ਜੰਗ ਅਜਿਹੀ ਭਿਆਨਕ ਅਲਾਮਤ ਹੁੰਦੀ ਹੈ, ਜਿਸ ਨਾਲ ਮਨੁੱਖਤਾ ਦੇ ਪਿੰਡੇ 'ਤੇ ਹੋਏ ਜ਼ਖ਼ਮ ਸਦੀਆਂ ਤੱਕ ਰਿਸਦੇ ਰਹਿੰਦੇ ਹਨ। ਜੰਗ ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਹੋਵੇ, ਇਹ ਦੁਨੀਆ ਦੇ ਹਰ ਮਨੁੱਖ ਲਈ ਘਾਟੇਵੰਦਾ ਸੌਦਾ ਸਾਬਤ ਹੁੰਦੀ ਹੈ। ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ ਉੱਤੇ ਥੋਪੀ ਗਈ ਜੰਗ ਦੇ ਪ੍ਰਭਾਵ ਵਿਚ ਇਸ ਸਮੇਂ ਮੱਧ ਪੂਰਬ ਦੇ ਕਈ ਦੇਸ਼ ਹਨ। ਭਵਿੱਖ ਵਿਚ ਇਸ ਜੰਗ ਦਾ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿਚ ਸਾਡੇ ਸਭ 'ਤੇ ਵੀ ਹੋਣ ਵਾਲਾ ਹੈ।
ਅਮਰੀਕਾ ਅਤੇ ਇਜ਼ਰਾਈਲ ਵਲੋਂ ਕੀਤੇ ਗਏ ਹਮਲੇ ਵਿਚ ਹੁਣ ਤੱਕ ਲਗਭਗ 1045 ਈਰਾਨੀ ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿਚ ਈਰਾਨ ਦੇ ਧਾਰਮਿਕ ਆਗੂ ਆਇਤਉੱਲਾ ਖਾਮੇਨੇਈ, ਉਸ ਦੇ ਧੀ ਜਵਾਈ ਤੇ ਪੋਤੀ ਸ਼ਾਮਲ ਹਨ। ਪੂਰੀ ਦੁਨੀਆ ਵਿਚ ਉਦੋਂ ਹਾਹਾਕਾਰ ਮਚ ਗਈ ਜਦੋਂ ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ ਦੇ ਸ਼ਹਿਰ ਮੀਨਾਬ 'ਤੇ ਕੀਤੇ ਗਏ ਹਮਲੇ ਵਿਚ 167 ਪ੍ਰਾਇਮਰੀ ਸਕੂਲ ਦੀਆਂ ਬੱਚੀਆਂ ਨੂੰ ਵੀ ਮਾਰ ਦਿੱਤਾ ਗਿਆ। ਇਹ ਮਾਸੂਮ ਬੱਚੀਆਂ ਜੋ ਜ਼ਿਆਦਤਰ ਦਸ ਸਾਲ ਤੋਂ ਘੱਟ ਉਮਰ ਦੀਆਂ ਸਨ, ਦੇ ਸਰੀਰਾਂ ਦੇ ਚੀਥੜੇ ਉਡ ਗਏ। ਇਨ੍ਹਾਂ ਦੇ ਵਾਰਸਾਂ ਨੂੰ ਰੋਂਦਿਆਂ ਦੇਖ ਕੇ ਅਤੇ ਇਨ੍ਹਾਂ ਦੀਆਂ ਪੁੱਟੀਅਇਾਂ ਗਈਆਂ ਸਮੂਹਿਕ ਕਬਰਾਂ ਦੇ ਮੰਜ਼ਿਰ ਨੂੰ ਦੇਖ ਕੇ ਦੁਨੀਆ ਦੀ ਹਰ ਸੰਵੇਦਨਸ਼ੀਲ ਅੱਖ ਨਮ ਹੋਈ ਹੈ। ਇਹ ਸਭ ਕੁਝ ਉਸ ਡੋਨਾਲਡ ਟਰੰਪ ਦੀ ਦੇਖ ਰੇਖ ਵਿਚ ਹੋਇਆ, ਜੋ 2025 ਵਿਚ ਆਪਣੇ ਲਈ ਨੋਬਲ ਸ਼ਾਂਤੀ ਪੁਰਸਕਾਰ ਲੈਣ ਲਈ ਜ਼ੋਰ ਲਾ ਰਿਹਾ ਸੀ।
ਇਸ ਹਮਲੇ ਸਬੰਧੀ ਡੋਨਾਲਡ ਟਰੰਪ ਦੇ ਤਰਕ ਬੜੇ ਬਚਕਾਨਾ ਹਨ। ਇਹ ਸਮੇਂ ਅਨੁਸਾਰ ਬਦਲਦੇ ਵੀ ਰਹੇ ਹਨ। ਹਮਲੇ ਸਬੰਧੀ ਡੋਨਾਲਡ ਟਰੰਪ ਨੇ ਕਿਹਾ ਇਹ ਹਮਲਾ ਈਰਾਨੀ ਲੋਕਾਂ ਦੀ ਆਜ਼ਾਦੀ ਲਈ ਕੀਤਾ ਗਿਆ ਹੈ, ਮਗਰੋਂ ਉਨ੍ਹਾਂ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਜ਼ਰਾਈਲ ਈਰਾਨ 'ਤੇ ਹਮਲਾ ਕਰਨ ਵਾਲਾ ਸੀ, ਇਸ ਲਈ ਸਾਨੂੰ ਇਹ ਖਦਸ਼ਾ ਸੀ ਕਿ ਕਿਤੇ ਇਹ ਨਾ ਹੋਵੇ ਕਿ ਜਵਾਬ ਵਿਚ ਈਰਾਨ ਸਾਡੇ ਫੌਜੀ ਅੱਡਿਆਂ 'ਤੇ ਹਮਲਾ ਕਰ ਦੇਵੇ। ਇਸ ਲਈ ਅਸੀਂ ਆਪਣੇ 'ਤੇ ਹੋਣ ਵਾਲੇ ਹਮਲੇ ਨੂੰ ਰੋਕਣ ਲਈ ਪਹਿਲਾਂ ਹੀ ਹਮਲਾ ਕਰ ਦਿੱਤਾ। ਅਗਲਾ ਤਰਕ ਇਹ ਹੈ ਕਿ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਸਹਿਮਤ ਨਹੀਂ ਹੋ ਰਿਹਾ ਸੀ, ਇਸ ਲਈ ਹਮਲਾ ਕੀਤਾ ਗਿਆ ਤਾਂ ਕਿ ਉਸ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਨਸ਼ਟ ਕੀਤਾ ਜਾ ਸਕੇ। ਇਕ ਹੋਰ ਤਰਕ ਇਹ ਵੀ ਦਿੱਤਾ ਗਿਆ ਕਿ ਈਰਾਨ ਅਜਿਹੀਆਂ ਮਿਜ਼ਾਈਲਾਂ ਬਣਾ ਰਿਹਾ ਸੀ ਜੋ ਅਮਰੀਕਾ ਤੱਕ ਮਾਰ ਕਰ ਸਕਦੀਆਂ ਸਨ, ਇਸ ਲਈ ਇਹ ਹਮਲਾ ਕੀਤਾ ਗਿਆ। ਇਸ ਸਮੇਂ ਦੁਨੀਆ ਹੀ ਨਹੀਂ ਅਮਰੀਕਾ ਦੇ ਲੋਕ ਵੀ ਇਹ ਸਮਝ ਰਹੇ ਹਨ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਨ੍ਹਾਂ ਸਾਰੀਆਂ ਹੀ ਗੱਲਾਂ ਵਿਚ ਕੋਈ ਵਜ਼ਨ ਨਹੀਂ।
ਇਹ ਹਮਲਾ ਸੰਯੁਕਤ ਰਾਸ਼ਟਰ ਦੇ ਕਾਨੂੰਨ ਦੀ ਉਲੰਘਣਾ ਹੈ। ਮਾਨਵੀ ਹੱਕ ਹਕੂਕ ਦੇ ਖਿਲਾਫ਼ ਇਕ ਤਰ੍ਹਾਂ ਨਾਲ ਬਹੁਤ ਵੱਡਾ ਅਪਰਾਧ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਮੰਨਣਾ ਹੈ ਕਿ ਈਰਾਨ ਦੀ ਵਧਦੀ ਜੰਗੀ ਤਾਕਤ ਇਸ ਖਿੱਤੇ ਵਿਚ ਬਹੁਤ ਵੱਡਾ ਖਤਰਾ ਸਾਬਿਤ ਹੋਣ ਜਾ ਰਹੀ ਸੀ, ਇਸ ਲਈ ਇਹ ਹਮਲਾ ਕੀਤਾ ਗਿਆ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਈਰਾਨ, ਹਮਾਸ ਅਤੇ ਹੋਰ ਕੁਝ ਗਰੁੱਪ ਜੋ ਇਜ਼ਰਾਈਲ ਖ਼ਿਲਾਫ਼ ਲੜਦੇ ਹਨ, ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਹੈ। ਇਸ ਲਈ ਇਸ ਨੈੱਟਵਰਕ ਨੂੰ ਤੋੜਨ ਲਈ ਇਹ ਹਮਲਾ ਕੀਤਾ ਗਿਆ ਤਾਂ ਕਿ ਇਸ ਖਿੱਤੇ ਵਿਚ ਅਮਨ ਕਾਨੂੰਨ ਬਹਾਲ ਕੀਤਾ ਜਾ ਸਕੇ। ਇੱਥੇ ਪੁੱਛਿਆ ਇਹ ਜਾਣਾ ਚਾਹੀਦਾ ਹੈ ਕਿ ਹੁਣ ਤੱਕ ਇਜ਼ਰਾਈਲ ਜੋ ਕੁਝ ਫਲਸਤੀਨ ਵਿਚ ਗਾਜ਼ਾ ਦੇ ਲੋਕਾਂ ਨਾਲ ਕਰਦਾ ਆਇਆ ਹੈ, ਉਹ ਕੀ ਸੀ? ਕਿਵੇਂ ਹਸਪਤਾਲਾਂ, ਸਕੂਲਾਂ ਨੂੰ ਮਿਜ਼ਾਇਲਾਂ ਨਾਲ ਤਬਾਹ ਕਰ ਦਿੱਤਾ ਗਿਆ, ਕਿਵੇਂ ਗਾਜ਼ਾ ਦੇ ਛੋਟੇ ਛੋਟੇ ਬੱਚਿਆਂ ਨੂੰ ਸਕੂਲਾਂ ਹਸਪਤਾਲਾਂ ਉੱਤੇ ਬੰਬਾਰੀ ਕਰਕੇ ਮਾਰ ਦਿੱਤਾ ਗਿਆ? ਦੁਨੀਆ ਨੇ ਦੇਖਿਆ ਹੈ ਕਿ ਕਿਵੇਂ ਗਾਜ਼ਾ ਦੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਵਿਲਕਦੇ, ਤੜਪਦੇ ਭੁੱਖ ਨਾਲ ਮਰਨ ਲਈ ਮਜਬੂਰ ਕਰ ਦਿੱਤਾ ਗਿਆ। ਜੇ ਇਜ਼ਰਾਈਲ ਦੇ ਆਧੁਨਿਕ ਹਥਿਆਰ ਆਪਣੇ ਮਿੱਥੇ ਨਿਸ਼ਾਨੇ ਨੂੰ ਲੱਭ ਕੇ ਖ਼ਤਮ ਕਰਨ ਦੇ ਸਮਰੱਥ ਹਨ, ਤਾਂ ਸਵਾਲ ਪੈਦਾ ਹੁੰਦਾ ਹੈ ਕਿ, ਕੀ ਇਨ੍ਹਾਂ 167 ਮਸੂਮ ਬੱਚੀਆਂ ਨੂੰ ਗਾਜ਼ਾ ਦੇ ਮਸੂਮਾਂ ਤਰ੍ਹਾਂ ਹੀ ਜਾਣ ਬੁੱਝ ਕੇ ਮਾਰਿਆ ਗਿਆ ਹੈ।
ਜੰਗ ਦੇ ਮਾਰੂ ਪ੍ਰਭਾਵ ਅਗਲੇ ਕੁਝ ਅਰਸੇ ਦੌਰਾਨ ਦਿੱਸਣੇ ਸ਼ੁਰੂ ਹੋ ਜਾਣਗੇ। ਅਗਲੇ ਕੁਝ ਹੀ ਦਿਨਾਂ ਦੌਰਾਨ ਤੇਲ ਦੀਆਂ ਕੀਮਤਾਂ ਵਧਣਗੀਆਂ, ਜਿਸ ਨਾਲ ਹਰ ਤਰਾਂ੍ਹ ਦੀਆਂ ਚੀਜ਼ਾਂ ਖ਼ਾਸ ਕਰਕੇ ਖਾਣ ਪੀਣ ਵਾਲੀਆਂ ਚੀਜ਼ਾਂ ਵਸਤਾਂ, ਘਰੇਲੂ ਵਰਤੋਂ ਦੀਆਂ ਚੀਜ਼ਾਂ ਅਤੇ ਦਵਾਈਆਂ ਦੇ ਭਾਅ ਵਧਣ ਦੀ ਪੂਰੀ ਪੂਰੀ ਸੰਭਾਵਨਾ ਹੈ। ਤੇਲ ਕੀਮਤਾਂ ਵਧਣਗੀਆਂ ਤਾਂ ਮਹਿੰਗਾਈ ਵਧੇਗੀ ਮਹਿੰਗਾਈ ਵਧੇਗੀ ਤਾਂ ਇਸ ਦਾ ਅਸਰ ਸਾਡੀ ਸਭ ਦੀ ਜੇਬ 'ਤੇ ਹੋਵੇਗਾ। ਪਰ ਅਜਿਹਾ ਕੌਣ ਕਰ ਰਿਹਾ ਹੈ, ਅਜਿਹਾ ਕਿਉਂ ਕੀਤਾ ਜਾ ਰਿਹਾ ਹੈ, ਇਸ ਦਾ ਜਵਾਬ ਹੈ ਅਮਰੀਕਾ ਜਿਸ ਦੀ ਵਾਗਡੋਰ ਇਸ ਸਮੇਂ 79 ਸਾਲ ਦੇ ਵਿਅਕਤੀ ਡੋਨਾਲਡ ਟਰੰਪ ਦੇ ਹੱਥ ਵਿਚ ਹੈ। ਉਸ ਦੀ ਇੱਛਾ ਹੈ ਕਿ ਈਰਾਨ ਵਿਚ ਸੱਤਾ ਤਬਦੀਲੀ ਕੀਤੀ ਜਾਵੇ। ਇਜ਼ਰਾਈਲ ਦਾ ਪ੍ਰਧਾਨ ਮੰਤਰੀ ਨੇਤਨਯਾਹੂ, ਜਿਸ ਦੀ ਉਮਰ ਇਸ ਸਮੇਂ 76 ਸਾਲ ਹੈ, ਨੂੰ ਇਹ ਖਤਰਾ ਸੀ ਕਿ ਈਰਾਨ ਸਾਡੇ ਲਈ ਖ਼ਤਰਾ ਸਾਬਤ ਹੋ ਸਕਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਆਗੂਆਂ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਕਿ ਤੁਸੀਂ ਅਜਿਹਾ ਕਰਨ ਲਈ ਆਮ ਲੋਕਾਂ 'ਤੇ ਬੰਬਾਰੀ ਕਰੋ, ਮਾਸੂਮ ਬੱਚਿਆਂ ਦੇ ਕਤਲ ਕਰੋ ਅਤੇ ਦੁਨੀਆ ਨੂੰ ਬਲਦੀ ਦੇ ਬੁੱਥੇ ਦੇ ਦਿਓ? ਪਾਰਸ਼ੀਅਨ ਗਲਫ ਭਾਵ ਫਾਰਸ ਦੀ ਖਾੜੀ ਤੋਂ ਨਿਕਲਣ ਵਾਲਾ ਸਮੁੰਦਰੀ ਰਸਤਾ ਜਿਸ ਨੂੰ ਸਟਰੇਟ ਆਫ ਹਾਰਮੁਜ਼ ਕਿਹਾ ਜਾਂਦਾ ਹੈ, ਲਗਭਗ ਬੰਦ ਹੋ ਗਿਆ ਹੈ। ਦੁਨੀਆ ਦੇ ਸਿਰਫ਼ 33 ਕਿਲੋਮੀਟਰ ਚੌੜੇ ਤੇੇ ਸਭ ਤੋਂ ਮਹੱਤਵਪੂਰਨ ਇਸ ਰਸਤੇ ਦੇ ਇਕ ਪਾਸੇ ਈਰਾਨ ਅਤੇ ਦੂਜੇ ਪਾਸੇ ਓਮਾਨ ਦੇਸ਼ ਹੈ। ਇਸ ਰਸਤੇ ਤੋਂ ਭਾਰਤ ਆਪਣੇ ਲਈ ਲਗਭਗ 50 ਪ੍ਰਤੀਸ਼ਤ ਤੇਲ ਪ੍ਰਾਪਤ ਕਰਦਾ ਹੈ ਅਤੇ ਚੀਨ ਵੀ ਇਸੇ ਰਸਤੇ ਰਾਹੀਂ ਆਪਣਾ 80 ਤੋਂ 90 ਪ੍ਰਤੀਸ਼ਤ ਤੇਲ ਦਰਾਮਦ ਕਰਦਾ ਹੈ। ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੇ ਯੁੱਧ ਦੇ ਚਲਦਿਆਂ ਇਹ ਰਸਤਾ ਇਸ ਸਮੇਂ ਲਗਭਗ ਬੰਦ ਹੋ ਗਿਆ ਹੈ। ਇਸ ਰਸਤੇ ਤੋਂ ਕੇਵਲ ਤੇਲ ਹੀ ਨਹੀਂ ਤਰਲ ਕੁਦਰਤੀ ਗੈਸ ਅਤੇ ਹੋਰ ਕਈ ਤਰ੍ਹਾਂ ਦੇ ਪਦਾਰਥ ਇੱਧਰ ਆਉਂਦੇ ਹਨ ਅਤੇ ਇਧਰੋਂ ਬਹੁਤ ਸਾਰੀਆਂ ਵਸਤਾਂ ਉਧਰ ਜਾਂਦੀਆਂ ਹਨ। ਦੁਨੀਆ ਦੇ ਇਸ ਬਹੁਤ ਹੀ ਮਹੱਤਵਪੂਰਨ ਰਸਤੇ ਰਾਹੀਂ ਸਾਊਦੀ ਅਰਬ, ਓਮਾਨ, ਇਰਾਕ, ਕੁਵੈਤ, ਯੂ.ਏ.ਈ., ਜਾਪਾਨ ਆਦਿ ਤੋਂ ਇਲਾਵਾ ਯੂਰਪ ਅਤੇ ਏਸ਼ੀਆ ਨੂੰ ਵੀ ਵਸਤਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ।
ਇਹ ਜੰਗ ਇੰਨੀ ਭਿਆਨਕ ਹੋ ਸਕਦੀ ਹੈ ਇਸ ਦਾ ਪੂਰਾ ਅੰਦਾਜ਼ਾ ਸ਼ਾਇਦ ਇਜ਼ਰਾਈਲ ਅਤੇ ਅਮਰੀਕਾ ਨੂੰ ਵੀ ਨਹੀਂ ਸੀ, ਉਨ੍ਹਾਂ ਦਾ ਮੁੱਖ ਨਿਸ਼ਾਨਾ ਉੱਥੇ ਦੇ ਆਗੂ ਨੂੰ ਮਾਰ ਕੇ ਉੱਥੇ ਆਪਣੀ ਕਠਪੁਤਲੀ ਸਰਕਾਰ ਦੀ ਸਥਾਪਤੀ ਕਰਨਾ ਸੀ। ਇਨ੍ਹਾਂ ਨੂੰ ਲਗਦਾ ਸੀ ਕਿ ਈਰਾਨ ਦੀ ਸਰਕਾਰ ਤੋਂ ਅੱਕੇ ਲੋਕ ਜਿਉਂ ਹੀ ਖਾਮੇਨੇਈ ਦੀ ਮੌਤ ਦੀ ਖ਼ਬਰ ਸੁਨਣਗੇ ਤਾਂ ਸਾਰਾ ਈਰਾਨ ਜਸ਼ਨ ਮਨਾਉਣ ਲਈ ਸੜਕਾਂ 'ਤੇ ਆ ਜਾਵੇਗਾ ਅਤੇ ਇਸ ਦੇ ਨਾਲ ਹੀ ਸਾਡਾ ਕੰਮ ਸਿੱਧਾ ਹੋ ਜਾਵੇਗਾ, ਪਰ ਜਿਵੇਂ ਕਿਸੇ ਜੰਗ ਨੂੰ ਸ਼ੁਰੂ ਕਰਨ ਵਾਲੇ ਦੇ ਹੱਥ ਜੰਗ ਨੂੰ ਰੋਕਣਾ ਨਹੀਂ ਹੁੰਦਾ। ਇਸੇ ਤਰ੍ਹਾਂ ਜ਼ਰੂਰੀ ਨਹੀਂ ਕਿ ਜੰਗ ਦੇ ਨਤੀਜੇ ਆਸ ਮੁਤਾਬਕ ਹੀ ਹੋਣ। ਇਹ ਹੱਦ ਤੋਂ ਵੱਧ ਭਿਆਨਕ ਵੀ ਹੋ ਸਕਦੇ ਹਨ। ਪੂਰੀ ਦੁਨੀਆ ਇਹ ਵੇਖ ਰਹੀ ਹੈ ਆਪਣੇ ਆਗੂ ਦੀ ਮੌਤ ਤੋਂ ਮਗਰੋਂ ਜਿਵੇਂ ਈਰਾਨ ਵਲੋਂ ਇਹ ਜੰਗ ਲੜੀ ਜਾ ਰਹੀ ਹੈ ਇਸ ਨਾਲ ਅਮਰੀਕੀ ਥਾਣੇਦਾਰੀ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ। ਜਿਵੇਂ ਅਮਰੀਕਾ ਦੀ ਇੱਛਾ ਸੀ ਕਿ ਈਰਾਨ ਦੇ ਆਗੂ ਖਾਮੇਨੇਈ ਨੂੰ ਮਾਰ ਕੇ ਈਰਾਨੀਆਂ ਨੂੰ ਰਾਹਤ ਦਿੱਤੀ ਜਾਵੇ, ਇਸ ਤਰ੍ਹਾਂ ਦੇ ਭਲਾਈ ਦੇ ਕੰਮ ਉਹ ਪਹਿਲਾਂ ਲੀਬੀਆ ਦੇ ਕਨਰਲ ਗੱਦਾਫ਼ੀ ਨੂੰ ਮਾਰ ਕੇ, ਇਰਾਕ ਦੇ ਸਦਾਮ ਹੁਸੈਨ ਨੂੰ ਫਾਂਸੀ ਲਾ ਕੇ ਅਤੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇਸ਼ਾਂ ਵਿਚ ਲੋਕ ਭਲਾਈ ਦੇ ਝੰਡੇ ਗੱਡ ਚੁੱਕਾ ਹੈ। ਹੁਣ ਉਸ ਨੇ ਆਪਣਾ ਨਵਾਂ ਸ਼ਿਕਾਰ ਈਰਾਨ ਨੂੰ ਬਣਾਇਆ ਹੈ। ਇੱਥੇ ਹੁਣ ਤੱਕ ਹਜ਼ਾਰਾਂ ਲੋਕਾਂ ਦੇ ਘਰਾਂ ਵਿਚ ਮੌਤ ਦੇ ਸੱਥਰ ਵਿਛ ਗਏ ਹਨ। ਇਹ ਹੀ ਨਹੀਂ ਅਮਰੀਕਾ ਦੇ ਫੌਜੀ ਵੀ ਮਾਰੇ ਜਾ ਰਹੇ ਹਨ ਪਰ ਬੇਸ਼ੱਕ ਲੋਕ ਮਰ ਰਹੇ ਹਨ, ਪਰ ਅਮਰੀਕਾ ਅਨੁਸਾਰ ਇਹ ਬੜਾ ਜ਼ਰੂਰੀ ਹੈ ਕਿ ਦੁਨੀਆ ਨੂੰ ਉਸ ਪਰਮਾਣੂ ਖ਼ਤਰੇ ਤੋਂ ਬਚਾਇਆ ਜਾਵੇ, ਜਿਸ ਖ਼ਤਰੇ ਤੋਂ ਉਹ ਪਹਿਲਾਂ ਕਨਰਲ ਗੱਦਾਫੀ, ਸਦਾਮ ਹੁਸੈਨ, ਗਾਜ਼ਾ ਵਿਚ ਹਜ਼ਾਰਾਂ ਔਰਤਾਂ ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਨੂੰ ਮਾਰ ਕੇ ਲੋਕਾਂ ਨੂੰ ਬਚਾ ਚੁੱਕੇ ਹਨ।
ਦੁਨੀਆ ਇਸ ਸਮੇਂ ਇਕ ਬੜੇ ਭਿਆਨਕ ਦੌਰ ਵਿਚ ਹੈ। ਇਸ ਦੌਰ ਨੇ ਸਾਨੂੰ ਦੱਸਿਆ ਹੈ ਕਿ ਦੁਨੀਆ ਦੀ ਤਾਕਤ ਉਨ੍ਹਾਂ ਜ਼ਿੰਮੇਵਾਰ ਲੋਕਾਂ ਦੇ ਹੱਥਾਂ ਵਿਚ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਮਾਨਵਤਾ ਵਿਚ ਆਸਥਾ ਹੋਵੇ, ਨਾ ਕਿ ਉਨ੍ਹਾਂ ਦੋ ਕੁ ਵਿਅਕਤੀਆਂ ਕੋਲ ਜਿਨ੍ਹਾਂ ਦੀ ਲਾਲਸਾ ਦਾ ਕੋਈ ਪਾਰਾਵਾਰ ਨਹੀਂ। ਦੁਨੀਆ ਦੀ ਤਾਕਤ ਦੁਨੀਆ ਦੇ ਵੱਖ-ਵੱਖ ਖਿੱਤਿਆਂ ਦੇ ਲੋਕਾਂ ਦੇ ਹੱਥਾਂ ਵਿਚ ਹੋਣੀ ਚਾਹੀਦੀ ਹੈ। ਜਦੋਂ ਜਦੋਂ ਸੱਤਾ ਦੀ ਤਾਕਤ ਕੁਝ ਲੋਕਾਂ ਦੇ ਹੱਥਾਂ ਤੱਕ ਸੀਮਤ ਹੁੰਦੀ ਹੈ ਤਾਂ ਇਸ ਦਾ ਖ਼ਮਿਆਜ਼ਾ ਲੱਖਾਂ ਬੇਗੁਨਾਹ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ।
ਇਸ ਜੰਗ ਨਾਲ ਦੁਨੀਆ 'ਤੇ ਬੜੇ ਭਿਆਨਕ ਅਸਰ ਪੈਣਗੇ। ਹਥਿਆਰਾਂ ਦੀ ਦੌੜ ਹੋਰ ਤੇਜ਼ ਹੋਵੇਗੀ। ਵਿਕਾਸ਼ਸ਼ੀਲ ਮੁਲਕਾਂ ਵਿਚ ਗ਼ਰੀਬੀ ਹੋਰ ਵਧੇਗੀ। ਦੇਸ਼ਾਂ ਕੋਲ ਹਥਿਆਰ ਤਾਂ ਹੋਣਗੇ ਪਰ ਆਪਣੀ ਪਰਜਾ ਲਈ ਚੱਜ-ਆਚਾਰ ਦੀ ਰੋਟੀ ਨਹੀਂ ਹੋਵੇਗੀ। ਜੰਗ ਦਾ ਸੰਕਟ ਫੈਲ ਰਿਹਾ ਹੈ ਅਤੇ ਗਹਿਰਾ ਹੋ ਰਿਹਾ ਹੈ। ਇਹ ਸੰਤਾਪ ਦਹਾਕਿਆਂ ਤੱਕ ਲੋਕਾਂ ਨੂੰ ਪ੍ਰਭਾਵਤ ਕਰੇਗਾ। ਇਹ ਜੰਗ ਦੁਨੀਆ ਦੀਆਂ ਆਰਥਕ ਨੀਤੀਆਂ ਨੂੰ ਮਾੜੇ ਢੰਗ ਨਾਲ ਪ੍ਰਭਾਵਿਤ ਕਰੇਗੀ। ਦੁਨੀਆ ਦੇ ਦੇਸ਼ਾਂ ਦਾ ਜੋ ਪੈਸਾ, ਰੋਟੀ, ਕੱਪੜਾ, ਮਕਾਨ 'ਤੇ ਖਰਚ ਹੋਣਾ ਸੀ, ਉਹ ਖਰਚ ਬੰਬਾਂ ਮਿਜ਼ਾਇਲਾਂ ਅਤੇ ਮਾਰੂ ਜਹਾਜ਼ਾਂ 'ਤੇ ਹੋਵੇਗਾ। ਅਮਰੀਕਾ ਇਜ਼ਰਾਈਲ ਅਤੇ ਈਰਾਨ ਦਰਮਿਆਨ ਚੱਲ ਰਹੀ ਇਸ ਜੰਗ ਵਿਚ ਇਕ ਪਾਸੇ ਉਹ ਲੋਕ ਹਨ ਜਿਨ੍ਹਾਂ ਨੂੰ ਆਪਣੀ ਹੋਂਦ ਦਾ ਖ਼ਤਰਾ ਭਾਸ ਰਿਹਾ ਹੈ, ਦੂਜੇ ਪਾਸੇ ਉਹ ਹਨ ਜਿਨ੍ਹਾਂ ਨੂੰ ਇਹ ਲਗਦਾ ਹੈ ਕਿ ਉਨ੍ਹਾਂ ਦੀ ਚੌਧਰ ਹੋਰ ਵਧਣੀ ਚਾਹੀਦੀ ਹੈ। ਦੁਨੀਆ ਦੇ ਲੋਕਾਂ ਨੂੰ ਇਸ ਜੰਗ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਇਹ ਕਦੇ ਵੀ ਨਹੀਂ ਹੋਣਾ ਚਾਹੀਦਾ ਕਿ ਕੁਝ ਕੁ ਵਿਅਕਤੀ ਕਿਸੇ ਖਿਤੇ ਜਾਂ ਦੁਨੀਆ ਦੇ ਲੋਕਾਂ ਦੀ ਤਕਦੀਰ ਲਿਖਣ ਦੇ ਸਮਰੱਥ ਹੋ ਜਾਣ ਅਤੇ ਇਨ੍ਹਾਂ ਨੂੰ ਇਹ ਅਧਿਕਾਰ ਹੋਵੇ ਕਿ ਇਹ ਦੁਨੀਆ ਦੇ ਜਿਸ ਖਿੱਤੇ ਵਿਚ ਮਰਜ਼ੀ ਲੋਕਾਂ ਦੀ ਤਬਾਹੀ ਦੇ ਮਨਸੂਬੇ ਘੜ ਲੈਣ।
ਦੁਨੀਆ ਨੂੰ ਇਸ ਜੰਗ ਨੂੰ ਚੌਧਰ ਅਤੇ ਹੋਂਦ ਨੂੰ ਬਚਾਉਣ ਵਾਲੀ ਜੰਗ ਦੇ ਰੂਪ ਵਿਚ ਵੇਖਣਾ ਚਾਹੀਦਾ ਹੈ। ਦੁਨੀਆ ਦੇ ਲੋਕ ਆਪਣੇ ਬੱਚਿਆਂ ਅਤੇ ਆਪਣੇ ਘਰਾਂ ਦੀ ਸਲਾਮਤੀ ਚਾਹੁੰਦੇ ਹਨ। ਕਿਸੇ ਖਿੱਤੇ ਵਿਚ ਲੋਕਾਂ ਨੂੰ ਮਾਰ ਕੇ, ਘਰਾਂ ਸਕੂਲਾਂ ਹਸਪਤਾਲਾਂ ਨੂੰ ਤਬਾਹ ਕਰਕੇ ਲੋਕਾਂ ਲਈ ਖੁਸ਼ੀ ਅਤੇ ਖੁਸ਼ਹਾਲੀ ਪੈਦਾ ਨਹੀਂ ਕੀਤੀ ਜਾ ਸਕਦੀ। ਦੂਜਿਆਂ ਦੀ ਤਬਾਹੀ ਕਰ ਕੇ ਪ੍ਰਾਪਤ ਕੀਤੀਆਂ ਜਿੱਤਾਂ, ਜਿੱਤਾਂ ਨਹੀਂ ਹੁੰਦੀਆਂ ਬਲਕਿ ਇਹ ਜ਼ੁਲਮੋ-ਤਸ਼ੱਦਦ ਦੀ ਖੇਡ ਹੁੰਦੀ ਹੈ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਇਸ ਖ਼ੂਨੀ ਖੇਡ ਨੂੰ ਰੋਕਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।
-ਜ਼ੀਰਾ।
ਮੋਬਾਈਲ : 9855051099