29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਨਰਮੇ ਦੀ ਕਾਸ਼ਤ ਨੂੰ ਲਾਹੇਵੰਦ ਬਣਾਉਣ ਦੀ ਲੋੜ

Ad Position 21
No active advertisement
ਅਜੀਤ ਡੈਸਕ 02-06-2026

ਪੰਜਾਬ ਰਾਜ ਦੇ ਨਿਰੋਲ ਬੀਜੇ ਰਕਬੇ ਦਾ ਤਕਰੀਬਨ 79 ਫ਼ੀਸਦੀ ਹਿੱਸਾ ਇਕੱਲੇ ਝੋਨੇ ਹੇਠ ਆ ਗਿਆ। ਨਰਮਾ ਪੱਟੀ ਦੇ ਕਿਸਾਨ ਵੀ ਧਰਤੀ ਹੇਠਲੇ ਮਾੜੇ ਪਾਣੀ ਨਾਲ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਨ ਲੱਗ ਗਏ ਹਨ, ਜਿਸ ਨਾਲ ਜ਼ਮੀਨਾਂ ਵਿਚ ਕੱਲਰ ਦੀ ਸੰਭਾਵਨਾ ਵਧ ਗਈ ਹੈ। ਬੇਸ਼ੱਕ ਪਿਛਲੇ ਸਮੇਂ ਵਿਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ ਨੂੰ ਸੱਟ ਮਾਰੀ ਹੈ ਪਰ ਹਾਲੇ ਵੀ ਮੌਜੂਦਾ ਖੇਤੀ ਢਾਂਚੇ ਅਨੁਸਾਰ ਨਰਮਾ ਹੀ ਝੋਨੇ ਦਾ ਸਭ ਤੋਂ ਵਧੀਆ ਬਦਲ ਹੈ। ਗੁਣਵੱਤਾ ਪੱਖੋਂ ਪੰਜਾਬ ਵਿਚ ਪੈਦਾ ਹੋਈ ਰੂੰ ਉੱਚੇ ਦਰਜੇ ਦੀ ਹੈ। ਆਰਥਿਕ ਲਾਭਾਂ ਦੇ ਸੰਬੰਧ ਵਿਚ ਇਹ ਫ਼ਸਲ ਆਮ ਤੌਰ 'ਤੇ ਝੋਨੇ ਨਾਲ ਮੁਕਾਬਲਾ ਕਰਦੀ ਹੈ, ਸਿਵਾਏ ਜਦੋਂ ਇਹ ਕੀੜੇ-ਮਕੌੜਿਆਂ, ਬਿਮਾਰੀਆਂ ਅਤੇ ਮੌਸਮ ਦੀਆਂ ਅਸਥਿਰਤਾਵਾਂ ਤੋਂ ਪ੍ਰਭਾਵਿਤ ਹੁੰਦੀ ਹੈ। ਝੋਨੇ/ਬਾਸਮਤੀ ਲਈ 25-30 ਪਾਣੀਆਂ ਦੇ ਮੁਕਾਬਲੇ ਨਰਮਾ ਸਿਰਫ਼ 4-6 ਪਾਣੀਆਂ ਨਾਲ ਪਲ਼ ਜਾਂਦਾ ਹੈ। ਪੀ. ਏ. ਯੂ. ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਨਰਮੇ ਤੋਂ ਝੋਨੇ/ਬਾਸਮਤੀ ਦੇ ਬਰਾਬਰ ਹੀ (ਲਗਭਗ 44 ਹਜ਼ਾਰ ਰੁਪਏ/ਏਕੜ) ਆਮਦਨ ਹੋ ਸਕਦੀ ਹੈ। ਇਸ ਤੋਂ ਇਲਾਵਾ ਨਰਮੇ/ਕਪਾਹ ਦਾ ਸਮਰਥਨ ਮੁੱਲ ਤਾਂ ਸਰਕਾਰ ਵਲੋਂ ਨਿਰਧਾਰਤ ਕੀਤਾ ਜਾਂਦਾ ਹੈ ਪਰ ਬਾਸਮਤੀ ਦਾ ਨਹੀਂ। ਸਾਲ 2025-26 ਵਿਚ ਦਰਮਿਆਨੇ ਅਤੇ ਲੰਬੇ ਰੇਸ਼ੇ ਵਾਲੀ ਕਪਾਹ ਦਾ ਸਮਰਥਨ ਮੁੱਲ ਕ੍ਰਮਵਾਰ 7710 ਤੇ 8110 ਰੁਪਏ ਪ੍ਰਤੀ ਕੁੁਇੰਟਲ ਸੀ। ਜਦੋਂ ਮੰਡੀ ਕੀਮਤਾਂ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਆਉਂਦੀਆਂ ਹਨ ਤਾਂ ਨਰਮੇ ਨੂੰ ਨਿਰਧਾਰਤ ਮੁੱਲ 'ਤੇ ਖਰੀਦਣ ਲਈ ਭਾਰਤੀ ਕਪਾਹ ਨਿਗਮ ਮੰਡੀ ਵਿਚ ਦਾਖਲ ਹੁੰਦਾ ਹੈ। ਇਸ ਦੇ ਉਲਟ ਬਾਸਮਤੀ ਦੀਆਂ ਕੀਮਤਾਂ ਹਮੇਸ਼ਾ ਅਨਿਸ਼ਚਿਤ ਅਤੇ ਉਤਰਾਅ-ਚੜ੍ਹਾਅ ਵਾਲੀਆਂ ਰਹਿੰਦੀਆਂ ਹਨ ਕਿਉਂਕਿ ਇਹ ਨਿੱਜੀ ਵਪਾਰੀਆਂ ਦੇ ਹੱਥ ਹੁੰਦੀਆਂ ਹਨ। ਬਾਸਮਤੀ ਹੇਠ ਰਕਬਾ ਵਧਣ ਨਾਲ ਇਸ ਦੀਆਂ ਕੀਮਤਾਂ ਵਿਚ ਗਿਰਾਵਟ ਆ ਜਾਂਦੀ ਹੈ, ਜਦੋਂ ਕਿ ਨਰਮੇ ਦਾ ਘੱਟੋ-ਘੱਟ ਸਮਰਥਨ (ਐਮ.ਐਸ.ਪੀ.) ਮੁੱਲ ਹਮੇਸ਼ਾ ਵਧਦਾ ਹੀ ਰਹਿੰਦਾ ਹੈ। ਝੋਨੇ ਦੇ ਮੁਕਾਬਲੇ ਨਰਮੇ ਵਿਚ ਕਾਮਿਆਂ ਲਈ ਵੀ ਵੱਧ ਕੰਮ ਹੁੰਦਾ ਹੈ, ਜਿਸ ਨਾਲ ਰੁਜ਼ਗਾਰ ਦੇ ਜ਼ਿਆਦਾ ਮੌਕੇ ਉਪਲਬਧ ਹੁੰਦੇ ਹਨ। ਝੋਨੇ/ਬਾਸਮਤੀ ਵਿਚ ਪ੍ਰਤੀ ਏਕੜ 110 ਤੋਂ 180 ਘੰਟੇ ਕੰਮ ਮਜ਼ਦੂਰਾਂ ਨੂੰ ਮਿਲਦਾ ਹੈ, ਜਦੋਂ ਕਿ ਨਰਮੇ ਵਿਚ 250 ਤੋਂ 300 ਘੰਟੇ ਤੱਕ ਕੰਮ ਦੀ ਲੋੜ ਹੈ। ਬੇਸ਼ੱਕ ਪਿਛਲੇ ਸਮੇਂ ਦੌਰਾਨ ਨਰਮੇ 'ਤੇ ਕੀਟਾਂ ਦੇ ਹਮਲੇ ਕਾਰਨ ਕਿਸਾਨਾਂ ਨੂੰ ਨੁਕਸਾਨ ਵੀ ਉਠਾਉਣਾ ਪਿਆ ਹੈ ਪਰ ਖੇਤੀ ਮਾਹਿਰਾਂ ਅਤੇ ਕਿਸਾਨਾਂ ਦੇ ਇਕਜੁਟ ਹੰਭਲੇ ਨਾਲ ਇਸ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਵਧੀਆ ਗੁਣਵੱਤਾ ਵਾਲੇ ਬੀਜ, ਕੀਟਨਾਸ਼ਕ ਅਤੇ ਹੋਰ ਸਮੱਗਰੀਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਤੇਲ ਮਿੱਲਾਂ/ ਵੇਲਾਈ ਮਸ਼ੀਨਾਂ 'ਤੇ ਸਾਰਾ ਸਾਲ ਸਖ਼ਤ ਨਜ਼ਰ ਰੱਖੀ ਜਾਵੇ ਕਿਉਂਕਿ ਨਰਮੇ ਦੇ ਬੀਜਾਂ ਵਿਚ ਗੁਲਾਬੀ ਸੁੰਡੀ ਦੇ ਸੁੰਡ ਛੁਪੇ ਹੋਣ ਕਾਰਨ ਇਹ ਇਸ ਦੇ ਹਮਲੇ ਦਾ ਮੁੱਖ ਸਰੋਤ ਬਣਦੇ ਹਨ। ਦੇਸੀ ਕਪਾਹ 'ਤੇ ਕੀਟਾਂ ਦਾ ਹਮਲਾ ਵੀ ਘੱਟ ਹੁੰਦਾ ਹੈ ਅਤੇ ਇਸ ਦਾ ਭਾਅ ਵੀ ਕਾਫੀ ਵਧੀਆ ਮਿਲ ਜਾਂਦਾ ਹੈ। ਝੋਨੇ ਨੂੰ ਦੇਸੀ ਕਪਾਹ ਨਾਲ ਬਦਲਣ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਵੀ ਲੋੜ ਹੈ। ਦੇਸੀ ਕਪਾਹ ਨੂੰ ਪੱਤਾ ਮਰੋੜ ਵਿਸ਼ਾਣੂ ਅਤੇ ਚਿੱਟੀ ਮੱਖੀ ਪ੍ਰਤੀ ਸਹਿਣਸ਼ੀਲ ਮੰਨਿਆ ਜਾਂਦਾ ਹੈ ਪਰ ਨਰਮੇ ਦੇ ਮੁਕਾਬਲੇ ਦੇਸੀ ਕਪਾਹ ਦਾ ਝਾੜ ਘੱਟ ਅਤੇ ਚੁਗਾਈ ਦੀ ਲਾਗਤ ਜ਼ਿਆਦਾ ਹੈ। ਦੇਸੀ ਕਪਾਹ ਦੇ ਕਾਸ਼ਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੁਝ ਵਿੱਤੀ ਮਦਦ ਅਤੇ ਮੰਡੀਕਰਨ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਉੱਚ ਗੁਣਵੱਤਾ ਦੇ ਬੀਜ ਅਤੇ ਪੌਦ ਸੁਰੱਖਿਆ ਲਈ ਕਾਰਗਾਰ ਰਸਾਇਣ ਜਾਂ ਢੰਗਾਂ ਦੇ ਨਾਲ-ਨਾਲ ਅਤੇ ਫ਼ਸਲੀ ਬੀਮੇ ਦਾ ਭਰੋਸਾ ਦੇਣ ਦੀ ਲੋੜ ਹੈ। ਦੇਸ਼ ਵਿਚ ਸ਼ੁਰੂ ਕੀਤੇ 'ਕਪਾਹ ਉਤਪਾਦਕਤਾ ਮਿਸ਼ਨ' ਨਾਲ ਵੀ ਕਪਾਹ ਕਾਸ਼ਤਕਾਰਾਂ ਦੀ ਆਰਥਿਕਤਾ ਸੁਧਾਰਨ ਵਿਚ ਮਦਦ ਮਿਲ ਸਕਦੀ ਹੈ। ਪੰਜਾਬ ਦੀ ਨਰਮਾ ਪੱਟੀ ਵਿਚ ਧਰਤੀ ਹੇਠਲੇ ਮਾੜੇ ਪਾਣੀ ਨਾਲ ਝੋਨਾ ਉਗਾਉਣ ਨਾਲੋਂ ਨਹਿਰੀ ਪਾਣੀ ਨਾਲ ਨਰਮੇ ਦੀ ਫ਼ਸਲ ਲੈਣੀ ਹੀ ਸਿਆਣਪ ਹੋਵੇਗੀ। ਇਸ ਨਾਲ ਪਾਣੀ ਨੂੰ ਬਚਾਉਣ ਵਿਚ ਮਦਦ ਮਿਲੇਗੀ ਅਤੇ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਆਓ, ਸਾਰੇ ਰਲ ਕੇ ਪੰਜਾਬ ਵਿਚ ਚਿੱਟੇ ਸੋਨੇ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰੀਏ।

-ਪ੍ਰਿੰਸੀਪਲ ਐਕਸਟੈਂਸ਼ਨ ਸਾਇੰਟਿਸਟ (ਐਗਰੀਕਲਚਰਲ ਇਕੋਨੋਮਿਕਸ),
ਇਕੋਨੋਮਿਕਸ ਅਤੇ ਸ਼ੋਸ਼ਿਆਲੋਜ਼ੀ ਵਿਭਾਗ, ਪੀ.ਏ.ਯੂ., ਲੁਧਿਆਣਾ।
ਮੋਬਾਈਲ : 81460-96600

Ad Position 22
No active advertisement
ਪਿਛਲੀ ਖ਼ਬਰ ਚੌਲਾਂ ਦੀ ਲੋੜ ਤੇ ਉਤਪਾਦਨ ਅਗਲੀ ਖ਼ਬਰ ਭਾਜਪਾ ਨੇ ਜਗਸੀਰ ਸਿੰਘ ਫੂਲੇਵਾਲਾ ਨੂੰ ਰੁਪਾਣਾ ਮੰਡਲ ਦਾ ਪ੍ਰਧਾਨ ਕੀਤਾ ਨਿਯੁਕਤ <br/>
Ad Position 24