ਭਾਰਤ ਦੇ ਪੁਲਾੜ ਖੋਜ ਖੇਤਰ ਨੇ ਉਸ ਵੇਲੇ ਇਕ ਨਵੇਂ ਯੁੱਗ ਵਿਚ ਪ੍ਰਵੇਸ਼ ਕੀਤਾ ਸੀ ਜਦੋਂ 18 ਜੁਲਾਈ, 2026 ਨੂੰ ਹੈਦਰਾਬਾਦ ਵਿਖੇ ਸਥਿਤ ਸਕਾਈਰੂਟ ਏਅਰੋਸਪੇਸ ਨੇ ਵਿਕਰਮ-1 ਨਾਂਅ ਦੇ ਰਾਕੇਟ ਨੂੰ ਪੁਲਾੜ ਵਿਚ ਭੇਜਿਆ ਸੀ। ਭਾਰਤ ਦੀ ਨਿੱਜੀ ਖੇਤਰ ਦੀ ਇਸ ਪੁਲਾੜ ਏਜੰਸੀ ਵਲੋਂ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਵਦੇਸ਼ੀ ਤਕਨੀਕ ਨਾਲ ਤਿਆਰ ਕੀਤੇ ਗਏ ਰਾਕੇਟ ਨੂੰ ਧਰਤੀ ਦੇ ਹੇਠਲੇ ਪੰਧ (*ower earth orb}t) ਵਿਚ ਭੇਜਣ ਨਾਲ ਭਾਰਤ ਅਜਿਹਾ ਕਰਨ ਵਾਲਾ ਅਮਰੀਕਾ ਤੇ ਚੀਨ ਤੋਂ ਬਾਅਦ ਤੀਜਾ ਦੇਸ਼ ਬਣ ਗਿਆ ਹੈ। ਇਸ ਉਡਾਣ ਨੇ 450 ਕਿਲੋਮੀਟਰ ਉਚਾਈ ਵਾਲੇ ਪੰਧ ਵਿਚ ਪਹੁੰਚਣ ਲਈ ਸਿਰਫ 15.46 ਮਿੰਟਾਂ ਦਾ ਸਮਾਂ ਲਿਆ ਸੀ। ਵਿਕਰਮ-1 ਆਰਬਿਟਲ ਕਲਾਸ ਦਾ ਰਾਕੇਟ ਹੈ ਭਾਵ ਕਿ ਇਹ ਲਾਂਚ ਕਰਨ ਦੇ ਨਾਲ-ਨਾਲ ਪੁਲਾੜਯਾਨ ਨੂੰ ਉਸ ਦੇ ਪੰਧ ਵਿਚ ਸਥਾਪਿਤ ਕਰਨ ਦੇ ਵੀ ਸਮਰੱਥ ਹੈ। ਜਿੱਥੇ ਬਾਕੀ ਦੇ ਰਾਕੇਟ ਭਾਰੇ ਵਜ਼ਨੀ ਹੁੰਦੇ ਹਨ ਉੱਥੇ ਵਿਕਰਮ ਰਾਕੇਟ ਕਾਰਬਨੀ ਪਦਾਰਥਾਂ ਤੋਂ ਬਣਿਆ ਹਲਕਾ ਰਾਕੇਟ ਹੈ। ਇਸ ਨਾਲ ਰਾਕੇਟ ਦਾ ਭਾਰ ਘਟ ਜਾਂਦਾ ਹੈ ਅਤੇ ਇਹ ਜ਼ਿਆਦਾ ਪੇਲੋੜ ਭਾਵ ਕੰਮ ਕਾਜੀ ਸਾਮਾਨ ਨੂੰ ਲੈ ਕੇ ਜਾਣ ਦੇ ਯੋਗ ਬਣ ਜਾਂਦਾ ਹੈ। ਵਿਕਰਮ ਰਾਕੇਟ ਦਾ ਨਾਂਅ ਭਾਰਤੀ ਪੁਲਾੜ ਵਿਗਿਆਨ ਦੀ ਨੀਂਹ ਰੱਖਣ ਵਾਲੇ, ਜਿਨ੍ਹਾਂ ਨੂੰ ਭਾਰਤੀ ਪੁਲਾੜ ਵਿਗਿਆਨ ਦੇ ਪਿਤਾਮਾ ਵੀ ਕਿਹਾ ਜਾਂਦਾ ਹੈ, ਡਾਕਟਰ ਵਿਕਰਮ ਸਾਰਾਭਾਈ ਦੇ ਨਾਂਅ 'ਤੇ ਰੱਖਿਆ ਗਿਆ ਹੈ। ਮੌਜੂਦਾ ਉਡਾਣ ਨੂੰ 'ਆਗਮਣ' (ਜਿਸ ਦਾ ਅਰਥ ਹੈ ਪਹੁੰਚ) ਦਾ ਨਾਂਅ ਦਿੱਤਾ ਗਿਆ ਹੈ। ਵਿਕਰਮ ਰਾਕੇਟ ਸੱਤ ਮੰਜ਼ਲਾਂ ਵਾਲਾ 22 ਮੀਟਰ ਉੱਚਾ ਰਾਕੇਟ ਹੈ। ਇਹ ਤਿੰਨ ਸੌ ਪੰਜਾਹ ਕਿਲੋ ਵਜ਼ਨੀ ਸਾਮਾਨ ਲੈ ਕੇ ਜਾਣ ਦੇ ਯੋਗ ਹੈ। ਇਸ ਦੀਆਂ ਪਹਿਲੀਆਂ ਤਿੰਨ ਸਟੇਜਾਂ ਵਿਚ ਠੋਸ ਬਾਲਣ ਵਰਤਣ ਵਾਲੀ 'ਕਲਾਮ' ਨਾਂਅ ਦੀ ਮੋਟਰ ('ਮਿਸਾਈਲ ਮੈਨ ਆਫ਼ ਇੰਡੀਆ' ਦੇ ਨਾਂਅ ਨਾਲ ਜਾਣੇ ਜਾਂਦੇ ਭਾਰਤ ਦੇ ਮਸ਼ਹੂਰ ਏਅਰੋਸਪੇਸ ਵਿਗਿਆਨੀ ਅਤੇ ਬਾਅਦ ਵਿਚ ਦੇਸ਼ ਦੇ ਰਾਸ਼ਟਰਪਤੀ ਬਣੇ ਡਾ. ਅਬਦੁਲ ਕਲਾਮ ਹੋਰਾਂ ਦੇ ਨਾਂਅ 'ਤੇ ਰੱਖਿਆ ਗਿਆ ਨਾਂਅ) ਅਤੇ ਚੌਥੀ ਸਟੇਜ ਵਿਚ ਤਰਲ ਬਾਲਣ ਵਰਤਣ ਵਾਲਾ ਰਮਨ ਇੰਜਣ (ਪ੍ਰਕਾਸ਼ ਦੀਆਂ ਕਿਰਨਾਂ ਦੇ ਖਿੰਡਰਨ ਉੱਤੇ ਕੰਮ ਕਰਨ ਵਾਲੇ ਅਤੇ ਸਾਲ 1930 ਦਾ ਭੌਤਿਕ ਵਿਗਿਆਨ ਦੇ ਖੇਤਰ ਵਿਚ ਨੋਬਲ ਪੁਰਸਕਾਰ ਜਿੱਤਣ ਵਾਲੇ ਮਸ਼ਹੂਰ ਵਿਗਿਆਨੀ ਦੇ ਨਾਂਅ 'ਤੇ ਰੱਖਿਆ ਗਿਆ ਨਾਂਅ) ਵਰਤਿਆ ਜਾਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਰਾਕੇਟ ਬਾਜ਼ਾਰ ਦੀ ਮੰਗ ਅਨੁਸਾਰ ਤਿਆਰ ਕੀਤਾ ਜਾ ਸਕਦਾ ਹੈ ਅਤੇ 24 ਘੰਟਿਆਂ ਦੇ ਸਮੇਂ ਵਿਚ ਹੀ ਲਾਂਚ ਵੀ ਕੀਤਾ ਜਾ ਸਕਦਾ ਹੈ। ਇਸ ਰਾਕੇਟ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਸ ਦਾ ਉਪਰਲਾ ਹਿੱਸਾ 3-ਡੀ ਪਰਿੰਟਡ ਹੈ ਭਾਵ ਕਿ ਇਸ ਨੂੰ ਵੈਲਡਿੰਗ ਕਰਨ ਅਤੇ ਨਟ ਬੋਲਟਾਂ ਨਾਲ ਜੋੜਨ ਦੀ ਬਜਾਏ ਇਕ ਹੀ ਪੀਸ ਬਣਾਇਆ ਗਿਆ ਹੈ ਜਿਸ ਨਾਲ ਇਸ ਦਾ ਭਾਰ ਵੀ ਘਟ ਗਿਆ ਹੈ ਅਤੇ ਲਾਗਤ ਵੀ ਘੱਟ ਗਈ ਹੈ। ਇਹ ਰਾਕੇਟ 100 ਫ਼ੀਸਦ ਭਾਰਤ ਵਿਚ ਡਿਜ਼ਾਈਨ ਕੀਤਾ ਗਿਆ ਹੈ ਅਤੇ 100 ਫ਼ੀਸਦ ਭਾਰਤ ਵਿਚ ਹੀ ਉਤਪਾਦਿਤ ਕੀਤਾ ਗਿਆ ਹੈ। ਸਕਾਈਰੂਟ ਦੇ ਸੀ.ਈ.ਓ ਪਵਨ ਕੁਮਾਰ ਚੰਦਾਨਾ ਨੇ ਦੱਸਿਆ ਕਿ ਵਿਕਰਮ-1 ਆਪਣੇ ਮਿਸ਼ਨ ਨਾਲ ਛੇ ਪੇਲੋਡ ਭਾਵ ਕਾਰਜ ਪ੍ਰਣਾਲੀਆਂ ਲੈ ਕੇ ਗਿਆ ਹੈ। ਇਨ੍ਹਾਂ ਵਿਚ ਪ੍ਰਮੁੱਖ ਹਨ : ਉਡਾਣ ਦੀ ਦੇਖ ਰੇਖ ਕਰਨ ਵਾਲਾ 'ਸਕੋਪ' ਨਾਂਅ ਦਾ ਨਿੱਕਾ ਪੁਲਾੜਯਾਨ, 'ਗ੍ਰਹਿ ਪੁਲਾੜ' ਨਾਂਅ ਦੇ ਅਦਾਰੇ ਵੱਲੋਂ 'ਸੋਲਾਰਸ' ਨਾਂਅ ਦਾ ਨਿੱਕਾ ਪੁਲਾੜਯਾਨ ਜੋਕਿ ਧਰਤੀ ਦੀਆਂ ਤਸਵੀਰਾਂ ਲਏਗਾ, 'ਕੋਸਮੋਸਰਵ' ਵਲੋਂ ਤਿਆਰ ਕੀਤਾ ਗਿਆ 'ਐੱਮਬਰੇਸ' ਨਾਂਅ ਦਾ ਰੋਬੋਟ ਜੋ ਪੁਲਾੜੀ ਕੂੜੇ ਦੀਆਂ ਤਸਵੀਰਾਂ ਲਏਗਾ ਅਤੇ ਉਨ੍ਹਾਂ ਦੇ ਪ੍ਰਬੰਧ ਕਰਨ ਵਿਚ ਮਦਦ ਕਰੇਗਾ ਅਤੇ 'ਡੀਕਿਊਬਡ' ਨਾਂਅ ਦੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਪੁਲਾੜ ਵਿਚ ਛੋਟੇ ਪੁਲਾੜਾਂ ਦੀ ਕਾਰਜ ਪ੍ਰਣਾਲੀ ਦਾ ਨਿਰੀਖਣ ਕਰਨ ਵਾਲਾ ਪੇਲੋਡ ਆਦਿ। ਇਨ੍ਹਾਂ ਤੋਂ ਇਲਾਵਾ ਭਾਰਤ ਦੇ ਪੁਲਾੜ ਅਤੇ ਮਿਸਾਈਲਾਂ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਬਕਾ ਮਸ਼ਹੂਰ ਵਿਗਿਆਨੀਆਂ ਡਾ. ਵਿਕਰਮ ਸਾਰਾਭਾਈ, ਡਾ. ਏ. ਪੀ. ਜੇ. ਅਬਦੁਲ ਕਲਾਮ ਅਤੇ ਸਰ ਸੀ. ਵੀ. ਰਮਨ ਦੀਆਂ ਮਿੰਨੀ ਤਸਵੀਰਾਂ ਵੀ ਭੇਜੀਆਂ ਗਈਆਂ ਹਨ। ਸਕੋਪ ਨਾਂਅ ਪੁਲਾੜਯਾਨ ਸਮੁੱਚੀ ਉਡਾਣ ਦੇ ਅੰਕੜੇ ਇੱਕਠੇ ਕਰੇਗਾ ਜਿਸ ਨਾਲ ਸਕਾਈਰੂਟ ਏਜੰਸੀ ਪੁਲਾੜਯਾਨ ਦੀ ਕਾਰਜ ਸਮਰੱਥਾ ਬਾਰੇ ਪੂਰੀ ਜਾਣਕਾਰੀ ਹਾਸਿਲ ਕਰ ਸਕੇਗੀ। ਵਿਕਰਮ-1 ਵਿਸ਼ੇਸ਼ ਤੌਰ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 'ਵੰਦੇ ਮਾਤਰਮ' ਲਿਖਿਆ ਹੋਇਆ ਹੱਥ ਲਿੱਖਤ ਖ਼ਤ ਵੀ ਲੈ ਕੇ ਗਿਆ ਹੈ।
ਸਕਾਈਰੂਟ ਅਦਾਰਾ ਸਾਲ 2027 ਵਿਚ ਵਿਕਰਮ-2 ਰਾਕੇਟ ਭੇਜਣ ਦੀ ਤਿਆਰੀ ਕਰ ਰਿਹਾ ਹੈ ਜੋਕਿ 1000 ਕਿਲੋ ਵਜ਼ਨੀ ਸਾਮਾਨ ਲੈ ਕੇ ਜਾਣ ਦੇ ਸਮਰੱਥ ਹੋਏਗਾ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਰਾਕੇਟਾਂ ਨੂੰ ਮੁੜ ਵਰਤਣਯੋਗ ਬਣਾਇਆ ਜਾਏਗਾ ਭਾਵ ਕਿ ਵਾਰ-ਵਾਰ ਨਵੇਂ ਰਾਕੇਟਾਂ ਨੂੰ ਬਣਾਉਣ ਉੱਤੇ ਹੁੰਦਾ ਖਰਚ ਵੀ ਘਟੇਗਾ। ਅਮਰੀਕਾ ਦੇ ਮਸ਼ਹੂਰ ਕਾਰੋਬਾਰੀ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਦਾ ਫਾਲਕਨ-9 ਨਾਂਅ ਦਾ ਰਾਕੇਟ ਪਹਿਲਾਂ ਹੀ ਅਜਿਹੇ ਕਾਰਨਾਮੇ ਕਰ ਰਿਹਾ ਹੈ।
ਜੇ ਗੱਲ ਕਰੀਏ ਮੌਜੂਦਾ ਮਿਸ਼ਨ ਦੇ ਆਮ ਲੋਕਾਂ ਨੂੰ ਹੋਣ ਵਾਲੇ ਫ਼ਾਇਦਿਆਂ ਦੀ ਤਾਂ ਇਨ੍ਹਾਂ ਮਿਸ਼ਨਾਂ ਨਾਲ ਸੰਚਾਰ ਸੇਵਾਵਾਂ ਦੀ ਰਫ਼ਤਾਰ ਵਧੇਗੀ ਅਤੇ ਇਹ ਸਸਤੀਆਂ ਹੋਣਗੀਆਂ। ਬਿਹਤਰ ਸੰਚਾਰ ਸੇਵਾਵਾਂ ਰਾਹੀਂ ਪ੍ਰਾਪਤ ਅੰਕੜਿਆਂ ਤੋਂ ਮੌਸਮੀ ਤਬਦੀਲੀਆਂ ਦੀ ਪੇਸ਼ੀਨਗੋਈ ਹੋ ਸਕੇਗੀ ਅਤੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਸਹੀ ਪ੍ਰਬੰਧਨ ਵਿਚ ਮਦਦ ਮਿਲੇਗੀ। ਮੌਸਮ ਦੇ ਸਹੀ-ਸਹੀ ਅਗਾਓਂ ਪਤਾ ਲੱਗ ਜਾਣ ਨਾਲ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਵਿਚ ਸੌਖ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਵਿਕਰਮ-1 ਰਾਕੇਟ ਛੋਟੇ ਪੁਲਾੜਯਾਨਾਂ ਨੂੰ ਲੈ ਜਾਣ ਲਈ ਤਿਆਰ ਕੀਤਾ ਗਿਆ ਹੈ ਕਿਉਂਕਿ ਮੌਜੂਦਾ ਸਮੇਂ ਵਿਚ ਵੱਡਿਆਂ ਦੀ ਬਜਾਏ ਛੋਟੇ ਯਾਨਾਂ ਦੀ ਮੰਗ ਕਿਤੇ ਜ਼ਿਆਦਾ ਹੈ। ਆਉਂਦੇ ਸਮੇਂ ਵਿਚ ਨਿੱਕੇ ਪੁਲਾੜਯਾਨਾਂ ਦੁਆਰਾ ਸੈਲਾਨੀਆਂ ਨੂੰ ਪੁਲਾੜ ਵਿਚ ਲੈ ਕੇ ਜਾਣ ਦੀਆਂ ਚਰਚਾਵਾਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸਕਾਈਰੂਟ ਏਅਰੋਸਪੇਸ ਪ੍ਰਾਈਵੇਟ ਲਿਮਟਿਡ ਇਕ ਭਾਰਤੀ ਪ੍ਰਾਈਵੇਟ ਪੁਲਾੜਯਾਨ ਸੰਸਥਾ ਹੈ ਜੋ ਪੁਲਾੜ ਵਾਹਨਾਂ ਦਾ ਨਿਰਮਾਣ ਕਰਦੀ ਹੈ ਅਤੇ ਵਪਾਰਕ ਪੁਲਾੜਯਾਨਾਂ ਨੂੰ ਪੁਲਾੜ ਵਿਚ ਭੇਜਣ ਦਾ ਕੰਮ ਵੀ ਕਰਦੀ ਹੈ। ਇਸ ਦਾ ਮੁੱਖ ਦਫ਼ਤਰ ਹੈਦਰਾਬਾਦ, ਤੇਲੰਗਾਨਾ ਵਿਚ ਹੈ? ਇਹ ਕੰਪਨੀ ਇਸਰੋ ਵਿਚ ਕੰਮ ਕਰ ਚੁੱਕੇ ਇੰਜੀਨੀਅਰਾਂ ਅਤੇ ਵਿਗਿਆਨਕਾਂ ਵਲੋਂ ਬਣਾਈ ਗਈ ਹੈ। ਇਸ ਦੇ ਰਾਕੇਟਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਘੱਟ ਸਮੇਂ ਵਿਚ ਤਿਆਰ ਕੀਤੇ ਜਾ ਸਕਦੇ ਹਨ? ਇਸ ਅਦਾਰੇ ਕੋਲ ਪੁਰੀ ਤਰ੍ਹਾਂ ਮੁੜ ਵਰਤਣਯੋਗ ਰਾਕੇਟ ਤਿਆਰ ਕਰਨ ਦੀ ਯੋਜਨਾ ਅਤੇ ਤਕਨੀਕ ਦੋਵੇਂ ਹਨ। ਵਿਕਰਮ-1 ਤੋਂ ਪਹਿਲਾਂ 'ਸਕਾਈਰੂਟ ਏਅਰੋਸਪੇਸ' ਨੇ 18 ਨਵੰਬਰ, 2022 ਨੂੰ ਭਾਰਤ ਦੀ ਧਰਤੀ ਤੋਂ ਪਹਿਲੀ ਵਾਰ, ਵਿਕਰਮ-ਐੱਸ ਨਾਂਅ ਦੇ ਰਾਕੇਟ, ਨੂੰ ਦਾਗਣ ਦਾ ਕੰਮ ਸਫਲਤਾਪੂਰਵਕ ਕੀਤਾ ਸੀ। ਹੁਣ ਤੱਕ ਸਿਰਫ਼ ਇਸਰੋ ਹੀ ਭਾਰਤ ਦੀ ਇਕੋ-ਇਕ ਪੁਲਾੜ ਏਜੰਸੀ ਹੋਇਆ ਕਰਦੀ ਸੀ ਜੋ ਰਾਕੇਟ ਅਤੇ ਉਪਗ੍ਰਹਿ ਬਣਾਉਣ ਅਤੇ ਇਨ੍ਹਾਂ ਨੂੰ ਸਫਲਤਾਪੂਰਵਕ ਲਾਂਚ ਕਰਨ ਦਾ ਕੰਮ ਕਰ ਰਹੀ ਸੀ। ਭਾਰਤ ਵਿਚ ਹੁਣ ਬਹੁਤ ਸਾਰੇ ਪੁਲਾੜ 'ਸਟਾਰਟ-ਅੱਪ' ਖੁੱਲ੍ਹ ਗਏ ਹਨ ਜਿਨ੍ਹਾਂ ਨੇ ਆਪਣੀ ਦੇਸੀ ਤਕਨੀਕ ਦਾ ਵਿਕਾਸ ਕੀਤਾ ਹੈ। ਕੌਮਾਂਤਰੀ ਪੱਧਰ 'ਤੇ ਵੀ ਪੁਲਾੜਯਾਨਾਂ ਨੂੰ ਖ਼ਲਾਅ ਵਿਚ ਭੇਜਣ ਦਾ ਉਦਯੋਗ ਹੁਣ ਬਹੁਤ ਵੱਡਾ ਬਾਜ਼ਾਰ ਬਣ ਚੁੱਕਾ ਹੈ ਤੇ ਅਜਿਹੇ ਵਿਚ ਭਾਰਤ ਵਿਚ ਵੀ ਅਨੇਕਾਂ ਅਜਿਹੇ ਪ੍ਰਾਈਵੇਟ ਅਦਾਰੇ ਸਥਾਪਿਤ ਹੋ ਗਏ ਹਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਆਪਣਾ ਨਾਂਅ ਸਥਾਪਿਤ ਕੀਤਾ ਹੈ।
ਉਕਤ ਕੁਝ ਗੱਲਾਂ ਤੋਂ ਪਤਾ ਲਗਦਾ ਹੈ ਕਿ ਆਉਣ ਵਾਲੇ ਸਮਂੇ ਵਿਚ ਭਾਰਤੀ ਪੁਲਾੜ ਖੋਜ ਖੇਤਰ ਦਾ ਭਵਿੱਖ ਬਹੁਤ ਹੀ ਸ਼ਾਨਦਾਰ ਰਹੇਗਾ ਅਤੇ ਉਦਯੋਗਿਕ ਪੱਖੋਂ ਵੀ ਇਸਦੇ ਵਿਕਸਿਤ ਹੋਣ ਦੀਆਂ ਕਾਫ਼ੀ ਸੰਭਾਵਨਾਵਾਂ ਰਹਿਣਗੀਆਂ।
-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 6284220595
ਵਿਕਰਮ-1 ਦੇ ਲਾਂਚ ਨਾਲ ਭਾਰਤ ਨਿੱਜੀ ਪੁਲਾੜ ਯੁੱਗ 'ਚ ਹੋਇਆ ਦਾਖ਼ਲ
ਅਜੀਤ ਡੈਸਕ
26-07-2026