(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜ਼ਿਲ੍ਹਾ ਹੁਸ਼ਿਆਰਪੁਰ ਵਿਚ ਕਰੀਬ ਢਾਈ ਹਜ਼ਾਰ ਏਕੜ ਰਕਬੇ 'ਤੇ ਨਿੰਬੁੂ ਜਾਤੀ ਨਾਲ ਸੰਬੰਧਿਤ ਫਲਾਂ ਦੀ ਕਾਸ਼ਤਕਾਰੀ ਹੁੰਦੀ ਹੈ। ਇਸ ਜਾਤੀ ਦੇ ਫਲਾਂ ਵਿਚੋਂ ਬਾਗ਼ਬਾਨ ਕਿੰਨੂੰ, ਨਾਗਪੁਰੀ ਸੰਤਰਾ, ਨਿੰਬੂ, ਗਲਗਲ ਆਦਿ ਫਲਾਂ ਦੀ ਸਫ਼ਲ ਕਾਸ਼ਤਕਾਰੀ ਹੁੰਦੀ ਹੈ। ਇਸ ਇਲਾਕੇ 'ਚ ਬਹੁਤ ਸਾਰੇ ਲੋਕ ਬਾਗ਼ਬਾਨੀ ਰਾਹੀਂ ਆਪਣਾ ਰੋਜ਼ਗਾਰ ਕਮਾਉਣ ਦੇ ਨਾਲ ਨਾਲ ਸੂਬੇ ਦੇ ਹੋਰਨਾਂ ਇਲਾਕਿਆਂ ਵਿਚ ਨਵੇਂ ਬਾਗ਼ ਲਾਉਣ ਲੲਂੀ ਹਰ ਸਾਲ ਲੱਖਾਂ ਨਵੇਂ ਫਲਦਾਰ ਪੌਦਿਆਂ ਦੀ ਨਰਸਰੀ ਤਿਆਰ ਕਰਕੇ ਧਰਤੀ ਮਾਂ ਦੇ ਸੀਨੇ ਨੂੰ ਹਰਿਆ ਭਰਿਆ ਰੱਖਣ ਵਿਚ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਲਾਕੇ ਵਿਚ ਸਰਕਾਰੀ ਅਤੇ ਗ਼ੈਰ-ਸਰਕਾਰੀ ਯਤਨਾਂ ਨਾਲ ਚੱਲ ਰਹੀਆਂ ਨਰਸਰੀਆਂ ਤੋਂ ਹਰ ਸਾਲ ਬਾਗ਼ਬਾਨੀ ਤੇ ਘਰੇਲੂ ਬਗੀਚਿਆਂ ਲਈ ਨਵੇਂ ਪੌਦੇ ਤਿਆਰ ਹੁੰਦੇ ਹਨ। ਜੇਕਰ ਕਿਸੇ ਤਰ੍ਹਾਂ ਜਨਵਰੀ ਫਰਵਰੀ ਵਿਚ ਟੁੱਟਣ ਵਾਲੇ ਕਿਨੂੰ ਦੇ ਫਲ਼ ਲਈ ਸਿਰਫ ਦੋ ਕੁ ਮਹੀਨੇ ਕੋਲਡ ਸਟੋਰਾਂ ਵਿਚ ਸਟੋਰ ਕਰਕੇ ਅਪਰੈਲ ਮਹੀਨੇ ਬਾਜ਼ਾਰ ਵਿਚ ਭੇਜਣ ਦੀ ਵਿਵਸਥਾ ਹੋ ਜਾਵੇ ਤਾਂ ਕਿਨੂੰ ਦੇ ਪੌਦੇ ਨੋਟ ਛਾਪਣ ਵਾਲੀਆਂ ਮਸ਼ੀਨਾਂ ਸਾਬਿਤ ਹੋ ਸਕਦੇ ਹਨ। ਕਿਨੂੰ ਦੀ ਕਾਸ਼ਤਕਾਰੀ ਫਸਲੀ ਵਿਭਿੰਨਤਾ ਤੋਂ ਇਲਾਵਾ ਭੂਗੋਲਿਕ ਦ੍ਰਿਸ਼ਟੀ ਤੋਂ ਵੀ ਚੌਗਿਰਦੇ ਨੂੰ ਹਰਿਆਵਲ ਦੇਣ ਦੇ ਨਾਲ ਨਾਲ ਰੁੱਖਾਂ ਦੀ ਕਮੀ ਨੂੰ ਪੂਰਾ ਕਰਨ 'ਚ ਸਹਾਈ ਹੁੰਦੀ ਹੈ। ਇਲਾਕੇ ਦਾ ਅਜਿਹਾ ਭੂਗੋਲਿਕ ਵਰਤਾਰਾ ਪੇਂਡੂ ਸੈਰ ਸਪਾਟਾ ਵਿਕਸਤ ਕਰਨ ਲਈ ਵੱਡੀਆਂ ਸੰਭਾਵਨਾਵਾ ਬਣਨ ਲੱਗਾ ਹੈ ਤੇ ਜ਼ਿਲ੍ਹੇ ਵਿਚ ਕੁਝ ਅਗਾਂਹਵਧੂ ਬਾਗ਼ਬਾਨਾਂ ਨੇ ਇਸ ਕੰਮ ਲਈ ਤਜਰਬੇ ਸ਼ੁਰੂ ਕਰ ਦਿੱਤੇ ਹਨ।
ਜ਼ਿਲ੍ਹੇ ਦੇ ਕਰੀਬ 377 ਹੈਕਟੇਅਰ ਰਕਬੇ 'ਚ ਲੀਚੀ ਦੀਆਂ ਦੇਹਰਾਦੂਨ ਤੇ ਕਲਕੱਤੀਆ ਕਿਸਮਾਂ ਦੀ ਕਾਸ਼ਤ ਹੁੰਦੀ ਹੈ। ਲੀਚੀ ਦੀ ਕਾਸ਼ਤਕਾਰੀ ਦੌਰਾਨ ਲੀਚੀ ਦੇ ਬੂਟੇ ਨੂੰ ਘੱਟੋ ਘੱਟ 10-12 ਸਾਲ ਪਿਛੋਂ ਫਲ਼ ਲੱਗਣਾ ਸ਼ੁਰੂ ਹੁੰਦਾ ਹੈ ਜੋ ਕਿ 100 ਸਾਲ ਤੋਂ ਵੱਧ ਸਮੇਂ ਤੱਕ ਜਾਰੀ ਰਹਿੰਦਾ ਹੈ। ਹੁਸ਼ਿਆਰਪੁਰ 'ਚ ਬਲਾਕ ਭੂੁੰਗਾ ਤੋਂ ਇਲਾਵਾ ਮਾਹਿਲਪੁਰ, ਜੇਜੋਂ ਦੁਆਬਾ, ਬੁੱਢਾਬੜ ਆਦਿ ਥਾਵਾਂ 'ਤੇ ਲੀਚੀ ਦੇ ਬਾਗ਼ ਚੰਗਾ ਝਾੜ ਦੇ ਰਹੇ ਹਨ। ਲੀਚੀ ਦਾ ਫਲ਼ ਗਰਮੀ ਦੀ ਰੁੱਤ 'ਚ ਠੰਡਤ ਦਾ ਅਹਿਸਾਸ ਕਰਾਉਣ ਵਾਲਾ ਫਲ਼ ਹੈ ਤੇ ਇਸ 'ਚ ਗੁਲੂਕੋਜ਼, ਕਾਰਬੋਹਾਈਡਰੇਟਸ, ਵਿਟਾਮਨ ਸੀ ਦੀ ਮੌਜੂਦਗੀ ਸਿਹਤ ਲਈ ਬੇਹੱਦ ਲਾਭਕਾਰੀ ਹੈ। ਹੁਸ਼ਿਆਰਪੁਰ ਵਿਚ ਪੱਤਝੜ ਰੁੱਤੇ ਲੱਗਣ ਵਾਲੇ ਆਲੂ ਬੁਖ਼ਾਰਾ, ਨਾਸ਼ਪਾਤੀ ਤੇ ਆੜੁੂ ਦਾ ਜ਼ਿਲ੍ਹੇ ਵਿਚ ਕਰੀਬ 500 ਏਕੜ ਰਕਬਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਦੂਜੇ ਇਲਾਕਿਆਂ ਵਿਚ ਵੱਧਣ ਫੁੱਲਣ ਵਾਲੇ ਫਲਦਾਰ ਪੌਦਿਆਂ ਲਈ ਇਸ ਜ਼ਿਲ੍ਹੇ ਦੀ ਮਿੱਟੀ ਅਤੇ ਮੌਸਮ ਪੂਰੀ ਤਰ੍ਹਾਂ ਢੁੱਕਵਾਂ ਹੈ ਤੇ ਇਲਾਕੇ ਦੀ ਮਿੱਟੀ ਨੂੰ ਅਜਿਹਾ ਕੁਦਰਤੀ ਵਰਦਾਨ ਫਲਾਂ ਦੇ ਸ਼ੌਕੀਨਾਂ ਨੂੰ ਕਈ ਮਹੀਨੇ ਫਲ਼ ਪ੍ਰਾਪਤੀ ਦਾ ਸਬੱਬ ਬਣ ਜਾਂਦਾ ਹੈ। ਇੱਥੇ ਅਪਰੈਲ ਮਹੀਨੇ ਆੜੂ, ਮਈ ਵਿਚ ਆਲੂ ਬੁਖਾਰਾ, ਜੂਨ ਵਿਚ ਲੀਚੀ, ਜੁਲਾਈ ਵਿਚ ਦੇਸੀ ਤੇ ਦੁਸਹਿਰੀ ਅੰਬ, ਅਗਸਤ ਵਿਚ ਨਾਸ਼ਪਾਤੀ ਤੇ ਗੱਭੁੂਗੋਸ਼ਾ, ਸਤੰਬਰ ਵਿਚ ਮੁਸੰਮੀ ਤੇ ਮਿੱਠਾ, ਦਸੰਬਰ ਤੋਂ ਮਾਰਚ ਤੱਕ ਕਿੰਨੂ ਜਾਤੀ ਦੇ ਫਲਾਂ ਦੀ ਪੈਦਾਵਾਰ ਫਲ਼ਾਂ ਦੇ ਸ਼ੌਕੀਨਾਂ ਲਈ ਆਕਰਸ਼ਣ ਬਣਦੀ ਹੈ। ਹੁਸ਼ਿਆਰਪੁਰ ਦੀ ਭੂਗੋਲਿਕ ਤਾਸੀਰ ਦਾ ਲਾਹਾ ਲੈਦਿਆਂ ਂਇੱਥੋਂ ਦੇ ਕੁਝ ਉਦਮੀ ਤੇ ਅਗਾਂਹਵਧੂ ਕਿਸਾਨਾਂ ਨੇ ਆਪਣੀ ਕੰਢੀ ਤੇ ਪਹਾੜੀ ਖੇਤਰ ਦੀਆਂ ਜ਼ਮੀਨਾਂ 'ਚ ਸੇਬ ਦੀ ਕਾਸ਼ਤ ਕਰਨ 'ਚ ਵੀ ਸਫ਼ਲਤਾ ਹਾਸਲ ਕੀਤੀ ਹੈ। ਸੇਬ ਤੋਂ ਇਲਾਵਾ ਬਾਗ਼ਬਾਨੀ ਮਾਹਿਰਾਂ ਨੇ ਇਸ ਇਲਾਕੇ ਵਿਚ ਡਰੈਗਨ ਫਰੂਟ ਦੀ ਸਫ਼ਲ ਕਾਸ਼ਤਕਾਰੀ ਕਰਵਾ ਕੇ ਜ਼ਿਲ੍ਹੇ ਦੀ ਬਾਗ਼ਬਾਨੀ ਲਈ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ।
ਫਲਾਂ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਚੱਬੇਵਾਲ ਇਲਾਕਾ ਹਰੇ ਮਟਰਾਂ ਦੀ ਕਾਸ਼ਤਕਾਰਂੀ ਲਈ ਸੂਬੇ ਭਰ ਵਿਚ ਮਸ਼ਹੂਰ ਹੈ। ਜ਼ਿਲ੍ਹੇ ਦੇ ਬੋਹਣਪੱਟੀ, ਮੋਨਾਕਲਾਂ, ਫੁਗਲਾਣਾ, ਹਾਰਟਾ ਬਡਲਾ ਜੱਟਪੁਰ, ਬਜਰੌਰ, ਚੱਗਰਾਂ, ਚੱਬੇਵਾਲ ਆਦਿ ਪਿੰਡ ਸਿਆਲਾਂ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਬਜ਼ੀ 'ਗਾਜਰ' ਦੀ ਪੈਦਾਵਾਰ ਕਰਨ ਵਾਲੇ ਇਲਾਕਿਆਂ ਵਿਚ ਆਉਂਦੇ ਹਨ। ਸਿਆਲਾਂ ਦੀ ਰੁੱਤੇ ਇਸ ਇਲਾਕੇ 'ਚ ਪੈਦਾ ਹੁੰਦੀ ਹਰੀ ਸਬਜੀ ਜਿੱਥੇ ਦੂਰ ਦੁਰਾਡੇ ਇਲਾਕਿਆਂ 'ਚ ਪਹੁੰਚ ਕੇ ਲੋਕਾਂ ਦੀ ਖੁਰਾਕ ਨੂੰ ਸਵਾਦਿਸ਼ਟ ਬਣਾਉਂਦੀ ਹੈ ਨਾਲ ਹੀ ਸਬਜ਼ੀ ਉਤਪਾਦਨ 'ਚ ਲੱਗੇ ਕਿਸਾਨਾਂ ਲਈ ਖੁਸ਼ਹਾਲੀ ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਕਿਰਤੀਆਂ ਲਈ ਰੋਟੀ ਰੋਜ਼ੀ ਦਾ ਸਬੱਬ ਬਣਦੀ ਹੈ। ਸਿਆਲਾਂ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਮਟਰਾਂ ਗਾਜਰਾਂ ਤੇ ਹੋਰ ਹਰੀ ਸਬਜ਼ੀ ਦੀ ਕਾਸ਼ਤ ਲਈ ਕਿਸਾਨਾਂ ਤੇ ਕਿਰਤੀਆਂ ਵਲੋਂ ਸਾਂਭ ਸੰਭਾਲ, ਪੁਟਾਈ ਤੇ ਤੁੜਾਈ ਦੌਰਾਨ ਇਸ ਇਲਾਕੇ ਦੇ ਖੇਤਾਂ 'ਚ ਕੋਸੀ ਕੋਸੀ ਧੁੱਪ ਤੇ ਨੀਲੇ ਅੰਬਰ ਦੀ ਛਤਰੀ ਹੇਠ ਰੌਣਕਾਂ ਲੱਗੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਜ਼ਿਲ੍ਹੇ ਦੇ ਹਰਿਆਣਾ ਭੁੂੰਗਾ ਦੇ ਇਲਾਕੇ ਆਪਣੀ ਦੁੱਧ ਵਰਗੀ ਚਿੱਟੀ ਤੇ ਖੁਸ਼ਬੋਦਾਰ ਗੋਭੀ ਦੀ ਪੈਦਾਵਾਰ ਕਰਕੇ ਮਸ਼ਹੂਰ ਹਨ। ਹੁਸ਼ਿਆਰਪੁਰ ਦੇ ਹਰਿਆਣਾ ਇਲਾਕੇ ਦੇ ਉਦਮੀ ਗੁੜ ਕਾਰੀਗਰਾਂ ਨੇ ਸਰਦੀਆਂ 'ਚ ਰਵਾਇਤੀ ਤਰੀਕੇ ਨਾਲ ਗੁੜ ਤੇ ਸ਼ੱਕਰ ਤਿਆਰ ਕਰਕੇ ਤੇ ਸਫ਼ਲ ਮੰਡੀਕਰਨ ਨਾਲ ਇਲਾਕੇ ਦਾ ਨਾਂਅ ਦੇਸ਼ ਵਿਦੇਸ਼ਾਂ ਤੱਕ ਮਸ਼ਹੂਰ ਕੀਤਾ ਹੈ। ਇਸ ਇਲਾਕੇ ਦੇ ਬੁਲ੍ਹੋਵਾਲ, ਟਾਂਡਾ ਤੇ ਕਸਬਾ ਹਰਿਆਣਾ ਦਾ ਬਣਿਆ ਗੁੜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਗੁਆਢੀ ਰਾਜ ਜੰਮੂ ਕਸ਼ਮੀਰ, ਹਰਿਆਣਾ ਪ੍ਰਾਂਤ, ਹਿਮਾਚਲ, ਰਾਜਸਥਾਨ ਦਿੱਲੀ ਤੋਂ ਲੈ ਕੇ ਕੈਨੇਡਾ, ਅਮਰੀਕਾ, ਇਟਲੀ ਵਰਗੇ ਮੁਲਕਾਂ 'ਚ ਵਸੇ ਪੰਜਾਬੀ ਭਾਈਚਾਰੇ ਤੱਕ ਪ੍ਰਵਾਨ ਹੋਇਆ ਹੈ। ਇਹ ਗੁੜ ਤੇ ਸ਼ੱਕਰ ਵੀ ਆਪਣੇ ਕਣ, ਮਿਠਾਸ ਤੇ ਸੁਆਦ ਪੱਖੋਂ ਵੱਖਰਾ ਹੋਣ ਕਰਕੇ ਕਿਸੇ ਵਰਦਾਨ ਤੋਂ ਘੱਟ ਨਹੀ ਹੈ। ਬਾਕੀ ਇਲਾਕਿਆਂ ਵਾਂਗ ਇਸ ਇਲਾਕੇ 'ਚ ਵੀ ਜਦੋਂ ਫੱਗਣ ਚੇਤ ਦੇ ਮਹੀਨੇ ਸਰ੍ਹੋਂ ਦੇ ਫੁੱਲਾਂ ਨਾਲ ਲੱਦੀਆਂ ਪੀਲੀਆਂ ਪੱਟੀਆਂ ਕਣਕਾਂ ਨਾਲ ਭਰੇ ਹਰੇ ਰੰਗਾਂ ਨੂੰ ਨਿਵੇਕਲੀਆਂ ਛੋਹਾਂ ਦਿੰਦੀਆਂ ਹਨ ਤਾਂ ਧਰਤੀ 'ਤੇ ਉਲੱਦ ਹੋਈਆਂ ਕੁਦਰਤੀ ਰਹਿਮਤਾਂ ਨੂੰ ਦੇਖ ਹਰ ਬੰਦੇ ਦੇ ਮੂੰਹੋਂ ਉਸ ਕਾਦਰ ਦੇ ਸ਼ੁਕਰਾਨੇ ਲਈ ਹੱਥ ਆਪ-ਮੁਹਾਰੇ ਜੁੜ ਜਾਂਦੇ ਹਨ। ਸਿਆਲਾਂ ਵਿਚ ਪੱਤਝੜਾਂ ਕਾਰਨ ਨੰਗ ਮੁਨੰਗ ਹੋਏ ਪਾਪੂਲਰਾਂ ਦੇ ਭੂਰੇ ਉੱਚੇ ਲੰਮੇ ਤਣੇ ਤੇ ਪੱਤਿਆਂ ਤੋਂ ਵਿਹੂਣੇ ਟਾਹਣ ਹਰੀਆਂ ਭਰੀਆਂ ਕਣਕਾਂ ਦੀ ਹਰਿਆਵਲ 'ਚੋਂ ਬਸੰਤ ਬਹਾਰ ਦੇ ਸਿਰਨਾਵੇਂ ਲੱਭਦੇ ਅਦਭੁਤ ਨਜ਼ਾਰਾ ਪੇਸ਼ ਕਰਦੇ ਹਨ।
ਬਾਗ਼ਬਾਨੀ ਤੋਂ ਇਲਾਵਾ ਪੰਜਾਬ ਵਿਚ ਜੰਗਲਾਤ ਦਾ ਰਕਬਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮੌਜੂਦ ਹੋਣਾ ਇਲਾਕੇ ਦੀ ਭੂਗੋਲਿਕ ਖੂਬਸੂਰਤੀ ਵਿਚ ਵਾਧੇ ਦਾ ਸਬੱਬ ਬਣਦਾ ਹੈ। ਜ਼ਿਲ੍ਹੇ 'ਚ ਸ਼ਿਵਾਲਕ ਦੀਆਂ ਪਹਾੜੀਆਂ ਵਾਲੇ ਪਾਸਿਓਂ ਖੱਡਾਂ 'ਚੋਂ ਸਿੰਮਦੀਆਂ ਛੋਟੀਆਂ ਛੋਟੀਆਂ ਜਲ ਧਾਰਾਵਾਂ ਢੋਲਬਾਹਾ, ਜਨੌੜੀ, ਮੈਲੀ, ਥਾਨਾ, ਸਲੇਰਨ, ਚੌਹਾਲ, ਮੈਲੀ, ਨਾਰਾ, ਪਟਿਆਰੀਆਂ, ਮਹਿੰਗਰੋਵਾਲ ਆਦਿ ਥਾਵਾਂ 'ਤੇ ਡੈਮਾਂ ਦੇ ਰੂਪ 'ਚ ਸਾਫ਼-ਸੁਥਰੇ ਪਾਣੀ ਦੀਆਂ ਝੀਲਾਂ ਵਰਗਾ ਖੂਬਸੂਰਤ ਨਜ਼ਾਰਾ ਪੇਸ਼ ਕਰਦੀਆਂ ਹਨ। ਕੰਢੀ ਇਲਾਕੇ ਵਿਚ ਡੈਮਾਂ 'ਚ ਂਇਕੱਤਰ ਹੁੰਦੇ ਇਹ ਪਾਣੀ ਸਾਫ਼ ਸੁਥਰੀਆਂ ਝੀਲਾਂ ਵਰਗੇ ਦਿਸਦੇ ਨੀਲੇ ਅਸਮਾਨ ਨੂੰ ਨੀਝਾਂ ਲਾ ਕੇ ਨਿਹਾਰਦੇ ਨੀਲੀ ਭਾਅ ਮਾਰਦੇ ਸਾਦਗੀ, ਵਿਸ਼ਾਲਤਾ ਤੇ ਨਿਰਮਲਤਾ ਦਾ ਸੁਨੇਹਾ ਦਿੰਦੇ ਮਹਿਸੂਸ ਕੀਤੇ ਜਾ ਸਕਦੇ ਹਨ। ਹੁਸ਼ਿਆਰਪੁਰ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ 'ਤੇ ਹੁਸ਼ਿਆਰਪੁਰ ਚਿੰਤਪੁਰਨੀ ਮੁੱਖ ਮਾਰਗ 'ਤੇ ਬਣੇ ਚੋਹਾਲ ਡੈਮ ਉੱਤੇ ਜੰਗਲਾਤ ਵਿਭਾਗ ਵਲੋਂ ਬਣਾਏ 'ਨੇਚਰ ਪਾਰਕ' ਘੁੰਮਣ ਫਿਰਨ ਦੇ ਸ਼ੌਕੀਨਾਂ ਲਈ ਵੱਡਮੁਲਾ ਤੋਹਫਾ ਹੋ ਨਿਬੜਿਆ ਹੈ। ਇਸੇ ਤਰ੍ਹਾਂ ਦਸੂਹਾ ਸ਼ਹਿਰ ਦੇ ਨੇੜੇ ਕਸਬਾ ਗੜ੍ਹਦੀਵਾਲਾ ਤੋਂ ਚੜ੍ਹਦੇ ਪਾਸੇ ਮਨਹੋਤਾ ਪਿੰਡ ਨਜ਼ਦੀਕ ਥਾਨਾ ਡੈਮ ਨੂੰ ਸਰਕਾਰ ਨੇ ਪਿਕਨਕ ਸਪਾਟ ਵਜੋਂ ਵਿਕਸਤ ਕਰ ਦਿੱਤਾ ਹੈ। ਸੈਰ ਸਪਾਟੇ ਦੇ ਸ਼ੌਕੀਨਾਂ ਲਈ ਹੁਣ ਇਹ ਇਲਾਕਾ ਕੁਦਰਤ ਦੇ ਰੰਗਾਂ ਨੂੰ ਮਾਨਣ ਲਈ ਮਨਪਸੰਦ ਜਗ੍ਹਾ ਬਣ ਗਿਆ ਹੈ। ਜ਼ਿਲ੍ਹੇ ਦੇ ਕੰਢੀ ਇਲਾਕੇ ਕਈ ਦਰਜਨ ਜੰਗਲੀ ਫੁੱਲ ਤੇ ਬਨਸਪਤੀ ਦੀ ਮੌਜੂਦਗੀ ਨੇ ਇੱਥੇ ਬਹੁਤ ਹੀ ਉੱਤਮ ਕਿਸਮ ਦਾ ਸ਼ਹਿਦ ਤਿਆਰ ਕਰਨ ਲਈ ਸ਼ਹਿਦ ਉਤਪਾਦਕਾਂ ਲਈ ਵੱਡਾ ਵਰਦਾਨ ਹੈ। ਇਲਾਕੇ ਦੀ ਜੰਗਲੀ ਬਨਸਪਤੀ ਤੇ ਜੰਗਲੀ ਫੁੱਲਾਂ ਤੋਂ ਤਿਆਰ ਹੋਏ ਸ਼ਹਿਦ ਨੇ ਕੌਮਾਂਤਰੀ ਪੱਧਰ 'ਤੇ ਮਾਨਤਾ ਹਾਸਲ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਕੰਢੀ ਦੇ ਦਸੂਹਾ ਤਲਵਾੜਾ ਇਲਾਕਿਆਂ ਵਿਚ ਬਾਂਸਾਂ ਦੇ ਸੰਘਣੇ ਜੰਗਲ ਇਲਾਕੇ ਦੇ ਕੁਦਰਤੀ ਸੁਹੱਪਣ ਵਿਚ ਵਾਧਾ ਕਰਨ ਵਿਚ ਸਹਾਈ ਹੁੰਦੇ ਹਨ। ਜ਼ਿਲ੍ਹੇ ਦੇ ਕੰਢੀ ਇਲਾਕੇ ਵਿਚ ਪੈਦਾ ਹੁੰਦੀ ਚੀਲ੍ਹ, ਖੈਰ, ਰਜਾਇਮ, ਆਂਬਲਾ, ਸ਼ੀਸ਼ਮ, ਪਿੱਪਲ, ਬੋਹੜ, ਕੜੀਪੱਤਾ, ਗਲੋਅ, ਟੌਰ, ਬਹੇੜਾ, ਬਾਂਸ, ਜਮਲੋਟਾ, ਕਾਂਗੂ, ਗਰੂਨਾ, ਸੰਨਨ, ਨਿੰਮ, ਅਰਜਨ, ਥੋਹਰ, ਐਲੋਵੀਰਾ, ਹਰੜ ਆਦਿ ਬਨਸਪਤੀ ਤੋਂ ਜ਼ਿਲ੍ਹੇ ਦੀਆਂ ਪੇਂਡੂ ਸੁਆਣੀਆਂ ਦੇ ਬਣਾਏ ਸਵੈ ਸਹਾਇਤਾ ਗਰੁੱਪਾਂ ਵਲੋਂ ਆਚਾਰ ਮੁਰੱਬੇ ਤੇ ਹੋਰ ਖਾਧ ਪਦਾਰਥ ਬਣਾ ਕੇ ਦੂਜੇ ਖੇਤਰਾਂ ਨੂੰ ਵਿਕਣ ਲਈ ਭੇਜੇ ਜਾਂਦੇ ਹਨ। ਇਨ੍ਹਾਂ ਗਰੁੱਪਾਂ ਵਿਚ ਤਲਵਾੜਾ ਨੇੜੇ ਪੈਦੇ ਪਿੰਡ ਰਾਮਗੜ੍ਹ ਸੀਕਰੀ ਵਿਖੇ 2002 ਤੋਂ ਕਰੀਬ 350 ਮੈਬਰਾਂ ਵਾਲੇ 'ਸਦਾ ਸ਼ਿਵ ਮਾਡਰਨ ਸੈਲਫ ਹੈਲਪ ਗਰੁੱਪ' ਅਤੇ ਮਾਹਿਲਪੁਰ ਬਲਾਕ ਵਿਚ 2005 ਤੋਂ ਚੱਲ ਰਹੇ 'ਸੰਧਿਆ ਸੈਲਫ ਹੈਲਪ ਗਰੁੱਪ ਮੈਲੀ' ਦੇ ਨਾਂ ਵਰਨਣਯੋਗ ਹਨ। ਇਨ੍ਹਾਂ ਸਵੈ ਸਹਾਇਤਾ ਗਰੁੱਪਾਂ ਵਲੋਂ ਇਲਾਕੇ ਵਿਚ ਪੈਦਾ ਹੋਣ ਵਾਲੇ ਫਲਾਂ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ, ਚਟਨੀਆਂ, ਸੁਕੈਅਸ਼, ਸ਼ਰਬਤ, ਤ੍ਰਿਫਲਾ ਚੂਰਨ, ਆਵਲਾ ਪਾਊਡਰ ਤੇ ਕੈਂਡੀ ਆਦਿ ਸ਼ੁੱਧ ਰੂਪ ਵਿਚ ਤਿਆਰ ਕਰਕੇ ਉਪਭੋਗੀਆਂ ਤੱਕ ਪਹੁੰਚਾਈ ਜਾ ਰਹੀ ਹੈ। ਹੁਸ਼ਿਆਰਪੁਰ ਦੇ ਹਰਿਆਣਾ ਕੋਲ ਕੰਗਮਾਈ ਘੁਗਿਆਲ ਵਿਖੇ ਕਿਸਾਨਾਂ ਵਲੋਂ ਚਲਾਏ ਜਾ ਰਹੇ 'ਫੈਪਰੋ ਹਲਦੀ ਤੇ ਸ਼ਹਿਦ ਪਲਾਂਟ ਕੰਗਮਾਈ ਘੁਗਿਆਲ' ਨੇ ਖੇਤੀ ਜਿਣਸਾਂ ਸ਼ਹਿਦ, ਵੇਸਣ, ਹਲਦੀ ਤੇ ਕਈ ਦਰਜਨ ਰਸੋਈ 'ਚ ਵਰਤੇ ਜਾਂਦੇ ਖਾਧ ਪਦਾਰਥਾਂ ਦੀ ਖੁਦ ਪ੍ਰੋਸੈਸਿੰਗ ਤੇ ਮੰਡੀਕਰਨ ਕਰਕੇ ਵੱਖਰੀ ਕਿਸਮ ਦਾ ਮਾਡਲ ਸਥਾਪਿਤ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ। ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਗੜ੍ਹਸ਼ੰਕਰ ਤੋਂ ਪੂਰਬ ਦਿਸ਼ਾ ਵਿਚ ਪਹਾੜੀ ਉੱਤੇ ਵਸੇ ਉੱਚੇ ਪਿੰਡਾਂ ਵਾਲਾ ਇਲਾਕਾ, ਜਿਸ ਨੂੰ ਬੀਤ ਦਾ ਇਲਾਕਾ ਵੀ ਕਿਹਾ ਜਾਂਦਾ ਹੈ, ਆਪਣੀ ਭੂਗੋਲਿਕ ਵਿਲੱਖਣਤਾ ਤੇ ਵੱਖਰੀ ਕਿਸਮ ਦੀਆਂ ਖੇਤੀ ਜਿਣਸਾਂ ਦੇ ਉਤਪਾਦਨ ਲਈ ਮਸ਼ਹੂਰ ਹੈ। ਹਾਲਾਂਕਿ ਬੀਤ ਇਲਾਕੇ ਦੀ ਜ਼ਮੀਨ ਉੱਚੀ ਨੀਵੀਂ, ਬਰਾਨੀ ਅਤੇ ਫਸਲ ਜੰਗਲੀ ਜਾਨਵਰਾਂ ਦੀ ਮਾਰ ਹੇਠ ਹੋਣ ਕਰਕੇ ਖੇਤੀ ਕਈ ਤਰ੍ਹਾਂ ਦੇ ਸੰਕਟਾਂ ਦਾ ਸ਼ਿਕਾਰ ਹੈ, ਪਰ ਇਸ ਇਲਾਕੇ ਦੀ ਕੁਦਰਤੀ ਤਾਸੀਰ ਤੇ ਮਿੱਟੀ ਵਿਚ ਮੌਜੂਦ ਕੁਦਰਤੀ ਤੱਤਾਂ ਦੀ ਮੌਜੂਦਗੀ ਵੱਖਰੀ ਕਿਸਮ ਦਾ ਸੁਆਦ ਤੇ ਮਿਠਾਸ ਦੇਣ ਵਾਲੀ ਮੱਕੀ ਪੈਦਾ ਕਰਨ ਲਈ ਸੂਬੇ ਭਰ ਵਿਚ ਵੱਖਰੀ ਪਛਾਣ ਰੱਖਦੀ ਹੈ।
ਦਰਿਆ ਬਿਆਸ ਤੇ ਸਤਲੁਜ ਦੇ ਵਿਚਕਾਰ ਪੈਦੇ ਜਲੰਧਰ ਜ਼ਿਲ੍ਹੇ ਵਿਚ ਭਾਵੇਂ ਹੁਸ਼ਿਆਰਪੁਰ ਵਰਗੀ ਬਾਗ਼ਬਾਨੀ ਦੇ ਨਜ਼ਾਰੇ ਨਹੀ ਦਿਸਦੇ, ਪਰ ਇਸ ਜ਼ਿਲ੍ਹੇ ਦੀ ਜਰਖੇਜ਼ ਧਰਤੀ ਪੂਰੇ ਮੁਲਖ਼ ਵਿਚ ਪੂਰਾ ਸਾਲ ਖਾਣ ਲਈ ਵਰਤੇ ਜਾਣ ਵਾਲੇ ਉੱਤਮ ਕਿਸਮ ਦੇ ਆਲੂ ਪੈਦਾ ਕਰਨ ਲਈ ਜਾਣੀ ਜਾਂਦੀ ਹੈ। ਜ਼ਿਲ੍ਹੇ ਦੇ ਭੋਗਪੁਰ, ਕਰਤਾਰਪੁਰ, ਸ਼ਾਹਕੋਟ, ਨਕੋਦਰ ਤੇ ਫਗਵਾੜਾ ਦੇ ਇਲਾਕੇ ਸੁੂਬੇ ਵਿਚ ਅੱਵਲ ਕਿਸਮ ਦਾ ਆਲੂ ਪੈਦਾ ਕਰਨ ਵਾਲੇ ਇਲਾਕਿਆਂ ਵਿਚ ਸ਼ੁਮਾਰ ਹਨ। ਇਲਾਕੇ ਦੀ ਭੂਗੋਲਿਕ ਤਾਸੀਰ ਅਤੇ ਮਿੱਟੀ ਦੀ ਖਾਸੀਅਤ ਕਰਕੇ ਇਸ ਇਲਾਕੇ ਵਿਚ ਪੈਦਾ ਹੋਇਆ ਆਲੂ ਦੂਜੇ ਰਾਜਾਂ ਵਿਚ ਖਾਣ ਵਾਸਤੇ ਵਰਤੇ ਜਾਣ ਦੇ ਨਾਲ ਨਾਲ ਪੱਛਮੀ ਬੰਗਾਲ, ਕਰਨਾਟਕ ਤੇ ਉੱਤਰ ਪ੍ਰਦੇਸ਼ ਵਿਚ ਬੀਜ ਦੇ ਤੌਰ 'ਤੇ ਵੀ ਭੇਜਿਆ ਜਾਂਦਾ ਹੈ। ਕਪੂਰਥਲੇ ਜ਼ਿਲ੍ਹੇ ਦੇ ਸੁਲਤਾਨਪੁਰ, ਲੋਹੀਆਂ, ਮਲਸੀਆਂ, ਦੋਨਾ ਸੀਚੇਵਾਲ ਆਦਿ ਇਲਾਕਿਆਂ ਦੀ ਮਿੱਟੀ ਦੀ ਤਾਸੀਰ ਅੱਵਲ ਕਿਸਮ ਦੇ ਖਰਬੂਜ਼ੇ ਹਦਵਾਣੇ, ਆਲੂ ਤੇ ਮੱਕੀ ਦੇ ਉਤਪਾਦਨ ਕਰਕੇ ਦੂਰ ਦੂਰ ਤੱਕ ਮਸ਼ਹੂਰ ਹੈ। ਸੁਲਤਾਨਪੁਰ ਦਾ ਇਲਾਕਾ ਹਰੀ ਮਿਰਚ ਗੋਭੀ, ਗਾਜਰ, ਟਮਾਟਰ ਦੇ ਉਤਪਾਦਨ ਲਈ ਬਹੁਤ ਅਨਕੂਲ ਮੰਨਿਆ ਗਿਆ ਹੈ।
ਕਿਹਾ ਜਾ ਸਕਦਾ ਹੈ ਕਿ ਕੁਦਰਤ ਨੇ ਪੰਜਾਬ ਦੇ ਦੋਆਬੇ ਖਿੱਤੇ ਦੀ ਧਰਤੀ ਨੂੰ ਵੱਖ-ਵੱਖ ਰੁੱਤਾਂ ਵਿਚ ਹਵਾਵਾਂ ਨੂੰ ਮਹਿਕਾਉਣ ਵਾਲੇ ਵੱਖ-ਵੱਖ ਤਰ੍ਹਾਂ ਦੇ ਕੁਦਰਤੀ ਖਜ਼ਾਨਿਆਂ ਦੀ ਬੇਸ਼ੁਮਾਰ ਦੌਲਤ ਨਾਲ ਮਾਲਾਮਾਲ ਕੀਤਾ ਹੈ। ਇਲਾਕੇ ਦੀ ਜਰਖੇਜ਼ ਮਿੱਟੀ ਦੀ ਅਜਿਹੀ ਤਾਸੀਰ ਤੇ ਮਿੱਟੀ 'ਚੋਂ ਉਗਮਦੀਆਂ ਖੁਸ਼ਬੋਆਂ ਲੋਕਾਈ ਦੀ ਆਰਥਿਕ, ਸਮਾਜਿਕ, ਸੱਭਿਆਚਾਰਕ ਤੇ ਭਾਈਚਾਰਕ ਨੁਹਾਰ ਲਈ ਵੀ ਅਮੀਰੀ ਦਾ ਸਬੱਬ ਹਨ। (ਸਮਾਪਤ)
-ਪਿੰਡ ਤਾਜਪੁਰ ਕਲਾਂ, ਡਾ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ 7087787700
Deshpunjab777@gmail.com