ਸੰਗੀਤ ਸੁਣਨਾ ਕਿਸ ਨੂੰ ਚੰਗਾ ਨਹੀਂ ਲਗਦਾ। ਇਹੀ ਸੰਗੀਤ ਜੇਕਰ ਮਧੁਰ ਹੋਵੇ ਤਾਂ ਹਰ ਵਿਅਕਤੀ ਦੇ ਦਿਲ ਦੇ ਨਾਲ-ਨਾਲ ਉਸ ਦੇ ਪੈਰ ਵੀ ਥਿਰਕਣ ਲਗ ਜਾਂਦੇ ਹਨ। ਉਂਝ ਆਪਣੇ ਪੈਰ ਥਿਰਕਣ ਲਈ ਸਿਰਫ ਮਿੱਠੇ ਸੰਗੀਤ ਦੀ ਜ਼ਰੂਰਤ ਨਹੀਂ ਹੈ। ਕਦੀ-ਕਦੀ ਵਿਅਕਤੀ ਜਦੋਂ ਬਹੁਤ ਖੁਸ਼ ਹੁੰਦਾ ਹੈ ਤਾਂ ਉਸ ਦੇ ਪੈਰ ਬਗ਼ੈਰ ਸੰਗੀਤ ਦੇ ਵੀ ਉੱਠ ਜਾਂਦੇ ਹਨ ਅਤੇ ਕਿਉਂ ਨਾ ਹੋਣ, ਡਾਂਸ ਆਪਣੇ-ਆਪ ਵਿਚ ਏਨਾ ਵਿਸ਼ੇਸ਼ ਹੁੰਦਾ ਹੈ ਕਿ ਸਿਰਫ਼ ਸੰਗੀਤ 'ਤੇ ਨਿਰਭਰ ਨਹੀਂ ਹੁੰਦਾ। ਉਸ ਵਿਚ ਵਿਅਕਤੀ ਦੇ ਮਨ ਦੇ ਭਾਵ ਉੱਭਰ ਕੇ ਸਾਹਮਣੇ ਆਉਂਦੇ ਹਨ। ਡਾਂਸ ਤਾਂ ਬਹੁਤ ਲੋਕ ਕਰਦੇ ਹਨ ਪਰ ਡਾਂਸ ਕਰਨ ਦੇ ਕੀ ਫਾਇਦੇ ਹੁੰਦੇ ਹਨ, ਇਹ ਬਹੁਤ ਘੱਟ ਲੋਕ ਹੀ ਜਾਣਦੇ ਹਨ। ਅੱਜ ਅਸੀਂ ਤੁਹਾਨੂੰ ਡਾਂਸ ਕਰਨ ਦੇ ਪੰਜ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ :
1. ਆਪਣੇ ਭਾਵ ਪ੍ਰਗਟ ਕਰਨਾ : ਜੇਕਰ ਤੁਸੀਂ ਸ਼ਰਮੀਲੇ ਹੋ ਤਾਂ ਸਿਰਫ਼ ਡਾਂਸ ਹੀ ਹੈ, ਜੋ ਤੁਹਾਡੇ ਸ਼ਰਮੀਲੇਪਨ ਨੂੰ ਦੂਰ ਕਰ ਸਕਦਾ ਹੈ। ਡਾਂਸ ਨਾਲ ਤੁਸੀਂ ਆਪਣੇ ਭਾਵਾਂ ਨੂੰ ਦੂਜਿਆਂ ਸਾਹਮਣੇ ਲਿਆ ਸਕਦੇ ਹੋ। ਸਰਲਤਾ ਨਾਲ ਆਪਣੀਆਂ ਗੱਲਾਂ ਦੂਜਿਆਂ ਨੂੰ ਕਹਿਣ ਦਾ ਸਭ ਤੋਂ ਚੰਗਾ ਤਰੀਕਾ ਡਾਂਸ ਹੀ ਹੈ।
2. ਖ਼ੁਦ ਨੂੰ ਫਿੱਟ ਰੱਖੋ : ਡਾਂਸ ਦਾ ਦੂਜਾ ਅਤੇ ਸਭ ਤੋਂ ਵਧੀਆ ਫਾਇਦਾ ਇਹ ਹੈ ਕਿ ਡਾਂਸ ਨਾਲ ਤੁਹਾਡੀ ਕਸਰਤ ਹੋ ਜਾਂਦੀ ਹੈ ਅਤੇ ਤੁਸੀਂ ਫਿੱਟ ਰਹਿੰਦੇ ਹੋ ਅਤੇ ਖੂਨ ਸੰਚਾਰ ਵਿਚ ਵਾਧਾ ਹੁੰਦਾ ਹੈ। ਇਕ ਹਫ਼ਤੇ ਵਿਚ ਘੱਟ ਤੋਂ ਘੱਟ ਤਿੰਨ ਵਾਰ ਡਾਂਸ ਕਰਨ ਨਾਲ ਤੁਸੀਂ ਬਿਲਕੁਲ ਫਿੱਟ ਰਹੋਗੇ।
3. ਧਿਆਨ ਆਕਰਸ਼ਿਤ ਕਰਨਾ : ਡਾਂਸ ਨਾਲ ਤੁਸੀਂ ਦੂਜਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ। ਡਾਂਸ ਕਲਾ ਨਾਲ ਤੁਸੀਂ ਅਨੇਕ ਲੋਕਾਂ ਵਿਚਾਲੇ ਆਪਣੀ ਪ੍ਰਮੁੱਖਤਾ ਦਾ ਅਹਿਸਾਸ ਕਰਾ ਸਕਦੇ ਹੋ ਅਤੇ ਸਭ ਵਿਚਾਲੇ ਆਪਣੀ ਖ਼ਾਸ ਪਛਾਣ ਬਣਾ ਸਕਦੇ ਹੋ।
4. ਇਕਾਗਰਤਾ ਵਧਾਉਣਾ : ਡਾਂਸ ਕਰਨ ਨਾਲ ਤੁਹਾਡੀ ਇਕਾਗਰਤਾ ਵਧਦੀ ਹੈ ਅਤੇ ਤੁਸੀਂ ਆਪ ਅਨੁਸ਼ਾਸਿਤ ਵਿਅਕਤੀ ਬਣ ਜਾਂਦੇ ਹੋ। ਇਸ ਦੇ ਨਾਲ-ਨਾਲ ਵਾਰ-ਵਾਰ ਡਾਂਸ ਦਾ ਅਭਿਆਸ ਕਰਨ ਨਾਲ ਆਤਮਵਿਸ਼ਵਾਸ ਵੀ ਵਧਦਾ ਹੈ।
5. ਤੇਜ਼ ਯਾਦ ਸ਼ਕਤੀ : ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਡਾਂਸ ਨਾਲ ਵਿਅਕਤੀ ਦੀ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਡਾਂਸ ਕਰਨ ਨਾਲ ਤੁਹਾਡਾ ਖੂਨ ਸੰਚਾਰ ਵਧਦਾ ਹੈ, ਜਿਸ ਨਾਲ ਤੁਹਾਡੇ ਸਰੀਰ ਦੇ ਨਾਲ-ਨਾਲ ਤੁਹਾਡੇ ਦਿਮਾਗ਼ 'ਤੇ ਵੀ ਅਸਰ ਹੁੰਦਾ ਹੈ ਅਤੇ ਯਾਦ ਸ਼ਕਤੀ ਵਧਦੀ ਹੈ।
ਅਸੀਂ ਜਾਣਦੇ ਹਾਂ ਕਿ ਕਹਿਣਾ ਸੌਖਾ ਹੁੰਦਾ ਹੈ ਪਰ ਕਰਨਾ ਮੁਸ਼ਕਿਲ। ਪਰ ਤੁਸੀਂ ਕਦੀ ਖ਼ੁਦ ਅਜ਼ਮਾਓ ਕਿ ਜਦੋਂ ਤੁਸੀਂ ਥੋੜ੍ਹੇ ਉਦਾਸ ਹੋਵੋ, ਆਪਣਾ ਮਨ ਬਦਲਣ ਲਈ ਡਾਂਸ ਕਰਕੇ ਦੋਖੋ ਤੁਸੀਂ ਪਾਓਗੇ ਕਿ ਤੁਹਾਡਾ ਮਨ ਝਟ ਹੀ ਬਦਲ ਗਿਆ ਹੈ। ਡਾਂਸ ਇਕ ਇਸ ਤਰ੍ਹਾਂ ਦੀ ਕਲਾ ਹੈ, ਜਿਸ ਨੂੰ ਕੁਝ ਲੋਕ ਸਿਰਫ਼ ਆਪਣੇ ਮਨੋਰੰਜਨ ਲਈ ਕਰਦੇ ਹਨ, ਕਿਉਂਕਿ ਉਹ ਇਸ ਦ ਫ਼ਾਇਦੇ ਨਹੀਂ ਜਾਣਦੇ ਪਰ ਜੇਕਰ ਅਸਲ ਵਿਚ ਦੇਖਿਆ ਜਾਵੇ ਤਾਂ ਡਾਂਸ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ, ਸਗੋਂ ਇਸ ਵਿਚ ਤਾਂ ਉਹ ਗਹਿਰਾਈ ਵੀ ਹੈ, ਜਿਸ ਵੱਲ ਸਭ ਆਕਰਸ਼ਿਤ ਹੁੰਦੇ ਹਨ। ਇਸ ਲਈ ਸਾਨੂੰ ਵੀ ਇਸ ਨੂੰ ਸਿਰਫ਼ ਮਨੋਰਜੰਨ ਨਾ ਸਮਝਦੇ ਹੋਏ ਇਸ ਦੀ ਗਹਿਰਾਈ ਨੂੰ ਸਮਝ ਕੇ ਹੀ ਇਸ ਨੂੰ ਅਪਣਾਉਣਾ ਚਾਹੀਦਾ ਹੈ।
ਡਾਂਸ ਨਾਲ ਵੀ ਹੁੰਦਾ ਹੈ ਸਿਹਤ ਨੂੰ ਲਾਭ
ਅਜੀਤ ਡੈਸਕ
24-04-2026