29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕਹਾਣੀ ਮੂੰਹ ਬੋਲੀ ਬੇਟੀ

Ad Position 21
No active advertisement
ਅਜੀਤ ਡੈਸਕ 04-01-2026

ਮਾਸਟਰ ਚਰਨਜੀਤ ਸਿੰਘ ਪਿਛਲੇ ਪੰਦਰਾਂ ਸਾਲਾਂ ਤੋਂ ਇਸੇ ਬੈਂਕ ਵਿਚੋਂ ਸਰਕਾਰੀ ਪੈਨਸ਼ਨ ਲੈਂਦਾ ਸੀ। ਇਸ ਸਮੇਂ ਦੌਰਾਨ ਬੈਂਕ ਵਿਚ ਕਿੰਨੇ ਹੀ ਅਧਿਕਾਰੀ ਅਤੇ ਕਰਮਚਾਰੀ ਬਦਲ ਕੇ ਆਏ ਅਤੇ ਗਏ।
ਉਹ ਜਦੋਂ ਨਵੰਬਰ ਦੇ ਮਹੀਨੇ ਆਪਣਾ ਜੀਵਤ ਹੋਣ ਦਾ ਪ੍ਰਮਾਣ ਪੱਤਰ ਦੇਣ ਗਿਆ ਤਾਂ ਉਸ ਨੇ ਇਕ ਪੱਚੀ ਕੁ ਸਾਲ ਦੀ ਲੜਕੀ ਨੂੰ ਸੀਟ 'ਤੇ ਬੈਠੇ ਦੇਖਿਆ ਜੋ ਪੰਦਰਾਂ ਕੁ ਦਿਨ ਪਹਿਲਾਂ ਹੀ ਬਦਲ ਕੇ ਆਈ ਸੀ। ਜਦੋਂ ਚਰਨਜੀਤ ਸਿੰਘ ਨੇ ਉਸ ਕੋਲ ਜਾ ਕੇ ਆਪਣੀ ਜਾਣ-ਪਹਿਚਾਣ ਦਿੱਤੀ ਤਾਂ ਉਹ ਆਪਣੀ ਸੀਟ ਤੋਂ ਉਠੀ ਅਤੇ ਇਕ ਕੁਰਸੀ ਲਿਆ ਕੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ। ਉਹ ਲੜਕੀ ਦੇ ਇਸ ਵਿਹਾਰ ਤੋਂ ਬਹੁਤ ਪ੍ਰਭਾਵਿਤ ਹੋਇਆ।
ਚਰਨਜੀਤ ਸਿੰਘ ਦੇ ਪੁੱਛਣ 'ਤੇ ਲੜਕੀ ਨੇ ਦੱਸਿਆ ਕਿ ਉਸ ਦਾ ਨਾਂਅ ਮਨਜੀਤ ਕੌਰ ਹੈ ਅਤੇ ਉਹ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਫਲੌਂਡ ਕਲਾਂ ਦੀ ਰਹਿਣ ਵਾਲੀ ਹ। ਉਸ ਦਾ ਪਰਿਵਾਰ ਇਕ ਫ਼ੌਜੀ ਪਰਿਵਾਰ ਹੈ ਅਤੇ ਉਸ ਦੇ ਤਾਇਆ ਜੀ ਅਤੇ ਪਾਪਾ ਜੀ ਫ਼ੌਜ ਵਿਚੋਂ ਰਿਟਾਇਰ ਹੋਏ ਹਨ। ਇਹ ਸੁਣ ਕੇ ਉਹ ਕਹਿਣ ਲੱਗਾ ਕਿ ਬੇਟੀ, ਮੈਂ ਤੇ ਮੇਰੀ ਪਤਨੀ ਧੰਨ ਕੌਰ ਇਥੇ ਇਕੱਲੇ ਹੀ ਰਹਿੰਦੇ ਹਾਂ। ਬੱਚੇ ਤਾਂ ਸਾਰੇ ਕੈਨੇਡਾ ਸੈੱਟ ਹਨ। ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਸੰਗਣਾ ਨਹੀਂ, ਸਾਨੂੰ ਖ਼ੁਸ਼ੀ ਮਿਲੇਗੀ। ਉਹ ਆਪਣਾ ਮੋਬਾਈਲ ਨੰਬਰ ਅਤੇ ਪ੍ਰਮਾਣ ਪੱਤਰ ਦੇ ਕੇ ਘਰ ਵਾਪਸ ਆ ਗਿਆ।
ਅਗਲੇ ਮਹੀਨੇ ਜਦੋਂ ਉਹ ਪੈਨਸ਼ਨ ਲੈਣ ਗਿਆ ਤਾਂ ਉਹ ਸਿੱਧਾ ਮਨਜੀਤ ਕੌਰ ਕੋਲ ਚਲਾ ਗਿਆ ਅਤੇ ਕੁਰਸੀ 'ਤੇ ਬੈਠ ਗਿਆ। ਬੇਟੀ ਆਹ ਪੈਸੇ ਕਢਵਾਣੇ ਹਨ, ਉਸ ਨੇ ਚੈੱਕ ਫੜਾਉਂਦੇ ਹੋਏ ਮਨਜੀਤ ਨੂੰ ਕਿਹਾ। ਮਨਜੀਤ ਨੇ ਚੈੱਕ ਪਾਸ ਕੀਤਾ ਅਤੇ ਕੈਸ਼ੀਅਰ ਕੋਲੋਂ ਅਦਾਇਗੀ ਪ੍ਰਾਪਤ ਕਰਕੇ ਉਸ ਨੂੰ ਪਕੜਾਉਂਦੇ ਹੋਏ ਬੋਲੀ, ਕੋਈ ਹੋਰ ਸੇਵਾ ਦੱਸੋ ਬਾਪੂ ਜੀ। 'ਜਿਊਂਦੀ ਰਹਿ ਧੀਏ' ਕਹਿ ਕੇ ਉਹ ਜਾਣ ਹੀ ਲੱਗਾ ਕਿ ਉਹ ਦੁਬਾਰਾ ਕੁਰਸੀ 'ਤੇ ਬੈਠਦਾ ਹੋਇਆ ਬੋਲਿਆ, 'ਬੇਟੀ, ਨਾ ਤਾਂ ਮੇਰੀ ਭੂਆ ਸੀ ਅਤੇ ਨਾ ਹੀ ਮੇਰੀ ਕੋਈ ਭੈਣ ਅਤੇ ਨਾ ਹੀ ਕੋਈ ਧੀ ਸੀ। ਇਕ ਬੇਟੀ ਦਾ ਪਿਤਾ ਬਣਨ ਦੀ ਚਾਹਨਾ ਮਨ ਵਿਚ ਰਹਿ ਗਈ। ਕੀ ਮੈਂ ਤੁਹਾਨੂੰ ਮੂੰਹ ਬੋਲੀ ਬੇਟੀ ਬਣਾ ਸਕਦਾ ਹਾਂ? ਇਹ ਗੱਲ ਸੁਣ ਕੇ ਮਨਜੀਤ ਸੀਟ ਤੋਂ ਉਠੀ ਅਤੇ ਚਰਨਜੀਤ ਸਿੰਘ ਦੇ ਮੋਢਿਆਂ 'ਤੇ ਹੱਥ ਰੱਖਦੀ ਹੋਈ ਬੋਲੀ, 'ਬਾਪੂ ਜੀ, ਇਹ ਮੇਰੀ ਖੁਸ਼ਕਿਸਮਤੀ ਹੈ, ਕਿ ਮੈਨੂੰ ਤੁਹਾਡੇ ਵਰਗੇ ਪਿਤਾ ਰੂਪੀ ਬਜ਼ੁਰਗ ਮਿਲੇ ਹਨ, ਅੱਜ ਤੋਂ ਮੈਂ ਤੁਹਾਡੀ ਬੇਟੀ ਹਾਂ।'
ਅਗਲੀ ਵਾਰ ਜਦੋਂ ਚਰਨਜੀਤ ਸਿੰਘ ਬੈਂਕ ਵਿਚੋਂ ਕੰਮ ਕਰਵਾ ਕੇ ਬਾਹਰ ਸੜਕ 'ਤੇ ਆਇਆ ਤਾਂ ਇਕ ਤੇਜ਼ ਰਫ਼ਤਾਰ ਮੋਟਰ ਸਾਈਕਲ ਚਲਾ ਰਿਹਾ ਨੌਜਵਾਨ ਜੋ ਮੋਬਾਈਲ ਵੀ ਦੇਖ ਰਿਹਾ ਸੀ, ਉਸ ਨਾਲ ਟਕਰਾ ਗਿਆ ਅਤੇ ਉਸ ਦੇ ਸਰੀਰ ਦਾ ਸੱਜਾ ਪਾਸਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਕਾਫੀ ਖ਼ੂਨ ਵਹਿ ਜਾਣ ਕਰਕੇ ਉਹ ਬੇਹੋਸ਼ ਹੋ ਗਿਆ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਡਾਕਟਰ ਸਾਹਿਬ ਤੋਂ ਪੁੱਛਿਆ ਕਿ ਉਸ ਨੂੰ ਹਸਪਤਾਲ ਕਿਸ ਨੇ ਪਹੁੰਚਾਇਆ? ਡਾਕਟਰ ਮੇਘ ਰਾਜ ਨੇ ਉਸ ਨੂੰ ਦੱਸਿਆ ਕਿ ਤੁਹਾਡਾ ਐਕਸੀਡੈਂਟ ਹੋ ਗਿਆ ਸੀ ਅਤੇ ਕਾਫੀ ਖ਼ੂਨ ਵਹਿ ਚੁੱਕਾ ਸੀ। ਤੁਹਾਨੂੰ ਖ਼ੂਨ ਦੀ ਸਖ਼ਤ ਜ਼ਰੂਰਤ ਸੀ, ਪਰ ਅਫਸੋਸ ਕਿ ਸਾਡੇ ਕੋਲ ਵੀ ਤੁਹਾਡੇ ਬਲੱਡ ਗਰੁੱਪ ਦਾ ਖੂਨ ਨਹੀਂ ਸੀ। ਅਸੀਂ ਦਾਨੀ ਸੱਜਣਾਂ ਨੂੰ ਫੋਨ ਵੀ ਕੀਤੇ ਪਰ ਉਹ ਵੀ ਜ਼ਰੂਰੀ ਕੰਮਾਂ 'ਤੇ ਗਏ ਹੋਏ ਸਨ। ਜਿਸ ਨੇ ਤੁਹਾਨੂੰ ਇਥੇ ਪਹੁੰਚਾਇਆ ਉਹ ਇਕ ਲੜਕੀ ਹੈ ਅਤੇ ਉਹ ਮੈਨੂੰ ਕਹਿਣ ਲੱਗੀ ਕਿ ਡਾਕਟਰ ਸਾਹਿਬ ਮੇਰਾ ਬਲੱਡ ਗਰੁੱਪ ਚੈੱਕ ਕਰੋ, ਇਨ੍ਹਾਂ ਨਾਲ ਜ਼ਰੂਰ ਮੇਲ ਕਰੇਗਾ। ਜਦੋਂ ਅਸੀਂ ਉਸ ਦਾ ਬਲੱਡ ਗਰੁੱਪ ਚੈੱਕ ਕੀਤਾ ਤਾਂ ਅਸੀਂ ਹੈਰਾਨੀ ਦੇ ਨਾਲੋ-ਨਾਸ ਖ਼ੁਸ਼ ਵੀ ਹੋਏ ਕਿ ਉਸ ਦਾ ਖ਼ੂਨ ਤੁਹਾਡੇ ਖ਼ੂਨ ਨਾਲ ਮਿਲ ਗਿਆ ਅਤੇ ਉਸ ਲੜਕੀ ਨੇ ਖ਼ੂਨਦਾਨ ਕਰਕੇ ਤੁਹਾਡੀ ਜਾਨ ਬਚਾਈ। ਉਸ ਲੜਕੀ ਦਾ ਨਾਂਅ ਮਨਜੀਤ ਕੌਰ ਹੈ ਤੇ ਉਹ ਬੈਂਕ ਵਿਚ ਕੰਮ ਕਰਦੀ ਹੈ।
ਅਗਲੀ ਸਵੇਰ ਮਨਜੀਤ ਕੌਰ ਨੇ ਫੁੱਲਾਂ ਦਾ ਇਕ ਗੁਲਦਸਤਾ ਪਿਆਰੀ ਜਿਹੀ ਮੁਸਕਾਨ ਨਾਲ ਉਸ ਨੂੰ ਭੇਟ ਕੀਤਾ। ਚਰਨਜੀਤ ਸਿੰਘ ਦੀਆਂ ਅੱਖਾਂ ਵਿਚੋਂ ਹੰਝੂਆਂ ਦਾ ਹੜ੍ਹ ਵਹਿ ਤੁਰਿਆ ਜੋ ਉਸ ਦੀ ਬੱਗੀ ਦਾੜ੍ਹੀ ਵਿਚ ਸਮੋਈ ਜਾ ਰਿਹਾ ਸੀ। ਉਸ ਨੇ ਮਨਜੀਤ ਕੌਰ ਦਾ ਸਿਰ ਪਲੋਸਦੇ ਹੋਏ ਕਿਹਾ, 'ਬੇਟੀ ਮਨਜੀਤ, ਮੈਂ ਤੇਰਾ ਇਹ ਅਹਿਸਾਨ ਜ਼ਿੰਦਗੀ ਭਰ ਨਹੀਂ ਭੁਲਾ ਸਕਦਾ, ਤੂੰ ਮੈਨੂੰ ਖ਼ੂਨ ਦਾਨ ਕਰਕੇ ਨਵੀਂ ਜ਼ਿੰਦਗੀ ਬਖ਼ਸ਼ੀ ਹੈ। ਤੂੰ ਮੇਰੀ ਮੂੰਹ ਬੋਲੀ ਬੇਟੀ ਨਹੀਂ, ਬਲਕਿ ਮੇਰੀ ਆਪਣੀ ਬੇਟੀ ਸਿੱਧ ਹੋਈ ਹੈਂ।' ਹੁਣ ਮਨਜੀਤ ਕੌਰ ਦੀਆਂ ਅੱਖਾਂ ਵਿਚ ਵੀ ਖ਼ੁਸ਼ੀ ਦੇ ਹੰਝੂ ਸਨ।

-ਮੋਬਾਈਲ : 98883-65000

Ad Position 22
No active advertisement
ਪਿਛਲੀ ਖ਼ਬਰ ਤਿੰਨ ਲਘੂ ਕਥਾਵਾਂ ਅਗਲੀ ਖ਼ਬਰ ਮੋਹਨ ਸ਼ਰਮਾ ਦੀਆਂ ਦੋ ਮਿੰਨੀ ਕਹਾਣੀਆਂ
Ad Position 24