ਮੈਨੂੰ ਨਹੀਂ ਦਿਸਿਆ ਕਿ ਪੰਜਾਬ ਵਿਚ ਬਾਕੀ ਸੂਬਿਆਂ ਨਾਲੋਂ ਕੋਈ ਵਿੱਲਖਣ ਤਰੱਕੀ ਹੋਈ ਹੈ। ਹੋਰ ਤਾਂ ਹੋਰ ਜੰਗਲੀ ਜਾਨਵਰਾਂ, ਪੰਛੀਆਂ, ਦਰਿਆਵਾਂ ਤੇ ਹੋਰ ਕੁਦਰਤੀ ਪਾਣੀ ਦੇ ਸੋਮਿਆਂ, ਜੰਗਲਾਂ ਦਰੱਖਤਾਂ ਤੇ ਹੋਰ ਹਰ ਸ਼ੈਅ ਜੋ ਕਾਦਰ ਨੇ ਧਰਤੀ ਦੀ ਖ਼ੂਬਸੂਰਤੀ ਵਧਾਉਣ ਵਾਸਤੇ ਬਣਾਈ ਹੈ ਤੇ ਧਰਤੀ 'ਤੇ ਭੇਜੀ ਹੈ ਉਸ ਬਾਰੇ ਵੀ ਅਸੀਂ ਅੱਜ ਦੇ ਪੰਜਾਬੀ ਇੰਨੇ ਬੇਪਰਵਾਹ ਤੇ ਖੁਦਗਰਜ਼, ਗ਼ੈਰ-ਜ਼ਿੰਮੇਵਾਰ ਹੋ ਚੁੱਕੇ ਹਾਂ ਤੇ ਇਨ੍ਹਾਂ ਖ਼ਜ਼ਾਨਿਆ ਵਿਚੋਂ ਬੜਾ ਕੁਝ ਗੁਆ ਚੁੱਕੇ ਹਾਂ ਤੇ ਗਆਈ ਜਾ ਰਹੇ ਹਾਂ। ਜੰਗਲੀ ਜਾਨਵਰਾਂ ਤੇ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਸਿਰਫ ਤੇ ਸਿਰਫ ਪੰਜਾਬੀਆਂ ਦੀਆਂ ਉਨ੍ਹਾਂ ਪ੍ਰਤੀ ਵਧੀਕੀਆਂ ਕਾਰਨ ਪੰਜਾਬ ਦੀ ਧਰਤੀ ਨੂੰ ਛੱਡ ਕੇ ਹਮੇਸ਼ਾ ਹਮੇਸ਼ਾ ਲਈ ਜਾ ਚੁੱਕੀਆਂ ਹਨ। ਕੀ ਅੱਜ ਦੇ ਕਿਸੇ ਪੰਜਾਬੀ ਨੂੰ ਇਸ ਬਾਰੇ ਕੋਈ ਪਛਤਾਵਾ ਹੈ ? ਤੇ ਇਨ੍ਹਾਂ ਕੁਦਰਤੀ ਸੋਮਿਆਂ, ਜਾਨਵਰਾਂ, ਪੰਛੀਆਂ, ਦਰਿਆਵਾਂ ਜੰਗਲਾ ਵਾਸਤੇ ਉਨ੍ਹਾਂ ਦੇ ਦਿਲਾਂ ਕੋਈ ਵਿਚ ਥਾਂ ਨਹੀਂ ਰਹੀ। ਕਾਲਾ ਹਿਰਨ, ਕੂੰਜਾਂ, ਬਟੇਰ ਵਰਗੀਆਂ ਖੁਬਸੂਰਤ ਪ੍ਰਜਾਤੀਆਂ ਜੋ ਪੰਜਾਬੀਆਂ ਨਾਲ ਹਰ ਰੋਜ਼ ਗਲਵਕੜੀ ਪਾਉਂਦੀਆਂ ਸਨ, ਹੁਣ ਇਨ੍ਹਾਂ ਦੀ ਇਕ ਝਾਤ ਵੀ ਨਹੀਂ ਮਿਲਦੀ ਤੇ ਖ਼ਰਗੋਸ਼, ਘਰੇਲੂ, ਚਿੜੀਆਂ ਤੇ ਤਿੱਲੀਹਰ, ਗਿੱਦੜ, ਲੂੰਬੜ, ਸੇਹ ਆਦਿ ਕੁਝ ਪ੍ਰਜਾਤੀਆਂ ਸਾਨੂੰ ਛੱਡ ਕੇ ਜਾਣ ਨੂੰ ਤਿਆਰ ਬੈਠੀਆਂ ਹਨ। ਇਸ ਕਰਕੇ ਨਹੀਂ ਕਿ ਪੰਜਾਬ ਦੀ ਧਰਤੀ ਜਾਂ ਜਲਵਾਯੂ ਵਿਚ ਕੋਈ ਬਦਲਾਅ ਆਇਆ ਹੈ ਸਿਰਫ਼ ਇਸ ਕਰਕੇ ਕਿ ਸਾਡੇ ਮਿਲਵਰਤਣ ਉਨ੍ਹਾਂ ਲਈ ਸੁਰਖਿਅਤ ਨਹੀਂ ਰਿਹਾ ਹੈ। ਪੰਜਾਬ ਵਿਚ ਜੰਗਲੀ ਜੀਵਾਂ ਦੀ ਕੇਵਲ ਉਹ ਪ੍ਰਜਾਤੀ ਹੀ ਬਚ ਸਕਦੀ ਹੈ ਜਿਸ ਦਾ ਮਾਸ ਇਨਸਾਨ ਨਾ ਖਾਂਦਾ ਹੋਵੇ। ਜਿਵੇਂ ਕਿ ਕਾਂ, ਇੱਲਾਂ, ਸ਼ਿਕਰੇ, ਬਗਲੇ, ਕੁੱਤੇ ਆਦਿ ਤੇ ਬਾਕੀ ਪ੍ਰਜਾਤੀਆਂ ਦਾ ਪੰਜਾਬ ਵਿਚ ਬਚੇ ਰਹਿਣਾ ਮੁਸ਼ਕਿਲ ਹੈ। ਪੱਕੇ ਤੌਰ 'ਤੇ ਪੰਜਾਬ ਵਿਚ ਵਸਦੇ ਪੰਛੀਆਂ ਦੀ ਗੱਲ ਛੱਡੋ ਇੱਥੇ ਤਾਂ ਪ੍ਰਵਾਸੀ ਪੰਛੀਆਂ ਨਾਲ ਵੀ ਘੱਟ ਨਹੀਂ ਗੁਜ਼ਰਦੀ। ਪੰਜਾਬ ਦੀਆਂ ਛੰਭਾਂ ਝਿੜੀਆਂ ਵਿਚ ਇਨ੍ਹਾਂ ਪੰਛੀਆਂ ਦਾ ਗੈਰ-ਕਾਨੂੰਨੀ ਸ਼ਿਕਾਰ ਲੋਕਾਂ ਨੂੰ ਪਤਾ ਹੈ, ਪਰ ਸਰਕਾਰਾਂ ਨੂੰ ਪਤਾ ਨਹੀਂ ਕਿ ਪਤਾ ਹੈ ਕਿ ਨਹੀਂ। ਪੰਜਾਬ ਵਿਚ ਮੋਰ ਦੀ ਪ੍ਰਜਾਤੀ ਦੀ ਵੀ ਕੁਝ ਇਸੇ ਤਰ੍ਹਾਂ ਦੀ ਦਾਸਤਾਨ ਹੈ। ਇਸ ਤੋਂ ਵੀ ਵੱਧ ਰੱਬ ਵਲੋਂ ਇਸ ਨੂੰ ਖੂਬਸੂਰਤ ਖੰਭ ਦੇਣ ਕਰਕੇ ਇਸ ਨਾਲ ਜਗੋਂ ਤੇਰ੍ਹਵੀਂ ਹੋਈ ਹੈ। ਮੋਰ ਦਾ ਅੱਧਿਓਂ ਵੱਧ ਸ਼ਿਕਾਰ ਸਿਰਫ ਤੇ ਸਿਰਫ ਉਸਦੀ ਪੂਛ ਤੇ ਸੁੰਦਰ ਖੰਭਾਂ ਕਰਕੇ ਹੋ ਗਿਆ ਹੈ, ਲੋਕ ਇਨ੍ਹਾਂ ਖੰਭਾਂ ਨੂੰ ਸ਼ਿੰਗਾਰ ਵਾਸਤੇ ਵਰਤਦੇ ਹਨ ਤੇ ਬਾਜ਼ਾਰਾਂ ਵਿਚ ਇਹ ਖੰਭ ਸ਼ਰੇਆਮ ਵਿਕਦੇ ਹਨ । ਪਿੰਡਾਂ ਵਿਚ ਫਿਰਦੇ ਅਵਾਰਾ ਕੁੱਤੇ ਪੂਛ ਵਾਲੇ ਮੋਰ ਨੂੰ ਇੱਕ ਦਮ ਸ਼ਿਕਾਰ ਬਣਾ ਲੈਂਦੇ ਹਨ ਕਿਉਂਕਿ ਪੂਛ ਕਰਕੇ ਮੋਰ ਤੇਜ ਭੱਜਣ ਦੇ ਸਮਰੱਥ ਨਹੀਂ ਹੁੰਦਾ। ਪੰਜਾਬ ਵਿਚ ਜੰਗਲਾਂ ਦੀ ਕਟਾਈ ਨੇ ਹਰ ਪ੍ਰਜਾਤੀ ਦੇ ਵਧਣ-ਫੁੱਲਣ ਤੇ ਭੈੜਾ ਅਸਰ ਪਾਇਆ ਹੈ। ਮੋਰ ਲਈ ਵੀ ਹੁਣ ਰਾਤ ਕੱਟਣ ਲਈ ਉਚੇ ਦਰੱਖਤ ਨਹੀਂ ਮਿਲਦੇ ਤੇ ਉਸ ਨੂੰ ਮੀਲੋ ਮੀਲ ਉੱਡਣਾ ਪੈਂਦਾ ਹੈ। ਪਹਿਲਾਂ ਮੋਰ ਪਿੰਡਾਂ ਵਿਚ ਉਪਰਲੇ ਚੁਬਾਰਿਆਂ ਦੇ ਬਨੇਰਿਆਂ 'ਤੇ ਜਾ ਬੈਠਦੇ ਸਨ ਤੇ ਕੁੱਤਿਆਂ ਆਦਿ ਤੋਂ ਬਚ ਸਕਦੇ ਸਨ, ਕਿਉਂ ਜੋ ਇਨਸਾਨ ਮੋਰ ਪ੍ਰਤੀ ਹਮਦਰਦੀ ਰੱਖਦਾ ਸੀ। ਜਿਸਦਾ ਕਾਰਨ ਕੁਝ ਇੱਕ ਧਾਰਮਿਕ ਵੀ ਸੀ ਪਰ ਹੁਣ ਇਨਸਾਨ ਵੀ ਉਸ ਦਾ ਦੁਸ਼ਮਣ ਹੋ ਗਿਆ ਹੈ। ਘਰਾਂ ਦੀਆਂ ਛੱਤਾਂ 'ਤੇ ਵੀ ਲੋਕ ਟੋਕਰੇ ਲਾ ਕੇ ਜਾਂ ਜਾਲ ਲਾ ਕੇ ਇਨ੍ਹਾਂ ਨੂੰ ਫੜ ਲੈਂਦੇ ਹਨ ਤੇ ਖਾ ਜਾਂਦੇ ਹਨ। ਰਾਜਸਥਾਨ ਵਿਚ ਸਾਡੇ ਨਾਲੋਂ ਕੀ ਵੱਧ ਹੈ ਜੋ ਮੋਰਾਂ ਨਾਲ ਭਰਿਆ ਪਿਆ ਹੈ? ਸਿਰਫ ਲੋਕਾਂ ਦੀ ਹਮਦਰਦੀ। ਜ਼ਿੰਦਗੀ ਭਾਵੇਂ ਕਈ ਗੁਣਾ ਸਖਤ ਹੈ ਉਥੇ। ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਹੋਰ ਕਾਰਨਾਂ ਨਾਲੋਂ ਵਧੇਰੇ ਹੈ। ਜੇਠ ਹਾੜ੍ਹ ਦੀ ਗਰਮੀ ਵਿਚ ਇਸ ਪੰਛੀ ਨੂੰ ਦਿਨ ਵਿਚ ਕਈ ਵਾਰ ਪਾਣੀ ਪੀਣਾ ਪੈਂਦਾ ਹੈ। ਉਧਰ ਖੇਤਾਂ ਵਿਚ ਝੋਨੇ ਦੀ ਫ਼ਸਲ ਬੀਜੀ ਹੁੰਦੀ ਹੈ ਜਿਸ ਦੇ ਪਾਣੀਆਂ ਵਿਚ ਜ਼ਹਿਰਲੀਆਂ ਦਵਾਈਆਂ, ਮਰਦਾ ਕੀ ਨਾ ਕਰਦਾ, ਪਾਣੀ ਪੀਣਾ ਪੈਂਦਾ ਹੈ ਜੋ ਮੌਤ ਦਾ ਕਾਰਨ ਬਣਦਾ ਹੈ। ਸਾਡੇ ਦਰਿਆਵਾਂ ਦਾ ਪਾਣੀ ਪੀਣ ਦੇ ਕਾਬਲ ਨਹੀਂ ਰਿਹਾ। ਛੱਪੜ ਵੀ ਖ਼ਤਮ ਹੋ ਚੁੱਕੇ ਹਨ। ਕਿਸਾਨਾਂ ਵਲੋਂ ਫ਼ਸਲਾਂ ਵਿਚ ਕੀਟਨਾਸ਼ਕਾਂ ਦਾ ਬੇਹੱਦ ਇਸਤੇਮਾਲ ਖਾਸ ਤੌਰ 'ਤੇ ਕਮਾਦ ਵਰਗੀਆਂ ਫ਼ਸਲਾਂ ਵਿਚ ਫਿਊਰਾਡਾਨ ਵਰਗੀਆਂ ਸਾਹ ਘੁਟਵੀਆਂ ਦਵਾਈਆਂ ਜੋ ਵੱਡੇ ਛੋਟੇ ਹਰ ਜਾਨਵਰ ਪੰਛੀ, ਚੂਹੇ, ਸੱਪ ਸਭ ਕਾਸੇ ਨੂੰ ਮਾਰ ਮੁਕਾਉਂਦੀ ਹੈ। ਉਧਰ ਕਣਕ ਦੀ ਫ਼ਸਲ ਅਜੇ ਮੁੱਕੀ ਨਹੀਂ ਹੁੰਦੀ ਕਿ ਝੋਨੇ ਦੀ ਫ਼ਸਲ ਆ ਖੜ੍ਹਦੀ ਹੈ ਤੇ ਖੇਤੀਕਾਰ ਇਨ੍ਹਾਂ ਦੀਆਂ ਮੁੱਢੀਆਂ ਨੂੰ ਅੱਗ ਨਾਲ ਜਲਾਉਂਦੇ ਹਨ ਜਿਸ ਨਾਲ ਆਂਡੇ, ਬੱਚੇ ਕੀੜੇ ਪਤੰਗੇ ਸਭ ਸੜ ਕੇ ਮਰ ਜਾਂਦੇ ਹਨ। ਆਲੇ-ਦੁਆਲੇ ਦੇ ਕਾਨੇ-ਸਰਕੰਡੇ ਵੀ ਸੜ ਜਾਂਦੇ ਹਨ ਤੇ ਆਂਡੇ ਦੇਣ ਨੂੰ, ਬੱਚੇ ਕੱਢਣ, ਪਾਲਣ ਨੂੰ ਕੋਈ ਥਾਂ ਨਹੀਂ ਬਚਦੀ ਜਿਸ ਕਾਰਣ ਮੋਰਾਂ ਦੀ ਗਿਣਤੀ ਦਿਨੋ-ਦਿਨ ਘੱਟਦੀ ਜਾ ਰਹੀ ਹੈ। ਕੇਵਲ ਉਨ੍ਹਾਂ ਪਿੰਡਾਂ ਵਿਚ ਬਚੀ ਹੈ ਜਿੱਥੇ ਦੇ ਲੋਕ ਉਨ੍ਹਾਂ ਨਾਲ ਹਮਦਰਦੀ ਰੱਖਦੇ ਹਨ ਤੇ ਬਾਹਰੀ ਆਫ਼ਤਾਂ ਤੋਂ ਉਨ੍ਹਾਂ ਨੂੰ ਬਚਾਉਂਦੇ ਹਨ। ਪੰਜਾਬ ਨਾਲ ਇਸ ਪੰਛੀ ਦਾ ਡੂੰਘਾ ਰਿਸ਼ਤਾ ਹੈ। ਸਾਵਣ ਦੀਆਂ ਘਟਾਵਾਂ, ਮੈਨੂੰ ਇੰਝ ਲਗਦਾ ਹੈ ਕਿ ਇਸੇ ਮੋਰ ਨੂੰ ਮਿਲਣ ਲਈ ਪੰਜਾਬ ਦੀ ਧਰਤੀ ਤੇ ਆਉਂਦੀਆਂ ਹਨ। ਕਲੈਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ, ਕੀ ਤੁਸੀਂ ਮੋਰ ਨੂੰ ਨੱਚਦਿਆਂ ਕਦੀ ਦੇਖਿਆ ਹੈ?
ਐਡਵੋਕੇਟ ਫਿਲੌਰ, ਵਾਸੀ-ਥੰਮਣਵਾਲ
ਮੋਬਾਈਲ : 98722-56005
...ਤੇ ਹੁਣ ਵਾਰੀ ਮੋਰ ਦੀ
ਅਜੀਤ ਡੈਸਕ
26-07-2026