ਉਂਝ ਤਾਂ ਸਾਰੇ ਫਲ ਸਿਹਤ ਲਈ ਚੰਗੇ ਹੁੰਦੇ ਹਨ ਪਰ ਕੁਝ ਫਲਾਂ ਵਿਚ ਇਕ ਹੀ ਤਰ੍ਹਾਂ ਦੇ ਵਿਟਾਮਿਨ ਭਰਪੂਰ ਮਾਤਰਾ 'ਚ ਹੋਣ ਕਾਰਨ ਉਹ ਸਾਡੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਦੇ ਹਨ।
ਬਿਮਾਰੀਆਂ ਤੋਂ ਦੂਰ ਰੱਖਦਾ ਹੈ ਨਿੰਬੂ : ਸਾਰਾ ਸਾਲ ਆਸਾਨੀ ਨਾਲ ਮਿਲਣ ਵਾਲੇ ਨਿੰਬੂ ਵਿਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੁੰਦੀ ਹੈ। ਨਿੰਬੂ ਪੇਟ ਨਾਲ ਜੁੜੇ ਰੋਗਾਂ ਵਿਚ ਲਾਭਕਾਰੀ ਹੈ। ਨਿੰਬੂ ਵਿਟਾਮਿਨ 'ਸੀ' ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਕਈ ਤਰ੍ਹਾਂ ਲਾਭ ਪਹੁੰਚਾਉਂਦਾ ਹੈ। ਬੱਚਿਆਂ ਦੀਆਂ ਹੱਡੀਆਂ ਅਤੇ ਦੰਦਾਂ ਦੇ ਵਿਕਾਸ ਵਿਚ ਵੀ ਨਿੰਬੂ ਸਹਾਇਕ ਹੈ।
ਕਬਜ਼ਗ੍ਰਸਤ ਲੋਕਾਂ ਨੂੰ ਹਰ ਰੋਜ਼ ਇਕ ਗਿਲਾਸ ਕੋਸੇ ਪਾਣੀ ਵਿਚ ਇਕ ਨਿੰਬੂ ਦਾ ਰਸ ਨਿਚੋੜ ਕੇ ਪੀਣਾ ਚਾਹੀਦਾ ਹੈ। ਡਾਇਰੀਆ, ਹੈਜ਼ਾ, ਪੀਲੀਆ ਵਰਗੇ ਰੋਗਾਂ ਵਿਚ ਵੀ ਨਿੰਬੂ ਬਹੁਤ ਸਹਾਇਕ ਹੈ। ਰੋਗਾਂ ਨੂੰ ਦੂਰ ਕਰਨ ਦੇ ਨਾਲ-ਨਾਲ ਨਿੰਬੂ ਚਮੜੀ ਦੀ ਰੱਖਿਆ ਲਈ ਵੀ ਬੜਾ ਲਾਭਕਾਰੀ ਹੈ। ਕੂਹਣੀਆਂ, ਗੋਡੇ ਅਤੇ ਗਰਦਨ ਦੀ ਚਮੜੀ ਜਦੋਂ ਕਾਲੀ ਹੋ ਜਾਵੇ ਤਾਂ ਉਸ ਨੂੰ ਨਿੰਬੂ ਨਾਲ ਰਗੜ ਕੇ ਸਾਫ਼ ਕੀਤਾ ਜਾ ਸਕਦਾ ਹੈ। ਵਾਲਾਂ ਵਿਚ ਸਿੱਕਰੀ ਹੋਣ 'ਤੇ ਨਾਰੀਅਲ ਤੇਲ ਵਿਚ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਸਿੱਕਰੀ ਦੂਰ ਹੁੰਦੀ ਹੈ।
ਵਿਟਾਮਿਨ ਭਰਪੂਰ ਟਮਾਟਰ : ਟਮਾਟਰ ਵਿਚ ਵਿਟਾਮਿਨ ਏ, ਬੀ ਅਤੇ ਸੀ ਭਰਪੂਰ ਹੁੰਦਾ ਹੈ। ਟਮਾਟਰ ਸਾਡੇ ਪੇਟ ਨੂੰ ਸਾਫ਼ ਰੱਖਣ ਵਿਚ ਸਹਾਇਕ ਹੁੰਦਾ ਹੈ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਲਗਾਤਾਰ ਟਮਾਟਰ ਖਾਣ ਵਾਲਿਆਂ ਦਾ ਹਾਜ਼ਮਾਤੰਤਰ ਠੀਕ ਰਹਿੰਦਾ ਹੈ। ਜੋ ਵਿਅਕਤੀ ਹਰ ਰੋਜ਼ 200 ਗ੍ਰਾਮ ਟਮਾਟਰ ਦੀ ਵਰਤੋਂ ਕਰਦਾ ਹੈ, ਉਸ ਵਿਚ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ। ਕਿਡਨੀ ਵਿਚ ਪੱਥਰੀ ਵਾਲੇ ਲੋਕਾਂ ਨੂੰ ਟਮਾਟਰ ਤੋਂ ਦੂਰ ਰਹਿਣਾ ਚਾਹੀਦਾ ਹੈ।
ਨਿਰੋਗ ਰੱਖਣ ਨਿੰਬੂ ਤੇ ਟਮਾਟਰ
ਅਜੀਤ ਡੈਸਕ
17-04-2026