ਆਮ ਤੌਰ 'ਤੇ ਰੱਸੀ ਟੱਪਣਾ ਕੁੜੀਆਂ ਦੀ ਖੇਡ ਸਮਝਿਆ ਜਾਂਦਾ ਹੈ, ਪਰ ਅੱਜਕੱਲ੍ਹ ਇਹ ਕਸਰਤ ਦੇ ਰੂਪ ਵਿਚ ਕਾਫੀ ਹਰਮਨਪਿਆਰੀ ਖੇਡ ਹੋ ਗਈ ਹੈ। ਪੱਛਮੀ ਦੇਸ਼ਾਂ ਵਿਚ ਰੱਸੀ ਟੱਪਣਾ ਇਕ ਆਮ ਕਸਰਤ ਹੈ।
ਰੱਸੀ ਟੱਪਣਾ ਇਕ ਇਸ ਤਰ੍ਹਾਂ ਦੀ ਕਸਰਤ ਹੈ, ਜਿਸ ਨਾਲ ਸਰੀਰ ਦੇ ਸਭ ਅੰਗਾਂ ਦੀ ਚੰਗੀ ਕਸਰਤ ਹੋ ਜਾਂਦੀ ਹੈ। ਜੇਕਰ ਤੁਹਾਡੇ ਕੋਲ ਕਸਰਤ ਲਈ ਜ਼ਿਆਦਾ ਸਮਾਂ ਨਹੀਂ ਹੈ ਤਾਂ ਸਿਰਫ਼ 15 ਮਿੰਟ ਰੱਸੀ ਟੱਪਣ ਨਾਲ ਹੀ ਤੁਹਾਡੇ ਪੂਰੇ ਸਰੀਰ ਦੀ ਚੰਗੀ ਕਸਰਤ ਹੋ ਜਾਂਦੀ ਹੈ। ਨਿਯਮ ਨਾਲ ਰੱਸੀ ਟੱਪਣ ਨਾਲ ਮੋਟਾਪਾ ਤਾਂ ਘੱਟ ਹੋਵੇਗਾ ਹੀ, ਨਾਲ ਹੀ ਸਿਹਤ ਵੀ ਚੰਗੀ ਨਿੱਖਰ ਜਾਵੇਗੀ। ਰੱਸੀ ਟੱਪਣ ਨਾਲ ਪੈਰ, ਗਿੱਟੇ ਅਤੇ ਕੂਹਣੀਆਂ ਦੀ ਚੰਗੀ ਕਸਰਤ ਹੋ ਜਾਂਦੀ ਹੈ। ਇਹ ਮਜ਼ਬੂਤ ਹੁੰਦੇ ਹਨ ਤੇ ਸਰੀਰਕ ਬਲ ਵਧਦਾ ਹੈ।
ਛੋਟੇ ਬੱਚਿਆਂ ਲਈ ਰੱਸੀ ਟੱਪਣਾ ਬਹੁਤ ਹੀ ਲਾਭਕਾਰੀ ਹੁੰਦਾ ਹੈ। ਇਸ ਨਾਲ ਸਰੀਰ ਮਜ਼ਬੂਤ ਹੋਣ ਦੇ ਨਾਲ-ਨਾਲ ਲੰਬਾਈ ਵਧਦੀ ਹੈ, ਭੁੱਖ ਵੀ ਖੁੱਲ੍ਹ ਕੇ ਲਗਦੀ ਹੈ। ਰੱਸੀ ਟੱਪਣ ਨਾਲ ਖੂਨ ਸੰਚਾਰ ਤੇਜ਼ ਹੁੰਦਾ ਹੈ, ਪਰ ਜੇਕਰ ਤੁਹਾਨੂੰ ਦਿਲ, ਲੀਵਰ ਜਾਂ ਕਿਡਨੀ ਸੰਬੰਧੀ ਜਾਂ ਹੋਰ ਕੋਈ ਬਿਮਾਰੀ ਹੋਵੇ ਤਾਂ ਬਿਨਾਂ ਡਾਕਟਰ ਦੀ ਸਲਾਹ ਲਏ ਰੱਸੀ ਨਾ ਟੱਪੋ।
ਰੱਸੀ ਟੱਪਣ ਲਈ ਸਭ ਤੋਂ ਚੰਗੀ ਥਾਂ ਹਰੀ ਘਾਹ ਦਾ ਸਮਤਲ ਮੈਦਾਨ ਹੁੰਦਾ ਹੈ। ਸਖ਼ਤ ਅਤੇ ਉੱਬੜ-ਖਾਬੜ ਥਾਂ 'ਤੇ ਰੱਸੀ ਟੱਪਣ ਨਾਲ ਪੈਰਾਂ ਅਤੇ ਗੋਡਿਆਂ ਨੂੰ ਸੱਟ ਲੱਗ ਸਕਦੀ ਹੈ। ਪੈਰਾਂ ਦੇ ਜੋੜਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਚੰਗੀ ਕਿਸਮ ਦੇ ਸਪੋਰਟਸ ਬੂਟ ਪਾਓ। ਚੱਪਲ ਪਾ ਕੇ ਜਾਂ ਨੰਗੇ ਪੈਰੀਂ ਰੱਸੀ ਟੱਪਣ ਤੋਂ ਬਚੋ।
ਰੱਸੀ ਟੱਪਣ ਨਾਲ ਪਹਿਲਾਂ ਹਲਕੀ ਕਸਰਤ ਜਾਂ ਜਾਗਿੰਗ ਕਰਨ ਨਾਲ ਸਰੀਰ ਨੂੰ ਗਰਮ ਕਰ ਲੈਣਾ ਚਾਹੀਦਾ ਹੈ। ਰੱਸੀ ਟੱਪਣ ਸਮੇਂ ਆਪਣੇ ਸਰੀਰ ਨੂੰ ਸਿੱਧਾ ਰੱਖੋ। ਤੁਸੀਂ ਕਿੰਨੀ ਦੇਰ ਰੱਸੀ ਟੱਪੋ, ਇਸ ਦਾ ਕੋਈ ਪੱਕਾ ਨਿਯਮ ਨਹੀਂ ਹੈ। ਤੁਸੀਂ ਜਿੰਨੀ ਦੇਰ ਚਾਹੋ, ਰੱਸੀ ਟੱਪ ਸਕਦੇ ਹੋ ਪਰ ਏਨੀ ਦੇਰ ਵੀ ਨਹੀਂ ਕਿ ਤੁਹਾਡੇ ਪੈਰ ਜ਼ਖ਼ਮੀ ਹੋ ਜਾਣ। ਹਰ ਚੀਜ਼ ਦੀ ਅਤਿ ਨੁਕਸਾਨਦਾਈ ਹੁੰਦੀ ਹੈ।
ਰੱਸੀ ਟੱਪਣ ਦਾ ਸਮਾਂ ਹੌਲੀ-ਹੌਲੀ ਵਧਾਓ। ਇਹ ਨਹੀਂ ਕਿ ਤੁਸੀਂ ਪਹਿਲੇ ਹੀ ਦਿਨ ਏਨੀ ਦੇਰ ਰੱਸੀ ਟੱਪ ਲਓ ਕਿ ਉਹ ਹਾਨੀਕਾਰਕ ਸਾਬਤ ਹੋਵੇ। ਪਹਿਲੇ ਹਫ਼ਤੇ ਤੁਸੀਂ ਬਿਨਾਂ ਰੱਸੀ ਤੋਂ 50 ਤੋਂ 100 ਵਾਰ ਟੱਪੋ। ਪੂਰਾ ਹਫ਼ਤਾ ਇਹੀ ਤਰੀਕਾ ਅਪਣਾਓ।
ਦੂਜੇ ਹਫ਼ਤੇ ਆਪਣੇ ਸਰੀਰ ਨੂੰ ਪਹਿਲਾਂ ਗਰਮ ਕਰਕੇ ਫਿਰ 100 ਦੀ ਗਿਣਤੀ ਪੂਰੀ ਕਰਦੇ ਹੋਏ ਇਕ ਫੁੱਟ ਤੋਂ ਲਗਭਗ ਉੱਚਾ ਟੱਪੋ। ਹਰ ਦਿਨ ਦਸ ਅੰਕ ਗਿਣਤੀ ਵਿਚ ਵਧਾਓ।
ਤੀਜੇ ਹਫ਼ਤੇ ਵੀ ਰੋਜ਼ ਦੀ ਤਰ੍ਹਾਂ ਆਪਣੇ ਸਰੀਰ ਨੂੰ ਗਰਮ ਕਰਕੇ ਬਿਨਾਂ ਰੁਕੇ 100 ਦੀ ਗਿਣਤੀ ਤੱਕ ਟੱਪੋ। ਦੋ ਤਿੰਨ ਮਿੰਟ ਆਰਾਮ ਕਰਕੇ 100 ਤੱਕ ਦੀ ਗਿਣਤੀ ਕਰਦੇ ਹੋਏ ਰੱਸੀ ਟੱਪੋ।
ਚੌਥੇ ਹਫ਼ਤੇ ਤੱਕ ਤੁਹਾਨੂੰ ਰੱਸੀ ਟੱਪਣ ਦਾ ਪੂਰਾ ਅਭਿਆਸ ਹੋ ਜਾਵੇਗਾ। ਹੁਣ ਤੁਸੀਂ ਲਗਾਤਾਰ 15 ਤੋਂ 20 ਮਿੰਟ ਤੱਕ ਰੱਸੀ ਟੱਪ ਸਕਦੇ ਹੋ।
ਇਸ ਕਸਰਤ ਨਾਲ ਤੁਹਾਡੀ ਸਿਹਤ ਠੀਕ ਰਹੇਗੀ ਤੇ ਸਰੀਰ ਦੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਬਣਨਗੀਆਂ। ਰੱਸੀ ਟੱਪਣ ਨੂੰ ਆਪਣੇ ਜੀਵਨ ਦਾ ਨਿਯਮ ਬਣਾ ਲਓ, ਫਿਰ ਦੇਖੋ ਕਿ ਤੁਸੀਂ ਕਿੰਨੇ ਸਿਹਤਮੰਦ ਤੇ ਰਿਸ਼ਟ-ਪੁਸ਼ਟ ਰਹੋਗੇ।
-0-
ਰੱਸੀ ਟੱਪਣਾ ਇਕ ਸੁਵਿਧਾਜਨਕ ਕਸਰਤ ਹੈ
ਅਜੀਤ ਡੈਸਕ
10-04-2026