ਪਦਮ ਭੂਸ਼ਣ ਸਰਦਾਰ ਤਰਲੋਚਨ ਸਿੰਘ ਵਰਤਮਾਨ ਸਮਿਆਂ ਦੀ ਅਜਿਹੀ ਅਦਭੁਤ ਸ਼ਖ਼ਸੀਅਤ ਹੈ, ਜਿਸ ਦੀਆਂ ਰਗਾਂ ਵਿਚ ਵਗਦੀ ਪੰਜਾਬ-ਪ੍ਰਸਤੀ ਦਾ ਵੇਗ ਬੇਜੋੜ ਹੈ। ਪੰਜਾਬ ਦੇ ਇਤਿਹਾਸ ਦੀ ਜੀਵੰਤ-ਕਥਾ ਦਾ ਹਰ ਤੱਥ, ਹਰ ਵੇਰਵਾ ਉਸ ਦੇ ਮੱਥੇ ਦੇ ਮੰਚ ਉੱਤੇ ਹਰ ਦਮ ਤਾਜ਼ਾ ਰਹਿੰਦਾ ਹੈ ਅਤੇ ਉਸ ਦੀ ਹਰ ਵਾਰਤਾ ਵਿਚੋਂ ਸ਼ਬਦ ਸ਼ਬਦ ਝਰਦੇ ਅੰਕੜੇ ਨਵੀਂ ਪੀੜ੍ਹੀ ਵਿਚ ਹੋਰ ਹੋਰ ਜਾਨਣ ਦੀ ਜਗਿਆਸਾ ਜਗਾਉਂਦੇ ਰਹਿੰਦੇ ਹਨ। ਉਸਦੀਆਂ ਲਿਖਤਾਂ ਨੂੰ ਪੜ੍ਹਨਾ ਅਤੇ ਵੱਖ ਵੱਖ ਚੈਨਲਾਂ ਉੱਤੇ ਹੁੰਦੀਆਂ ਉਸਦੀਆਂ ਮੁਲਾਕਾਤਾਂ ਅਤੇ ਵਾਰਤਾਵਾਂ ਨੂੰ ਵੇਖਣਾ -ਸੁਣਨਾ ਇਤਿਹਾਸ ਦੇ ਰੂਬਰੂ ਸਾਖਸ਼ਾਤ ਖੜ੍ਹੇ ਹੋਣ ਵਾਂਗ ਹੁੰਦਾ ਹੈ।
ਅੱਜ ਤੋਂ 93 ਸਾਲ ਪਹਿਲਾਂ 28 ਜੁਲਾਈ 1933 ਨੂੰ ਮਹਾ ਪੰਜਾਬ ਦੇ ਪਿੰਡ ਧੁੰਦਿਆਲ (ਹੁਣ ਪਾਕਿਸਤਾਨ) ਵਿਚ ਸ਼੍ਰੀਮਤੀ ਰਾਮ ਪਿਆਰੀ ਤੇ ਸਰਦਾਰ ਬਲਵੰਤ ਸਿੰਘ ਦੇ ਘਰ ਜਨਮੇ ਤਰਲੋਚਨ ਸਿੰਘ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਹੀ ਖਾਲਸਾ ਸਕੂਲ ਤੋਂ ਹਾਸਿਲ ਕੀਤੀ। ਵੰਡ ਉਪਰੰਤ ਉਨ੍ਹਾਂ ਦਾ ਪਰਿਵਾਰ ਪਟਿਆਲੇ ਆ ਗਿਆ। ਇਹ ਦਿਨ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਮੁਸ਼ਕਿਲ ਭਰੇ ਦਿਨ ਸਨ। ਮਹਿੰਦਰਾ ਕਾਲਜ ਪਟਿਆਲਾ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1955 ਵਿਚ ਅਰਥ ਸ਼ਾਸਤਰ ਵਿਸ਼ੇ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਸਰਦਾਰ ਤਰਲੋਚਨ ਸਿੰਘ ਨੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਮੀਡੀਆ ਸਕੱਤਰ ਤੱਕ ਕਈ ਮਹੱਤਵਪੂਰਨ ਅਹੁਦਿਆਂ ਉੱਤੇ ਸੇਵਾ ਨਿਭਾਈ। ਸਾਲ 2004 ਤੋਂ 2010 ਤੱਕ ਉਹ ਰਾਜ ਸਭਾ ਮੈਂਬਰ ਰਹੇ ਅਤੇ 2003 ਤੋਂ 2006 ਤੱਕ ਉਹ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਰਹੇ। ਜਿਨ੍ਹਾਂ ਹੋਰ ਅਹੁਦਿਆਂ ਉੱਤੇ ਉਨ੍ਹਾਂ ਨੇ ਆਪਣੀਆਂ ਮੁੱਲਵਾਨ ਸੇਵਾਵਾਂ ਨਿਭਾਈਆਂ, ਉਨ੍ਹਾਂ ਵਿਚ ਚੇਅਰਮੈਨ ਦਿੱਲੀ ਟੂਰਿਜ਼ਮ, ਉਪ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ, ਜਾਇੰਟ ਸਕੱਤਰ ਪੰਜਾਬ ਮਾਰਕਫੈਡ, ਜਾਇੰਟ ਡਾਇਰੈਕਟਰ ਲੋਕ ਸੰਪਰਕ, ਐਡੀਸ਼ਨਲ ਡਾਇਰੈਕਟਰ ਸੱਭਿਆਚਾਰਕ ਅਤੇ ਪੁਰਾਤੱਤਵ ਵਿਭਾਗ ਪੰਜਾਬ ਸਰਕਾਰ, ਡਾਇਰੈਕਟਰ ਲੋਕ ਸੰਪਰਕ ਏਸ਼ੀਆਡ ਕਮੇਟੀ ਆਦਿ ਸ਼ਾਮਿਲ ਹਨ। ਨੌਕਰੀਆਂ ਅਤੇ ਅਹੁਦਿਆਂ ਦੇ ਨਾਲ ਨਾਲ ਉਨ੍ਹਾਂ ਦੀ ਸਮਾਜ ਸੇਵੀ ਭਾਵਨਾ ਵੀ ਅਦਭੁਤ ਹੈ। ਰਾਜ ਸਭਾ ਵਿਚ ਪੰਜਾਬ ਦੀ ਬੁਲੰਦ ਆਵਾਜ਼ ਬਣੇ ਰਹਿਣ ਵਾਲੇ ਸਰਦਾਰ ਤਰਲੋਚਨ ਸਿੰਘ ਨੇ ਸਿੱਖ ਸੰਘਰਸ਼ਾਂ ਨੂੰ ਸਹੀ ਦਿਸ਼ਾ ਦੇਣ ਲਈ ਵੀ ਸਮੇਂ ਸਮੇਂ ਬੇਹੱਦ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ। ਘੱਟ ਗਿਣਤੀਆਂ ਦੇ ਹੱਕਾਂ ਦੀ ਰੱਖਿਆ, ਧਾਰਮਿਕ ਸਦਭਾਵਨਾ ਅਤੇ ਸਮਾਜਿਕ ਨਿਆਂ ਲਈ ਉਨ੍ਹਾਂ ਦੀ ਆਵਾਜ਼ ਹਮੇਸ਼ਾ ਬੁਲੰਦ ਰਹੀ ਹੈ। ਸਿੱਖ ਵਿਰਾਸਤ, ਸਿੱਖਿਆ ਅਤੇ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਯੋਗਦਾਨ ਯਾਦਗਾਰੀ ਹੈ। ਸਾਦਗੀ, ਇਮਾਨਦਾਰੀ ਅਤੇ ਲੋਕ ਸੇਵਾ ਨੂੰ ਸਮਰਪਿਤ ਸਰਦਾਰ ਤਰਲੋਚਨ ਸਿੰਘ ਨੂੰ ਦੇਸ਼ ਭਰ ਵਿਚ ਇੱਕ ਸਨਮਾਨਿਤ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ।
ਅਫ਼ਗਾਨਿਸਤਾਨ ਦੀ ਖਾਨਾ-ਜੰਗੀ ਤੋਂ ਬਾਅਦ ਸਿੱਖ ਸਮੁਦਾਇ ਉੱਤੇ ਆਏ ਘੋਰ ਸੰਕਟ ਵੇਲੇ ਵੀ ਸਿੱਖਾਂ ਦੇ ਮੁੜ ਵਸੇਬੇ ਵਿਚ ਨਿਭਾਈ ਗਈ ਉਨ੍ਹਾਂ ਦੀ ਭੂਮਿਕਾ ਉਨ੍ਹਾਂ ਦੀ ਗਿਣਨਯੋਗ ਪ੍ਰਾਪਤੀ ਸੀ। ਹਰ ਤਰ੍ਹਾਂ ਦੇ ਮਾਨਾਂ-ਸਨਮਾਨਾਂ ਤੋਂ ਉੱਪਰ ਉੱਠ ਚੁੱਕੀ ਇਸ ਉੱਚ ਦੁਮਾਲੜੀ ਸ਼ਖਸੀਅਤ ਨੂੰ ਪੰਜਾਬ ਕਲਾ ਪ੍ਰੀਸ਼ਦ ਅਤੇ ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਫਾਊਂਡੇਸ਼ਨ ਵੱਲੋਂ 'ਡਾ.ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ ਕੀਤੇ ਜਾਣ ਦਾ ਫ਼ੈਸਲਾ ਬੇਹੱਦ ਮਾਣਮੱਤਾ ਹੈ। ਡਾ. ਜੱਗੀ ਦੇ ਸਪੁੱਤਰ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਮਲਵਿੰਦਰ ਸਿੰਘ ਜੱਗੀ ਵੱਲੋਂ ਸ਼ੁਰੂ ਕੀਤਾ ਗਿਆ ਇਹ ਪੁਰਸਕਾਰ ਡਾ. ਜੱਗੀ ਦੀ ਅਕਾਦਮਿਕ ਅਤੇ ਸਮਾਜਿਕ ਘਾਲਣਾ ਨੂੰ ਯਾਦ ਕਰਨ ਦਾ ਬਿਹਤਰੀਨ ਤਰੀਕਾ ਹੈ। ਡਾ. ਰਤਨ ਸਿੰਘ ਜੱਗੀ ਦਾ ਨਾਮ ਪੰਜਾਬੀ-ਹਿੰਦੀ ਅਤੇ ਗੁਰਮਤਿ ਤੇ ਭਗਤੀ ਲਹਿਰ ਸਾਹਿਤ ਦੇ ਉੱਘੇ ਵਿਦਵਾਨਾਂ/ਮਾਹਿਰਾਂ ਵਿਚ ਸ਼ਾਮਿਲ ਹੈ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਮੱਧਕਾਲੀਨ ਸਾਹਿਤ ਦਾ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਨ ਅਤੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਅਤੇ ਭਗਤੀ ਲਹਿਰ ਸੰਬੰਧੀ ਵੱਖ ਵੱਖ ਪਹਿਲੂਆਂ ਦੀ ਖੋਜ ਕਰਨ ਲਈ ਸਮਰਪਿਤ ਕਰੀ ਰੱਖਿਆ। ਉਨ੍ਹਾਂ ਦੇ ਪ੍ਰਮੁੱਖ ਕੰਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸ਼ਮ ਗ੍ਰੰਥ ਸਾਹਿਬ ਦਾ ਹਿੰਦੀ ਅਤੇ ਪੰਜਾਬੀ ਵਿਚ ਸੰਪੂਰਨ ਟੀਕਾ, ਗੁਰੂ ਨਾਨਕ ਬਾਣੀ ਦੀ ਵਿਆਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵਕੋਸ਼, ਸਿੱਖ ਪੰਥ ਵਿਸ਼ਵਕੋਸ਼, ਤੁਲਸੀ ਰਮਾਇਣ ਦਾ ਪੰਜਾਬੀ ਵਿਚ ਲਿਪੀਅੰਤਰਨ ਅਤੇ ਅਨੁਵਾਦ, ਪੰਜਾਬੀ ਸਾਹਿਤ ਦੇ ਸਰੋਤ ਮੂਲਕ ਇਤਿਹਾਸ ਸਮੇਤ 150 ਦੇ ਕਰੀਬ ਲਿਖੀਆਂ ਕਿਤਾਬਾਂ ਸ਼ਾਮਲ ਹਨ। ਸਾਲ 2023 ਵਿਚ ਭਾਰਤ ਦੇ ਰਾਸ਼ਟਰਪਤੀ ਵਲੋਂ ਉਨ੍ਹਾਂ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਸੇਵਾਵਾਂ ਬਦਲੇ 'ਪਦਮ ਸ਼੍ਰੀ' ਸਨਮਾਨ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਨੂੰ ਸਾਹਿਤ ਅਕਾਦਮੀ ਦਿੱਲੀ ਦਾ ਰਾਸ਼ਟਰੀ ਪੁਰਸਕਾਰ ਅਤੇ ਪੰਜਾਬ ਸਰਕਾਰ ਦਾ ਸਰਵੋਤਮ ਸਨਮਾਨ 'ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ' ਅਤੇ ਹੋਰ ਵੀ ਕਈ ਉੱਚ ਪੱਧਰੀ ਸਨਮਾਨ/ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਵੀ ਹਾਸਲ ਹੈ। ਇਸ ਪੁਰਸਕਾਰ ਵਿਚ 51000 ਰੁਪਏ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਹੈ।
-20 ਪ੍ਰੋਫ਼ੈਸਰ ਕਲੋਨੀ ਨੇੜੇ ਵਡਾਲਾ ਚੌਕ, ਜਲੰਧਰ-144001
ਮੋਬਾਈਲ : 94171-94812