ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦੇਖ ਬਾਲਿਆ ਰੰਗ ਕਰਤਾਰ ਦੇ...

Ad Position 21
No active advertisement
ਅਜੀਤ ਡੈਸਕ 08-03-2026

ਪੰਜਾਬ ਦੇ ਸੱਭਿਆਚਾਰ ਵਿਚ ਸਾਡੇ ਦੇਖਦਿਆਂ-ਦੇਖਦਿਆਂ ਕਈ ਤਬਦੀਲੀਆਂ ਆਈਆਂ, ਕਈ ਚੰਗੀਆਂ ਤੇ ਕਈ ਮਾੜੀਆਂ। ਕਈ ਉਹ ਜੋ ਹੁਣ ਖ਼ਤਮ ਹੋ ਚੁੱਕੀਆਂ ਹਨ ਪਰ ਯਾਦਾਂ ਛੱਡ ਗਈਆਂ ਹਨ। ਪੇਂਡੂ ਜੀਵਨ ਦੀਆਂ ਉਹ ਯਾਦਾਂ, ਹਰ ਘਰ ਵਿਚ ਜਦੋਂ ਦੁਧਾਰੂ ਪਸ਼ੂ ਰੱਖੇ ਜਾਂਦੇ ਸਨ ਤੇ ਦੁੱਧ, ਮੱਖਣੀ, ਲੱਸੀ ਨੂੰ ਤਰਜੀਹ ਦਿੱਤੀ ਜਾਂਦੀ ਸੀ। ਸਵੇਰ ਵੇਲੇ ਹਰ ਮਾਲਕ ਆਪਣੇ ਪਸ਼ੂਆ ਨੂੰ ਪਿੰਡ ਤੋਂ ਬਾਹਰ ਰੜ੍ਹੀ ਵਿਚ ਲਿਜਾ ਕੇ ਵੱਡੇ ਵੱਗ ਨਾਲ ਰਲਾ ਆਉਂਦਾ ਸੀ ਜਿੱਥੋਂ ਕਿ ਪਿੰਡ ਦੇ ਦੋ ਚਾਰ ਗਭਰੂਟੇ ਚਰਾਉਣ ਵਾਸਤੇ ਬਾਹਰ ਚਰਾਂਦਾਂ ਵਿਚ ਲੈ ਜਾਂਦੇ ਸਨ ਤੇ ਸ਼ਾਮ ਨੂੰ ਉਸੇ ਰੜ੍ਹੀ ਵਿਚ ਵਾਪਸ ਆ ਜਾਂਦੇ ਸਨ। ਸਾਡੇ ਪਿੰਡ ਦਾ ਹਾਕਮ ਅਲੀ ਇਕੱਲਾ ਹੀ ਸਾਰੇ ਪਿੰਡ ਦੇ ਪਸ਼ੂ ਚਰਾਅ ਕੇ ਲੈ ਆਉਂਦਾ ਹੁੰਦਾ ਸੀ। ਵੱਡੇ ਤੜਕੇ ਉਠ ਕੇ ਲੋਕ ਆਪਣੇ ਖੇਤਾਂ ਵਿਚ ਚਲੇ ਜਾਂਦੇ ਸਨ। ਕੋਈ ਖੇਤ ਵਾਹੁਣ ਨਿਕਲ ਗਿਆ, ਕੋਈ ਪੱਠੇ ਵੱਢਣ। ਉਨ੍ਹਾਂ ਦੀਆਂ ਸੁਆਣੀਆਂ ਮਗਰ ਉਨ੍ਹਾਂ ਦਾ ਸ਼ਾਹ ਵੇਲ੍ਹਾ ਲੈ ਕੇ ਜਾਂਦੀਆਂ ਸਨ। ਮੱਕੀ ਦੀ ਰੋਟੀ ਉੱਤੇ ਲਾਲ ਮਿਰਚ ਦੀ ਚੱਟਨੀ, ਥੋੜ੍ਹੀ ਜਿਹੀ ਮੱਖਣੀ, ਦਹੀਂ ਦੀਆਂ ਦੋ ਚਾਰ ਫੁੱਟੀਆਂ ਤੇ ਲੱਸੀ ਦੀ ਘੁੱਟੋ ਵੱਟੀ। ਅੱਜ ਕਿੰਨੇ ਕੁ ਅਜਿਹੇ ਪੰਜਾਬੀ ਹਨ ਜੋ ਤੜਕੇ ਉਠ ਕੇ ਆਪਣੇ ਖੇਤਾਂ ਵੱਲ ਹਲ ਵਾਹੁਣ ਨਿਕਲਦੇ ਹਨ ਤੇ ਕਿੰਨੀਆਂ ਕੁ ਪੰਜਾਬਣਾਂ ਹਨ ਜੋ ਪਤੀ ਦਾ ਭੱਤਾ ਲੈ ਕੇ ਖੇਤਾਂ ਵਿਚ ਉਸ ਦੇ ਮਗਰ ਜਾਂਦੀਆਂ ਹਨ। ਪੜ੍ਹਾਈ ਦੇ ਪਸਾਰ ਨਾਲ ਪੰਜਾਬੀ ਗੱਭਰੂਆਂ ਵਿਚ ਵਿਦੇਸ਼ਾਂ ਵਿਚ ਜਾਣ ਦੀ ਰੁਚੀ ਵਧੀ ਜਿਸ ਨਾਲ ਖੁਸ਼ਹਾਲੀ ਵੀ ਵਧੀ। ਵਿਦੇਸ਼ਾਂ ਵਿਚ ਜਾ ਕੇ ਮੁੰਡਿਆਂ ਨੇ ਬੜ੍ਹੀਆਂ ਮਿਹਨਤਾਂ ਕੀਤੀਆਂ, ਬੜੀਆਂ ਕਮਾਈਆਂ ਕੀਤੀਆਂ ਤੇ ਪਿੱਛੇ ਭੇਜੀਆਂ। ਪਿੰਡਾਂ ਵਿਚ ਉਨ੍ਹਾਂ ਨੇ ਸੋਹਣੇ-ਸੋਹਣੇ ਘਰ ਬਣਾ ਲਏ, ਵਿਦੇਸ਼ਾਂ ਵਿਚ ਪੰਜਾਬ ਦਾ ਨਾਂਅ ਬਣਾਇਆ, ਇੱਜ਼ਤਾਂ ਕਮਾਈਆਂ, ਸਿਆਸਤ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਪਿੰਡਾਂ ਵਿਚ ਬਿਜਲੀ ਆਈ, ਟੈਲੀਵਿਜ਼ਨ ਆਏ ਤੇ ਸਮੁੱਚੀ ਜੀਵਨ ਪੱਧਰ ਵਿਚ ਉਛਾਲਾ ਆਇਆ, ਉਧਰ ਮਸ਼ੀਨਰੀ ਦੇ ਪਸਾਰ ਨਾਲ ਨਵੀਆਂ ਤੋਂ ਨਵੀਆਂ ਮਸ਼ੀਨਾਂ ਆਈਆਂ। ਖੇਤੀਬਾੜੀ ਵਿਚ ਵੀ ਧੜਾਧੜ ਮਸ਼ੀਨਰੀ ਪਹੁੰਚੀ। ਨਵੇਂ ਬੀਜ਼, ਨਵੀਆਂ ਖਾਦਾਂ, ਨਵੀਆਂ ਦਵਾਈਆਂ, ਨਵੀਂ ਤਕਨਾਲੋਜੀ ਪੰਜਾਬ ਨੂੰ ਚੁੱਕ ਕੇ ਤਰੱਕੀਆਂ ਵੱਲ ਲੈ ਉੱਡੀ ਤੇ ਸਭ ਪਾਸੇ ਪੰਜਾਬ ਹੀ ਪੰਜਾਬ ਹੋ ਗਿਆ । ਪ੍ਰਵਾਸੀ ਮਜ਼ਦੂਰਾਂ ਦੀ ਆਮਦ ਨਾਲ ਪੰਜਾਬੀ ਸੱਭਿਆਚਾਰ ਵਿਚ ਕੂਹਣੀ ਮੋੜ ਆ ਗਿਆ। ਬਿਹਾਰ ਤੇ ਯੂ.ਪੀ. ਦੇ ਮਜ਼ਦੂਰਾਂ ਨੇ ਆ ਕੇ ਖੇਤੀਬਾੜੀ ਤੇ ਕਾਰਖਾਨਾ ਸੈਕਟਰ ਵਿਚ ਬੜ੍ਹਾ ਯੋਗਦਾਨ ਪਾਇਆ। ਆਪਣੇ ਟੱਬਰ ਵੀ ਸੱਦ ਲਏ, ਬੱਚੇ ਵੀ ਲੈ ਆਂਦੇ ਤੇ ਇਹ ਕਹਿ ਲਵੋ ਕਿ ਡੀਲੇ ਵਾਗੂੰ ਛਾ ਗਏ ਹੌਲੀ-ਹੌਲੀ। ਉਨ੍ਹਾਂ ਨੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਵਪਾਰ, ਸਬਜ਼ੀ ਵੇਚਣ, ਕੱਪੜੇ ਦੀਆਂ ਦੁਕਾਨਾਂ ਤੇ ਹੋਟਲਾਂ ਰੈਸਟੋਰੈਂਟ ਵਿਚ ਨੌਕਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆ ਤੇ ਆਪ ਖੁਦ ਵੀ ਵਪਾਰ ਵਿਚ ਕੁੱਦ ਪਏ। ਕੀ ਰੇਹੜੀ, ਕੀ ਫੜ੍ਹੀ, ਛੋਟੇ ਤੋਂ ਲੈ ਕੇ ਵੱਡੇ ਕੰਮ, ਪੱਕੇ ਮਕਾਨ ਬਣਾ ਲਏ ਆਧਾਰ ਕਾਰਡ, ਵੋਟਰ ਕਾਰਡ ਬਣਾ ਲਏ, ਮੋਬਾਈਲ ਖਰੀਦ ਲਏ, ਬੱਚੇ ਪੰਜਾਬੀ ਸਕੂਲਾਂ ਵਿਚ ਪੜ੍ਹਨ ਪਾ ਦਿੱਤੇ, ਪਿੰਡਾਂ ਵਿਚ ਸਰਪੰਚੀ ਦੀਆਂ ਚੋਣਾਂ ਲੜਨ ਲੱਗ ਪਏ, ਮੋਟਰ ਸਾਈਕਲ ਖਰੀਦ ਲਏ ਤੇ ਦੇਖਦਿਆਂ ਦੇਖਦਿਆਂ ਉਨ੍ਹਾਂ ਨੂੰ ਪੰਜਾਬ ਦੇ ਕੁੱਲ ਸਮਾਜ ਦੀ ਸਮਝ ਆ ਗਈ, ਸਾਰੀਆਂ ਸਹੂਲਤਾਂ ਮਿਲਣ ਲੱਗ ਗੱਈਆਂ, ਤਨਖਾਹਾਂ ਵੀ ਸੋਹਣੀਆਂ, ਖੁਰਾਕ ਵੀ ਸੋਹਣੀ ਤੇ ਢਿੱਡ ਭਰਵੀਂ। ਉਨ੍ਹਾਂ ਦੀਆਂ ਔਰਤਾਂ ਨੂੰ ਵੀ ਕੰਮ ਮਿੱਲ ਗਏ ਤੇ ਪੱਕੀ ਆਮਦਨ ਆਉਣੀ ਸ਼ੁਰੂ ਹੋ ਗਈ। ਉਨ੍ਹਾਂ ਆਪਣੇ ਰੀਤੀ ਰਿਵਾਜ਼ ਤੇ ਤਿਉਹਾਰ ਵੀ ਪੰਜਾਬ ਵਿਚ ਮਨਾਉਣੇ ਸ਼ੁਰੂ ਕਰ ਦਿੱਤੇ। ਜੋ ਵੀ ਹੋਇਆ ਉਹ ਚੰਗਾ ਹੋਇਆ ਪਰ ਇਸ ਸੱਭਿਆਚਾਰ ਦਾ ਪੰਜਾਬ ਦੇ ਸੱਭਿਆਚਾਰ 'ਤੇ ਟੇਢਾ ਅਸਰ ਵੀ ਪਿਆ ਤੇ ਹੋਰ ਵੀ ਪੈਣ ਦੀ ਸੰਭਾਵਨਾ ਹੈ। ਪਿੰਡਾਂ ਵਿਚ ਵੱਸਦੇ ਪੰਜਾਬੀਆਂ ਨੇ ਇਨ੍ਹਾਂ ਪ੍ਰਵਾਸੀ ਨੂੰ ਪੱਕੇ ਨੌਕਰ ਬਣਾ ਲਿਆ ਹੈ ਤੇ ਤਨਖਾਹਾਂ ਦੇਣ ਲੱਗ ਪਏ। ਰਿਹਾਇਸ਼ ਵੀ ਉਨ੍ਹਾਂ ਦੇ ਖੂਹਾਂ ਹਵੇਲੀਆਂ ਵਿਚ ਆ ਵੜੀ। ਖੇਤੀ ਦਾ ਹਰ ਕੰਮ ਉਹ ਹੀ ਕਰਦੇ ਤੇ ਪਸ਼ੂ ਡੰਗਰ ਵੀ ਉਹ ਹੀ ਸਾਂਭਦੇ। ਹੋਲੀ ਹੋਲੀ ਉਹ ਘਰ ਦੀ ਸਫਾਈ ਤੱਕ ਵੀ ਪਹੁੰਚ ਗਏ ਤੇ ਘਰਾਂ ਦੇ ਅੰਦਰ ਵੀ ਪ੍ਰਵੇਸ਼ ਕਰ ਗਏ ਜਿਸ ਨਾਲ ਪੰਜਾਬੀ ਆਪ ਸੁਸਤ ਤੇ ਆਲਸੀ ਹੋ ਗਏ ਹਨ ਤੇ ਹਰ ਕੰਮ ਲਈ ਉਹ 'ਰਾਮੂ' ਉੱਤੇ ਨਿਰਭਰ ਹੁੰਦੇ ਗਏ ਤੇ ਹੁਣ ਵਿਹਲੜ ਜ਼ਿੰਦਗੀ ਵੱਲ ਵੱਧ ਤੁਰੇ ਹਨ। ਅੱਜ ਆਲਮ ਇਹ ਹੈ ਕਿ ਪੰਜਾਬ ਵਿਚ ਵਸਦੇ ਬਹੁਤ ਗਿਣਤੀ ਗੱਭਰੂਆਂ ਨੂੰ ਨਸ਼ੇ ਨੇ ਦੱਬ ਲਿਆ ਹੈ। ਪਾਕਿਸਤਾਨ ਵਰਗੇ ਸਾਡੇ ਗੁਆਂਢੀ ਦੇਸ਼ ਨੇ ਵੀ ਪੰਜਾਬ ਦੀ ਇਸ ਕਮਜ਼ੋਰੀ ਨੂੰ ਭਾਂਪ ਲਿਆ ਹੈ ਤੇ ਵੰਨ-ਸੁਵੰਨੇ ਨਸ਼ੇ ਭੇਜਣ ਵਿਚ ਉਨ੍ਹਾਂ ਸਾਡੇ ਪੰਜਾਬ ਦੀ ਬੜੀ 'ਸੇਵਾ' ਕੀਤੀ ਹੈ ਤੇ ਹੁਣ ਵੀ ਕਰ ਰਿਹਾ ਹੈ ਤੇ ਭਵਿੱਖ ਵਿਚ ਵੀ ਲਗਦੈ ਕਿ ਕਰਦਾ ਰਹੇਗਾ। ਚੀਦਾ-ਚੀਦਾ ਸਾਡੇ ਪੰਜਾਬੀਆਂ ਨੇ ਵੀ ਉਸ ਮੁਲਖ ਦੀ ਨਸ਼ਿਆਂ ਪ੍ਰਤੀ ਇਸ ਸੇਵਾ ਨੂੰ ਸਵਿਕਾਰ ਕਰ ਲਿਆ ਹੈ ਤੇ ਸਾਰੇ ਰਲ ਕੇ ਦਿਨ ਰਾਤ ਮਿਹਨਤ ਕਰ ਰਹੇ ਹਨ। ਰਾਤ ਨੂੰ ਮਿਹਨਤ ਜ਼ਿਆਦਾ ਕਰਦੇ ਹਨ ਤੇ ਦਿਨ ਨੂੰ ਘੱਟ ਕਿਉਂਕਿ ਦਿਨ ਵੇਲੇ ਉਨ੍ਹਾਂ ਨੂੰ ਪੁਲਿਸ ਤੰਗ ਕਰਦੀ ਹੈ। ਨਸ਼ਾ ਤਾਂ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ ਸੂਈ ਦੇ ਨੱਕੇ 'ਤੇ ਚੜ੍ਹਨ ਬਰੋਬਰ ਨਸ਼ੇ ਦਾ ਮੁੱਲ ਹਜ਼ਾਰਾਂ ਰੁਪਏ ਹੁੰਦਾ ਹੈ ਤੇ ਮਹਾਤੜ ਨੇ ਇਸ ਨੂੰ ਕੀ ਖਰੀਦ ਲੈਣਾ ਹੈ। ਉਂਝ ਵੀ ਥੋੜ੍ਹੀ ਮਿਕਦਾਰ ਵਿਚ ਨਸ਼ੇ ਦੇ ਖਰੀਦਦਾਰਾਂ ਨੂੰ ਸਰਕਾਰੀ ਨਾਕਿਆਂ 'ਤੇ ਵੀ ਤੰਗੀ ਆਉਂਦੀ ਹੈ।

-ਐਡਵੋਕੇਟ ਫਿਲੌਰ, ਵਾਸੀ- ਪਿੰਡ ਥੰਮਣਵਾਲ
ਮੋਬਾਈਲ : 98722-56005

Ad Position 22
No active advertisement
ਪਿਛਲੀ ਖ਼ਬਰ var ਅਗਲੀ ਖ਼ਬਰ 'ਪਲ ਦੋ ਪਲ' ਨਹੀਂ, ਸਦੀਆਂ ਦਾ ਸ਼ਾਇਰ ਸੀ : ਸਾਹਿਰ ਲੁਧਿਆਣਵੀ
Ad Position 24
No active advertisement