਾਇਐ ? ਕੁਛ ਦੱਸੇਂਗਾ ਵੀ ਕਿ ਇਉਂ ਈ ਡੌਰ-ਭੌਰ ਝਾਕੀ ਜਾਮੇਂਗਾ?' ਹੌਲਦਾਰ ਨੇ ਮੁੱਛਾਂ ਨੂੰ ਤਾਅ ਦਿੰਦਿਆਂ ਕਿਹਾ।
'ਜਨਾਬ, ਦੋ ਗੁੰਡਿਆਂ ਨੇ ਮੇਰਾ ਸਕੂਟਰ ਖੋਹਣ ਦੀ ਕੋਸ਼ਿਸ਼ ਕੀਤੀ। ਪਰ ਸਾਹਮਣਿਉਂ ਆ ਰਹੀ ਕਾਰ ਵੇਖ ਕੇ ਸਕੂਟਰ ਵਿਚੇ ਛੱਡ ਕੇ ਭੱਜ ਗਏ। ਓਹ।'
'ਅੱਛਾ ਕਿਥੇ ਐ ਤੇਰਾ ਸਕੂਟਰ?'
'ਬਾਹਰ ਖੜ੍ਹੈ।'
ਹੌਲਦਾਰ ਉਸਦੇ ਨਾਲ ਹੀ ਬਾਹਰ ਆ ਗਿਆ । ਸਕੂਟਰ ਨੂੰ ਕਿੱਕ ਮਾਰਦਿਆਂ ਉਸਨੇ ਪੁੱਛਿਆ, ਕਿਹੜੇ ਪਾਸੇ ਗਏ ਨੇ ?
'ਐਧਰ ਨੂੰ' ਉਸ ਨੇ ਹੱਥ ਨਾਲ ਇਸ਼ਾਰਾ ਕਰਦਿਆਂ ਕਿਹਾ।
ਕੋਈ ਨਹੀਂ, ਹੁਣ ਭੱਜ ਕੇ ਕਿਥੇ ਜਾਣਗੇ । ਇਹ ਕਹਿੰਦਿਆਂ ਉਸਨੇ ਸਕੂਟਰ ਸਟਾਰਟ ਕਰ ਦਿੱਤਾ।
ਥਾਣੇ ਦੇ ਗੇਟ ਅੱਗੇ ਖੜ੍ਹਾ ਉਹ ਗੰਭੀਰ ਹੋ ਕੇ ਸੋਚ ਰਿਹਾ ਸੀ, 'ਸਕੂਟਰ ਓਦੋਂ ਨਹੀਂ ਖੋਹਿਆ ਗਿਆ, ਹੁਣ ਖੋਹਿਆ ਗਿਆ ਹੈ।'
ਚੇਨ
ਕੁੜੀ ਦੀ ਇਕ ਨਾ ਚੱਲੀ। ਆਖਰ ਉਸ ਨੂੰ ਮਾਪਿਆਂ ਦੀ ਮਰਜ਼ੀ ਅੱਗੇ ਝੁਕਣਾ ਪਿਆ। ਆਪਣੇ ਜਜ਼ਬਾਤ ਨੂੰ ਛਿੱਕਲੀ ਪਾ ਕੇ ਉਸਨੇ ਵਿਆਹ ਮਾਪਿਆਂ ਦੀ ਪਸੰਦ ਅਨੁਸਾਰ ਕਰਵਾਉਣ ਦੀ ਸਹਿਮਤੀ ਦੇ ਦਿੱਤੀ। ਕਿਸੇ ਨਾਲ ਕੀਤੇ ਇਕਰਾਰ ਨਾ ਨਿਭਾਉਣ ਦਾ ਉਸਨੂੰ ਬਹੁਤ ਹੀ ਦੁੱਖ ਸੀ।
ਮੁੰਡੇ ਵਾਲੇ ਉਸ ਨੂੰ ਵੇਖਣ ਲਈ ਆ ਗਏ। ਉਸ ਦੀ ਹੋਣ ਵਾਲੀ ਸੱਸ ਨੇ ਆਪਣੇ ਗੱਲ ਵਿਚੋਂ ਸੋਨੇ ਦੀ ਚੇਨ ਲਾਹ ਕੇ ਉਸ ਦੇ ਗੱਲ ਪਾਉਂਦਿਆਂ ਕਿਹਾ, ਇਹ ਚੇਨ ਮੇਰੀ ਸੱਸ ਨੇ ਮੇਰੇ ਗਲ ਵਿਚ ਵਿਆਹ ਸਮੇਂ ਪਾਈ ਸੀ ਤੇ ਅੱਗੇ ਉਸ ਦੀ ਸੱਸ ਨੇ ਉਸ ਦੇ ਗੱਲ ਵਿਚ। ਇਉਂ ਹੀ ਪੀੜ੍ਹੀ ਦਰ ਪੀੜ੍ਹੀ ਇਹ ਚੇਨ ਘਰ ਦੀ ਬਹੂ ਦੇ ਗੱਲ ਵਿਚ ਪੈਂਦੀ ਰਹੀ ਹੈ। ਚੇਨ ਗਲ ਵਿਚ ਪਾ ਕੇ ਉਹ ਗੰਭੀਰ ਹੋ ਕੇ ਸੋਚਣ ਲੱਗ ਪਈ, ਇਹਦਾ ਮਤਲਬ ਅਗਾਂਹ ਜਦੋਂ ਮੇਰੇ ਘਰ ਨੂੰਹ ਆਈ, ਉਸ ਦੇ ਵੀ ਇੰਜ ਹੀ ਇਹ ਬੇੜੀ ਪਾਉਣੀ ਪਵੇਗੀ। ਰਿਵਾਜ਼ ਜੋ ਹੈ। ਹੋ ਸਕਦੈ ਉਸ ਦੇ ਨਾਲ ਵੀ ਮੇਰੇ ਵਾਂਗ ਧੱਕਾ ਹੀ ਹੋਵੇ।
ਉਸ ਨੇ ਤੁਰੰਤ ਹੀ ਚੇਨ ਲਾਹ ਕੇ ਮੁੰਡੇ ਦੀ ਮਾਂ ਨੂੰ ਫੜ੍ਹਾਉਂਦਿਆਂ ਕਿਹਾ, 'ਪੁਰਾਣੇ ਰਿਵਾਜ਼ ਨੂੰ ਹੁਣ ਬਦਲਣ ਦੀ ਲੋੜ ਹੈ। ਇਸ ਨੂੰ ਤੁਸੀਂ ਆਪਣੇ ਗਲ ਵਿਚ ਹੀ ਪਾਈ ਰੱਖੋ। ਮੁੰਡੇ ਵਾਲਿਆਂ ਨੇ ਇਸ ਨੂੰ ਬਦਸ਼ਗਨੀ ਸਮਝਿਆ ਤੇ ਉਹ ਜਵਾਬ ਦੇ ਗਏ। ਉਸ ਦੇ ਮਾਪਿਆਂ ਦੇ ਚਿਹਰੇ ਮੁਰਝਾ ਗਏ ਸਨ, ਪਰ ਉਸ ਨੂੰ ਜਾਪਦਾ ਸੀ, ਜਿਵੇਂ ਉਹ ਹੁਣੇ-ਹੁਣੇ ਬੰਧਨ ਮੁਕਤ ਹੋਈ ਹੋਵੇ।
ਉਸ ਦੇ ਚਿਹਰੇ 'ਤੇ ਖੁਸ਼ੀ ਦ੍ਰਿੜ ਵਿਸ਼ਵਾਸ ਟਪਕ ਰਿਹਾ ਸੀ।
-ਮੋਬਾਈਲ : 94171-48866