ਮੈਂ 'ਹੱਥ' ਨਹੀਂ ਮਿਲਾਉਂਦਾ। ਕਿਸੇ ਨਾਲ ਵੀ ਨਹੀਂ ਮਿਲਾਉਂਦਾ। ਨਾ ਸੀਨੀਅਰ ਨਾਲ, ਨਾ ਜੂਨੀਅਰ ਨਾਲ। ਨਾ ਦੋਸਤਾਂ ਨਾਲ, ਨਾ ਰਿਸ਼ਤੇਦਾਰਾਂ ਨਾਲ, ਸਗੋਂ ਮੇਰੇ ਵਲੋਂ ਹੱਥ ਵਧਾਉਣ ਵਾਲਿਆਂ ਨੂੰ ਮੈਂ ਅਸੱਭਿਆ ਸਮਝਦਾ ਹਾਂ ਅਤੇ ਹਿਕਾਰਤ ਦੀਆਂ ਨਜ਼ਰਾਂ ਨਾਲ ਦੇਖਦਾ ਹਾਂ।
ਹੱਥ ਮਿਲਾਉਣ ਤੋਂ ਮੈਨੂੰ ਹੱਦ ਦਰਜੇ ਦੀ ਚਿੜ ਹੈ ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਮੈਂ ਛੂਆਛਾਤ ਦੀ ਬਿਮਾਰੀ ਤੋਂ ਪੀੜਤ ਹਾਂ।
'ਸਨਾਤਨੀ ਸੱਭਿਅਤਾ' ਵਿਚ ਇਕ ਦੂਜੇ ਨਾਲ ਮਿਲਦੇ ਜਾਂ ਵਿਛੜਦੇ ਸਮੇਂ ਸ਼ਿਸ਼ਟਾਚਾਰ ਵਜੋਂ ਹੱਥ ਜੋੜ ਕੇ ਸਵਾਗਤ ਕਰਨ ਦੀ ਵਿਵਸਥਾ ਦਿੱਤੀ ਗਈ ਸੀ ਜੋ ਪੂਰੀ ਤਰ੍ਹਾਂ ਵਿਗਿਆਨਕ ਵਿਵਸਥਾ ਸੀ ਅਤੇ ਇਸ ਨੂੰ ਬਾਕਾਇਦਾ ਇਕ ਨਾਂਅ ਦਿੱਤਾ ਗਿਆ ਸੀ 'ਨਮਸਕਾਰ ਮੁਦਰਾ'।
'ਨਮਸਕਾਰ' ਸ਼ਬਦ 'ਨਮ:' ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ 'ਸਵਾਗਤ ਕਰਨਾ'।
'ਨਮਸਕਾਰ ਮੁਦਰਾ' ਉਹ ਮੁਦਰਾ ਹੈ ਜਿਸ ਵਿਚ ਅਸੀਂ ਸਾਹਮਣੇ ਵਾਲੇ ਦੇ ਸਰੀਰ ਦੇ ਕਿਸੇ ਹਿੱਸੇ ਨੂੰ ਛੂਹੇ ਬਿਨਾਂ ਉਸ ਦਾ ਸਵਾਗਤ ਕਰਦੇ ਹਾਂ। ਹੱਥ ਦੀਆਂ ਸਭ ਉਂਗਲੀਆਂ ਚਿਪਕੀਆਂ ਹੋਈਆਂ, ਦੋਵੇਂ ਹਥੇਲੀਆਂ ਇਕ ਦੂਜੇ ਨਾਲ ਚਿਪਕੀਆਂ ਹੋਈਆਂ, ਦੋਵੇਂ ਅੰਗੂਠੇ ਦਿਲ ਨਾਲ ਲੱਗੇ ਹੋਏ, ਦੋਵੇਂ ਕੂਹਣੀਆਂ ਜ਼ਮੀਨ ਦੇ ਬਰਾਬਰ ਹੋਣ।
ਉਂਝ ਤਾਂ 'ਨਮਸਕਾਰ ਮੁਦਰਾ' ਦੇ ਬਹੁਤ ਸਾਰੇ ਅਧਿਆਤਮਿਕ ਪਹਿਲੂ ਦੱਸੇ ਗਏ ਹਨ, ਪਰ ਉਹ ਸਭ ਆਮ ਇਨਸਾਨ ਦੀ ਸਮਝ ਤੋਂ ਪਰ੍ਹੇ ਹਨ। ਆਮ ਇਨਸਾਨ ਲਈ ਏਨਾ ਹੀ ਕਾਫ਼ੀ ਹੈ ਕਿ ਉਸ ਨੂੰ ਸਮਝ ਵਿਚ ਆ ਜਾਵੇ ਕਿ ਹੱਥ ਮਿਲਾ ਕੇ ਸਵਾਗਤ ਕਰਨ ਦੀ ਸਨਕ ਕਾਰਨ ਉਹ ਅਣਜਾਣੇ ਵਿਚ ਹੀ ਬਹੁਤ ਸਾਰੇ ਘਾਤਕ ਬੈਕਟੀਰੀਆ ਦਾ ਆਦਾਨ-ਪ੍ਰਦਾਨ ਕਰ ਦਿੰਦੇ ਹਨ। ਨੋਰੋਵਾਇਰਸ ਤੇ ਸਾਲਮੋਨੇਲਾ ਜੋ ਦਸਤ ਅਤੇ ਉਲਟੀਆਂ ਦਾ ਕਾਰਨ ਬਣਦਾ ਹੈ, ਹੱਥ ਮਿਲਾਉਣ ਨਾਲ ਹੀ ਫੈਲਦੇ ਹਨ।
ਇਸ ਤੋਂ ਇਲਾਵਾ ਹੱਥ ਮਿਲਾਉਣ ਨਾਲ ਰਾਈਨੋਵਾਰਿਸ ਦੇ ਸੰਕ੍ਰਮਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ, ਜਿਸ ਦੀ ਵਜ੍ਹਾ ਕਰਕੇ ਜ਼ੁਕਾਮ ਹੋ ਸਕਦਾ ਹੈ।
ਮੈਂ ਨਹੀਂ ਚਾਹੁੰਦਾ ਕਿ ਮੈਨੂੰ ਡਾਇਰੀਆ ਅਤੇ ਡੀਸੈਂਟ੍ਰੀ ਹੋਵੇ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਟਾਇਫਾਈਡ ਬੁਖਾਰ ਹੋਵੇ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਮੈਨਿੰਜਾਈਟਸ ਹੋਵੇ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਹਿਊਮਨ ਪੈਪੀਲੋਮਾ ਵਾਇਰਸ ਦਾ ਇਨਫੈਕਸ਼ਨ ਹੋਵੇ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਜੈਨਾਈਟਲ ਹਰਪੀਜ਼ ਹੋਵੇ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਹੈਪੇਟਾਈਟਸ 'ਏ' ਹੋਵੇ।
ਨਾਲ ਹੀ ਨਾਲ ਇਨਫਲੂਐਂਜ਼ਾ ਅਤੇ 'ਚਿਕਨ ਪਾਕਸ' ਵਾਇਰਸ ਵੀ ਹੱਥ ਮਿਲਾਉਣ ਨਾਲ ਹੀ ਫੈਲਦੇ ਹਨ ਅਤੇ ਜੋ ਸਭ ਤੋਂ ਬਦਮਾਸ਼ ਕਿਸਮ ਦੇ ਬੈਕਟੀਰੀਆ ਹੁੰਦੇ ਹਨ। ਜਿਵੇਂ 'ਸਟੇਫਾਇਲੋਕੋਕੱਕਸ' ਅਤੇ 'ਕਲੋਸਟ੍ਰੀਡੀਅਮ', ਉਹ ਵੀ ਤੁਹਾਡੀ ਇਸ ਗਰਮਜੋਸ਼ੀ ਦੀ ਵਜ੍ਹਾ ਨਾਲ ਹੀ ਫੈਲਦੇ ਹਨ।
ਹਾਂ ਦਫ਼ਤਰਾਂ ਵਿਚ 'ਕੰਜ਼ਕਟਿਵਾਈਟਸ' ਵੀ ਇਸ ਦੀ ਵਜ੍ਹਾ ਨਾਲ ਫੈਲਦਾ ਹੈ।
ਇਸ ਲਈ ਖ਼ੁਦ ਦਾ ਭਲਾ ਚਾਹੁੰਦੇ ਹੋ ਤਾਂ ਜਾਗ ਜਾਓ। ਵਾਪਸ ਆਓ ਆਪਣੀਆਂ ਜੜ੍ਹਾਂ ਵੱਲ, ਕਿਤੇ ਦੇਰ ਨਾ ਹੋ ਜਾਵੇ।
ਮੈਂ ਹੱਥ ਨਹੀਂ ਮਿਲਾਉਂਦਾ
ਅਜੀਤ ਡੈਸਕ
10-04-2026