ਬਾਕਮਾਲ ਗੀਤਕਾਰੀ ਨਾਲ ਪੁਰਨੂਰ ਫ਼ਿਲਮ 'ਕਭੀ-ਕਭੀ' ਲਈ ਸ਼ਾਇਰ ਸਾਹਿਰ ਲੁਧਿਆਣਵੀ ਨੇ ਲਿਖ਼ਿਆ ਸੀ-'ਮੈਂ ਪਲ ਦੋ ਪਲ ਕਾ ਸ਼ਾਇਰ ਹੂੰ, ਪਲ ਦੋ ਪਲ ਮੇਰੀ ਕਹਾਨੀ ਹੈ। ਪਲ ਦੋ ਪਲ ਮੇਰੀ ਹਸਤੀ ਹੈ, ਪਲ ਦੋ ਪਲ ਮੇਰੀ ਜਵਾਨੀ ਹੈ।' ਅਧਿਆਤਮਿਕ ਪੱਖ ਤੋਂ ਸੱਚ ਨਜ਼ਰ ਆਉਂਦੇ ਉਸ ਦੇ ਇਹ ਬੋਲ ਸਮਾਜਿਕ ਪੱਖ ਤੋਂ ਝੂਠੇ ਸਾਬਿਤ ਹੋਏ ਸਨ ਕਿਉਂਕਿ ਉਹ ਐਸੀ ਦਿਲਕਸ਼ ਸ਼ਾਇਰੀ ਰਚ ਗਿਆ ਸੀ ਕਿ ਉਹ ਪਲ-ਦੋ ਪਲ ਦਾ ਨਹੀਂ ਸਗੋਂ ਸਦੀਆਂ ਤੱਕ ਗਾਇਆ, ਸੁਣਿਆ ਤੇ ਪੜ੍ਹਿਆ ਜਾਣ ਵਾਲਾ ਸ਼ਾਇਰ ਹੋ ਨਿੱਬੜਿਆ ਸੀ। ਉਸ ਨੇ ਦਰਅਸਲ ਦੁਨੀਆ ਕੇਵਲ ਵੇਖੀ ਹੀ ਨਹੀਂ ਸਗੋਂ ਹੰਢਾਈ ਵੀ ਸੀ ਤੇ ਸ਼ਾਇਦ ਇਸੇ ਲਈ ਉਹ ਆਪਣੇ ਸਮਕਾਲੀ ਸ਼ਾਇਰਾਂ ਤੋਂ ਕਈ ਗੱਲਾਂ ਵਿਚ ਵੱਖਰਾ ਸੀ। ਉਹ ਦੂਜੇ ਸ਼ਾਇਰਾਂ ਦੀ ਤਰ੍ਹਾਂ ਕੇਵਲ ਮਹਿਬੂਬਾ, ਹੁਸਨ, ਜਾਮ ਅਤੇ ਖ਼ੁਦਾ ਨੂੰ ਸਮਰਪਿਤ ਸ਼ਾਇਰੀ ਕਰਨ ਵਾਲਾ ਸ਼ਾਇਰ ਨਹੀਂ ਸੀ, ਸਗੋਂ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਲਫ਼ਜ਼ਾਂ 'ਚ ਗੁੰਨ੍ਹ ਕੇ ਲੋਕਾਈ ਦੀ ਪੀੜ ਬਿਆਨ ਕਰਨ ਵਾਲਾ ਦਿਲਦਾਰ ਸ਼ਾਇਰ ਸੀ। ਉਹ ਕਰਜ਼ੇ ਹੇਠ ਦੱਬੇ ਕਿਸਾਨ, ਯੁੱਧ ਲੜਨ ਲਈ ਮਜਬੂਰ ਕੀਤੇ ਗਏ ਸੈਨਿਕ, ਤਨ ਵੇਚਣ ਲਈ ਮਜਬੂਰ ਔਰਤ, ਬੇਕਾਰੀ ਦੇ ਭੰਨੇ ਨੌਜਵਾਨਾਂ ਅਤੇ ਫੁੱਟਪਾਥ 'ਤੇ ਜ਼ਿੰਦਗੀ ਬਸਰ ਕਰਦੇ ਤੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੇ ਰੂਬਰੂ ਹੁੰਦੇ ਇਨਸਾਨਾਂ ਦਾ ਸ਼ਾਇਰ ਸੀ। ਉਸ ਦੀ ਤਾਂ ਸ਼ਾਇਰੀ ਵਾਲੀ ਪਹਿਲੀ ਹੀ ਕਿਤਾਬ ਦਾ ਨਾਂਅ ਵੀ 'ਤਲਖ਼ੀਆਂ' ਸੀ ਜੋ ਕਿ ਸੰਨ 1945 ਵਿਚ ਛਪੀ ਸੀ।
ਉਂਜ ਸਾਹਿਰ ਦਾ ਅਸਲ ਨਾਂਅ ਅਬਦੁਲ ਹਈ ਸੀ ਤੇ ਉਹ 8 ਮਾਰਚ, 1921 ਨੂੰ ਲੁਧਿਆਣਾ ਦੇ ਮੁਹੱਲਾ ਕਰੀਮਪੁਰਾ ਵਿਖੇ ਵਸਦੀ ਮਾਂ ਸਰਦਾਰ ਬੇਗਮ ਦੇ ਘਰ ਪੈਦਾ ਹੋਇਆ ਸੀ। 'ਸਾਹਿਰ' ਉਸ ਦਾ ਸ਼ਾਇਰਾਨਾ ਤਖ਼ੱਲਸ ਸੀ ਤੇ ਇਸ ਲਫ਼ਜ਼ ਦੇ ਮਾਅਨਿਆਂ ਅਨੁਸਾਰ ਇਹ ਤਖ਼ੱਲਸ ਉਸ ਦੇ ਉੱਤੇ ਢੁੱਕਦਾ ਵੀ ਖ਼ੂਬ ਸੀ। ਹਿੰਦੂ ਸ਼ਾਸਤਰਾਂ ਅਨੁਸਾਰ ਸਾਹਿਰ ਦਾ ਅਰਥ ਹੁੰਦਾ ਹੈ 'ਜਾਗ੍ਰਿਤ' ਜਾਂ 'ਜਾਦੂਗਰ' ਅਤੇ ਮੁਸਲਿਮ ਮੁਆਸ਼ਰੇ ਵਿਚ ਇਸਦਾ ਅਰਥ ਹੁੰਦਾ ਹੈ 'ਗਵਾਹ'। ਸਾਹਿਰ ਲੁਧਿਆਣਵੀ ਸਚਮੁੱਚ ਹੀ ਇਕ 'ਜਾਗ੍ਰਿਤ' ਸ਼ਾਇਰ ਸੀ ਤੇ ਆਪਣੇ ਚੁਗਿਰਦੇ 'ਚ ਵਾਪਰਦੇ ਵਰਤਾਰਿਆਂ ਪ੍ਰਤੀ ਉਹ ਸਦਾ ਹੀ ਜਾਗਰੂਕ ਰਿਹਾ ਸੀ ਤੇ ਆਪਣੀ ਕਲਮ ਨਾਲ ਉਸ ਨੇ ਹਰੇਕ ਵਰਤਾਰੇ ਪ੍ਰਤੀ ਆਪਣੀ ਬੇਬਾਕ ਰਾਇ ਜ਼ਰੂਰ ਪ੍ਰਗਟ ਕੀਤੀ ਸੀ। ਉਹ ਸ਼ਬਦਾਂ ਦਾ 'ਜਾਦੂਗਰ' ਵੀ ਸੀ ਤੇ ਹਕੀਕਤਾਂ ਦਾ 'ਗਵਾਹ' ਵੀ ਸੀ।
ਸਾਹਿਰ ਲੁਧਿਆਣਵੀ ਦੇ ਦੋਸਤ ਰਹੇ ਪਾਕਿਸਤਾਨੀ ਸ਼ਾਇਰ ਅਹਿਮਦ ਰਾਹੀ ਨੇ ਇਕ ਵਾਰ ਦੱਸਿਆ ਸੀ-'ਆਪਣੀ ਪੂਰੀ ਜ਼ਿੰਦਗੀ ਵਿਚ ਉਸ ਨੇ ਇਕ ਹੀ ਵਾਰ ਦਿਲ ਤੋਂ ਪਿਆਰ ਕੀਤਾ ਸੀ ਤੇ ਇਕ ਹੀ ਨਫ਼ਰਤ ਉਸ ਨੇ ਦਿਲ 'ਚ ਪਾਲੀ ਸੀ। ਉਹ ਆਪਣੀ ਮਾਂ ਨੂੰ ਭਰਪੂਰ ਪਿਆਰ ਕਰਦਾ ਸੀ ਤੇ ਆਪਣੇ ਅੱਬਾ ਨੂੰ ਭਰਪੂਰ ਨਫ਼ਰਤ।' ਦਰਅਸਲ ਉਸ ਨੇ ਆਪਣੀ ਮਾਂ ਦੇ ਪਿੰਡੇ 'ਤੇ ਪਏ ਕੁੱਟ ਦੇ ਨਿਸ਼ਾਨਾਂ ਨੂੰ ਆਪਣੀ ਅੱਖੀਂ ਤੱਕਿਆ ਸੀ ਤੇ ਮਾਂ ਲਈ ਬੋਲੇ ਗਏ ਅਪਮਾਨਜਨਕ ਸ਼ਬਦਾਂ ਨੂੰ ਆਪਣੇ ਕੰਨੀਂ ਸੁਣਿਆ ਸੀ। ਮਾਪਿਆਂ ਦੀ ਇਸ ਤਕਰਾਰ ਨੇ ਉਸ ਨੂੰ ਜ਼ਿੰਦਗੀ ਦੀਆਂ ਤਲਖ਼ੀਆਂ ਨਾਲ ਬਚਪਨ ਤੋਂ ਹੀ ਬਾਵਸਤਾ ਕਰ ਦਿੱਤਾ ਸੀ। ਖ਼ਾਲਸਾ ਹਾਈ ਸਕੂਲ ਲੁਧਿਆਣਾ ਤੋਂ ਵਿੱਦਿਆ ਪ੍ਰਾਪਤ ਕਰਨ ਪਿੱਛੋਂ ਸਰਕਾਰੀ ਕਾਲਜ ਲੁਧਿਆਣਾ ਵਿਖੇ ਦਾਖ਼ਲ ਹੋਇਆ ਸਾਹਿਰ ਆਪਣੀਆਂ ਦਿਲਕਸ਼ ਗ਼ਜ਼ਲਾਂ, ਨਜ਼ਮਾਂ ਅਤੇ ਤਕਰੀਰਾਂ ਕਰਕੇ ਖ਼ਾਸਾ ਮਕਬੂਲ ਹੋ ਗਿਆ ਸੀ। ਸੰਨ ਸੰਤਾਲੀ ਦੀ ਮੁਲਕ ਵੰਡ ਉਸ ਨੂੰ ਪਾਕਿਸਤਾਨ ਲੈ ਗਈ ਤੇ ਉਹ ਲਾਹੌਰ ਜਾ ਵਸਿਆ ਜਿੱਥੇ ਉਹ ਸੰਪਾਦਕੀ ਵੱਲ ਆ ਗਿਆ ਤੇ ਉਸ ਨੇ 'ਅਦਬ-ਏ-ਲਤੀਫ਼', 'ਸ਼ਾਹਕਾਰ', 'ਸਵੇਰਾ'ਆਦਿ ਸਮੇਤ ਕੁਝ ਹੋਰ ਰਸਾਲਿਆਂ ਦਾ ਸੰਪਾਦਨ ਕਾਰਜ ਕੀਤਾ। ਉਹ ਅਦਬੀ ਰਸਾਲੇ 'ਪ੍ਰੀਤਲੜੀ' ਨਾਲ ਵੀ ਜੁੜਿਆ ਸੀ। ਪਾਕਿਸਤਾਨ ਵਿਚ ਉਸ ਨੇ ਕਮਿਊਨਿਜ਼ਮ ਨੂੰ ਉਭਾਰਦੇ ਕੁਝ ਬਿਆਨ ਦੇ ਦਿੱਤੇ ਸਨ ਜੋ ਕਿ ਪਾਕਿਸਤਾਨੀ ਹਾਕਮਾਂ ਨੂੰ ਨਾਗਵਾਰ ਗੁਜ਼ਰੇ ਸਨ ਤੇ ਉਨ੍ਹਾਂ ਨੇ ਉਸ ਦੇ ਵਾਰੰਟ ਜਾਰੀ ਕਰ ਦਿੱਤੇ ਸਨ ਜਿਸ ਕਰਕੇ ਸੰਨ 1949 ਵਿਚ ਉਹ ਪਾਕਿਸਤਾਨ ਤੋਂ ਭੱਜ ਕੇ ਹਿੰਦੁਸਤਾਨ ਆ ਗਿਆ ਸੀ। ਦੋ ਮਹੀਨਿਆਂ ਤੱਕ ਦਿੱਲੀ ਵਿਚ ਕਿਆਮ ਕਰਨ ਭਾਵ ਰੁਕਣ ਤੋਂ ਬਾਅਦ ਉਹ ਮੁੰਬਈ ਚਲਾ ਗਿਆ ਸੀ ਅਤੇ ਨਾਮਵਰ ਸਾਹਿਤਕਾਰਾਂ ਗੁਲਜ਼ਾਰ ਅਤੇ ਕ੍ਰਿਸ਼ਨ ਚੰਦਰ ਦਾ ਗੁਆਂਢੀ ਜਾ ਬਣਿਆ ਸੀ।
ਛੋਟੇ-ਵੱਡੇ ਮੁਸ਼ਾਇਰਿਆਂ 'ਚ ਵਾਹੋ-ਵਾਹੀ ਖੱਟਣ ਤੋਂ ਬਾਅਦ ਸਾਹਿਰ ਨੇ ਫ਼ਿਲਮਾਂ ਦਾ ਰੁਖ਼ ਕਰ ਲਿਆ ਤੇ ਸੰਨ 1949 ਵਿਚ ਹੀ ਫ਼ਿਲਮ 'ਆਜ਼ਾਦੀ ਕੀ ਰਾਹ ਪਰ' ਲਈ ਚਾਰ ਗੀਤ ਲਿਖ਼ ਕੇ ਉਹ ਫ਼ਿਲਮੀ ਪਿੜ ਵਿਚ ਉਤਰ ਪਿਆ ਸੀ। ਸੰਨ 1951 ਵਿਚ ਸੰਗੀਤਕਾਰ ਐਸ.ਡੀ.ਬਰਮਨ ਦੇ ਸੰਗੀਤ ਨਿਰਦੇਸ਼ਨ ਵਿਚ ਉਸ ਨੇ 'ਨੌਜਵਾਨ' ਅਤੇ 'ਬਾਜ਼ੀ' ਜਿਹੀਆਂ ਫ਼ਿਲਮਾਂ ਲਈ ਗੀਤ ਲਿਖੇ ਜੋ ਸੁਪਰਹਿੱਟ ਰਹੇ ਤੇ ਫਿਰ ਫ਼ਿਲਮ-ਦਰ-ਫ਼ਿਲਮ ਉਹ ਸ਼ੁਹਰਤ ਅਤੇ ਕਾਮਯਾਬੀ ਦੀਆਂ ਬੁਲੰਦੀਆਂ ਸਰ ਕਰਦਾ ਗਿਆ। ਉਸ ਦੇ ਦੋਸਤ ਦੱਸਦੇ ਹਨ ਕਿ ਉਹ ਹੱਦ ਦਰਜੇ ਦਾ ਜ਼ਿੱਦੀ ਵੀ ਸੀ। ਲਤਾ ਮੰਗੇਸ਼ਕਰ ਨਾਲ ਉਸ ਦੀ ਇਸ ਕਦਰ ਲਗਦੀ ਸੀ ਕਿ ਉਹ ਜ਼ਿਦ ਨਾਲ ਲਤਾ ਵਲੋਂ ਬਤੌਰ ਗਾਇਕਾ ਲਏ ਜਾਂਦੇ ਮਿਹਨਤਾਨੇ ਤੋਂ ਆਪਣੀ ਫ਼ੀਸ ਹਮੇਸ਼ਾ ਹੀ ਇਕ ਰੁਪਿਆ ਵੱਧ ਵਸੂਲ ਕਰਿਆ ਕਰਦਾ ਸੀ ਜਿਸ ਕਰਕੇ ਲਤਾ ਉਸ ਨਾਲ ਖ਼ਫ਼ਾ ਰਹਿੰਦੀ ਸੀ ਤੇ ਲਤਾ ਨੇ ਉਸ ਦੇ ਗੀਤਾਂ ਲਈ ਆਪਣੀ ਆਵਾਜ਼ ਦੇਣੀ ਬੰਦ ਕਰ ਦਿੱਤੀ ਸੀ। ਫ਼ਿਲਮ 'ਤਾਜ ਮਹਿਲ' ਦੇ ਗੀਤ 'ਜੋ ਵਾਅਦਾ ਕੀਆ ਵੋ ਨਿਭਾਨਾ ਪੜੇਗਾ' ਲਈ ਸੰਨ 1964 ਵਿਚ ਅਤੇ ਸੰਨ 1978 ਵਿਚ ਗੀਤ 'ਕਭੀ ਕਭੀ ਮੇਰੇ ਦਿਲ ਮੇਂ ਖ਼ਿਆਲ ਆਤਾ ਹੈ' ਲਈ 'ਫ਼ਿਲਮਫ਼ੇਅਰ ਪੁਰਸਕਾਰ' ਨਾਲ ਸਨਮਾਨਿਤ ਹੋਣ ਤੋਂ ਪਹਿਲਾਂ ਸੰਨ 1958 ਵਿਚ ਉਸ ਨੂੰ ਫ਼ਿਲਮ 'ਸਾਧਨਾ' ਦੇ ਗੀਤ 'ਔਰਤ ਨੇ ਜਨਮ ਦੀਆ ਮਰਦੋਂ ਕੋ' ਲਈ 'ਸਰਬੋਤਮ ਗੀਤਕਾਰ' ਦੇ 'ਫ਼ਿਲਮ ਫ਼ੇਅਰ ਪੁਰਸਕਾਰ' ਲਈ ਨਾਮਜ਼ਦ ਕੀਤਾ ਗਿਆ ਸੀ।
ਸ਼ਾਇਰੀ ਪੱਖੋਂ ਰੱਜਿਆ ਸਾਹਿਰ ਮੁਹੱਬਤ ਪੱਖੋਂ ਪਿਆਸਾ ਹੀ ਰਿਹਾ ਸੀ। ਅੰਮ੍ਰਿਤਾ ਪ੍ਰੀਤਮ ਨਾਲ ੳਸਦੀ ਪ੍ਰੀਤ ਦੇ ਕਿੱਸੇ ਮਸ਼ਹੂਰ ਹੋਏ ਪਰ ਅੰਮ੍ਰਿਤਾ ਉਸ ਦੀ ਜ਼ਿੰਦਗੀ ਦੀ ਹਮਸਫ਼ਰ ਨਾ ਬਣ ਸਕੀ। ਕੁਝ ਲੋਕ ਆਖ਼ਦੇ ਹਨ ਕਿ ਅੰਮ੍ਰਿਤਾ ਦਾ ਗ਼ੈਰ-ਮੁਸਲਿਮ ਹੋਣਾ ਸਾਹਿਰ ਦੀ ਮਾਂ ਨੂੰ ਗਵਾਰਾ ਨਹੀਂ ਸੀ ਹੋਇਆ ਜਿਸ ਕਰਕੇ ਉਨ੍ਹਾਂ ਦੀ ਇਹ ਮੁਹੱਬਤੀ ਸਾਂਝ ਉਮਰ ਭਰ ਦੇ ਹਮਸਫ਼ਰ ਬਣਨ ਦੇ ਰਾਹ ਨਾ ਪੈ ਸਕੀ ਤੇ ਵਿਚਾਲਿਉਂ ਹੀ ਟੁੱਟ ਗਈ ਤੇ ਫਿਰ ਅੰਮ੍ਰਿਤਾ ਇਕ ਦਿਨ ਇਮਰੋਜ਼ ਦੀ ਹੋ ਗਈ।
ਲਤਾ ਮੰਗੇਸ਼ਕਰ ਨਾਲ ਤਕਰਾਰ ਤੋਂ ਬਾਅਦ ਸਾਹਿਰ ਨੇ ਗਾਇਕਾ ਤੇ ਅਦਾਕਾਰਾ ਸੁਧਾ ਮਲਹੋਤਰਾ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ ਸੀ ਤੇ ਇਸ ਦੌਰਾਨ ਹੀ ਸੁਧਾ ਮਲਹੋਤਰਾ ਨਾਲ ਵੀ ਉਸ ਦੀ ਮੁਹੱਬਤ ਦੀ ਗੱਲ ਉੱਡੀ ਤਾਂ ਜ਼ਰੂਰ ਸੀ ਪਰ ਕਿਸੇ ਤਣ-ਪੱਤਣ ਨਹੀਂ ਸੀ ਲੱਗ ਸਕੀ। ਸੰਨ 1970 ਵਿਚ ਉਸ ਨੇ 'ਪਰਛਾਈਆਂ' ਨਾਂਅ ਹੇਠ ਛਪੀ ਆਪਣੀ ਕਿਤਾਬ ਦੇ ਸਿਰਲੇਖ ਨੂੰ ਵਰਤ ਕੇ ਇਸੇ ਨਾਂਅ ਹੇਠ ਇਕ ਬੰਗਲਾ ਬਣਵਾਇਆ ਸੀ ਤੇ ਆਖ਼ਰੀ ਸਾਹ ਤੱਕ ਉਸ ਬੰਗਲੇ ਵਿਚ ਵਸਦਾ ਰਿਹਾ ਸੀ। ਅਖ਼ੀਰ ਆਪਣੇ ਸ਼ਾਇਰ ਅਤੇ ਫ਼ਿਲਮ ਲੇਖਕ ਦੋਸਤ ਜਾਵੇਦ ਅਖ਼ਤਰ ਦੀ ਹਾਜ਼ਰੀ ਵਿਚ 25 ਅਕਤੂਬਰ, 1980 ਨੂੰ ਉਹ ਦਿਲ ਦਾ ਦੌਰਾ ਪੈਣ ਕਰਕੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਿਆ ਸੀ। ਆਪਣੀ ਅਧੂਰੀ ਮੁਹੱਬਤ ਦੀ ਕਹਾਣੀ ਬਿਆਨ ਕਰਦਿਆਂ ਉਸ ਨੇ ਖੁਦ ਹੀ ਲਿਖ਼ਿਆ ਸੀ :
ਜਾਨੇ ਵੋ ਕੈਸੇ ਲੋਗ ਥੇ
ਜਿਨ ਕੇ ਪਿਆਰ ਕੋ ਪਿਆਰ ਮਿਲਾ
ਹਮ ਨੇ ਤੋ ਜਬ ਕਲੀਆਂ ਮਾਂਗੀ,
ਕਾਂਟੋਂ ਕਾ ਹਾਰ ਮਿਲਾ।
-410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008