ਔਰਤ ਜੱਗ ਜਨਣੀ ਹੈ। ਧਰਤੀ 'ਤੇ ਜੀਵਨ ਦੀ ਹੋਂਦ ਔਰਤ ਕਰਕੇ ਹੀ ਹੈ। ਮਮਤਾ ਦਾ ਭੰਡਾਰ ਹੈ ਔਰਤ। ਔਰਤ ਨਾਲ ਹੀ ਇਹ ਸੰਸਾਰ ਹੈ। ਔਰਤ ਹੀ ਇਕ ਮਕਾਨ ਨੂੰ ਘਰ ਬਣਾਉਂਦੀ ਹੈ। ਤਿਆਗ ਅਤੇ ਸਹਿਣਸ਼ੀਲਤਾ ਦੀ ਮੂਰਤ ਹੈ ਔਰਤ। ਰਿਸ਼ਤਿਆਂ ਨੂੰ ਪਰੋ ਕੇ ਰੱਖਣ ਵਾਲੀ ਮਜ਼ਬੂਤ ਤੰਦ ਹੈ ਔਰਤ। ਔਰਤ ਅੰਦਰੋਂ ਜੇਕਰ ਸਹਿਣਸ਼ੀਲਤਾ ਖ਼ਤਮ ਹੋ ਜਾਵੇ ਤਾਂ ਅੱਧੇ ਰਿਸ਼ਤੇ ਆਪਣੇ ਆਪ ਖ਼ਤਮ ਹੋ ਜਾਣਗੇ ਕਿਉਂਕਿ ਆਪਣਿਆਂ ਦੀ ਖ਼ੁਸ਼ੀ ਖ਼ਾਤਿਰ ਇਕ ਔਰਤ ਸਾਰੀ ਜ਼ਿੰਦਗੀ ਬਹੁਤ ਕੁਝ ਸਹਿੰਦੀ ਹੈ। ਆਪਣੀਆਂ ਅਨੇਕਾਂ ਸੱਧਰਾਂ ਅਤੇ ਖਵਾਹਿਸ਼ਾਂ ਨੂੰ ਮਾਰਦੀ ਹੈ ਔਰਤ ਤਾਂ ਕਿ ਦੂਸਰਿਆਂ ਨੂੰ ਖ਼ੁਸ਼ੀ ਦੇ ਸਕੇ। ਪਰ ਫਿਰ ਵੀ ਬਦਲੇ ਵਿਚ ਉਸ ਨੂੰ ਬਹੁਤੀ ਵਾਰ ਤ੍ਰਿਸਕਾਰ ਹੀ ਮਿਲਦਾ ਹੈ। ਔਰਤ ਤਾਂ ਪਿਆਰ, ਵਫ਼ਾ ਅਤੇ ਮਮਤਾ ਦਾ ਵਹਿੰਦਾ ਝਰਨਾ ਹੈ। ਔਰਤ ਮਰੀਅਮ ਵੀ ਹੈ ਤੇ ਔਰਤ ਚੰਡੀ ਵੀ ਹੈ। ਹਰ ਰਿਸ਼ਤੇ ਦੀ ਜੜ੍ਹ ਔਰਤ ਹੈ। ਧੀ, ਭੈਣ, ਪਤਨੀ, ਨੂੰਹ, ਮਾਂ ਹਰ ਰੂਪ ਵਿਚ ਹੀ ਔਰਤ ਮਹਾਨ ਹੈ।
ਜੜ੍ਹ ਹੈ ਹਰ ਇਕ ਰਿਸ਼ਤੇ ਦੀ
ਹਰ ਵਿਹੜਾ ਬੰਨ੍ਹਿਆ ਔਰਤ ਨੇ
ਕਿੰਝ ਮਾੜੀ ਆਖਾਂ ਔਰਤ ਨੂੰ
ਜਦ ਰੱਬ ਵੀ ਜੰਮਿਆ ਔਰਤ ਨੇ।
ਪਰ ਸਾਡੇ ਸਮਾਜ ਨੇ ਔਰਤ ਨੂੰ ਸਿਰਫ ਭੋਗ-ਵਿਲਾਸ ਦੀ ਵਸਤੂ ਹੀ ਸਮਝਿਆ ਹੋਇਆ ਹੈ। ਸਾਡੇ ਵਿਚਾਰਕਾਂ ਨੇ ਵੀ ਔਰਤ ਦੀ ਨਿਖੇਧੀ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸ਼ੈਕਸਪੀਅਰ ਨੇ ਔਰਤ ਨੂੰ ਕਮਜ਼ੋਰੀ ਦਾ ਨਾਂਅ ਦਿੱਤਾ ਹੈ। ਤੁਲਸੀਦਾਸ ਨੇ ਔਰਤ ਨੂੰ ਤਾੜਨ ਦੀ ਅਧਿਕਾਰੀ ਕਿਹਾ ਹੈ ।
ਸਤੀ ਅਤੇ ਦੇਵ ਦਾਸੀਆਂ ਆਦਿ ਦੀ ਪ੍ਰਥਾ ਨੇ ਇਸਤਰੀ ਦਾ ਦਰਜਾ ਹੋਰ ਵੀ ਘਟਾ ਦਿੱਤਾ। ਜਰਮਨ ਦੇ ਚਿੰਤਕ ਆਇਨਗੇ ਨੂੰ ਔਰਤ ਦੇ ਵਜੂਦ 'ਚ ਰੂਹ ਜਾਂ ਆਤਮਾ ਨਾਂਅ ਦੀ ਕੋਈ ਚੀਜ਼ ਹੀ ਦਿਖਾਈ ਨਾ ਦਿੱਤੀ। ਚੈਸਟਰਫੀਲਡ ਨੇ ਔਰਤ ਦੀ ਪੈਦਾਇਸ਼ ਨੂੰ ਕੁਦਰਤ ਦਾ ਇਕ ਮਜੇਦਾਰ ਹਾਦਸਾ ਆਖਿਆ ਹੈ। ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਸਨ ਜਿਨ੍ਹਾਂ ਨੇ ਔਰਤ ਨੂੰ ਪੂਜਣ ਯੋਗ ਦੱਸ ਕੇ ਉਸ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਹੋਏ ਆਖਿਆ -
ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਸਾਡੇ ਸਮਾਜ ਵਿਚ ਔਰਤ ਨੂੰ ਉਸ ਦਾ ਬਣਦਾ ਹੱਕ ਮਿਲਿਆ ਹੀ ਨਹੀਂ ਹੈ ਜਿਸਦੀ ਉਹ ਹੱਕਦਾਰ ਹੈ। ਔਰਤ ਆਪਣੀ ਸਾਰੀ ਜ਼ਿੰਦਗੀ ਇਕ ਮਕਾਨ ਨੂੰ ਘਰ ਬਣਾਉਣ ਵਿਚ ਲਗਾ ਦਿੰਦੀ ਹੈ ਪਰ ਬਦਲੇ ਵਿਚ ਉਸ ਨੂੰ ਉਸੇ ਘਰ ਵਿਚ ਬੇਗਾਨੇਪਨ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਔਰਤ ਆਪਣੇ ਪੇਕੇ ਘਰ ਵਿਚ ਵੀ ਬੇਗਾਨੀ ਹੀ ਹੁੰਦੀ ਹੈ ਅਤੇ ਸਹੁਰੇ ਘਰ ਵਿਚ ਵੀ ਬੇਗਾਨੀ ਹੀ ਰਹਿੰਦੀ ਹੈ। ਅਸਲ ਵਿਚ ਪਰਮਾਤਮਾ ਨੇ ਬਹੁਤ ਵੱਡਾ ਜ਼ੇਰਾ ਬਖ਼ਸ਼ਿਆ ਹੈ ਔਰਤ ਨੂੰ ਜੋ ਖੁਦ ਤਾਂ ਨਫ਼ਰਤ ਝੱਲਦੀ ਹੈ ਪਰ ਖੁਦ ਹਰ ਪਾਸੇ ਖ਼ੁਸ਼ੀਆਂ ਤੇ ਪਿਆਰ ਹੀ ਵੰਡਦੀ ਹੈ। ਅੱਜ ਵੀ ਕਈ ਘਰਾਂ 'ਚ ਧੀ ਦੇ ਜਨਮ 'ਤੇ ਖ਼ੁਸ਼ੀ ਘੱਟ ਅਤੇ ਪਛਤਾਵਾ ਜ਼ਿਆਦਾ ਹੁੰਦਾ ਹੈ। ਅੱਜ 21ਵੀਂ ਸਦੀ ਵਿਚ ਵੀ ਸਾਡੀ ਸੋਚ ਰੂੜੀਵਾਦੀ ਹੀ ਹੈ। ਅਸੀਂ ਆਪਣਾ ਪਹਿਰਾਵਾ ਤਾਂ ਬਹੁਤ ਮਾਡਰਨ ਕਰ ਲਿਆ ਹੈ ਪਰ ਔਰਤ ਪ੍ਰਤੀ ਸਾਡੀ ਸੋਚ ਅੱਜ ਵੀ ਉਹੀ ਪੁਰਾਣੀ ਹੈ। ਔਰਤ ਅੱਜ ਵੀ ਨਾ ਤਾਂ ਆਪਣੇ ਫ਼ੈਸਲੇ ਖੁਦ ਲੈਣ ਲਈ ਸੁਤੰਤਰ ਹੈ ਤੇ ਨਾ ਹੀ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਊਣ ਲਈ।
ਅੱਜ ਦੇ ਵਿਗਿਆਨਕ ਯੁੱਗ ਵਿਚ ਔਰਤ ਭਾਵੇਂ ਮਰਦ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਪਰ ਫਿਰ ਵੀ ਔਰਤ ਉੱਤੇ ਹੁੰਦੇ ਅਤਿਆਚਾਰਾਂ ਦੀ ਦਾਸਤਾਨ ਅੱਜ ਵੀ ਉਹੀ ਹੈ। ਭਰੂਣ ਹੱਤਿਆ, ਘਰੇਲੂ ਹਿੰਸਾ, ਦਹੇਜ ਦੇ ਲਈ ਕਤਲ, ਅਣਖ਼ ਦੀ ਖ਼ਾਤਿਰ ਕਤਲ, ਜਬਰ-ਜਨਾਹ ਆਦਿ ਅਤਿਆਚਾਰਾਂ ਨਾਲ ਅੱਜ ਵੀ ਔਰਤ ਜੂਝ ਰਹੀ ਹੈ। ਉਹ ਔਰਤ ਜੋ ਪੂਜਣਯੋਗ ਹੈ, ਅੱਜ ਸਾਡੇ ਸਮਾਜ ਅੰਦਰ ਉਹ ਸੁਰੱਖਿਅਤ ਨਹੀਂ ਹੈ। ਅੱਜ ਵੀ ਔਰਤ ਨੂੰ ਵਸਤੂ ਸਮਝ ਕੇ ਉਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਔਰਤ ਪ੍ਰਤੀ ਸਾਡੀ ਸੋਚ ਸਿਰਫ ਉਸ ਦੇ ਜਿਸਮ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ, ਉਸ ਦੀ ਰੂਹ ਤੱਕ ਅਸੀਂ ਪਹੁੰਚੇ ਹੀ ਨਹੀਂ। ਜਦੋਂ ਹਰ ਰੋਜ਼ ਅਖ਼ਬਾਰਾਂ ਵਿਚ ਜਬਰ-ਜਨਾਹ ਦੀਆਂ ਖ਼ਬਰਾਂ ਪੜ੍ਹਦੇ ਹਾਂ ਤਾਂ ਮਨ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅਸੀਂ ਕਿਹੋ ਜਿਹੇ ਅਸੱਭਿਆ ਸਮਾਜ ਵਿਚ ਰਹਿ ਰਹੇ ਹਾਂ, ਜੋ ਜਾਨਵਰਾਂ ਤੋਂ ਵੀ ਖੂੰਖਾਰ ਹੋ ਚੁੱਕਾ ਹੈ। ਅਜਿਹਾ ਸਮਾਜ, ਜਿੱਥੇ ਨਾ ਕੋਈ ਮਾਸੂਮ ਬੱਚੀ ਸੁਰੱਖਿਅਤ ਹੈ ਤੇ ਨਾ ਹੀ ਕੋਈ ਬਜ਼ੁਰਗ ਔਰਤ। ਇਹ ਪੁਰਸ਼ ਪ੍ਰਧਾਨ ਸਮਾਜ ਆਖਿਰ ਕਦੋਂ ਸਮਝੇਗਾ ਔਰਤ ਦਾ ਦਰਦ। ਔਰਤ ਦੀਆਂ ਇੱਛਾਵਾਂ, ਉਸ ਦੀਆਂ ਸੱਧਰਾਂ ਦੀ ਕੋਈ ਕੀਮਤ ਨਹੀਂ ਸਾਡੇ ਇਸ ਸਮਾਜ ਦੀ ਨਜ਼ਰ ਵਿਚ। ਸਾਡਾ ਸਮਾਜ ਇਹ ਸਮਝਣ ਲਈ ਤਿਆਰ ਹੀ ਨਹੀਂ ਹੈ ਕਿ ਔਰਤ ਮਨ ਪ੍ਰਚਾਵੇ ਦਾ ਸਾਧਨ ਨਹੀਂ ਹੈ। ਔਰਤ ਅੰਦਰ ਵੀ ਰੂਹ ਹੈ, ਉਸ ਨੂੰ ਵੀ ਤਕਲੀਫ਼ ਹੁੰਦੀ ਹੈ। ਔਰਤ ਕੋਈ ਖਿਡੌਣਾ ਨਹੀਂ ਹੈ ਜਿਸ ਨਾਲ ਜਦੋਂ ਜੀਅ ਚਾਹਿਆ ਖੇਡ ਲਿਆ।
ਹਵਸ ਦੀ ਅੱਗ ਵਿਚ ਅੰਨ੍ਹੇ ਹੋਏ ਦਰਿੰਦੇ ਇਹ ਕਿਉਂ ਨਹੀਂ ਸੋਚਦੇ ਕਿ ਉਨ੍ਹਾਂ ਦੀ ਇਸ ਦਰਿੰਦਗੀ ਦੇ ਕਾਰਨ ਔਰਤ ਦੀ ਸਾਰੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਪਰਮਾਤਮਾ ਨੇ ਮਨੁੱਖ ਨੂੰ ਸਭ ਤੋਂ ਸਮਝਦਾਰ ਜੀਵ ਬਣਾ ਕੇ ਧਰਤੀ 'ਤੇ ਭੇਜਿਆ ਹੈ ਪਰ ਅੱਜ ਉਹੀ ਮਨੁੱਖ ਜਾਨਵਰਾਂ ਤੋਂ ਵੀ ਅੱਗੇ ਲੰਘ ਚੁੱਕਾ ਹੈ। ਔਰਤ ਮਰਦ ਦੇ ਰਿਸ਼ਤੇ ਵਿਚਲੀ ਮਰਿਆਦਾ ਜੇਕਰ ਇਸੇ ਤਰ੍ਹਾਂ ਤਾਰ-ਤਾਰ ਹੁੰਦੀ ਰਹੀ ਤਾਂ ਮਨੁੱਖ ਦੀ ਹੋਂਦ ਇਕ ਦਿਨ ਜ਼ਰੂਰ ਖ਼ਤਮ ਹੋ ਜਾਵੇਗੀ। ਅੱਜ ਲੋੜ ਹੈ ਇਸ ਗੱਲ 'ਤੇ ਵਿਚਾਰ ਕਰਨ ਦੀ ਕਿ ਇਨ੍ਹਾਂ ਦਰਿੰਦਿਆਂ ਦੇ ਹੌਸਲੇ ਇੰਨੇ ਕਿਉਂ ਵੱਧਦੇ ਜਾ ਰਹੇ ਹਨ। ਇਸ ਅਪਰਾਧ ਨੂੰ ਠੱਲ੍ਹ ਕਿਉਂ ਨਹੀਂ ਪੈ ਰਹੀ। ਕਮੀਆਂ ਸਾਡੇ ਅੰਦਰ ਵੀ ਹਨ, ਸਾਡੇ ਸਮਾਜ ਅੰਦਰ ਵੀ ਅਤੇ ਸਾਡੇ ਕਾਨੂੰਨ ਅੰਦਰ ਵੀ। ਇਹ ਸਾਡੀ ਕਮਜ਼ੋਰੀ ਹੈ ਕਿ ਅਸੀ ਸ਼ੁਰੂ ਤੋਂ ਹੀ ਲੜਕਾ-ਲੜਕੀ ਵਿਚ ਫਰਕ ਕਰਦੇ ਆ ਰਹੇ ਹਾਂ। ਲੜਕੀਆਂ ਨੂੰ ਪੈਰ-ਪੈਰ 'ਤੇ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਲੜਕਿਆਂ ਨਾਲੋਂ ਕਮਜ਼ੋਰ ਹਨ। ਅਜਿਹੀ ਛੋਟੀ ਮਾਨਸਿਕਤਾ ਦਾ ਭਾਰ ਉਹ ਸਾਰੀ ਜ਼ਿੰਦਗੀ ਢੋਂਹਦੀਆਂ ਹਨ, ਜਿਸ ਕਾਰਨ ਮਰਦ ਪ੍ਰਧਾਨ ਸਮਾਜ ਹਮੇਸ਼ਾ ਉਨ੍ਹਾਂ 'ਤੇ ਹਾਵੀ ਰਹਿੰਦਾ ਹੈ। ਸਾਡੇ ਸਮਾਜ ਅੰਦਰ ਜਦੋਂ ਵੀ ਕੋਈ ਔਰਤ ਇਸ ਅਪਰਾਧ ਦਾ ਸ਼ਿਕਾਰ ਹੁੰਦੀ ਹੈ ਤਾਂ ਸਾਡਾ ਸਮਾਜ ਉਸ ਔਰਤ ਨੂੰ ਹੀ ਘ੍ਰਿਣਾ ਦੀ ਨਜ਼ਰ ਨਾਲ ਦੇਖਦਾ ਹੈ। ਇਹ ਸਾਡੇ ਸਮਾਜ ਦੀ ਬਿਮਾਰ ਮਾਨਸਿਕਤਾ ਹੈ, ਜੋ ਇਸ ਜ਼ੁਰਮ ਨੂੰ ਬੜਾਵਾ ਦਿੰਦੀ ਹੈ। ਅੱਜ ਭਾਰਤ ਅੰਦਰ ਜਬਰ-ਜਨਾਹ ਜਿਹੇ ਅਪਰਾਧ ਲਈ ਸਖ਼ਤ ਕਾਨੂੰਨ ਬਣਾਉਣ ਦੀ ਬਹੁਤ ਜ਼ਰੂਰਤ ਹੈ। ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿ ਇਹ ਕਾਨੂੰਨ ਲਾਗੂ ਵੀ ਹੋਣ, ਨਾ ਕਿ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿਣ। ਜਬਰ-ਜਨਾਹ ਦੇ ਅਪਰਾਧ ਦੀ ਸੁਣਵਾਈ ਪਹਿਲ ਦੇ ਆਧਾਰ 'ਤੇ ਹੋਵੇ ਅਤੇ ਦੋਸ਼ੀ ਨੂੰ ਫਾਂਸੀ ਤੋਂ ਘੱਟ ਸਜ਼ਾ ਨਾ ਹੋਵੇ ਤਾਂ ਕਿ ਇਨ੍ਹਾਂ ਦਰਿੰਦਿਆਂ ਨੂੰ ਵੀ ਪਤਾ ਲੱਗੇ ਕਿ ਔਰਤ ਦੀ ਇੱਜ਼ਤ ਦੀ ਕੀਮਤ ਕੀ ਹੈ।
ਔਰਤ ਦੀ ਇਸ ਮਾੜੀ ਦਸ਼ਾ ਲਈ ਜਿੱਥੇ ਸਮਾਜ ਜ਼ਿੰਮੇਵਾਰ ਹੈ, ਉੱਥੇ ਹੀ ਔਰਤ ਖੁਦ ਵੀ ਇਸ ਦੇ ਲਈ ਜ਼ਿੰਮੇਵਾਰ ਹੈ, ਕਿਉਂਕਿ ਜਦ ਤੱਕ ਔਰਤ ਖੁਦ ਕੋਸ਼ਿਸ਼ ਨਹੀਂ ਕਰੇਗੀ, ਉਸ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲ ਸਕਦਾ। ਜੋ ਔਰਤ ਚੰਦ 'ਤੇ ਪਹੁੰਚ ਸਕਦੀ ਹੈ, ਦੇਸ਼ ਚਲਾ ਸਕਦੀ ਹੈ, ਆਪਣਿਆਂ ਲਈ ਪੂਰੀ ਦੁਨੀਆ ਨਾਲ ਲੜ ਸਕਦੀ ਹੈ, ਫਿਰ ਉਹੀ ਔਰਤ ਆਪਣੇ ਹੱਕਾਂ ਲਈ ਕਿਉਂ ਨਹੀਂ ਲੜ ਸਕਦੀ। ਅੱਜ ਲੋੜ ਹੈ ਔਰਤ ਨੂੰ ਆਪਣੇ-ਆਪ ਨੂੰ ਜਾਣਨ ਦੀ। ਆਪਣੇ ਅੰਦਰਲੇ ਹੌਸਲੇ ਅਤੇ ਹਿੰਮਤ ਨੂੰ ਪਹਿਚਾਨਣ ਦੀ। ਜੋ ਔਰਤ ਨੌ ਮਹੀਨੇ ਤੱਕ ਇਕ ਅੰਸ਼ ਨੂੰ ਆਪਣੀ ਕੁੱਖ ਅੰਦਰ ਰੱਖ ਕੇ ਇਸ ਧਰਤੀ 'ਤੇ ਜੀਵਨ ਸੰਭਵ ਬਣਾ ਸਕਦੀ ਹੈ, ਉਹ ਔਰਤ ਆਪਣੀ ਹੋਂਦ ਲਈ, ਆਪਣੇ ਵਜੂਦ ਲਈ, ਕਿਉਂ ਨਹੀਂ ਲੜ ਸਕਦੀ? ਔਰਤ ਨੂੰ ਖੁਦ ਇਹ ਸਮਝਣਾ ਪਵੇਗਾ ਕਿ ਜੇਕਰ ਉਹ ਮਰੀਅਮ ਹੈ ਤਾਂ ਉਹ ਰਾਣੀ ਝਾਂਸੀ ਵੀ ਹੈ। ਔਰਤ ਨੂੰ ਸਿਰਫ ਵਸਤੂ ਸਮਝਣ ਵਾਲੇ ਇਸ ਸਮਾਜ ਨੂੰ ਸਮਝਣਾ ਪਵੇਗਾ ਕਿ ਔਰਤ ਕਠਪੁੱਤਲੀ ਨਹੀਂ ਹੈ, ਜਿਸ ਨੂੰ ਜਿਸ ਤਰ੍ਹਾਂ ਚਾਹਿਆ ਨਚਾ ਲਿਆ। ਔਰਤ ਅੰਦਰ ਵੀ ਜਾਨ ਹੈ, ਉਸ ਨੂੰ ਵੀ ਦਰਦ ਹੁੰਦਾ ਹੈ, ਉਸ ਦੀਆਂ ਵੀ ਸੱਧਰਾਂ ਹਨ ਅਤੇ ਉਹ ਸਿਰ ਦਾ ਤਾਜ ਹੁੰਦੀ ਹੈ।
ਕੁਦਰਤ ਦੀ ਹੈ ਪਿਆਰੀ ਮੂਰਤ
ਨਾਂਅ ਹੈ ਜਿਸ ਦਾ ਔਰਤ।
-ਪਿੰਡ-ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 99150-33176