ਅਮਰੀਕਨ ਸਿਹਤ ਮਾਹਿਰਾਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਹਰ ਰੋਜ਼ 30 ਮਿੰਟ ਕਸਰਤ ਜਾਂ ਅੱਧੇ ਘੰਟੇ ਦੀ ਸੈਰ ਔਰਤਾਂ ਵਿਚ ਅਧਰੰਗ ਦੇ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ। ਉਨ੍ਹਾਂ ਅਨੁਸਾਰ ਜਿਹੜੀਆਂ ਔਰਤਾਂ ਕਸਰਤਾਂ ਕਰਦੀਆਂ ਹਨ, ਓਨਾ ਹੀ ਉਨ੍ਹਾਂ ਵਿਚ ਦੌਰੇ ਦੀ ਸੰਭਾਵਨਾ ਘੱਟ ਹੁੰਦੀ ਹੈ। ਕਸਰਤ ਹਾਈ ਬਲੱਡ ਪ੍ਰੈੱਸ਼ਰ ਨੂੰ ਘੱਟ ਕਰਦਾ ਹੈ ਅਤੇ ਚੰਗੇ ਕੋਲੈਸਟ੍ਰੋਲ (ਹਾਈ ਡੈਂਸਿਟੀ ਲਿਪੋਪ੍ਰੋਟੀਨ) ਨੂੰ ਵਧਾਉਂਦਾ ਹੈ। ਕਸਰਤ ਵਜ਼ਨ ਘੱਟ ਕਰਨ ਵਿਚ ਅਤੇ ਵਜ਼ਨ ਕੰਟਰੋਲ ਕਰਨ ਵਿਚ ਵੀ ਪ੍ਰਭਾਵਕਾਰੀ ਹੈ। ਬੋਸਟਨ ਦੇ ਮਾਹਿਰਾਂ ਅਨੁਸਾਰ ਇਕ ਹੋਰ ਖੋਜ ਅਨੁਸਾਰ ਪੈਦਲ ਚੱਲਣਾ, ਜਾਗਿੰਗ ਕਰਨਾ, ਤੈਰਾਕੀ ਕਰਨਾ ਆਦਿ ਹਲਕੀਆਂ ਕਸਰਤਾਂ ਔਰਤਾਂ ਵਿਚ ਦਿਲ ਦੇ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦੀਆਂ ਹਨ। ਅਮਰੀਕਨ ਮੈਡੀਕਲ ਐਸੋਸੀਏਸ਼ਨ ਵਿਚ ਪ੍ਰਕਾਸ਼ਿਤ ਇਸ ਖੋਜ ਪੱਤਰ ਵਿਚ ਪਾਇਆ ਗਿਆ ਕਿ ਜਿਨ੍ਹਾਂ ਔਰਤਾਂ ਨੇ ਹਰ ਰੋਜ਼ 30 ਮਿੰਟ ਹਲਕੀ ਕਸਰਤ ਕੀਤੀ, ਉਨ੍ਹਾਂ ਵਿਚ ਦੌਰੇ ਦੀ ਸੰਭਾਵਨਾ ਕਸਰਤ ਨਾ ਕਰਨ ਵਾਲੀਆਂ ਔਰਤਾਂ ਦੇ ਮੁਕਾਬਲੇ ਵਿਚ 20 ਫ਼ੀਸਦੀ ਘੱਟ ਪਾਈ ਗਈ।
ਇਸ ਤੋਂ ਪਹਿਲਾਂ ਕੀਤੀਆਂ ਗਈਆਂ ਹੋਰ ਕਈ ਖੋਜਾਂ ਨੇ ਵੀ ਇਸ ਗੱਲ 'ਤੇ ਰੌਸ਼ਨੀ ਪਾਈ ਹੈ ਕਿ ਕਸਰਤ ਦਿਲ ਦੇ ਰੋਗਾਂ, ਸ਼ੂਗਰ, ਓਸੀਟੋਪੋਰੋਸਿਸ ਅਤੇ ਕਈ ਤਰ੍ਹਾਂ ਦੇ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ, ਇਸ ਲਈ ਏਨੇ ਗੰਭੀਰ ਰੋਗਾਂ ਤੋਂ ਸੁਰੱਖਿਆ ਲਈ ਵਿਅਕਤੀ ਹਰ ਰੋਜ਼ 30 ਮਿੰਟ ਤਾਂ ਸੌਖਿਆਂ ਕੱਢ ਸਕਦਾ ਹੈ।
ਹਰ ਰੋਜ਼ 30 ਮਿੰਟ ਦੀ ਕਸਰਤ ਤੁਹਾਨੂੰ ਰੱਖਦੀ ਹੈ ਨਿਰੋਗੀ
ਅਜੀਤ ਡੈਸਕ
22-05-2026