ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਤੇ ਨਿਰਯਾਤਕ ਦੇਸ਼ ਹੈ। 2025 26 ਵਿਚ ਭਾਰਤ ਨੇ ਲਗਭਗ 140.6 ਮਿਲੀਅਨ ਟਨ ਚੌਲਾਂ ਦਾ ਉਤਪਾਦਨ ਕੀਤਾ, ਜਦਕਿ ਘਰੇਲੂ ਖ਼ਪਤ ਲਗਭਗ 120 ਮਿਲੀਅਨ ਟਨ ਰਹੀ। ਇਸ ਦਾ ਮਤਲਬ ਹੈ ਕਿ ਭਾਰਤ ਕੋਲ ਆਪਣੀ ਲੋੜ ਤੋਂ ਵੱਧ 20 30 ਮਿਲੀਅਨ ਟਨ ਵਾਧੂ ਚੌਲ ਮੌਜੂਦ ਹਨ, ਜੋ ਨਿਰਯਾਤ ਅਤੇ ਸਰਕਾਰੀ ਸਟਾਕਾਂ ਵਿਚ ਵਰਤਿਆ ਜਾਂਦਾ ਹੈ। ਘਰੇਲੂ ਪੱਧਰ 'ਤੇ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਰਾਹੀਂ ਲਗਭਗ 41 ਮਿਲੀਅਨ ਟਨ ਚੌਲ ਹਰ ਸਾਲ ਵੰਡਿਆ ਜਾਂਦਾ ਹੈ। ਇਸ ਦੇ ਨਾਲ ਹੀ ਸਰਕਾਰੀ ਗੁਦਾਮਾਂ ਵਿਚ ਜਨਵਰੀ 2026 ਤੱਕ 67.9 ਮਿਲੀਅਨ ਟਨ ਚੌਲ ਮੌਜੂਦ ਸਨ, ਜੋ ਕਿ ਬਫ਼ਰ ਨਿਯਮਾਂ ਤੋਂ ਕਈ ਗੁਣਾ ਵੱਧ ਹੈ। ਖ਼ਰੀਫ਼ ਦੇ ਸੀਜ਼ਨ ਵਿਚ ਚੌਲਾਂ ਦੀ ਸਭ ਤੋਂ ਵੱਧ ਪੈਦਾਵਾਰ ਹੁੰਦੀ ਹੈ, ਜੋ 123.9 ਮਿਲੀਅਨ ਟਨ ਰਹੀ, ਜਦਕਿ ਰਬੀ ਦੇ ਸੀਜ਼ਨ ਵਿਚ 16.7 ਮਿਲੀਅਨ ਟਨ ਚੌਲਾਂ ਦਾ ਉਤਪਾਦਨ ਹੋਇਆ। ਇਸ ਵਾਧੂ ਉਤਪਾਦਨ ਕਾਰਨ ਭਾਰਤ ਨਾ ਸਿਰਫ਼ ਆਪਣੀ ਘਰੇਲੂ ਲੋੜ ਪੂਰੀ ਕਰਦਾ ਹੈ, ਸਗੋਂ ਵਿਸ਼ਵ ਚੌਲ ਬਾਜ਼ਾਰ 'ਤੇ ਵੀ ਮਹੱਤਵਪੂਰਨ ਪ੍ਰਭਾਵ ਪਾਉਂਦਾ ਹੈ। ਭਾਰਤ ਦੁਨੀਆ ਦੇ ਕੁੱਲ ਚੌਲ ਨਿਰਯਾਤ ਦਾ ਲਗਭਗ 40 ਫ਼ੀਸਦੀ ਹਿੱਸਾ ਰੱਖਦਾ ਹੈ। ਹਾਲਾਂਕਿ ਇਸ ਵਾਧੂ ਉਤਪਾਦਨ ਨਾਲ ਕੁਝ ਚੁਣੌਤੀਆਂ ਵੀ ਦਰਪੇਸ਼ ਹਨ। ਪੰਜਾਬ ਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿਚ ਜ਼ਮੀਨੀ ਪਾਣੀ ਦੀ ਘਾਟ ਇਕ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰੀ ਗੁਦਾਮਾਂ ਵਿਚ ਵੱਧ ਸਟਾਕ ਸੰਭਾਲਣਾ ਵੀ ਇਕ ਵੱਡੀ ਸਮੱਸਿਆ ਹੈ। ਕਈ ਵਾਰ ਨਿਰਯਾਤ 'ਤੇ ਪਾਬੰਦੀਆਂ ਲਗਾਉਣ ਨਾਲ ਵਿਸ਼ਵ ਬਾਜ਼ਾਰ ਵਿਚ ਉਥਲ-ਪੁਥਲ ਪੈਦਾ ਹੋ ਜਾਂਦੀ ਹੈ। ਆਉਣ ਵਾਲੇ ਸਾਲਾਂ ਵਿਚ ਇਹ ਸਮੱਸਿਆ ਹੋਰ ਵਧ ਸਕਦੀ ਹੈ, ਜਿਸ ਬਾਰੇ ਹੁਣੇ ਤੋਂ ਸੋਚਣ ਦੀ ਲੋੜ ਹੈ।
-ਮੋਬਾਈਲ : +919815945018