ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬਹੁਪੱਖੀ ਪ੍ਰਤਿਭਾ ਦਾ ਮਾਲਕ ਵਿਲੱਖਣ ਅਦਾਕਾਰ ਸੁਨੀਲ ਗਰੋਵਰ

Ad Position 21
No active advertisement
ਅਜੀਤ ਡੈਸਕ 08-03-2026

ਨੈੱਟਫਲਿਕਸ ਦੇ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਇਕ ਹੱਥ ਵਿਚ ਸਿਰਹਾਣਾ ਫੜੀ ਅਤੇ ਦੂਜਾ ਹੱਥ ਆਪਣੇ ਦਿਲ 'ਤੇ ਰੱਖਦਾ ਹੋਇਆ ਆਮਿਰ ਖਾਨ ਦਾਖਲ ਹੁੰਦਾ ਹੈ। ਉਹ ਸ਼ੋਅ 'ਚ ਅੜਚਣ ਪਾਉਣ ਲਈ ਮੁਆਫ਼ੀ ਮੰਗਦਾ ਹੈ, ਹਾਲਾਂਕਿ ਅਦਾਕਾਰ ਕਾਰਤਿਕ ਆਰੀਅਨ ਤੇ ਅਨੰਨਿਆ ਪਾਂਡੇ ਉਸ ਨੂੰ ਦੇਖ ਕੇ ਖੁਸ਼ ਤੇ ਪ੍ਰਭਾਵਿਤ ਹੁੰਦੇ ਹਨ। ਉਹ ਹੋਸਟ ਕਪਿਲ ਸ਼ਰਮਾ ਦੇ ਇਸ਼ਾਰਿਆਂ ਤੋਂ ਬਾਅਦ ਦਰਸ਼ਕਾਂ ਦੀ ਪ੍ਰਸ਼ੰਸਾ ਕਬੂਲਦਿਆਂ ਉਨ੍ਹਾਂ ਨੇੜੇ ਜਾਂਦਾ ਹੈ। ਸਾਰਿਆਂ ਨੂੰ ਉਹ ਬਹੁਤ ਜਾਣਿਆ-ਪਛਾਣਿਆ ਜਾਪਦਾ ਹੈੈ: ਕਿਉਂਕਿ ਉਹ ਆਮਿਰ ਖਾਨ ਨਹੀਂ, ਸਗੋਂ ਉਸ ਦਾ ਰੂਪ ਧਾਰਨ ਕਰਕੇ ਆਇਆ ਅਦਾਕਾਰ ਸੁਨੀਲ ਗਰੋਵਰ ਸੀ। ਆਮਿਰ ਖਾਨ ਸਮੇਤ ਕਈ ਹੋਰ ਮਸ਼ਹੂਰ ਹਸਤੀਆਂ ਦਾ ਰੂਪ ਧਾਰਨ ਕਰਕੇ ਲੋਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲੇ ਸੁਨੀਲ ਗਰੋਵਰ ਤੋਂ ਦਰਸ਼ਕ ਅਣਜਾਣ ਨਹੀਂ ਹਨ। ਅਦਾਕਾਰ-ਕਾਮੇਡੀਅਨ ਨੇ ਇਸ ਕਿਰਦਾਰ 'ਉਨੀਸ-ਬੀਸ ਆਮਿਰ' ਨਾਲ ਆਮਿਰ ਦੇ ਜਨਤਕ ਵਿਅਕਤੀਤਵ ਨੂੰ ਬਾਖੂਬੀ ਨਿਭਾਇਆ ਹੈ। ਜਦੋਂ ਉਹ 'ਉਨੀਸ-ਬੀਸ ਸਲਮਾਨ' 'ਚ ਸਲਮਾਨ ਖਾਨ ਦੀ ਨਕਲ ਉਤਾਰਦਿਆਂ ਸਲਮਾਨ ਬਣਦਾ ਹੈ ਤਾਂ ਲੋਕਾਂ ਨੂੰ ਉਹ ਅਸਲੀ ਸਲਮਾਨ ਖਾਨ ਨਾਲੋਂ ਵੀ ਜ਼ਿਆਦਾ ਸਲਮਾਨ ਖਾਨ ਲਗਦਾ ਹੈ। ਇਹ ਐਕਟ ਇੰਟਰਨੈੱਟ 'ਤੇ ਇੰਨਾ ਵਾਇਰਲ ਹੋਇਆ ਕਿ ਗਰੋਵਰ ਇਕ ਏ.ਆਈ.-ਜਨਰੇਟਿਡ ਹਸਤੀ ਬਣ ਗਿਆ।
ਦ ਗ੍ਰੇਟ ਇੰਡੀਅਨ ਕਪਿਲ ਸ਼ੋਅ 'ਚ ਕਪਿਲ ਸ਼ਰਮਾ ਸੈਲੇਬ੍ਰਿਟੀ ਨਾਲ ਮੁਲਕਾਤਾਂ, ਪੈਰੋਡੀਜ਼ ਤੇ ਗੈਗਸ ਨਾਲ ਆਪਣੀ ਗੱਲਬਾਤ ਨੂੰ ਜੋੜਦਾ ਹੈ। ਮਾਰਚ 2024 ਤੋਂ ਇਹ ਸ਼ੋਅ ਨੈੱਟਫਲਿਕਸ 'ਤੇ ਆਉਣ ਲੱਗਾ ਤਾਂ ਗਰੋਵਰ ਲਗਾਤਾਰ ਇਸ ਦਾ ਹਿੱਸਾ ਬਣਿਆ ਹੋਇਆ ਹੈ। ਉਸ ਦੇ ਕਿਰਦਾਰ ਹਰ ਐਪੀਸੋਡ ਦੇ ਨਾਲ ਬਦਲਦੇ ਰਹਿੰਦੇ ਹਨ ਕਿਉਂਕਿ ਉਹ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਆਪਣੇ ਆਪ ਨੂੰ ਕਾਲਪਨਿਕ ਤੇ ਅਸਲ ਜੀਵਨ-ਪ੍ਰੇਰਿਤ ਪਾਤਰਾਂ ਵਿਚ ਬਦਲਦਾ ਰਹਿੰਦਾ ਹੈ। ਗਰੋਵਰ ਦਾ ਕਹਿਣਾ ਹੈ ਕਿ ਉਹ ਕਿਸੇ ਵਿਅਕਤੀ ਦੀ ਨਕਲ ਕਰਦੇ ਸਮੇਂ ਉਸ ਵਿਅਕਤੀ ਦੇ ਅਸਲ ਜੀਵਨ ਤੇ ਦ੍ਰਿਸ਼ਟੀਕੋਣ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਵਿਅਕਤੀ ਬਣਨ ਦੀ ਪ੍ਰਕਿਰਿਆ ਮੇਰਾ ਬਹੁਤ ਧਿਆਨ ਮੰਗਦੀ ਹੈ, ਹਾਲਾਂਕਿ ਇਕ ਟੀਮ ਹੈ ਜੋ ਦਿੱਖ ਤੇ ਸੰਵਾਦ ਬਣਾਉਣ ਵਿਚ ਮੇਰੀ ਮਦਦ ਕਰਦੀ ਹੈ। ਭਾਰਤੀ ਮਨੋਰੰਜਨ ਜਗਤ ਵਿਚ ਕਾਮੇਡੀ ਇਕ ਵੱਡਾ ਕਾਰੋਬਾਰ ਬਣ ਚੁੱਕਾ ਹੈ। ਕਪਿਲ ਸ਼ਰਮਾ ਨੇ ਆਪਣੇ ਸ਼ੋਅ ਰਾਹੀਂ ਕਾਮੇਡੀਅਨਾਂ ਦਾ ਇਕ ਗਰੁੱਪ ਬਣਾਇਆ ਹੈ, ਸ਼ਾਇਦ ਇਸੇ ਨੇ 7 ਸਾਲ ਬਾਅਦ ਗਰੋਵਰ ਤੇ ਸ਼ਰਮਾ ਦੀ ਜੋੜੀ ਦੇ ਪੁਨਰ-ਮਿਲਣ ਲਈ ਮੰਚ ਤਿਆਰ ਕੀਤਾ ਹੈ। ਦੋ ਸਾਲਾਂ ਤੋਂ ਵੀ ਘੱਟ ਸਮੇਂ ਦੌਰਾਨ ਇਸ ਸ਼ੋਅ ਦੇ ਤਿੰਨ ਸੀਜ਼ਨ ਹੋ ਚੁੱਕੇ ਹਨ ਤੇ ਹੁਣ ਚੌਥਾ ਸੀਜ਼ਨ ਚੱਲ ਰਿਹਾ ਹੈੈ।
ਇਸ ਸ਼ੋਅ ਵਿਚ ਸੁਨੀਲ ਗਰੋਵਰ- ਕੁਸ਼ਪਾ ਰਾਜ ਦੇ ਰੂਪ ਵਿਚ ਫਿਲਮ 'ਪੁਸ਼ਪਾ' ਦੇ ਮੁੱਖ ਕਿਰਦਾਰ ਅੱਲੂ ਅਰਜੁਨ ਦੀ ਪੈਰੋਡੀ ਹੈ; ਉਹ ਫੁਲਜਾਰ ਸਾਹਬ ਬਣ ਕੇ ਪ੍ਰਸਿੱਧ ਗੀਤਕਾਰ ਗੁਲਜ਼ਾਰ ਦਾ ਰੂਪ ਧਾਰਨ ਕਰਦਾ ਹੈ; ਅਤੇ ਫਿਲਮ ਨਿਰਮਾਤਾ ਨਿਰਦੇਸ਼ਕ ਐੱਸ.ਐੱਸ. ਰਾਜਾ-ਮੌਲੀ ਤੋਂ ਪ੍ਰੇਰਿਤ ਰਾਜਾਗੋਲੀ ਬਣਦਾ ਹੈ। ਪਿਛਲੇ ਸਾਲ 20 ਦਸੰਬਰ ਨੂੰ ਸ਼ੋਅ ਦੇ ਚੌਥੇ ਸੀਜ਼ਨ ਦੇ ਪਹਿਲੇ ਐਪੀਸੋਡ 'ਚ ਉਸ ਨੇ ਇਕ ਆਰਕੈਸਟਰਾ ਗਾਇਕ-ਡਾਇਮੰਡ ਰਾਜਾ ਵਜੋਂ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨਾਲ 'ਡਰਾਈਵ ਸਲੋਅ ਸਲੋਅ' ਗਾਣਾ ਗਾਇਆ, ਇਹ ਗੀਤ ਇਕ ਰਾਤ ਪਹਿਲਾਂ ਨਵੇਂ ਸਾਲ ਦੀ ਸ਼ਾਮ ਦੇ ਜਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਲਿਖਿਆ ਗਿਆ ਸੀ। ਉਸ ਨੇ ਡਾਇਮੰਡ ਰਾਜਾ ਵਜੋਂ ਏ.ਆਰ. ਰਹਿਮਾਨ ਦੀ ਆਰਕੈਸਟਰਾ-ਸ਼ੈਲੀ 'ਚ ਏ.ਪੀ. ਢਿੱਲੋਂ ਦੇ 'ਤੇਰੀਆ ਅਦਾਵਾਂ' ਦੀ ਧੁਨ 'ਤੇ ਵਾਲਾਂ ਦੇ ਝੜਨ ਬਾਰੇ ਇਕ ਪੈਰੋਡੀ ਗੀਤ ਵੀ ਪੇਸ਼ ਕੀਤਾ। ਅਦਾਕਾਰਾ ਤੇ ਇਸ ਕਾਮੇਡੀ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੇ ਸੁਨੀਲ ਨੂੰ ਬਹੁਤ ਡੂੰਘੀ ਤੇ ਮੌਲਿਕ ਪ੍ਰਤਿਭਾ ਦਾ ਮਾਲਕ, ਸ਼ਾਂਤ, ਆਤਮਵਿਸ਼ਵਾਸ ਨਾਲ ਭਰਪੂਰ ਸੱਚਾ ਕਲਾਕਾਰ ਦੱਸਿਆ ਹੈ, ਜਿਸ ਨੇ ਅਦਾਕਾਰ ਵਜੋਂ ਆਪਣੀ ਮਾਸੂਮੀਅਤ ਗੁਆਏ ਬਿਨਾਂ ਇਸ ਨੂੰ ਵਿਕਸਤ ਕੀਤਾ ਹੈ। ਉਹ ਸ਼ੋਅ ਦੇ ਹਰ ਸੀਜ਼ਨ 'ਚ ਨਵੇਂ-ਨਵੇਂ ਅਵਤਾਰਾਂ ਵਿਚ ਇਕ ਵਿਲੱਖਣ ਰੂਪ 'ਚ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੈ।
ਹਰਿਆਣਾ ਦੇ ਮੰਡੀ ਡੱਬਵਾਲੀ ਦੇ ਰਹਿਣ ਵਾਲੇ ਸੁਨੀਲ ਗਰੋਵਰ (48) ਨੂੰ ਆਪਣੀ ਨਕਲ ਕਰਨ ਦੇ ਹੁਨਰ ਬਾਰੇ ਛੋਟੇ ਹੁੰਦਿਆਂ ਹੀ ਪਤਾ ਲੱਗ ਗਿਆ ਸੀ। ਉਹ ਪਰਿਵਾਰਕ ਇਕੱਠਾਂ ਵਿਚ ਆਪਣੇ ਅਧਿਆਪਕਾਂ ਤੇ ਰਿਸ਼ਤੇਦਾਰਾਂ ਦੀ ਨਕਲ ਕਰਦਾ ਹੁੰਦਾ ਸੀ। ਜਦੋਂ ਉਸ ਦਾ ਪਰਿਵਾਰ 1994 'ਚ ਚੰਡੀਗੜ੍ਹ ਚਲਾ ਗਿਆ ਤਾਂ ਉਸ ਨੂੰ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਮਾਸਟਰਜ਼ ਕਰਨ ਦੌਰਾਨ ਕਾਮੇਡੀ ਦਾ ਅਸਲ ਅਨੁਭਵ ਮਰਹੂਮ ਜਸਪਾਲ ਭੱਟੀ ਦੇ ਨਾਲ ਫੁੱਲ ਟੈਂਸ਼ਨ (1995) ਵਿਚ ਕੰਮ ਕਰਨ ਦੌਰਾਨ ਹੋਇਆ। ਭੱਟੀ ਜੀ ਨੇ ਉਸ ਨੂੰ ਲਾਈਵ ਸ਼ੋਅ ਦੌਰਾਨ ਸਹੀ ਵਾਕਾਂਸ਼ਾਂ ਤੇ ਸ਼ਬਦਾਂ ਦੀ ਵਰਤੋਂ ਕਰਨ ਦੀ ਕਲਾ ਸਿਖਾਈ। ਉਸ ਨੇ 2000 ਦੇ ਦਹਾਕੇ ਦੇ ਸ਼ੁਰੂ ਵਿਚ ਇਸ਼ਤਿਹਾਰਾਂ ਲਈ ਵੌਇਸਓਵਰ ਕਰਨਾ ਸ਼ੁਰੂ ਕੀਤਾ ਤੇ 'ਹੰਸੀ ਕੇ ਫੁਵਾਰੇ' ਰੇਡੀਓ ਸ਼ੋਅ ਦੀ ਮੇਜ਼ਬਾਨੀ ਵੀ ਕੀਤੀ, ਇਸ ਦੌਰਾਨ ਉਹ ਫਿਲਮਾਂ ਵਿਚ ਛੋਟੀਆਂ ਭੂਮਿਕਾਵਾਂ ਵੀ ਨਿਭਾਉਂਦਾ ਰਿਹਾ। ਭਾਵੇਂ ਫਿਲਮਾਂ 'ਚ ਉਸ ਦਾ ਕੈਰੀਅਰ ਅੱਗੇ ਨਾ ਵਧ ਸਕਿਆ, ਪਰ ਟੈਲੀਵਿਜ਼ਨ ਨੇ ਉਸ ਦੀ ਘਰ-ਘਰ 'ਚ ਪਛਾਣ ਬਣਾ ਦਿੱਤੀ। ਉਸ ਦੇ 'ਕਾਮੇਡੀ ਨਾਈਟਸ ਵਿਦ ਕਪਿਲ' ਵਿਚ ਔਰਤ ਬਣ ਕੇ ਸਲਵਾਰ-ਕਮੀਜ਼ ਪਹਿਨ ਕੇ 'ਗੁਥੀ' ਦੇ ਨਿਭਾਏ ਕਿਰਦਾਰ ਨੇ ਉਸ ਨੂੰ ਮਸ਼ਹੂਰੀ ਦੇ ਸਿਖਰ 'ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਉਸ ਨੇ 'ਦ ਕਪਿਲ ਸ਼ਰਮਾ ਸ਼ੋਅ' ਵਿਚ ਡਾ: ਮਸ਼ਹੂਰ ਗੁਲਾਟੀ, ਰਿੰਕੂ ਦੇਵੀ ਤੇ ਪਿਡੂ ਦੇ ਕਿਰਦਾਰ ਨਿਭਾਏ।
ਉਸ ਨੇ ਮਸ਼ਹੂਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ ਫਿਲਮ ਪਟਾਖਾ (2018) ਤੋਂ ਬਾਅਦ ਅਲੀ ਅੱਬਾਸ ਜ਼ਫਰ ਦੀ ਭਾਰਤ (2019) ਵਿਚ ਸਲਮਾਨ ਖਾਨ ਨਾਲ ਅਹਿਮ ਭੂਮਿਕਾ ਨਿਭਾਅ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਸ ਨੇ ਨਿਰਦੇਸ਼ਕ ਸਬੀਰ ਖਾਨ ਨਾਲ ਹੀਰੋਪੰਤੀ (2014) ਤੇ ਬਾਗੀ (2016) ਵਿਚ ਕੰਮ ਕੀਤਾ ਸੀ, ਸਬੀਰ ਖਾਨ ਅਨੁਸਾਰ ਗਰੋਵਰ ਦਾ ਆਪਣੀ ਕਲਾ ਪ੍ਰਤੀ ਸਮਰਪਣ ਹੀ ਉਸ ਦੀ ਸਫਲਤਾ ਦਾ ਰਾਜ਼ ਹੈ। ਉਸ ਨੇ ਫ਼ਿਲਮ ਅਲਵਿਦਾ (2022) ਤੇ ਜਵਾਨ (2023) ਵਿਚ ਵੀ ਕੰਮ ਕੀਤਾ ਹੈ, ਇਸ ਤੋਂ ਇਲਾਵਾ ਉਸ ਨੇ ਦੋ ਵੈੱਬ ਸੀਰੀਜ਼ - ਤਾਂਡਵ (2021) ਤੇ ਸਨਫਲਾਵਰ (2021-24) ਵਿਚ ਪ੍ਰਭਾਵਸ਼ਾਲੀ ਭੂਮਿਕਾਵਾਂ ਨਿਭਾਈਆਂ ਹਨ। ਸੁਨੀਲ ਨੂੰ ਉਸ ਦੇ ਹਾਸੋਹੀਣੇ ਸਕੈਚ ਤੇ ਮਿਮਿਕਰੀ ਕਰਨ ਦਾ ਅੰਦਾਜ਼ ਦਰਸ਼ਕਾਂ 'ਚ ਹਰਮਨ ਪਿਆਰਾ ਬਣਾਉਂਦਾ ਹੈ। ਸੀਕ੍ਰੇਟ ਸੁਪਰਸਟਾਰ (2017) ਤੇ ਲਾਲ ਸਿੰਘ ਚੱਢਾ (2022) ਦੇ ਨਿਰਦੇਸ਼ਕ ਅਦਵੈਤ ਚੰਦਨ ਦਾ ਕਹਿਣਾ ਹੈ ਕਿ ਹੋਰ ਅਦਾਕਾਰ ਦੂਸਰੇ ਲੋਕਾਂ ਦੀ ਮਿਮਿਕਰੀ ਕਰਨ ਸਮੇਂ ਇਸ ਨੂੰ 'ਕੈਰੀਕੇਚਰ' ਵਿਚ ਬਦਲ ਦਿੰਦੇ ਹਨ, ਪਰ ਗਰੋਵਰ ਜਿਸ ਆਦਮੀ ਦੀ ਨਕਲ ਕਰਦਾ ਹੈ ਆਪਣੇ ਆਪ ਨੂੰ ਉਸ ਸ਼ਖਸੀਅਤ ਦੇ ਰੂਪ 'ਚ ਢਾਲਣ ਦੀ ਕੋਸ਼ਿਸ਼ ਕਰਦਾ ਹੈ।
ਉਸ ਨਾਲ ਸਾਲਾਂ ਤੋਂ ਸਟੇਜ 'ਤੇ ਸਕ੍ਰੀਨ ਸਾਂਝੀ ਕਰਨ ਵਾਲੇ ਅਦਾਕਾਰ ਕੀਕੂ ਸ਼ਾਰਦਾ ਅਨੁਸਾਰ ਸੁਨੀਲ ਸਿਰਫ਼ ਇਕ ਕਾਮੇਡੀਅਨ ਨਹੀਂ ਹੈ, ਜੋ ਪੰਚ ਲਾਈਨਾਂ ਬੋਲਦਾ ਹੈ। ਉਹ ਕਿਰਦਾਰਾਂ ਨੂੰ ਆਪਣੇ ਅੰਦਰ ਸਮੋ ਕੇ ਉਨ੍ਹਾਂ ਦੀ ਸਰੀਰਕ ਬਣਤਰ, ਭਾਸ਼ਾ, ਆਵਾਜ਼ ਨੂੰ ਪੂਰੀ ਪ੍ਰਮਾਣਿਕਤਾ ਨਾਲ ਅਪਣਾ ਕੇ ਹਰ ਕਿਰਦਾਰ ਨੂੰ ਅਸਲੀ ਮਹਿਸੂਸ ਕਰਵਾ ਦਿੰਦਾ ਹੈ। ਉਸ ਦੇ ਇਕ ਹੋਰ ਸਾਥੀ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਅਨੁਸਾਰ ਸੁਨੀਲ ਪਾਜੀ ਕਦੇ ਵੀ ਆਪਣੇ ਆਪ ਨੂੰ ਦੁਹਰਾਉਂਦੇ ਨਹੀਂ, ਉਨ੍ਹਾਂ ਦਾ ਹਰ ਪ੍ਰਦਰਸ਼ਨ ਤਾਜ਼ਾ ਤੇ ਜੀਵੰਤ ਹੁੰਦਾ ਹੈ। ਸਨੀਲ ਖ਼ੁਦ ਦੱਸਦਾ ਹੈ ਕਿ ਜਦੋਂ ਉਹ 'ਕੌਨ ਬਨੇਗਾ ਕਰੋੜਪਤੀ' ਦੇ ਇਕ ਖਾਸ ਐਪੀਸੋਡ 'ਚ ਸ਼ੋਅ ਦੇ ਮੇਜ਼ਬਾਨ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਸਾਹਮਣੇ ਉਨ੍ਹਾਂ ਜਿਹੇ ਕੱਪੜੇ ਪਾ ਕੇ ਸਵਾਲ ਪੁੱਛਦਾ ਹੈ ਤਾਂ ਉਹ ਹੱਸ ਰਹੇ ਸਨ। ਪਰ ਸਟੇਜ 'ਤੇ ਜਾਣ ਤੋਂ ਪਹਿਲਾਂ ਮੇਰੀ ਹਾਲਤ ਵਿਗੜੀ ਹੋਈ ਸੀ, ਮੈਂ ਕੁਝ ਸਮੇਂ ਲਈ ਆਪਣੀਆਂ ਲਾਈਨਾਂ ਤੇ ਚੁਟਕਲੇ ਸਭ ਕੁਝ ਭੁੱਲ ਗਿਆ ਸੀ। ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਇੰਨਾ ਪਿਆਰ ਮਿਲਿਆ ਅਤੇ ਉਮੀਦ ਹੈ ਕਿ ਇਹ ਹਮੇਸ਼ਾ ਬਣਿਆ ਰਹੇਗਾ। ਮੈਂ ਇਸ ਲਈ ਬਹੁਤ ਮਿਹਨਤ ਕੀਤੀ ਹੈ। ਤੁਸੀਂ ਲਾਈਵ ਸ਼ੋਅ 'ਤੇ ਹਰ ਚੀਜ਼ ਦਾ ਅੰਦਾਜ਼ਾ ਨਹੀਂ ਲਗਾ ਸਕਦੇ, ਅਸੀਂ ਚਾਹੁੰਦੇ ਹਾਂ ਕਿ ਹਰ ਚੁਟਕਲਾ ਕੰਮ ਕਰੇ ਪਰ ਇਹ ਸਭ ਦਰਸ਼ਕਾਂ ਦੀ ਮਰਜ਼ੀ 'ਤੇ ਨਿਰਭਰ ਕਰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਮਹਿਕਾਂ ਵੰਡਦੀ ਧਰਤੀ... ਅਗਲੀ ਖ਼ਬਰ ਪਿਆਰ ਤੇ ਮਮਤਾ ਦਾ ਵਹਿੰਦਾ ਝਰਨਾ ਔਰਤ
Ad Position 24
No active advertisement