01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮਨ, ਧਿਆਨ ਤੇ ਨੀਂਦ

ਮਨ, ਧਿਆਨ ਤੇ ਨੀਂਦ

Ad Position 21
No active advertisement
ਅਜੀਤ ਡੈਸਕ 01-08-2026

ਮਨ ਦੀਆਂ ਪਰਤਾਂ ਹਨ ਜਾਗ੍ਰਿਤ ਅਵਸਥਾ, ਸੁਪਨਮਈ ਅਵਸਥਾ ਅਤੇ ਗਹਿਰੀ ਨੀਂਦ ਵਾਲੀ ਅਵਸਥਾ।
ਨੀਂਦ ਇਕ ਬੇਹੱਦ ਰਹੱਸਮਈ ਅਵਸਥਾ ਹੈ, ਜਿਸ ਸੰਬੰਧੀ ਮਨੋਵਿਗਿਆਨ ਵਿਚ ਬਹੁਤ ਕੁਝ ਲਿਖਿਆ ਸਮਝਿਆ ਗਿਆ ਹੈ, ਪਰ ਇਹ ਅਜੇ ਵੀ ਸੰਪੂਰਨ ਨਹੀਂ। ਗਹਿਰੀ ਨੀਂਦ ਤੋਂ ਬਾਅਦ ਅਨੰਦ ਕਿਉਂ ਮਹਿਸੂਸ ਹੁੰਦਾ ਹੈ? ਕਿਉਂ ਮਨ ਹਲਕਾ ਹੋ ਜਾਂਦਾ ਹੈ? ਇਹ ਅਜੇ ਵੀ ਬਹੁਤ ਵੱਡਾ ਰਹੱਸ ਹੈ।

ਧਿਆਨ ਵੀ ਅਜਿਹੀ ਹੀ ਅਵਸਥਾ ਹੈ, ਜਿੱਥੇ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ ਹੈ ਅਤੇ ਮਨ ਦਾ ਭਾਵ ਬਦਲਣ ਲਗਦਾ ਹੈ।
ਗਹਿਰੀ ਨੀਂਦ ਤੋਂ ਬਾਅਦ ਅਸੀਂ ਅਕਸਰ ਸੋਚਦੇ ਹਾਂ ਕਿ ਨੀਂਦ ਵਿਚ ਸਾਨੂੰ ਕੁਝ ਪਤਾ ਨਹੀਂ ਲੱਗਾ, ਨੀਂਦ ਬੜੀ ਗਹਿਰੀ ਸੀ ਤੇ ਮਨ ਹਲਕਾ ਹੋ ਗਿਆ, ਸਰੀਰ ਇਕਦਮ ਤਾਜ਼ਾ ਹੋ ਗਿਆ, ਮਨ ਦੇ ਕਸ਼ਟ-ਦੁੱਖ ਦੂਰ ਹੋ ਗਏ। ਇਸ ਦਾ ਭਾਵ ਇਹ ਹੈ ਕਿ ਪਿਛਲੇ ਕੁਝ ਅਰਸੇ ਤੋਂ ਜਿਨ੍ਹਾਂ ਵਰਤਾਰਿਆਂ-ਘਟਨਾਵਾਂ ਦੀਆਂ ਔਕੜਾਂ, ਮੁਸ਼ਕਿਲਾਂ, ਪ੍ਰੇਸ਼ਾਨੀਆਂ ਜਾਂ ਕਿਸੇ ਦੁਖਦ ਘਟਨਾ ਨਾਲ ਸਾਡੀ ਕਸ਼ਮਕਸ਼ ਚੱਲ ਰਹੀ ਸੀ, ਅਸੀਂ ਧਿਆਨ ਦੀ ਅਵਸਥਾ ਵਿਚ ਉੱਤਰ ਕੇ ਉਸ ਤੋਂ ਫਾਸਲੇ 'ਤੇ ਚਲੇ ਗਏ ਤੇ ਸਾਡੇ ਮਨ ਦਾ ਭਾਵ ਬਦਲ ਗਿਆ। ਇਸ ਨਾਲ ਸਾਨੂੰ ਸ਼ਾਂਤੀ ਤੇ ਖੁਸ਼ੀ ਦਾ ਅਹਿਸਾਸ ਹੋਇਆ।
ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਗਹਿਰੀ ਨੀਂਦ ਤੋਂ ਮਗਰੋਂ ਜਦੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਮਨ ਬੜਾ ਸ਼ਾਂਤ ਹੈ, ਬੜਾ ਤਰੋਤਾਜ਼ਾ ਹੈ ਤਾਂ ਇਸ ਦੀ ਖ਼ਬਰ ਸਾਨੂੰ ਕੌਣ ਦੇ ਰਿਹਾ ਹੈ। ਗਹਿਰੀ ਨੀਂਦ ਵਿਚ ਨਾ ਮਨ ਸੀ, ਨਾ ਅਸੀਂ ਸੀ, ਨਾ ਇਹ ਪਤਾ ਸੀ ਕਿ ਸਾਡਾ ਕੀ ਨਾਂਅ ਹੈ? ਅਸੀਂ ਕੌਣ ਹਾਂ? ਕਿਹੜਾ ਸਾਡਾ ਸ਼ਹਿਰ ਪਿੰਡ ਹੈ, ਦੇਸ਼ ਹੈ, ਕੁਝ ਵੀ ਸਾਨੂੰ ਇਸ ਬਾਰੇ ਪਤਾ ਨਹੀਂ ਸੀ, ਤਾਂ ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਦੋਂ ਗਹਿਰੀ ਨੀਂਦ ਵਿਚ ਅਸੀਂ ਅਤੇ ਸਾਡਾ ਮਨ ਬਿਲਕੁਲ ਸਿਫਰ ਹੋ ਜਾਂਦੇ ਹਨ, ਅਸੀਂ ਬੜੇ ਅਨੰਦ ਵਿਚੋਂ ਗੁਜ਼ਰੇ ਹਾਂ, ਇਸ ਸਭ ਕੁਝ ਦਾ ਅਹਿਸਾਸ ਸਾਨੂੰ ਕੌਣ ਕਰਵਾ ਰਿਹਾ ਹੈ? ਮਨੋਵਿਗਿਆਨ ਦੀ ਸਮਝ ਰੱਖਣ ਵਾਲੇ ਦਾਨਿਸ਼ਵਰ ਸਾਨੂੰ ਦੱਸਦੇ ਹਨ ਕਿ ਇਹੋ ਹੀ ਸਾਡਾ ਆਪਣਾ-ਆਪ ਹੁੰਦਾ ਹੈ ਜੋ ਸਾਨੂੰ ਇਸ ਦੀ ਖ਼ਬਰ ਦੇ ਰਿਹਾ ਹੈ। ਇਹੋ ਹੀ ਅਸਲ ਵਿਚ ਬੰਦੇ ਦਾ 'ਮੈਂ' ਹੈ। ਬੰਦੇ ਦੀ ਚੇਤਨਾ ਹੀ ਅਸਲ ਵਿਚ ਉਸ ਦਾ ਆਪਣੀ ਅਸਲ ਹੋਂਦ ਹੁੰਦੀ ਹੈ। ਆਮ ਜੀਵਨ ਵਿਚ ਜਿਸ ਨੂੰ ਅਸੀਂ ਆਪਣਾ-ਆਪ ਸਮਝਦੇ ਹਾਂ ਹਕੀਕਤ ਵਿਚ ਇਹ ਅਸੀਂ ਨਹੀਂ ਹਾਂ। ਮਨੁੱਖੀ ਮਨ ਦਿਨ ਭਰ ਸੋਚਦਾ ਹੈ, ਕਹਾਣੀਆਂ ਘੜਦਾ ਹੈ, ਸੁਪਨਿਆਂ ਵਿਚ ਵਿਚਰਦਾ ਹੈ, ਭਾਵਨਾਤਮਿਕ ਤੌਰ 'ਤੇ ਕਦੇ ਖੁਸ਼ੀ, ਕਦੇ ਗ਼ਮੀ ਦਾ ਅਹਿਸਾਸ ਕਰਦਾ ਹੈ, ਪਰ ਗਹਿਰੀ ਨੀਂਦ ਵਿਚ ਜਾ ਕੇ ਬੰਦਾ ਜੋ ਕੁਝ ਹੁੰਦਾ ਹੈ, ਉਹ ਉਸ ਦਾ ਅਸਲ 'ਆਪ' ਹੈ। ਇਸ ਅਵਸਥਾ ਨੂੰ ਉਪਨਿਸ਼ਦਾਂ ਵਿਚ 'ਤੁਰੀਆ' ਅਵਸਥਾ ਕਿਹਾ ਗਿਆ ਹੈ। ਇਹ ਇਕ ਫਿਲਮ ਦੇ ਪਰਦੇ ਵਾਂਗ ਹੈ ਜਿਵੇਂ ਕਿਸੇ ਪਰਦੇ 'ਤੇ ਕਹਾਣੀਆਂ ਦੇ ਦ੍ਰਿਸ਼ ਚਲਦੇ ਹਨ, ਸੁਪਨਿਆਂ ਦੇ ਸੰਸਾਰ ਦੀ ਸਿਰਜਣਾ ਚੱਲ ਰਹੀ ਹੈ, ਪਰ ਪਰਦਾ ਉਹੀ ਰਹਿੰਦਾ ਹੈ ਅਸੀਂ ਉਸ ਪਰਦੇ ਵਾਂਗ ਹਾਂ।
ਧਿਆਨ ਕਰਨ ਨਾਲ ਸਾਨੂੰ ਫਾਲਤੂ ਵਿਕਾਰਾਂ ਤੋਂ ਨਿਜਾਤ ਮਿਲਦੀ ਹੈ। ਅਸੀਂ ਆਪਣੇ-ਆਪ ਨਾਲ ਜੁੜਦੇ ਹਾਂ। ਧਿਆਨ ਕਰਨ ਨਾਲ ਸਾਡੇ ਅੰਦਰ ਧੀਰਜ ਅਤੇ ਸਬਰ ਸਹਿਜ ਉਤਰਦੇ ਹਨ। ਜਿਵੇਂ-ਜਿਵੇਂ ਮਨੁੱਖ ਧਿਆਨ ਕਰਨ ਲੱਗਦਾ ਹੈ ਅਤੇ ਧਿਆਨ ਵਿਚ ਗਹਿਰਾ ਉਤਰਦਾ ਹੈ ਤਾਂ ਉਸ ਦੇ ਵਿਚਾਰਾਂ ਦਾ ਪ੍ਰਵਾਹ ਮੌਨ ਹੋਣ ਲੱਗਦਾ ਹੈ। ਮਨੁੱਖ ਆਪਣੇ-ਆਪ ਦੇ ਕਰੀਬ ਹੋਣ ਲੱਗਦਾ ਹੈ। ਆਪਣੇ-ਆਪ ਦੇ ਕਰੀਬ ਹੋ ਜਾਣਾ ਹੀ ਪੁਰਸ਼ ਦੇ ਮਹਾਂਪੁਰਸ਼ ਹੋ ਜਾਣ ਦਾ ਰਾਹ ਹੈ। ਦੁਨੀਆ ਭਰ ਵਿਚ ਹਰ ਤਰ੍ਹਾਂ ਦੀ ਲੁੱਟ ਮਾਰ, ਕਤਲੋਗਾਰਤ, ਬੰਬ-ਬਰੂਦ ਤੇ ਮਿਜ਼ਾਇਲਾਂ ਦਾ ਬਿਰਤਾਂਤ ਉਹ ਮੁੱਠੀ ਭਰ ਲੋਕ ਸਿਰਜਦੇ ਹਨ, ਜੋ ਆਪਣੇ ਆਪ ਤੋਂ ਕੋਹਾਂ ਦੂਰ ਨਿਕਲ ਗਏ ਹੁੰਦੇ ਹਨ। ਹਰ ਤਰ੍ਹਾਂ ਦੀ ਰਿਸ਼ਵਤਖੋਰੀ, ਧੋਖੇ ਫਰੇਬ, ਭ੍ਰਿਸ਼ਟਾਚਾਰ ਬੰਦਾ ਉਦੋਂ ਕਰਨ ਲੱਗਦਾ ਹੈ ਜਦੋਂ ਉਹ ਆਪਣੇ-ਆਪ ਨਾਲੋਂ ਟੁੱਟ ਜਾਂਦਾ ਹੈ। ਆਪਣੇ-ਆਪ ਤੋਂ ਟੁੱਟ ਜਾਣ ਦਾ ਭਾਵ ਹੈ ਵਿਕਾਰਾਂ ਦਾ ਸ਼ਿਕਾਰ ਹੋ ਜਾਣਾ। ਦੁਨੀਆ ਵਿਚ ਕੋਈ 300 ਤੋਂ ਉਪਰ ਧਰਮ ਹਨ, ਅਨੇਕਾਂ ਸੰਪਰਦਾਵਾਂ ਹਨ, ਸਕੂਲ ਕਾਲਜ ਅਤੇ ਯੁਨੀਵਰਸਿਟੀਆਂ ਦੀ ਭਰਮਾਰ ਹੈ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਦੁਨੀਆ ਦੇ ਹਾਲਾਤ ਕੀ ਹਨ? ਮਨੁੱਖ ਆਪਣੀ ਧਰਤੀ, ਜਿਸ ਨੂੰ ਉਹ ਮਾਂ ਆਖਦਾ ਹੈ, ਉਸ ਨਾਲ ਇਸ ਦਾ ਵਿਹਾਰ ਕੀ ਹੈ? ਜਿਵੇਂ ਜਿਵੇਂ ਸਾਡੀਆਂ ਸਮਝਾਂ ਵਧ ਰਹੀਆਂ ਹਨ, ਜਿਵੇਂ ਜਿਵੇਂ ਤਕਨੀਕ ਵਿਕਸਤ ਹੋ ਰਹੀ ਹੈ, ਅਸੀਂ ਜੀਵਨ ਲਈ ਉਸੇ ਅਨੁਪਾਤ ਵਿਚ ਤਬਾਹੀ ਦਾ ਮੰਜ਼ਰ ਸਿਰਜ ਰਹੇ ਹਾਂ। ਮਨੁੱਖ ਦਾ ਧਰਤੀ ਅਤੇ ਕੁਦਰਤ ਨਾਲ ਖੋਹਾ-ਖੋਹੀ ਵਾਲਾ ਵਿਹਾਰ ਹੈ। ਜੀਵਨ ਨਾਲ ਜੁੜੇ ਮਸਲਿਆਂ ਪ੍ਰਤੀ ਸਾਡੀ ਪਹੁੰਚ ਹਰ ਦਿਨ ਗ਼ੈਰਮਾਨਵੀ ਹੋ ਰਹੀ ਹੈ। ਇਸ ਸਭ ਕੁਝ ਦਾ ਕਾਰਨ ਇਹੋ ਹੀ ਹੈ ਕਿ ਮਨੁੱਖ ਆਪਣੇ-ਆਪ ਤੋਂ ਹਰ ਦਿਨ ਦੂਰ ਹੋ ਰਿਹਾ ਹੈ। ਜਿੰਨਾ ਮਨੁੱਖ ਆਪਣੇ-ਆਪ ਤੋਂ ਦੂਰ ਹੋਵੇਗਾ ਓਨਾ ਹੀ ਉਹ ਅਸੱਭਿਅਕ ਹੁੰਦਾ ਜਾਵੇਗਾ। ਜਿੰਨਾ ਮਨੁੱਖ ਆਪਣੇ ਆਪ ਨਾਲੋਂ ਤੋੜ ਵਿਛੋੜਾ ਕਰੇਗਾ ਓਨਾ ਹੀ ਪਾਗਲਪਣ ਦਾ ਸ਼ਿਕਾਰ ਹੁੰਦਾ ਜਾਵੇਗਾ। ਅਸੀਂ ਉਸ ਦੌਰ ਵਿਚੋਂ ਗੁਜ਼ਰ ਰਹੇ ਹਾਂ ਜਿੱਥੇ ਸਿਰ-ਫਿਰੇ ਲੋਕਾਂ ਦਾ ਸਤਿਕਾਰ ਹੈ। ਜਿੱਥੇ ਬੌਣੀ ਮਾਨਸਿਕਤਾ ਵਾਲੇ ਲੋਕ ਅਕਸਰ ਵੱਡੀਆਂ ਕੁਰਸੀਆਂ 'ਤੇ ਬਿਠਾ ਦਿੱਤੇ ਜਾਂਦੇ ਹਨ। ਸੱਤਰ ਅੱਸੀ ਸਾਲ ਦੇ ਬੁੱਢੇ ਸ਼ਾਸਕ ਦੂਜੇ ਦੇਸ਼ ਨੂੰ ਧਮਕੀਆ ਦਿੰਦੇ ਹਨ ਕਿ ਤੁਹਾਡਾ ਸਭ ਦਾ ਇਸ ਧਰਤੀ ਤੋਂ ਖੁਰਾ ਖੋਜ ਮਿਟਾ ਦਿੱਤਾ ਜਾਵੇਗਾ। ਇਹ ਪਾਗਲਪਣ ਨਹੀਂ ਤਾਂ ਹੋਰ ਕੀ ਹੈ? ਆਖਰ ਇਹ ਸਭ ਕੁਝ ਕਿਸ ਲਈ ਕੀਤਾ ਜਾ ਰਿਹਾ ਹੈ?
ਦੁਨੀਆ ਵਿਚ ਉਹ ਲੋਕ ਜੋ ਇਸ ਧਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਲੋਕ ਸਨ ਅਤੇ ਜਿਨ੍ਹਾਂ ਬਾਰੇ ਸੋਚਿਆ ਜਾਂਦਾ ਸੀ ਕਿ ਇਨ੍ਹਾਂ ਬਗ਼ੈਰ ਇਹ ਦੁਨੀਆ ਕਿਵੇਂ ਚੱਲੇਗੀ? ਉਨ੍ਹਾਂ ਸ਼ਾਸਕਾਂ ਦੀਆਂ ਵੀ ਇੱਥੇ ਇਸੇ ਜ਼ਮੀਨ ਵਿਚ ਅਨੇਕਾਂ ਕਬਰਾਂ ਹਨ।
ਇਹ ਦੁਨੀਆਂ ਚੰਗੀ ਹੋ ਸਕਦੀ ਹੈ ਜੇਕਰ ਮਨੁੱਖ ਦੀ ਨੀਂਦ, ਧਿਆਨ ਅਤੇ ਮਨ 'ਤੇ ਕੁਝ ਗਹਿਰ ਗੰਭੀਰ ਵਿਚਾਰ ਕੀਤਾ ਜਾਵੇ। ਪਰ ਇੱਥੇ ਸੁਚੇਤ ਕਰਨ ਵਾਲੀ ਗੱਲ ਇਹ ਹੈ ਕਿ ਇਹ ਸਭ ਕੁਝ ਮਨੋਵਿਗਿਆਨਕ ਹੋਵੇ। ਇਸ ਵਿਚ ਅੰਧਵਿਸ਼ਵਾਸ਼ ਲਈ ਕੋਈ ਥਾਂ ਨਾ ਹੋਵੇ। ਅੰਧਵਿਸ਼ਵਾਸ਼ ਮਨੁੱਖ ਦੀ ਸੋਚ ਨੂੰ ਜੜ੍ਹ ਕਰ ਦਿੰਦਾ ਹੈ।
ਮਨੁੱਖ ਦੀ ਨੀਂਦ ਸਬੰਧੀ ਹੋਈਆਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਮਨੁੱਖੀ ਸੱਭਿਅਤਾ ਜਿਵੇਂ ਜਿਵੇਂ ਵਿਕਸਤ ਹੋ ਰਹੀ ਹੈ, ਮਨੁੱਖ ਦੀ ਨੀਂਦ ਉਵੇਂ ਉਵੇਂ ਘੱਟ ਹੋ ਰਹੀ ਹੈ। ਅਸੀਂ ਸਮਝਦੇ ਹਾਂ ਕਿ ਪਿੰਡਾਂ ਵਿਚ ਸੌਣ ਦਾ ਸਮਾਂ ਤੇ ਸ਼ਹਿਰਾਂ ਵਿਚ ਸੌਣ ਦਾ ਸਮਾਂ ਵੱਖਰਾ-ਵੱਖਰਾ ਹੈ। ਇਸ ਤੋਂ ਅਗਾਂਹ ਅਸੀਂ ਜੇਕਰ ਮਹਾਂਨਗਰਾਂ ਵਿਚ ਜਾਈਏ ਤਾਂ ਇਹ ਫਰਕ ਹੋਰ ਵੱਡਾ ਹੋ ਜਾਂਦਾ ਹੈ। ਇਸ ਉਦਾਹਰਨ ਤੋਂ ਅਸੀਂ ਸਮਝ ਸਕਦੇ ਹਾਂ ਕਿ ਜਿਵੇਂ-ਜਿਵੇਂ ਮਨੁੱਖ ਤਰੱਕੀ ਤੇ ਵਿਕਾਸ ਕਰਦਾ ਜਾ ਰਿਹਾ ਹੈ, ਉਸ ਦੇ ਸੌਣ ਦਾ ਸਮਾਂ ਅਸਤ-ਵਿਅਸਤ ਹੋ ਰਿਹਾ ਹੈ ਅਤੇ ਨੀਂਦ ਦਾ ਸਮਾਂ ਵੀ ਘਟ ਰਿਹਾ ਹੈ। ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿਚ ਨੀਂਦ ਦੀ ਸਮੱਸਿਆ ਹਰ ਦਿਨ ਭਿਆਨਕ ਰੂਪ ਅਖਤਿਆਰ ਕਰ ਰਹੀ ਹੈ। ਇੱਥੋ ਦੇ ਲੋਕ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਟ੍ਰੈਕੋਲਾਈਜ਼ਰ ਲੈ ਕੇ ਸੌਂਦੇ ਹਨ। ਕੁਦਰਤੀ ਨੀਂਦ ਲਗਭਗ ਖ਼ਤਮ ਹੋ ਗਈ ਹੈ। ਸਾਡੇ ਸੌਣ ਦਾ ਉਹ ਸਹੀ ਸਮਾਂ ਹੁੰਦਾ ਹੈ ਜਦੋਂ ਹਨੇਰਾ ਉਤਰਦਿਆਂ ਹੀ ਕੁਦਰਤ ਰੁੱਖਾਂ ਬੂਟਿਆਂ ਪੌਦਿਆਂ ਨੂੰ ਵਿਸ਼ਰਾਮ ਵਿਚ ਲੈ ਜਾਂਦੀ ਹੈ।
ਮਨੁੱਖੀ ਜੀਵਨ ਦੀ ਸਭ ਤੋਂ ਡੂੰਘੀ ਅਤੇ ਰਹੱਸਮਈ ਯਾਤਰਾ ਮਨ, ਧਿਆਨ ਅਤੇ ਨੀਂਦ ਨਾਲ ਜੁੜੀ ਹੋਈ ਹੈ। ਮਨ ਉਹ ਦਰਿਆ ਹੈ ਜੋ ਹਰ ਪਲ ਵਹਿੰਦਾ ਰਹਿੰਦਾ ਹੈ। ਧਿਆਨ ਉਹ ਸ਼ਾਂਤ ਝੀਲ ਹੈ ਜਿੱਥੇ ਇਹ ਦਰਿਆ ਕੁਝ ਸਮੇਂ ਲਈ ਠਹਿਰ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਮੌਨ ਵਿਚ ਲਹਿ ਜਾਂਦਾ ਹੈ। ਨੀਂਦ ਉਹ ਅਨੰਦਮਈ ਅਵਸਥਾ ਹੈ ਜਿੱਥੇ ਮਨ ਤੇ ਸਰੀਰ ਦੀ ਥਕਾਵਟ ਲਹਿ ਜਾਂਦੀ ਹੈ ਅਤੇ ਅਸੀਂ ਮੁੜ ਨਵੀਂ ਸਵੇਰ ਲਈ ਨਵੇਂ ਨਰੋਏ ਹੋ ਜਾਂਦੇ ਹਾਂ। ਮਾਨਵ ਜੀਵਨ ਦੀਆਂ ਇਹ ਤਿੰਨੇ ਅਵਸਥਾਵਾਂ ਇਕ ਦੂਜੇ ਨਾਲ ਇੰਝ ਜੁੜੀਆਂ ਹੋਈਆਂ ਹਨ ਜਿਵੇਂ ਸਾਹ, ਜੀਵਨ ਅਤੇ ਸਮਾਂ।  ਬੇਸ਼ੱਕ ਮਨ ਨੂੰ ਸਮਝਣਾ ਔਖਾ ਕਾਰਜ ਹੈ, ਵਿਗਿਆਨ ਅਤੇ ਮਨੋਵਿਗਿਆਨ ਦੇ ਖੇਤਰ ਵਿਚ ਵੀ ਇਹ ਸਮਝਿਆ ਜਾਂਦਾ ਹੈ ਕਿ ਮਨ ਨੂੰ ਪੂਰੀ ਤਰ੍ਹਾਂ ਜਾਣਨਾ ਅਜੇ ਬਾਕੀ ਹੈ। ਪਰ ਮਨ ਸੰਬੰਧੀ ਹੁਣ ਤੱਕ ਜੋ ਮਨੋਵਿਗਿਆਨਕ ਤੱਥ ਖੋਜੇ ਗਏ ਹਨ, ਉਨ੍ਹਾਂ ਅਨੁਸਾਰ ਇਕ ਗੱਲ ਬੜੀ ਉਘੜਵੀਂ ਹੈ ਕਿ ਮਨ ਹਮੇਸ਼ਾ ਭੂਤਕਾਲ ਜਾਂ ਭਵਿੱਖ ਦੀਆਂ ਯੋਜਨਾਵਾਂ ਚਿੰਤਾਵਾਂ ਵਿਚ ਡੁੱਬਿਆ ਰਹਿੰਦਾ ਹੈ। ਇਹ ਹਮੇਸ਼ਾ ਕੁਝ ਨਾ ਕੁਝ ਦੀ ਤਲਾਸ਼ ਵਿਚ ਰਹਿੰਦਾ ਹੈ। ਜਿਸ ਚੀਜ਼ ਦੀ ਤਲਾਸ਼ ਕਰ ਲੈਂਦਾ ਹੈ ਉਸ ਨੂੰ ਛੱਡ ਕੇ ਕਿਸੇ ਹੋਰ ਮਰਹਲੇ ਲਈ ਇਸ ਦੀ ਭਟਕਣਾ ਸ਼ੁਰੂ ਹੋ ਜਾਂਦੀ ਹੈ। ਪ੍ਰਸਿੱਧੀ, ਪੈਸਾ, ਰੁਤਬਾ, ਪਿਆਰ, ਖੁਸ਼ੀ, ਸ਼ਾਂਤੀ ਅਤੇ ਮਾਣ-ਸਨਮਾਨ ਹਾਸਿਲ ਕਰਨ ਲਈ ਮਨ ਦੀ ਭਟਕਣਾ ਅਜਿਹਾ ਰੂਪ ਅਖਤਿਆਰ ਕਰ ਲੈਂਦੀ ਹੈ ਕਿ ਇਸ ਕੋਲ ਜੋ ਸ਼ਾਂਤ ਪਲ ਹੁੰਦੇ ਹਨ, ਮਨੁੱਖ ਇਨ੍ਹਾਂ ਨੂੰ ਅੰਜਾਈਂ ਗਵਾਉਣਾ ਸ਼ੁਰੂ ਕਰ ਦਿੰਦਾ ਹੈ। ਧਿਆਨ ਮਨੁੱਖ ਨੂੰ ਆਪਣੇ-ਆਪ ਨਾਲ ਮਿਲਾਉਣ ਦਾ ਇਕ ਸਾਧਨ ਹੈ। ਧਿਆਨ ਸਿਰਫ ਅੱਖਾਂ ਬੰਦ ਕਰਕੇ ਬੈਠ ਜਾਣਾ ਹੀ ਨਹੀਂ ਹੁੰਦਾ ਸਗੋਂ ਉਨ੍ਹਾਂ ਸ਼ਾਂਤ ਪਲਾਂ ਵਿਚ ਉੱਤਰ ਕੇ ਆਪਣੇ ਆਪ ਨੂੰ ਮਿਲਣ ਦਾ ਅਵਸਰ ਹੁੰਦਾ ਹੈ। ਅਸੀਂ ਉਮਰ ਭਰ ਬਾਹਰਲੇ ਸ਼ੋਰ ਵਿਚ ਗਵਾਚੇ ਰਹਿੰਦੇ ਹਾਂ। ਲੋਕਾਂ ਦੀਆ ਗੱਲਾਂ, ਪ੍ਰਤੀਕਰਮ, ਦੁਨੀਆਂ ਦੀ ਨੱਠ-ਭੱਜ, ਇਛਾਵਾਂ ਤੇ ਲਾਲਸਾਵਾਂ ਦੀ ਦੌੜ, ਜੀਵਨ ਦੀ ਵਿਅਰਥਤਾ, ਬੇਵਜ੍ਹਾ ਦੇ ਗੁੱਸੇ-ਗਿਲੇ, ਲੜਾਈਆਂ ਝਗੜੇ ਇਸ ਸਬ ਕੁਝ ਤੋਂ ਉੱਪਰ ਉੱਠ ਜਾਣ ਦਾ ਨਾਂਅ ਹੀ ਧਿਆਨ ਹੈ। ਮਨੁੱਖ ਦਾ ਮਨ ਇਕ 'ਨਾ ਲਾਦੂ ਕੱਢੇ' ਹੋਏ ਅੱਥਰੇ ਘੋੜੇ ਵਾਂਗ ਹੈ। ਜੇਕਰ ਇਸ ਨੂੰ ਬਿਨਾਂ ਨਿਯੰਤਰਣ ਦੇ ਛੱਡ ਦਿੱਤਾ ਜਾਵੇ ਤਾਂ ਇਹ ਮਨੁੱਖ ਲਈ ਵਾਧੂ ਦੀਆਂ ਚਿੰਤਾਵਾਂ, ਡਰ ਅਤੇ ਦੁੱਖ ਪੈਦਾ ਕਰਨ ਦਾ ਜ਼ਰੀਆ ਬਣਦਾ ਹੈ। ਪਰ ਧਿਆਨ ਇਕ ਤਰ੍ਹਾਂ ਨਾਲ ਇਸ ਅੱਥਰੇ ਘੋੜੇ ਨੂੰ ਕਾਬੂ ਵਿਚ ਰੱਖਣ ਅਤੇ ਸਹੀ ਦਿਸ਼ਾ ਵੱਲ ਲੈ ਜਾਣ ਵਾਲੀ ਲਗਾਮ ਹੈ।
ਅੱਜ ਦਾ ਮਨੁੱਖ ਵਸਤਾਂ ਦੀ ਹੋੜ ਦੇ ਜੰਗਲ ਵਿਚ ਭਟਕ ਰਿਹਾ ਹੈ, ਟੀ. ਵੀ. ਅਤੇ ਮੋਬਾਈਲ ਦੀਆਂ ਸਕਰੀਨਾਂ ਨੇ ਉਸ ਦੀ ਇਸ ਭਟਕਣਾ ਨੂੰ ਹੋਰ ਕਈ ਗੁਣਾਂ ਵਧਾ ਦਿੱਤਾ ਹੈ। ਜ਼ਮਾਨੇ ਭਰ ਦੀਆਂ ਜਾਣਕਾਰੀਆਂ ਉਸ ਦੀ ਸ਼ਾਂਤੀ ਲਈ ਸਰਾਪ ਬਣ ਰਹੀਆਂ ਹਨ। ਬੇਅੰਤ ਸੋਚਾਂ ਅਤੇ ਭਵਿੱਖ ਦੀਆਂ ਚਿੰਤਾਵਾਂ ਮਨ ਨੂੰ ਸਦਾ ਜਾਗਦਾ ਰੱਖਣ ਲਈ ਨਿਰੰਤਰ ਯਤਨਸ਼ੀਲ ਹਨ। ਆਧੂਨਿਕ ਮਨੁੱਖ ਕੋਲ ਬੇਸ਼ੱਕ ਸਹੂਲਤਾਂ ਦੀ ਬਹੁਤਾਦ ਹੋ ਗਈ ਹੈ ਪਰ ਉਸ ਦੀ ਸ਼ਾਂਤੀ ਅਤੇ ਕੁਦਰਤ ਨਾਲ ਇਕਮਿਕਤਾ ਵਾਲੇ ਪਲ ਉਸ ਕੋਲੋਂ ਖੁੱਸ ਗਏ ਹਨ। ਉਹ ਪਲ, ਜਿਨ੍ਹਾਂ ਵਿਚ ਖੁਸ਼ੀ ਸੀ, ਸਹਿਜ ਸੀ, ਸਬਰ ਸੀ, ਮਨ ਦੀ ਸ਼ਾਂਤੀ ਸੀ ਅਤੇ ਗੂੜ੍ਹੀ ਨੀਂਦ ਸੀ। ਅੱਜ ਦੇ ਮਨੁੱਖ ਦਾ ਸਹਿਜ, ਸਬਰ ਗਵਾਚ ਰਿਹਾ ਹੈ ਅਤੇ ਮਨ ਦੀ ਭਟਕਣਾ ਵਧ ਰਹੀ ਹੈ। ਮਨੁੱਖੀ ਸੱਭਿਅਤਾ ਦੇ ਇਸ ਮੁਕਾਮ 'ਤੇ ਸਾਨੂੰ ਕੁਝ ਸਮਾਂ ਰੁਕ ਕੇ ਆਪਣੇ ਆਪ ਅਤੇ ਕੁਦਰਤ ਨਾਲ ਆਪਣਾ ਸਦੀਵੀ ਰਿਸ਼ਤਾ ਮੁੜ ਬਹਾਲ ਕਰਨ ਦੀ ਲੋੜ ਹੈ।
-ਜ਼ੀਰਾ। ਮੋਬਾਈਲ : 98550-51099

Ad Position 22
No active advertisement
ਪਿਛਲੀ ਖ਼ਬਰ ਆਪਣੀ ਸ਼ਕਤੀ ਨੂੰ ਪਹਿਚਾਣ ਲੈਣਾ ਤੇ ਫਿਰ ਉਸ ਦਾ ਸਹੀ ਉਪਯੋਗ ਕਰਨਾ ਹੀ ਸਫ਼ਲਤਾ ਦੀ ਕੁੰਜੀ ਹੈ। -ਸੁਲੇਮਾਨ ਅਗਲੀ ਖ਼ਬਰ ਕੁੱਲੂ ’ਚ ਕਾਰ ’ਤੇ ਪੱਥਰ ਡਿੱਗਣ ਨਾਲ ਡਾਕਟਰ ਅਤੇ ਉਸ ਦੀ ਪਤਨੀ ਦੀ ਮੌਤ-ਬੇਟੀ ਗੰਭੀਰ
Ad Position 24
No active advertisement